ਨਗਰ ਕੀਰਤਨ ‘ਚ ਪੁੱਜੇ ਟਰੂਡੋ ਨੇ ਖ਼ਾਲਸਾ ਪਥ ਨੂੰ ਸਾਜਨਾ ਦਿਵਸ ਤੇ ਵਿਸਾਖੀ ਦੀਆਂ ਦਿੱਤੀਆਂ ਵਧਾਈਆਂ

ਨਗਰ ਕੀਰਤਨ ‘ਚ ਪੁੱਜੇ ਟਰੂਡੋ ਨੇ ਖ਼ਾਲਸਾ ਪਥ ਨੂੰ ਸਾਜਨਾ ਦਿਵਸ ਤੇ ਵਿਸਾਖੀ ਦੀਆਂ ਦਿੱਤੀਆਂ ਵਧਾਈਆਂ

ਗੋਲਕ ‘ਚ ਇਕੱਤਰ ਮਾਇਆ ਸਿੱਕ ਚਿਲਡਰਨਜ਼ ਹਸਪਤਾਲ ਨੂੰ ਦਾਨ
ਟੋਰਾਂਟੋ/ਬਿਊਰੋ ਨਿਊਜ਼ :
ਕੈਨੇਡਾ ਦੇ ਸ਼ਹਿਰ ਟੋਰਾਂਟੋ ਵਿਖੇ 1978 ਵਿਚ ਆਰੰਭ ਕੀਤੇ ਗਏ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਸਾਲਾਨਾ ਵਿਰਾਸਤੀ ਨਗਰ ਕੀਰਤਨ ਵਿਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਉਨ੍ਹਾਂ ਦੀ ਕੈਬਨਿਟ ਦੇ ਮੰਤਰੀ ਨਵਦੀਪ ਸਿੰਘ ਬੈਂਸ, ਕ੍ਰਿਸਟੀ ਡੰਕਨ ਅਤੇ ਅਹਿਮਦ ਹੁਸੈਨ ਸਮੇਤ ਕੁਝ ਹੋਰ ਮੰਤਰੀਆਂ ਅਤੇ ਸੰਸਦ ਮੈਂਬਰਾਂ ਨੇ ਸ਼ਮੂਲੀਅਤ ਕੀਤੀ। ਸ੍ਰੀ ਟਰੂਡੋ ਨੇ ਖਾਲਸਾ ਪੰਥ ਨੂੰ ਸਾਜਨਾ ਦਿਵਸ ਅਤੇ ਵਿਸਾਖੀ ਦੀ ਵਧਾਈ ਦਿੱਤੀ, ਜਿਸ ਉਪਰੰਤ ਨਗਰ ਕੀਰਤਨ ਦੇ ਪ੍ਰਬੰਧਕਾਂ ਨੇ ਉਂਟਾਰੀਓ ਸਿੱਖ ਐਂਡ ਗੁਰਦੁਆਰਾ ਕੌਂਸਲ (ਓ.ਐਸ.ਜੀ.ਸੀ.) ਵੱਲੋਂ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਨਮਾਨ ਕੀਤਾ। ਸਟੇਜ ‘ਤੇ ਪੁੱਜਣ ਅਤੇ ਪਰਤਣ ਵੇਲੇ ਸ੍ਰੀ ਟਰੂਡੋ ਸੰਗਤ ਵਿਚੋਂ ਦੀ ਲੋਕਾਂ ਨੂੰ ਮਿਲਦੇ ਹੋਏ ਸੈਲਫੀਆਂ ਖਿਚਵਾਉਂਦੇ ਗਏ ਅਤੇ ਸੈਲਫੀ ਖਿੱਚਣ ਲਈ ਉਤਾਵਲੇ ਲੋਕਾਂ ਪਾਸੋਂ ਉਨ੍ਹਾਂ ਨੂੰ ਭਰਵਾਂ ਪਿਆਰ-ਸਤਿਕਾਰ ਮਿਲਿਆ। ਕੈਨੇਡਾ ਦੀ ਪਾਰਲੀਮੈਂਟ ਵਿਚ ਵਿਰੋਧੀ ਧਿਰ ਦੀ ਆਗੂ ਰੌਨਾ ਐਂਬਰੋਸ, ਉਂਟਾਰੀਓ ਦੇ ਆਵਾਜਾਈ ਮੰਤਰੀ ਸਟੀਵਨ ਡਲਡੂਕਾ, ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਪੈਟ੍ਰਿਕ ਬਰਾਊਨ ਅਤੇ ਟੋਰਾਂਟੋ ਦੇ ਮੇਅਰ ਜੌਹਨ ਟੋਰੀ ਨੇ ਵੀ ਸਿਟੀ ਹਾਲ ਦੇ ਬਾਹਰ ਨੇਥਨ ਫਿਲਿਪ ਸਕੁਏਰ ਵਿੱਚ ਸਜਾਈ ਗਈ ਸਟੇਜ ਤੋਂ ਸੰਬੋਧਨ ਕੀਤਾ। ਉਂਟਾਰੀਓ ਦੀ ਮੁੱਖ ਮੰਤਰੀ ਕੈਥਲਿਨ ਵਿੱਨ ਨੇ ਕੁਝ ਸਮੇਂ ਲਈ ਹਾਜ਼ਰੀ ਭਰੀ ਪਰ ਸੰਬੋਧਨ ਨਹੀਂ ਕੀਤਾ। ਐਨ.ਡੀ.ਪੀ. ਦੀ ਆਗੂ ਐਂਡਰੀਆ ਹੋਰਵਾਥ ਨੇ ਆਪਣਾ ਸੰਦੇਸ਼ ਦਿੱਤਾ। ਇਸ ਤੋਂ ਪਹਿਲਾਂ ਸੀ.ਐਨ.ਈ. ਹਾਲ ਵਿੱਚ ਧਾਰਮਿਕ ਸਟੇਜ ਤੋਂ ਸਿੱਖ ਚਿੰਤਕ ਅਤੇ ਉਘੇ ਬੁਲਾਰੇ ਭਗਵਾਨ ਸਿੰਘ ਜੌਹਲ ਨੇ ਵੀ ਸੰਬੋਧਨ ਕੀਤਾ ਸੀ। ਟੋਰਾਂਟੋ ਵਿਚ ਇਹ 39ਵਾਂ ਸਾਲਾਨਾ ਨਗਰ ਕੀਰਤਨ ਓ.ਐਸ.ਜੀ.ਸੀ. ਦੇ ਪ੍ਰਬੰਧਾਂ ਹੇਠ ਕੀਤਾ ਗਿਆ, ਜਿਸ ਵਿ’ਚ ਸੁੰਦਰ ਪਾਲਕੀ ਵਿੱਚ ਸਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਵੱਖ-ਵੱਖ ਫਲੋਟ ਕੈਨੇਡੀਅਨ ਐਗਜ਼ੀਬੀਸ਼ਨ ਗਰਾਊਂਡ (ਸੀ.ਐਨ.ਈ.) ਤੋਂ ਸਿਟੀ ਹਾਲ ਤੱਕ ਪੁੱਜੇ, ਜਿਸ ਵਿੱਚ ਮੀਂਹ-ਕਣੀ ਅਤੇ ਠੰਢੇ ਮੌਸਮ ਦੇ ਬਾਵਜੂਦ ਸੰਗਤਾਂ ਦਾ ਬਹੁਤ ਭਰਵਾਂ ਇਕੱਠ ਸੀ। ਕੈਨੇਡੀਅਨ ਫੌਜ ਦਾ ਫਲੋਟ ਸੰਗਤ ਲਈ ਖਾਸ ਖਿੱਚ ਦਾ ਕੇਂਦਰ ਰਿਹਾ। ਸ਼ਹੀਦ ਸਿੰਘਾਂ ਦੀਆਂ ਤਸਵੀਰਾਂ ਨਾਲ ਸਜੇ ਖਾਲਿਸਤਾਨ ਨੂੰ ਸਮਰਪਿਤ ਫਲੋਟ ਨਾਲ ਕੁਝ ਸਿੰਘ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾਉਂਦੇ ਗਏ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਭਾਸ਼ਨ ਦੀ ਰਿਕਾਰਡਿੰਗ ਸੁਣਾਈ ਦਿੰਦੀ ਰਹੀ। ਦਰਜ਼ਨ ਦੇ ਕਰੀਬ ਢੋਲੀਆਂ ਨੇ ਲਗਾਤਾਰ ਡਗੇ ਚਲਾਏ। ਚੁਫੇਰੇ ਅਤੁੱਟ ਲੰਗਰਾਂ ਦੇ ਅਨੇਕਾਂ ਸਟਾਲ ਸਨ, ਜਿੱਥੇ ਸੇਵਾਦਾਰਾਂ ਅਤੇ ਸੇਵਾਦਾਰਨੀਆਂ ਨੇ ਅਣਥੱਕਤਾ ਨਾਲ ਲੰਗਰ ਤਿਆਰ ਕੀਤੇ ਅਤੇ ਵਰਤਾਏ। ਇਸ ਮੌਕੇ ਕਈ ਹੋਰ ਭਾਈਚਾਰਿਆਂ ਦੇ ਲੋਕ ਲੰਗਰ ਛੱਕ ਕੇ ਨਿਹਾਲ ਹੁੰਦੇ ਦੇਖੇ ਗਏ। ਉਂਟਾਰੀਓ ਪ੍ਰੋਵਿੰਸ਼ੀਅਲ ਪੁਲੀਸ ਅਤੇ ਕੈਨੇਡੀਅਨ ਫੌਜ ਦੇ ਜਵਾਨਾਂ ਨੇ ਫੋਰਸ ਵਿੱਚ ਭਰਤੀ ਬਾਰੇ ਅਤੇ ਹੋਰ ਜਾਣਕਾਰੀ ਦੇਣ ਲਈ ਵੱਖਰੇ ਸਟਾਲ ਲਗਾਏ ਸਨ। ‘ਸਿੱਖ ਨੇਸ਼ਨ’ ਦੇ ਵਲੰਟੀਅਰਾਂ ਨੇ ਖੂਨਦਾਨ ਲਈ ਰਜਿਸਟਰੇਸ਼ਨ ਕੀਤੀ। ਇਕ ਵੱਖਰੇ ਸਟਾਲ ਵਿੱਚ ‘ਸਿੰਪਲੀ ਸਿੱਖ’ ਸੰਸਥਾ ਦੇ ਨੌਜਵਾਨ ਸੇਵਾਦਾਰ ਦਸਤਾਰ ਸਜਾਉਣ ਅਤੇ ਮੁਫਤ ਦਸਤਾਰਾਂ ਵੰਡਣ ਦੀ ਸੇਵਾ ਨਿਭਾ ਰਹੇ ਸਨ, ਜਿੱਥੇ ਦਸਤਾਰ ਸਜਾਉਣ ਲਈ ਬੱਚਿਆਂ ਅਤੇ ਨੌਜਵਾਨਾਂ ਦੀ ਲੰਬੀ ਲਾਈਨ ਲੱਗੀ ਰਹੀ। ਓ.ਐਸ.ਜੀ.ਸੀ. ਤੋਂ ਚੇਅਰਮੈਨ ਭੁਪਿੰਦਰ ਸਿੰਘ ਊਭੀ ਅਤੇ ਮਨਜੀਤ ਸਿੰਘ ਪ੍ਰਮਾਰ ਨੇ ਦੱਸਿਆ ਕਿ ਸਮੁੱਚੇ ਸਮਾਗਮ ਦੌਰਾਨ ਸੰਗਤ ਵਲੋਂ ਗੋਲਕਾਂ ਵਿੱਚ ਭੇਟ ਕੀਤੀ ਗਈ ਮਾਇਆ ਟੋਰਾਂਟੋ ਸਥਿਤ ਸਿੱਕ ਚਿਲਡਰਨਜ਼ ਹਸਪਤਾਲ ਨੂੰ ਦਾਨ ਕਰਨ ਦਾ ਫੈਸਲਾ ਕੀਤਾ ਗਿਆ ਹੈ।