ਅਮਰੀਕਾ ਵਲ ਉਡਾਰੀ ਲਈ ਹੁਨਰ ਅਤੇ ਅੰਗਰੇਜ਼ੀ ਦੇ ਖੰਭ ਜਰੂਰੀ

ਅਮਰੀਕਾ ਵਲ ਉਡਾਰੀ ਲਈ ਹੁਨਰ ਅਤੇ ਅੰਗਰੇਜ਼ੀ ਦੇ ਖੰਭ ਜਰੂਰੀ

ਵਾਸ਼ਿੰਗਟਨ/ਬਿਊਰੋ ਨਿਊਜ਼:
ਟਰੰਪ ਪ੍ਰਸ਼ਾਸਨ ਅਜਿਹੇ ਪਰਵਾਸੀ ਚਾਹੁੰਦਾ ਹੈ, ਜਿਨ੍ਹਾਂ ਕੋਲ ਹੁਨਰ ਹੋਵੇ ਅਤੇ ਅੰਗਰੇਜ਼ੀ ਬੋਲ ਸਕਦੇ ਹੋਣ। ਇਕ ਸੀਨੀਅਰ ਅਧਿਕਾਰੀ ਵੱਲੋਂ ਦਿੱਤੀ ਇਹ ਜਾਣਕਾਰੀ ਪ੍ਰਸਤਾਵਿਤ ਮੈਰਿਟ-ਆਧਾਰਤ ਆਵਾਸ ਪ੍ਰਣਾਲੀ ਦੀ ਝਲਕ ਹੈ। ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਅਮਰੀਕਾ ‘ਚ ਪਰਵਾਸ ਘਟਾਉਣ ਵਾਸਤੇ ਮੈਰਿਟ-ਆਧਾਰਤ ਆਵਾਸ ਪ੍ਰਣਾਲੀ ਉਤੇ ਜ਼ੋਰ ਦਿੱਤਾ ਜਾ ਰਿਹਾ ਹੈ। ਟਰੰਪ ਪ੍ਰਸ਼ਾਸਨ ਨੂੰ ਲੱਗਦਾ ਹੈ ਕਿ ਮੈਰਿਟ ਆਧਾਰਤ ਆਵਾਸ ਪ੍ਰਣਾਲੀ ਨਾਲ ਅਮਰੀਕਾ ਵਿੱਚ ਵਿਸ਼ਵ ਭਰ ਤੋਂ ਹੁਨਰਮੰਦ ਅਤੇ ਬਿਹਤਰੀਨ ਲੋਕ ਆਉਣਗੇ ਅਤੇ ਗ਼ੈਰਕਾਨੂੰਨੀ ਪਰਵਾਸ ਨੂੰ ਠੱਲ੍ਹ ਪਵੇਗੀ। ਰਾਸ਼ਟਰਪਤੀ ਮੌਜੂਦਾ ਸਿਸਟਮ ਵਿੱਚ ਸੁਧਾਰ ਰਾਹੀਂ ਲਾਟਰੀ ਵੀਜ਼ਾ ਅਤੇ ਲੜੀਵਾਰ ਪਰਵਾਸ ਨੂੰ ਵੀ ਖ਼ਤਮ ਕਰਨਾ ਚਾਹੁੰਦੇ ਹਨ।
ਇਸ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀ ਨੇ ਦੱਸਿਆ, ‘ਅਸੀਂ ਅਜਿਹੇ ਵਿਅਕਤੀਆਂ ਨੂੰ ਅਮਰੀਕਾ ਲਿਆਉਣਾ ਚਾਹੁੰਦੇ ਹਾਂ, ਜੋ ਇਸ ਮੁਲਕ ਤੇ ਇਸ ਦੇ ਲੋਕਾਂ ਨੂੰ ਪਿਆਰ ਕਰਦੇ ਹੋਣ, ਜਿਨ੍ਹਾਂ ਕੋਲ ਕੋਈ ਹੁਨਰ ਹੋਵੇ, ਜੋ ਅੰਗਰੇਜ਼ੀ ਬੋਲ ਸਕਦੇ ਹੋਣ, ਜੋ ਸਾਡੀਆਂ ਕਦਰਾਂ ਕੀਮਤਾਂ ਅਤੇ ਸਾਡੀ ਤਰਜ਼-ਏ-ਜ਼ਿੰਦਗੀ ਦੇ ਸਮਰਥਨ ਤੇ ਸਤਿਕਾਰ ਲਈ ਵਚਨਬੱਧ ਹੋਣ। ਅਜਿਹੇ ਵਿਅਕਤੀ ਵਿਸ਼ਵ ਦੇ ਕਿਸੇ ਵੀ ਹਿੱਸੇ, ਧਰਮ, ਨਸਲ ਤੇ ਰੰਗ ਦੇ ਹੋ ਸਕਦੇ ਹਨ। ਪਰ ਉਹ ਸ਼ਰਤਾਂ ਪੂਰੀਆਂ ਕਰਦੇ ਹੋਣ।’
ਜੇਕਰ ਅਜਿਹੀ ਨੀਤੀ ਬਣੀ ਅਤੇ ਲਾਗੂ ਹੋਈ ਤਾਂ ਇਸ ਦਾ ਭਾਰਤ ਵਰਗੇ ਮੁਲਕਾਂ ਤੋਂ ਆਉਣ ਵਾਲੇ ਵਿਅਕਤੀਆਂ ਨੂੰ ਲਾਭ ਹੋ ਸਕਦਾ ਹੈ, ਜੋ ਇਹ ਨਿਯਮ ਤੇ ਸ਼ਰਤਾਂ ‘ਤੇ ਪੂਰੇ ਉਤਰਦੇ ਹੋਣ। ਇਸ ਅਧਿਕਾਰੀ ਨੇ ਦੱਸਿਆ ਕਿ ਟਰੰਪ ਪ੍ਰਸ਼ਾਸਨ ਅਮਰੀਕਾ ਦੇ ਕੌਮੀ ਹਿੱਤ ਵਿੱਚ ਆਵਾਸ ਪ੍ਰਣਾਲੀ ਵਿੱਚ ਸੁਧਾਰ ਕਰਨਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਪਰਵਾਸੀਆਂ ਲਈ ਕੁੱਝ ਮੌਜੂਦਾ ਪ੍ਰੋਗਰਾਮ ਅਜਿਹੀਆਂ ਲੋੜਾਂ ਨੂੰ ਅਣਗੌਲਿਆ ਕਰਦੇ ਹਨ ਜੋ ਕਿਸੇ ਵਿਅਕਤੀ ਦੇ ਅਮਰੀਕਾ ਵਿੱਚ ਸਫ਼ਲ ਹੋਣ ਲਈ ਅਹਿਮ ਹਨ।

ਸੈਨੇਟਰ ਨੇ ਐਚ-1ਬੀ ਵੀਜ਼ੇ ਨੂੰ ਅਮੈਰਿਕਨ ਵਰਕਰਾਂ ਲਈ ਖ਼ਤਰਾ ਦਸਿਆ
ਵਾਸ਼ਿੰਗਟਨ: ਇਕ ਸੀਨੀਅਰ ਰਿਪਬਲਿਕਨ ਸੈਨੇਟਰ ਦਾ ਕਹਿਣਾ ਹੈ ਕਿ ਐਚ-1ਬੀ ਵਰਕ ਵੀਜ਼ਾ, ਜੋ ਭਾਰਤੀ ਤਕਨੀਕੀ ਪੇਸ਼ੇਵਰਾਂ ਵਿੱਚ ਬੇਹੱਦ ਮਕਬੂਲ ਹੈ, ਅਮਰੀਕੀ ਵਰਕਰਾਂ ਲਈ ਖ਼ਤਰਾ ਬਣ ਗਿਆ ਹੈ। ਪਿਛਲੇ ਸਾਲ ਜਨਵਰੀ ਵਿੱਚ ਕਾਰਜਭਾਰ ਸੰਭਾਲਣ ਬਾਅਦ ਟਰੰਪ ਪ੍ਰਸ਼ਾਸਨ ਵੱਲੋਂ ਐਚ-1ਬੀ ਵੀਜ਼ਾ ਪ੍ਰੋਗਰਾਮ ਖ਼ਿਲਾਫ਼ ਕਮਰਕੱਸੇ ਕੀਤੇ ਜਾ ਰਹੇ ਹਨ। ਸੈਨੇਟ ਦੀ ਸ਼ਕਤੀਸ਼ਾਲੀ ਜੁਡੀਸ਼ਰੀ ਕਮੇਟੀ ਦੇ ਚੇਅਰਮੈਨ ਸੈਨੇਟਰ ਚੱਕ ਗਰੈਸਲੀ ਨੇ ਕੱਲ੍ਹ ਕਾਂਗਰਸ ਵਿੱਚ ਗ੍ਰਹਿ ਸੁਰੱਖਿਆ ਬਾਰੇ ਚਰਚਾ ਦੌਰਾਨ ਕਿਹਾ, ‘ਐਚ-1ਬੀ ਵੀਜ਼ਾ ਇਕ ਪ੍ਰੋਗਰਾਮ ਹੈ, ਜੋ ਅਸਲ ਵਿੱਚ ਅਮੈਰਿਕਨ ਵਰਕਰਾਂ ਲਈ ਖ਼ਤਰਾ ਬਣ ਗਿਆ ਹੈ।’ ਉਨ੍ਹਾਂ ਕਿਹਾ ਕਿ ਅਮਰੀਕਾ ਵਿੱਚ ਦਹਾਕਿਆਂ ਤੋਂ ਐਚ-1ਬੀ ਵਰਕਰਾਂ ਦੀ ਆਬਾਦੀ ਵਧ ਰਹੀ ਹੈ। ਇਸ ਸੈਨੇਟਰ ਨੇ ਤਕਨੀਕੀ ਖੇਤਰ ਵਿੱਚ ਵੇਤਨ ਵਿੱਚ ‘ਖੜ੍ਹੋਤ’ ਲਈ ਵੀ ਐਚ-1ਬੀ ਵਰਕਰਾਂ ਨੂੰ ਦੋਸ਼ੀ ਦੱਸਿਆ।