ਧਰਨੇ ‘ਚ ਗੋਲੀ ਨਾਲ ਡੀਐਸਪੀ ਦੀ ਮੌਤ ਬਾਰੇ ਹੋਵੇਗੀ ਜਾਂਚ

ਧਰਨੇ ‘ਚ ਗੋਲੀ ਨਾਲ ਡੀਐਸਪੀ ਦੀ ਮੌਤ ਬਾਰੇ ਹੋਵੇਗੀ ਜਾਂਚ

ਡੀਐਸਪੀ ਬਲਜਿੰਦਰ ਸਿੰਘ ਸੰਧੂ ਦੀ ਫਾਈਲ ਫੋਟੋ।
ਜੈਤੋ/ਬਿਊਰੋ ਨਿਊਜ਼:
ਇਥੋਂ ਦੇ ਯੂਨੀਵਰਸਿਟੀ ਕਾਲਜ ਵਿੱਚ ਜੈਤੋ ਦੇ ਐਸਐਚਓ ਗੁਰਜੀਤ ਸਿੰਘ ਖ਼ਿਲਾਫ਼ ਵਿਦਿਆਰਥੀਆਂ ਵੱਲੋਂ ਲਾਏ ਧਰਨੇ ਦੌਰਾਨ ਭੇਤਭਰੀ ਹਾਲਤ ‘ਚ ਗੋਲੀ ਲੱਗਣ ਨਾਲ ਡੀਐਸਪੀ, ਜੈਤੋ ਬਲਜਿੰਦਰ ਸਿੰਘ ਸੰਧੂ ਦੀ ਮੌਤ ਹੋ ਗਈ। ਇਸ ਘਟਨਾ ‘ਚ ਗੰਨਮੈਨ ਲਾਲ ਸਿੰਘ ਜ਼ਖ਼ਮੀ ਹੋ ਗਿਆ, ਜਿਸ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ, ਫ਼ਰੀਦਕੋਟ ‘ਚ ਦਾਖ਼ਲ ਕਰਾਇਆ ਗਿਆ ਹੈ। ਜੈਤੋ ਪੁਲੀਸ ਨੇ ਇਸ ਮਾਮਲੇ ‘ਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਆਈਪੀਸੀ ਦੀ ਧਾਰਾ 306 ਤਹਿਤ ਕੇਸ ਦਰਜ ਕਰ ਲਿਆ ਹੈ ਪਰ ਅਜੇ ਤੱਕ ਕਿਸੇ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ।
ਜਾਣਕਾਰੀ ਮੁਤਾਬਕ 12 ਜਨਵਰੀ ਨੂੰ ਐਸਐਚਓ ਗੁਰਜੀਤ ਸਿੰਘ ਨੇ ਕਾਲਜ ਦੇ ਦੋ ਵਿਦਿਆਰਥੀਆਂ ਤੇ ਇਕ ਵਿਦਿਆਰਥਣ ਦੀ ਥਾਣੇ ਲਿਜਾ ਕੇ ਕਥਿਤ ਤੌਰ ‘ਤੇ ਕੁੱਟਮਾਰ ਕੀਤੀ ਸੀ। ਵਿਦਿਆਰਥੀਆਂ ਵੱਲੋਂ ਇਹ ਮਾਮਲਾ ਪੁਲੀਸ ਦੇ ਉਚ ਅਧਿਕਾਰੀਆਂ ਦੇ ਧਿਆਨ ‘ਚ ਲਿਆਉਣ ਦੇ ਬਾਵਜੂਦ ਐਸਐਚਓ ਵਿਰੁੱਧ ਕੋਈ ਕਾਰਵਾਈ ਨਾ ਹੋਣ ‘ਤੇ ਸੋਮਵਾਰ ਨੂੰ ਇਨਕਲਾਬੀ ਵਿਦਿਆਰਥੀ ਮੰਚ ਵੱਲੋਂ ਕਾਲਜ ‘ਚ ਧਰਨਾ ਦਿੱਤਾ ਗਿਆ ਸੀ। ਧਰਨਾਕਾਰੀਆਂ ਨੂੰ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਨੇ ਸਮਰਥਨ ਦਿੱਤਾ ਸੀ। ਇਸ ਦੌਰਾਨ ਕਾਲਜ ਵਿਦਿਆਰਥੀਆਂ ਦੀ ਵੀ ਹਾਲਤ ਕਾਫ਼ੀ ਨਾਜ਼ੁਕ ਹੈ।
ਉੱਚ ਪੁਲੀਸ ਅਧਿਕਾਰੀਆਂ ਅਨੁਸਾਰ ਰੋਸ ਮੁਜ਼ਾਹਰੇ ‘ਚ ਡੀਐਸਪੀ ਵੱਲੋਂ ਖੁਦ ਨੂੰ ਗੋਲੀ ਮਾਰਨ ਅਤੇ ਇਸ ਘਟਨਾ ਨਾਲ ਜੁੜੇ ਹਰ ਪਹਿਲੂ ਦੀ ਪੁਲੀਸ ਡੂੰਘਾਈ ਨਾਲ ਜਾਂਚ ਕਰ ਰਹੀ ਹੈ।
ਦੱਸਣਯੋਗ ਹੈ ਕਿ ਡੀਐਸਪੀ ਬਲਜਿੰਦਰ ਸਿੰਘ ਰਾਜਪੁਰਾ (ਪਟਿਆਲਾ) ਦਾ ਵਸਨੀਕ ਸੀ। ਫ਼ਰੀਦਕੋਟ ਦੇ ਜ਼ਿਲ੍ਹਾ ਪੁਲੀਸ ਮੁਖੀ ਡਾ. ਨਾਨਕ ਸਿੰਘ ਨੇ ਕਿਹਾ ਕਿ ਡੀਐਸਪੀ ਸੰਧੂ ਦੀ ਮੌਤ ਬਾਰੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਹੈ ਅਤੇ ਪੜਤਾਲ ਮੁਕੰਮਲ ਹੋਣ ਬਾਅਦ ਇਸ ਮਾਮਲੇ ‘ਚ ਅਗਲੀ ਕਾਰਵਾਈ ਅਮਲ ‘ਚ ਲਿਆਂਦੀ ਜਾਵੇਗੀ।
ਪੁਲੀਸ ਪਹਿਲਾਂ ਡੀਐਸਪੀ ਦੀ ਮੌਤ ਨੂੰ ਕਤਲ ਵਜੋਂ ਪੇਸ਼ ਕਰ ਰਹੀ ਸੀ ਪਰ ਸੋਸ਼ਲ ਮੀਡੀਆ ‘ਤੇ ਸਮੁੱਚੀ ਘਟਨਾ ਦੀ ਵੀਡੀਓ ਜਨਤਕ ਹੋਣ ਬਾਅਦ ਪੁਲੀਸ ਨੂੰ ਆਪਣਾ ਪੱਖ ਬਦਲਣਾ ਪਿਆ। ਇਸ ਕਾਰਨ ਪੁਲੀਸ ਨੇ ਘਟਨਾ ਤੋਂ ਸੱਤ ਘੰਟੇ ਬਾਅਦ ਵੀ ਕਿਸੇ ਵਿਅਕਤੀ ਖ਼ਿਲਾਫ਼ ਕੇਸ ਦਰਜ ਨਹੀਂ ਕੀਤਾ।

ਡੀਐਸਪੀ ਵੱਲੋਂ ਖ਼ੁਦ ਨੂੰ ਗੋਲੀ ਮਾਰਨ 
ਦੀ ਪੜਤਾਲ ਜਾਰੀ: ਡੀਆਈਜੀ
ਫ਼ਰੀਦਕੋਟ (ਨਿੱਜੀ ਪੱਤਰ ਪ੍ਰੇਰਕ): ਫਿਰੋਜ਼ਪੁਰ ਰੇਂਜ ਦੇ ਡੀਆਈਜੀ ਰਜਿੰਦਰ ਕੁਮਾਰ ਨੇ ਇੱਥੋਂ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਵਿੱਚ ਜ਼ੇਰੇ ਇਲਾਜ ਡੀਐਸਪੀ ਬਲਜਿੰਦਰ ਸਿੰਘ ਸੰਧੂ ਦੇ ਗੰਨਮੈਨ ਲਾਲ ਸਿੰਘ ਦੀ ਸਿਹਤ ਬਾਰੇ ਜਾਣਕਾਰੀ ਹਾਸਲ ਕਰਨ ਬਾਅਦ ਪੱਤਰਕਾਰਾਂ ਨੂੰ ਕਿਹਾ ਕਿ ਸਿਰ ਵਿੱਚ ਗੋਲੀ ਲੱਗਣ ਕਾਰਨ ਡੀਐਸਪੀ ਸੰਧੂ ਦੀ ਮੌਤ ਹੋ ਗਈ ਹੈ ਅਤੇ ਗੰਨਮੈਨ ਲਾਲ ਸਿੰਘ  ਇਕ ਗੁੱਟ ਧਰਨਾਕਾਰੀਆਂ ਖ਼ਿਲਾਫ਼ ਪ੍ਰਦਰਸ਼ਨ ਲਈ ਅੱਗੇ ਆ ਗਿਆ। ਦੋਹਾਂ ਧਿਰਾਂ ਦੇ ਸੰਭਾਵੀਂ ਟਕਰਾਅ ਨੂੰ ਰੋਕਣ ਲਈ ਡੀਐਸਪੀ ਸੰਧੂ ਵਿਚਾਲੇ ਆ ਗਏ। ਇਥੇ ਮੱਚੇ ਘੜਮੱਸ ਦੌਰਾਨ ਗੋਲੀ ਚੱਲੀ, ਜੋ ਡੀਐਸਪੀ ਦੇ ਸਿਰ ‘ਚੋਂ ਲੰਘਦੀ ਹੋਈ ਕੋਲ ਖੜ੍ਹੇ ਗੰਨਮੈਨ ਲਾਲ ਸਿੰਘ ਦੇ ਵੱਜੀ। ਦੋਹੇਂ ਜ਼ਮੀਨ ‘ਤੇ ਡਿੱਗ ਪਏ ਅਤੇ ਭਗਦੜ ਮੱਚ ਗਈ। ਡੀਐਸਪੀ ਸੰਧੂ ਅਤੇ ਗੰਨਮੈਨ ਨੂੰ ਮੈਡੀਕਲ ਕਾਲਜ, ਫ਼ਰੀਦਕੋਟ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਡੀਐਸਪੀ ਨੂੰ ਮ੍ਰਿਤਕ ਐਲਾਨ ਦਿੱਤਾ। ਗੰਨਮੈਨ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।

ਕੈਪਟਨ ਵੱਲੋਂ ਦੁੱਖ ਦਾ ਪ੍ਰਗਟਾਵਾ
ਜੈਤੋ ਵਿੱਚ ਡੀਐਸਪੀ ਬਲਜਿੰਦਰ ਸਿੰਘ ਦੀ ਗੋਲੀ ਲੱਗਣ ਕਾਰਨ ਹੋਈ ਮੌਤ ‘ਤੇ ਦੁੱਖ ਪ੍ਰਗਟ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮਾਮਲੇ ਦੀ ਪੁਲੀਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਵਿੱਕੀ ਗੌਂਡਰ ਦੇ ਪੁਲੀਸ ਮੁਕਾਬਲੇ ਨੂੰ ਸੱਚਾ ਦੱਸਦਿਆਂ ਕੈਪਟਨ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਸੀ।