ਕਾਂਗਰਸ ਵੱਲੋਂ ਦਲ-ਬਦਲੂਆਂ ਨੂੰ ਮਿਉਂਸਪਲ ਚੋਣਾਂ ‘ਚ ਟਿਕਟਾਂ ਨਾ ਦੇਣ ਦਾ ਫ਼ੈਸਲਾ

ਕਾਂਗਰਸ ਵੱਲੋਂ ਦਲ-ਬਦਲੂਆਂ ਨੂੰ ਮਿਉਂਸਪਲ ਚੋਣਾਂ ‘ਚ ਟਿਕਟਾਂ ਨਾ ਦੇਣ ਦਾ ਫ਼ੈਸਲਾ

ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਕਾਂਗਰਸ ਨੇ ਮਿਉਂਂਸਪਲ ਚੋਣਾਂ ਦੌਰਾਨ ਇਕ ਪਰਿਵਾਰ ਨੂੰ ਇਕ ਟਿਕਟ ਦੇਣ ਦੇ ਪੁਰਾਣੇ ਫਾਰਮੂਲੇ ਨੂੰ ਲਾਗੂ ਕਰਦਿਆਂ ਸਾਲ 2012 ਤੋਂ 2014 ਦਰਮਿਆਨ ਦਲ-ਬਦਲੀ ਕਰਨ ਵਾਲਿਆਂ ਨੂੰ ਚੁਣਾਵੀ ਮੈਦਾਨ ‘ਚੋਂ ਬਾਹਰ ਰੱਖਣ ਦਾ ਫ਼ੈਸਲਾ ਕੀਤਾ ਹੈ। ਉਮੀਦਵਾਰਾਂ ਦੀ ਚੋਣ ਅਤੇ ਸ਼ਰਤਾਂ ਤੈਅ ਕਰਨ ਲਈ ਅੱਜ ਦਿੱਲੀ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ। ਮੀਟਿੰਗ ਵਿੱਚ ਪਾਰਟੀ ਦੀ ਪ੍ਰਦੇਸ਼ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ, ਸਹਿ ਇੰਚਾਰਜ ਹਰੀਸ਼ ਚੌਧਰੀ ਅਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਕੁਮਾਰ ਜਾਖੜ ਵੀ ਹਾਜ਼ਰ ਸਨ। ਇਸ ਦੌਰਾਨ ਇਹ ਵੀ ਫ਼ੈਸਲਾ ਲਿਆ ਗਿਆ ਕਿ ਮੌਜੂਦਾ ਕੌਂਸਲਰਾਂ ਨੂੰ ਮੁੜ ਤੋਂ ਮੈਦਾਨ ਵਿੱਚ ਉਤਾਰਿਆ ਜਾਵੇਗਾ। ਪਾਰਟੀ ਨੇ ਅੱਜ ਮੁੱਖ ਮੰਤਰੀ ਦੇ ਜੱਦੀ ਸ਼ਹਿਰ ਪਟਿਆਲਾ ਦੀਆਂ ਨਿਗਮ ਚੋਣਾਂ ਲਈ 31 ਉਮੀਦਵਾਰਾਂ ਦੀ ਪਹਿਲੀ ਸੂਚੀ ਵੀ ਜਾਰੀ ਕਰ ਦਿੱਤੀ ਹੈ। ਸੂਤਰਾਂ ਮੁਤਾਬਕ ਇਸ ਸੂਚੀ ਵਿੱਚ ਜ਼ਿਆਦਾਤਰ ਉਮੀਦਵਾਰ ਸਾਬਕਾ ਕੇਂਦਰੀ ਮੰਤਰੀ ਪਰਨੀਤ ਕੌਰ ਦਾ ਆਸ਼ੀਰਵਾਦ ਲੈਣ ਵਾਲੇ ਸ਼ਾਮਲ ਹਨ। ਪਾਰਟੀ ਨੇ ਇਹ ਵੀ ਫ਼ੈਸਲਾ ਲਿਆ ਹੈ ਕਿ ਜਿਹੜੇ ਉਮੀਦਵਾਰ 5 ਸਾਲ ਪਹਿਲਾਂ ਹੋਈਆਂ ਨਿਗਮ ਚੋਣਾਂ ਦੌਰਾਨ ਹਾਰ ਗਏ ਸਨ ਪਰ ਅਜਿਹੇ ਉਮੀਦਵਾਰਾਂ ਨੇ ਪਾਰਟੀ ਪ੍ਰਤੀ ਵਫ਼ਾਦਰੀ ਬਣਾਈ ਰੱਖੀ, ਨੂੰ ਵੀ ਟਿਕਟਾਂ ਦੇਣ ਬਾਰੇ ਵਿਚਾਰਿਆ ਜਾਵੇਗਾ। ਮੁੱਖ ਮੰਤਰੀ ਸਮੇਤ ਹੋਰ ਸੀਨੀਅਰ ਕਾਂਗਰਸੀ ਆਗੂਆਂ ਨੇ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਚੋਣਾਂ ‘ਚ ਟਕਸਾਲੀ ਕਾਂਗਰਸੀਆਂ ਨੂੰ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ ਤਾਂ ਜੋ ਵਰਕਰਾਂ ‘ਚ ਉਤਸ਼ਾਹ ਪੈਦਾ ਹੋ ਸਕੇ। ਪਾਰਟੀ ਨੇ ਸਪੱਸ਼ਟ ਕੀਤਾ ਹੈ ਕਿ ਜਿਸ ਤਰ੍ਹਾਂ ਇਸੇ ਸਾਲ ਫਰਵਰੀ ਮਹੀਨੇ ਹੋਈਆਂ ਚੋਣਾਂ ਦੌਰਾਨ ਜੇਤੂ ਰਹਿਣ ਵਾਲੇ ਪਾਰਟੀ ਆਗੂਆਂ ਨੂੰ ਹੀ ਟਿਕਟਾਂ ਦਿੱਤੀਆਂ ਗਈਆਂ ਸਨ, ਉਸੇ ਤਰ੍ਹਾਂ ਦੇ ਨਿਯਮ ਅਤੇ ਫਾਰਮੂਲੇ ਨਿਗਮ  ਚੋਣਾਂ ਦੌਰਾਨ ਵੀ ਅਪਣਾਏ ਜਾਣਗੇ।