ਅਮਰੀਕਾ ਨੇ ਹਾਫ਼ਿਜ਼ ਸਈਦ ਦੇ ਮੁੱਦੇ ਉੱਤੇ ਫਿਰ ਪਾਕਿਸਤਾਨ ਦੇ ਕੰਨ ਖਿੱਚੇ

ਅਮਰੀਕਾ ਨੇ ਹਾਫ਼ਿਜ਼ ਸਈਦ ਦੇ ਮੁੱਦੇ ਉੱਤੇ ਫਿਰ ਪਾਕਿਸਤਾਨ ਦੇ ਕੰਨ ਖਿੱਚੇ

ਵਾਸ਼ਿੰਗਟਨ/ਬਿਊਰੋ ਨਿਊਜ਼:
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਿਦ ਖ਼ਾਕਾਨ ਅੱਬਾਸੀ ਵੱਲੋਂ ਮੁੰਬਈ ਹਮਲੇ ਦੇ ਮੁੱਖ ਸਾਜ਼ਿਸ਼ਘਾੜੇ ਹਾਫ਼ਿਜ਼ ਸਈਦ ਪ੍ਰਤੀ ਹੇਜ ਪ੍ਰਗਟਾਏ ਜਾਣ ਤੋਂ ਨਾਖੁਸ਼ ਅਮਰੀਕਾ ਨੇ ਇਸਲਾਮਾਬਾਦ ਨੂੰ ਸਪੱਸ਼ਟ ਸ਼ਬਦਾਂ ‘ਚ ਆਖਿਆ ਕਿ ਸਈਦ ‘ਦਹਿਸ਼ਤਗਰਦ’ ਹੈ ਅਤੇ ਕੇਸ ਚਲਾ ਕੇ ਉਸ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ। ਅਮਰੀਕੀ ਗ੍ਰਹਿ ਮੰਤਰਾਲੇ ਦਾ ਇਹ ਪ੍ਰਤੀਕਰਮ ਉਸ ਸਮੇਂ ਆਇਆ ਹੈ ਜਦੋਂ ਅੱਬਾਸੀ ਨੇ ਜੀਓ ਟੀਵੀ ਨਾਲ ਇੰਟਰਵਿਊ ਦੌਰਾਨ ਸਈਦ ਨੂੰ ‘ਸਾਹਿਬ’ ਪੁਕਾਰ ਕੇ ਕਿਹਾ ਸੀ ਕਿ ਉਸ ਖ਼ਿਲਾਫ਼ ਪਾਕਿਸਤਾਨ ‘ਚ ਕੋਈ ਕੇਸ ਨਹੀ ਹੈ ਜਿਸ ਕਾਰਨ ਉਸ ‘ਤੇ ਕਾਰਵਾਈ ਨਹੀਂ ਕੀਤੀ ਜਾ ਸਕਦੀ। ਅਮਰੀਕੀ ਗ੍ਰਹਿ ਵਿਭਾਗ ਦੀ ਤਰਜਮਾਨ ਹੀਥਰ ਨੌਰਟ ਨੇ ਕਿਹਾ,”ਸਾਡੇ ਵਿਚਾਰ ਨਾਲ ਉਸ (ਸਈਦ) ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ। ਉਹ ਸੰਯੁਕਤ ਰਾਸ਼ਟਰ ਸਲਾਮਤੀ ਪ੍ਰੀਸ਼ਦ ਦੇ ਨਾਮਜ਼ਦ ਦਹਿਸ਼ਤਗਰਦਾਂ ‘ਚੋਂ ਇਕ ਹੈ। ਉਹ ਲਸ਼ਕਰ-ਏ-ਤੋਇਬਾ ਨਾਲ ਸਬੰਧਤ ਹੈ, ਜੋ ਨਾਮਜ਼ਦ ਵਿਦੇਸ਼ੀ ਦਹਿਸ਼ਤੀ ਜਥੇਬੰਦੀ ਹੈ।” ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨੌਰਟ ਨੇ ਕਿਹਾ ਕਿ ਅਮਰੀਕਾ ਨੇ ਪਾਕਿਸਤਾਨ ਸਰਕਾਰ ਨੂੰ ਸਪੱਸ਼ਟ ਤੌਰ ‘ਤੇ ਆਪਣੇ ਤੌਖ਼ਲੇ ਜ਼ਾਹਿਰ ਕਰ ਦਿੱਤੇ ਹਨ ਅਤੇ ਇਸ ਵਿਅਕਤੀ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਅੱਬਾਸੀ ਵੱਲੋਂ ਦਿੱਤੇ ਬਿਆਨ ਬਾਰੇ ਜਦੋਂ ਸਵਾਲ ਪੁੱਛਿਆ ਗਿਆ ਤਾਂ ਨੌਰਟ ਨੇ ਕਿਹਾ ਕਿ ਅਮਰੀਕਾ ਉਸ ਨੂੰ ਦਹਿਸ਼ਤਗਰਦ ਮੰਨਦਾ ਹੈ ਜੋ ਵਿਦੇਸ਼ੀ ਦਹਿਸ਼ਤੀ ਜਥੇਬੰਦੀ ਦਾ ਹਿੱਸਾ ਹੈ। ‘ਉਹ 2008 ਦੇ ਮੁੰਬਈ ਹਮਲੇ ਦਾ ਮੁੱਖ ਸਾਜ਼ਿਸ਼ਘਾੜਾ ਹੈ ਜਿਸ ‘ਚ ਅਮਰੀਕੀਆਂ ਸਮੇਤ ਕਈ ਵਿਅਕਤੀ ਮਾਰੇ ਗਏ ਸਨ।’ ਨੌਰਟ ਨੇ ਕਿਹਾ ਕਿ ਟਰੰਪ ਪ੍ਰਸ਼ਾਸਨ ਦਹਿਸ਼ਤੀ ਮੁੱਦਿਆਂ ਦੇ ਹੱਲ ਲਈ ਪਾਕਿਸਤਾਨ ਕੋਲੋਂ ਵਧ ਆਸ ਰੱਖਦਾ ਹੈ। ਇਸੇ ਕਰਕੇ ਪਾਕਿਸਤਾਨ ਨੂੰ ਫੌਜੀ ਸਹਾਇਤਾ ਰੋਕੀ ਗਈ ਸੀ। ਉਨ੍ਹਾਂ ਕਿਹਾ ਕਿ ਪੂਰੇ ਪ੍ਰਸ਼ਾਸਨ ‘ਚ ਅਮਰੀਕੀ-ਪਾਕਿਸਤਾਨ ਸਬੰਧਾਂ ਦੇ ਮੁੱਦੇ ‘ਤੇ ਇਕ ਰਾਇ ਹੈ।