ਇਲੈਕਟੋਰਲ ਕਾਲਜ ਵਲੋਂ ਵੀ ਟਰੰਪ ਦੀ ਜਿੱਤ ‘ਤੇ ਮੋਹਰ

ਇਲੈਕਟੋਰਲ ਕਾਲਜ ਵਲੋਂ ਵੀ ਟਰੰਪ ਦੀ ਜਿੱਤ ‘ਤੇ ਮੋਹਰ

20 ਜਨਵਰੀ ਨੂੰ 45ਵੇਂ ਰਾਸ਼ਟਰਪਤੀ ਵਜੋਂ ਚੁੱਕਣਗੇ ਸਹੁੰ
ਵਾਸ਼ਿੰਗਟਨ/ਬਿਊਰੋ ਨਿਊਜ਼ :
ਇਲੈਕਟੋਰਲ ਕਾਲਜ ਦੀ ਵੋਟਿੰਗ ਵਿਚ ਡੋਨਲਡ ਟਰੰਪ ਨੂੰ ਜਿੱਤ ਹਾਸਲ ਹੋ ਗਈ ਹੈ ਤੇ ਇਸ ਦੇ ਨਾਲ ਹੀ ਅਮਰੀਕਾ ਦੇ 45ਵੇਂ ਰਾਸ਼ਟਰਪਤੀ ਦੇ ਅਹੁਦੇ ਲਈ ਹੋਈਆਂ ਚੋਣਾਂ ਵਿਚ ਉਨ੍ਹਾਂ ਦੀ ਜਿੱਤ ‘ਤੇ ਮੋਹਰ ਲੱਗ ਗਈ ਹੈ। ਇਲੈਕਟੋਰਲ ਕਾਲਜ ਦੀ ਵੋਟਿੰਗ ਆਮ ਵੋਟਿੰਗ ਨਾਲੋਂ 41 ਦਿਨ ਬਾਅਦ ਵਿਚ ਹੁੰਦੀ ਹੈ। ਉਹ 20 ਜਨਵਰੀ ਨੂੰ ਰਾਸ਼ਟਰਪਤੀ ਦੇ ਅਹੁਦੇ ਦੀ ਸਹੁੰ ਚੁੱਕਣਗੇ ਤੇ ਬਰਾਕ ਓਬਾਮਾ ਦੀ ਥਾਂ ਲੈਣਗੇ। ਉਨ੍ਹਾਂ ਦੀ ਜਿੱਤ ਦੇ ਨਾਲ ਹੀ ਰਿਪਬਲਿਕਨ ਚੋਣਕਾਰਾਂ ਨੂੰ ਉਨ੍ਹਾਂ ਖ਼ਿਲਾਫ਼ ਕਰਨ ਦੀ ਵਿਰੋਧੀਆਂ ਦੀ ਕੋਸ਼ਿਸ਼’ਤੇ ਪਾਣੀ ਫਿਰ ਗਿਆ ਹੈ।ਕਰੀਬ 6 ਹਫ਼ਤੇ ਪਹਿਲਾਂ ਹੋਈਆਂ ਚੋਣਾਂ ਵਿਚ ਟਰੰਪ ਨੇ ਹਿਲੇਰੀ ‘ਤੇ ਵੱਡੀ ਜਿੱਤ ਹਾਸਲ ਕੀਤੀ ਸੀ ਤੇ ਹੁਣ ਇਲੈਕਟੋਰਲ ਕਾਲਜ ਨੇ ਵੀ ਉਨ੍ਹਾਂ ਦੀ ਜਿੱਤ ‘ਤੇ ਮੋਹਰ ਲਗਾ ਦਿੱਤੀ ਹੈ। ਇਸ ਦੇ ਨਾਲ ਹੀ ਚੋਣਾਂ ਵਿਚ ਜਿੱਤ ਲਈ ਜ਼ਰੂਰੀ 270 ਨਾਲੋਂ ਕਿਤੇ ਵੱਧ ਵੋਟਾਂ ਉਨ੍ਹਾਂ ਨੇ ਹਾਸਲ ਕੀਤੀਆਂ। ਆਲੋਚਕਾਂ ਨੂੰ ਉਮੀਦ ਸੀ ਕਿ ਟਰੰਪ ਨੂੰ ਇਲੈਕਟੋਰਲ ਵਿਚੋਂ ਵਿਦਰੋਹ ਦਾ ਸਾਹਮਣਾ ਕਰਨਾ ਪਏਗਾ ਪਰ ਅਜਿਹਾ ਨਹੀਂ ਹੋਇਆ।
ਟਰੰਪ ਨੂੰ ਚੋਣ ਮੰਡਲ ਦੀਆਂ 304 ਵੋਟਾਂ ਮਿਲੀਆਂ ਜਦ ਕਿ ਹਿਲੇਰੀ ਨੂੰ 227 ਵੋਟਾਂ ਮਿਲੀਆਂ। ਸੱਤ ਚੋਣਕਾਰ ਅਜਿਹੇ ਸਨ, ਜਿਨ੍ਹਾਂ ਦੀ ਇਨ੍ਹਾਂ ਦੋਹਾਂ ਵਿਚੋਂ ਕਿਸੇ ਦੇ ਵੀਨਾਲ ਸੁਰ ਨਹੀਂਮਿਲੀ ਤੇ ਉਨ੍ਹਾਂ ਨੇ ਆਪਣੀ ਵੋਟ ਦੂਸਰੇ ਉਮੀਦਵਾਰਾਂ ਨੂੰ ਦਿੱਤੀ। ਹਾਲਾਂਕਿ ਲੋਕ ਪ੍ਰਿਯ ਵੋਟਾਂ ਵਿਚ ਹਿਲੇਰੀ ਨੂੰ ਟਰੰਪ ਨਾਲੋਂ 30 ਲੱਖ ਵੱਧ ਵੋਟਾਂ ਮਿਲੀਆਂ।
ਟਰੰਪ ਨੇ ਇਕ ਇੰਟਰਵਿਊ ਦੌਰਾਨ ਕਿਹਾ, ‘ਸਾਡੇ ਦੇਸ਼ ਦੇ ਲੋਕਤੰਤਰ ਵਿਚ ਇਹ ਦਿਨ ਇਤਿਹਾਸਕ ਚੋਣ ਜਿੱਤ ਹਾਸਲ ਕਰਨ ਵਾਲਾ ਹੈ। ਮੈਨੂੰ ਅਮਰੀਕਾ ਦਾ ਅਗਲਾ ਰਾਸ਼ਟਰਪਤੀ ਚੋਣ ਲਈ ਢੇਰ ਸਾਰੀਆਂ ਵੋਟਾਂ ਦੇਣ ਲਈ ਮੈਂ ਅਮਰੀਕੀ ਜਨਤਾ ਦਾ ਸ਼ੁਕਰੀਆ ਅਦਾ ਕਰਦਾ ਹਾਂ।’