ਸਖ਼ਤ ਸੁਰੱਖਿਆ ਪ੍ਰਬੰਧਾਂ ਦੇ ਬਾਵਜੂਦ ਜਲੰਧਰ ਵਿਚ ਗੈਂਗਵਾਰ

ਸਖ਼ਤ ਸੁਰੱਖਿਆ ਪ੍ਰਬੰਧਾਂ ਦੇ ਬਾਵਜੂਦ ਜਲੰਧਰ ਵਿਚ ਗੈਂਗਵਾਰ

ਭਾਲੂ ਗੈਂਗ ਨੇ ਪੰਚਮ ਉਰਫ਼ੂ ਨੂਰ ਸਿੰਘ ‘ਤੇ ਚਲਾਈਆਂ ਗੋਲੀਆਂ
ਜਲੰਧਰ/ਬਿਊਰੋ ਨਿਊਜ਼ :
ਕਮਿਸ਼ਨਰੇਟ ਪੁਲੀਸ ਅਤੇ ਪੈਰਾ-ਮਿਲਟਰੀ ਫੋਰਸ ਵੱਲੋਂ ਚੋਣਾਂ ਦੇ ਮੱਦੇਨਜ਼ਰ ਕੀਤੇ ਗਏ ਸਖ਼ਤ ਪ੍ਰਬੰਧਾਂ ਦੇ ਬਾਵਜੂਦ ਜਲੰਧਰ ਸ਼ਹਿਰ ਦੇ ਵਿਚਕਾਰ ਦਿਨ-ਦਿਹਾੜੇ ਸ਼ਰ੍ਹੇਆਮ ਇੱਕ ਗੈਂਗ ਦੇ ਮੈਂਬਰਾਂ ਵੱਲੋਂ ਦੂਜੇ ਗੈਂਗਸਟਰ ‘ਤੇ ਗੋਲੀਆਂ ਚਲਾਈਆਂ ਗਈਆਂ। ਇੱਥੇ ਕੂਲ ਰੋਡ ‘ਤੇ ਭਾਲੂ ਗੈਂਗ ਦੇ ਮੈਂਬਰਾਂ ਨੇ ਪੰਚਮ ਉਰਫ਼ ਨੂਰ ਸਿੰਘ ‘ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਅਤੇ ਮੌਕੇ ਤੋਂ ਫ਼ਰਾਰ ਹੋ ਗਏ। ਪੰਚਮ ਦੇ ਢਿੱਡ ਅਤੇ ਪਿੱਠ ਵਿਚ ਦੋ-ਦੋ ਗੋਲੀਆਂ ਅਤੇ ਇੱਕ ਗੋਲੀ ਸੱਜੀ ਬਾਂਹ ‘ਤੇ ਲੱਗੀ। ਇਸ ਤੋਂ ਬਾਅਦ ਉਸ ਨੂੰ ਤੁਰੰਤ ਨਿੱਜੀ ਹਸਪਤਾਲ ਦਾਖ਼ਲ ਕਰਵਾਇਆ ਗਿਆ ਪਰ ਹਾਲਤ ਜ਼ਿਆਦਾ ਗੰਭੀਰ ਹੋਣ ਕਾਰਨ ਲੁਧਿਆਣਾ ਦੇ ਡੀਐਮਸੀ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਸਵੇਰੇ ਕਰੀਬ 10 ਵਜੇ ਪੰਚਮ ਆਪਣੇ ਇੱਕ ਦੋਸਤ ਨਾਲ ਕੂਲ ਰੋਡ ‘ਤੇ ਕਾਰ ਵਿੱਚ ਬੈਠਾ ਸੀ ਕਿ ਇਸ ਦੌਰਾਨ ਦੋ ਐਕਟਿਵਾ ‘ਤੇ ਚਾਰ ਨੌਜਵਾਨ ਆਏ ਅਤੇ ਪੰਚਮ ‘ਤੇ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ। ਇਹ ਵਾਰਦਾਤ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ ਜਿਸ ਦੀ ਪੁਲੀਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਪੰਚਮ ਦੇ ਪਰਿਵਾਰ ਵੱਲੋਂ ਸਾਰੀ ਘਟਨਾ ਨੂੰ ਆਗਾਮੀ ਚੋਣਾਂ ਵਿਚ ਜਲੰਧਰ ਉੱਤਰੀ ਹਲਕੇ ਦੀ ਸਿਆਸੀ ਲੜਾਈ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। ਪੰਚਮ ਦੇ ਨਾਲ ਬੈਠੇ ਨੌਜਵਾਨ ਪੁਨੀਤ ਸ਼ਰਮਾ ਦੇ ਬਿਆਨਾਂ ਦੇ ਆਧਾਰ ‘ਤੇ ਥਾਣਾ ਡਿਵੀਜ਼ਨ ਨੰਬਰ 7 ਦੀ ਪੁਲੀਸ ਨੇ ਗੁਰਸ਼ਰਨ ਸਿੰਘ ਭਾਲੂ ਖ਼ਿਲਾਫ਼ ਧਾਰਾ 307 ਤਹਿਤ ਕੇਸ ਦਰਜ ਕਰ ਲਿਆ ਹੈ। ਜਲੰਧਰ ਦੇ ਪੁਲੀਸ ਕਮਿਸ਼ਨਰ ਅਰਪਿਤ ਸ਼ੁਕਲਾ ਨੇ ਕਿਹਾ ਕਿ ਦੋਵੇਂ ਧਿਰਾਂ ਦੀ ਆਪਸ ਵਿਚ ਰੰਜਿਸ਼ ਚੱਲ ਰਹੀ ਸੀ ਅਤੇ ਇਹ ਗੈਂਗਵਾਰ ਉਸੇ ਦਾ ਨਤੀਜਾ ਹੈ। ਉਨ੍ਹਾਂ ਕਿਹਾ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਜਲਦੀ ਹੀ ਮੁਲਜ਼ਮਾਂ ਨੂੰ ਫੜ ਲਿਆ ਜਾਵੇਗਾ। ਜ਼ਿਕਰਯੋਗ ਹੈ ਕਿ ਪੰਚਮ ‘ਤੇ ਪਹਿਲਾਂ ਵੀ ਕਈ ਅਪਰਾਧਿਕ ਕੇਸ ਦਰਜ ਹਨ ਅਤੇ ਇਸ ਵੇਲੇ ਉਹ ਜ਼ਮਾਨਤ ‘ਤੇ ਬਾਹਰ ਆਇਆ ਹੋਇਆ ਸੀ।