ਜੰਮੂ-ਕਸ਼ਮੀਰ ਵਿਧਾਨ ਸਭਾ ਵਿਚ ਕਸ਼ਮੀਰੀ ਪੰਡਿਤਾਂ ਦੀ ਘਰ ਵਾਪਸੀ ਦਾ ਮਤਾ ਪਾਸ

ਜੰਮੂ-ਕਸ਼ਮੀਰ ਵਿਧਾਨ ਸਭਾ ਵਿਚ ਕਸ਼ਮੀਰੀ ਪੰਡਿਤਾਂ ਦੀ ਘਰ ਵਾਪਸੀ ਦਾ ਮਤਾ ਪਾਸ

ਸ੍ਰੀਨਗਰ/ਬਿਊਰੋ ਨਿਊਜ਼ :
ਕਸ਼ਮੀਰੀ ਪੰਡਿਤਾਂ ਦੇ ਵਾਪਸ ਵਾਦੀ ਵਿਚ ਪਰਤਣ ਦਾ ਸਾਂਝੇ ਤੌਰ ‘ਤੇ ਮਤਾ ਪਾਸ ਕੀਤਾ ਗਿਆ। ਵਿਧਾਨ ਸਭਾ ਦੀ ਕਾਰਵਾਈ ਆਰੰਭ ਹੁੰਦਿਆਂ ਹੀ ਮੁੱਖ ਵਿਰੋਧੀ ਧਿਰ ਦੇ ਨੇਤਾ ਤੇ ਸਾਬਕਾ ਮੁੱਖ ਮੰਤਰੀ ਉਮਰ ਅਬਦੁਲਾ ਨੇ ਕਸ਼ਮੀਰੀ ਪੰਡਿਤਾਂ ਦੇ ਵਾਪਸ ਪਰਤਣ ਦਾ ਮਾਮਲਾ ਉਠਾਇਆ। ਉਨ੍ਹਾਂ ਕਿਹਾ ਕਿ ਕਸ਼ਮੀਰੀ ਪੰਡਿਤਾਂ ਨੂੰ ਵਾਦੀ ਛੱਡੇ 27 ਸਾਲ ਬੀਤ ਚੁੱਕੇ ਹਨ ਪਰ ਉਨ੍ਹਾਂ ਦੀ ਵਾਪਸੀ ਲਈ ਕੋਈ ਠੋਸ ਨੀਤੀ ਤਿਆਰ ਨਹੀਂ ਕੀਤੀ ਗਈ, ਇਸ ਮਤੇ ਦਾ ਉਨ੍ਹਾਂ ਨੂੰ ਸਾਰੀਆਂ ਪਾਰਟੀਆਂ ਨੇ ਸਾਥ ਦਿੱਤਾ ਪਰ ਆਵਾਮੀ ਇਤਿਹਾਦ ਪਾਰਟੀ ਦੇ ਨੇਤਾ ਤੇ ਵਿਧਾਇਕ ਇੰਜਨੀਅਰ ਰਸ਼ੀਦ ਨੇ ਇਸ ਦੀ ਵਿਰੋਧਤਾ ਕਰਦੇ ਹੋਏ ਉਮਰ ਨੂੰ ਟੋਕਿਆ ਤੇ ਕਿਹਾ ਕਿ ਪੰਡਿਤ ਕਸ਼ਮੀਰ ਵਿਚ ਆਪਣੀ ਸੰਪਤੀ ਤੇ ਮੰਦਿਰਾਂ ਦੀ ਖੈਰ-ਖਬਰ ਲੈਣ ਆਉਂਦੇ-ਜਾਂਦੇ ਹਨ ਤੇ ਇਹ ਮਤਾ ਪੇਸ਼ ਕਰਕੇ ਤੁਸੀਂ ਸਾਬਤ ਕਿ ਕਰਨਾ ਚਾਹੁੰਦੇ ਹੋ? ਇੰਜੀਨਅਰ ਰਸ਼ੀਦ ਨੇ ਉਮਰ ਅਬਦੁਲਾ ਨੂੰ ਕਿਹਾ ਕਿ ਮਤੇ ਪਾਸ ਕਰਨ ਨਾਲ ਮਸਲੇ ਹੱਲ ਨਹੀਂ ਹੁੰਦੇ ਅਗਰ ਅਜਿਹਾ ਹੁੰਦਾ ਤਾਂ ਰਿਆਸਤ ਦੀ ਖੁਦਮੁਖਤਾਰੀ ਕਦ ਦੀ ਬਹਾਲ ਹੋ ਗਈ ਹੁੰਦੀ ਕਿਉਂਕਿ ਉਮਰ ਅਬਦੁਲਾ ਦੀ ਪਾਰਟੀ ਦੀ ਸਰਕਾਰ ਰਿਆਸਤ ਵਿਚ ਹੋਣ ਦੇ ਨਾਲ ਇਨ੍ਹਾਂ ਦੀ ਪਾਰਟੀ ਕੇਂਦਰ ਵਿਚ ਐਨ.ਡੀ.ਏ ਦੀ ਵੀ ਭਾਈਵਾਲ ਸੀ। ਇਸ ‘ਤੇ ਵਿਧਾਨ ਸਭਾ ਵਿਚ ਰਸ਼ੀਦ ਦੇ ਨਾਲ ਬਹਿਸ ਹੋਈ। ਇੰਜੀਨਅਰ ਰਸ਼ੀਦ ਨੇ ਉਮਰ ਅਬਦੁਲਾ ਤੇ ਮਹਿਬੂਬਾ ਮੁਫਤੀ ਤੋਂ ਪੁੱਛਿਆ ਕਿ ਉਹ ਕਸ਼ਮੀਰੀ ਪੰਡਿਤਾਂ ਦੀ ਵਾਪਸੀ ਦੇ ਬਾਰੇ ਕਿਨਾ ਸੰਜੀਦਾ ਹਨ ਤੇ ਇਸ ‘ਤੇ ਦੋਵਾਂ ਨੇ ਪਿਛਲੇ 8 ਸਾਲਾਂ ਵਿਚ ਕਿੰਨੀ ਵਾਰ ਗੱਲਬਾਤ ਕੀਤੀ ਤੇ ਨੀਤੀ ਆਧਾਰ ਕੀਤੀ, ਇਹ ਸਿਰਫ ਬਾਹਰ ਦੇ ਲੋਕਾਂ ਨੂੰ ਦੱਸਣ ਲਈ ਹੈ ਕਿ ਕਸ਼ਮੀਰ ਵਿਚ ਸਿਰਫ ਪੰਡਿਤਾਂ ਦੀ ਵਾਪਸੀ ਦਾ ਮਾਮਲਾ ਹੈ ਤੇ ਇੱਥੇ ਹੋਰ ਕੋਈ ਮਸਲਾ ਨਹੀਂ। ਇਧਰ ਵਿਧਾਨ ਸਭਾ ਵਿਚ ਪ੍ਰਿਆ ਸੈਟੀ ਨੇ ਦੱਸਿਆ ਕਿ ਸਾਲ 2016 ਦੌਰਾਨ ਕਸ਼ਮੀਰ ਵਿਚ ਦਹਿਸ਼ਤਗਰਦਾਂ ਨੇ 32 ਸਕੂਲ ਸਾੜ ਦਿੱਤੇ।