ਕੈਪਟਨ ਦਾ ਸੱਜਣ ਬਾਰੇ ਬਿਆਨ ਗ਼ਲਤ ਤੇ ਨਮੋਸ਼ੀ ਭਰਿਆ : ਕੈਨੇਡਾ

ਕੈਪਟਨ ਦਾ ਸੱਜਣ ਬਾਰੇ ਬਿਆਨ ਗ਼ਲਤ ਤੇ ਨਮੋਸ਼ੀ ਭਰਿਆ : ਕੈਨੇਡਾ

ਨਵੀਂ ਦਿੱਲੀ/ਬਿਊਰੋ ਨਿਊਜ਼ :
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ਕਿ ਜਸਟਿਨ ਟਰੂਡੋ ਦੀ ਸਰਕਾਰ ਵਿੱਚ ਸੁਰੱਖਿਆ ਮੰਤਰੀ ਹਰਜੀਤ ਸੱਜਣ ਸਮੇਤ ਪੰਜ ਮੰਤਰੀ ਖਾਲਿਸਤਾਨੀਆਂ ਦੇ ਹਮਾਇਤੀ ਹਨ, ਨੂੰ ਕੈਨੇਡਾ ਨੇ ਨਿਰਾਸ਼ਾ ਭਰਿਆ ਤੇ ਗ਼ਲਤ ਕਰਾਰ ਦਿੱਤਾ ਹੈ।
ਕੈਨੇਡੀਅਨ ਹਾਈ ਕਮਿਸ਼ਨ ਨੇ ਪ੍ਰਤੀਕਿਰਿਆ ਜ਼ਾਹਰ ਕਰਦਿਆਂ ਕਿਹਾ ਕਿ ਕੈਨੇਡਾ ਦੇ ਮੰਤਰੀਆਂ ਬਾਰੇ ਦਿੱਤਾ ਗਿਆ ਇਹ ਬਿਆਨ ਨਿਰਾਸ਼ਾ ਭਰਿਆ ਤੇ ਗ਼ਲਤ ਹੈ। ਹਾਈ ਕਮਿਸ਼ਨ ਨੇ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਕੈਨੇਡਾ ਪੰਜਾਬ ਦੇ ਲੋਕਾਂ ਤੇ ਸਰਕਾਰ ਨਾਲ ਆਪਣੇ ਸਬੰਧਾਂ ਨੂੰ ਕਾਫੀ ਮਹੱਤਵ ਦਿੰਦਾ ਹੈ ਅਤੇ ਇਸ ਰਿਸ਼ਤੇ ਨੂੰ ਅੱਗੇ ਵਧਾਉਣ ਨੂੰ ਲੈ ਕੇ ਉਤਸ਼ਾਹਿਤ ਹੈ। ਉਨ੍ਹਾਂ ਕਿਹਾ, ‘ਸਾਨੂੰ ਅਫਸੋਸ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਨੇਡਾ ਦੇ ਰੱਖਿਆ ਮੰਤਰੀ ਨੂੰ ਮਿਲਣ ਲਈ ਉਪਲੱਭਧ ਨਹੀਂ ਹਨ। ਮੁੱਖ ਮੰਤਰੀ ਦਾ ਕੈਨੇਡਾ ਦੀ ਯਾਤਰਾ ਲਈ ਸਵਾਗਤ ਹੈ।’ ਸ੍ਰੀ ਸੱਜਣ ਅਗਲੇ ਹਫ਼ਤੇ ਭਾਰਤ ਆਉਣਗੇ, ਜਿਸ ਦੌਰਾਨ ਉਹ ਭਾਰਤੀ ਲੀਡਰਸ਼ਿਪ ਨਾਲ ਗੱਲਬਾਤ ਕਰਨ ਦੇ ਨਾਲ-ਨਾਲ 18 ਅਪ੍ਰੈਲ ਨੂੰ ਇੱਕ ਸਮਾਗਮ ਦੌਰਾਨ ‘ਬਦਲਦੇ ਵਿਸ਼ਵ ਵਿਚ ਸੰਕਟ ਰੋਕਥਾਮ ਤੇ ਅਮਨ ਕਾਇਮੀ’ ਵਿਸ਼ੇ ‘ਤੇ ਬੋਲਣਗੇ।
ਇਸੇ ਦੌਰਾਨ ਕੈਨੇਡਾ ਵਿਚ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ‘ਤੇ ਰੋਸ ਜ਼ਾਹਰ ਕੀਤਾ ਗਿਆ ਹੈ। ਸਿਆਸੀ ਚਿੰਤਕ ਹੈਰੀ ਧਾਲੀਵਾਲ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ (ਸਾਡਾ) ਦੇ ਸੁਖਮਿੰਦਰ ਹੰਸਰਾ ਨੇ ਕਿਹਾ ਕਿ ਕੈਪਟਨ ਦਾ ਇਹ ਬਿਆਨ ਸਿਆਸੀ ਸੂਝਬੂਝ ਤੋਂ ਕੋਰਾ ਹੈ। ਉਨ੍ਹਾਂ ਆਖਿਆ ਕਿ ਸ੍ਰੀ ਸੱਜਣ ਅਫਗਾਨਿਸਤਾਨ ਵਿਚ ਇਕ ਫੌਜੀ ਵਜੋਂ ਨਿਭਾਏ ਚੰਗੇ ਰੋਲ ਕਾਰਨ ਪੂਰੇ ਕੈਨੇਡਾ ਵਿਚ ਹਰਮਨਪਿਆਰੇ ਹਨ।
ਹਰਜੀਤ ਸੱਜਣ ਨੂੰ ‘ਖ਼ਾਲਿਸਤਾਨੀ’ ਕਹਿਣ ਦੇ ਸਟੈਂਡ ‘ਤੇ ਕੈਪਟਨ ਕਾਇਮ :
ਚੰਡੀਗੜ੍ਹ: ਕੈਨੇਡਾ ਵੱਲੋਂ ਆਪਣੇ ਰੱਖਿਆ ਮੰਤਰੀ ਦੇ ਕੀਤੇ ਬਚਾਅ ਨੂੰ ਰੱਦ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਉਹ ਕਿਸੇ ਵੀ ‘ਖਾਲਿਸਤਾਨੀ ਹਮਾਇਤੀ’ ਨਾਲ ਆਪਣੀ ਕੋਈ ਸਾਂਝ ਨਾ ਰੱਖਣ ਦੇ ਆਪਣੇ ਸਿਧਾਂਤਕ ਸਟੈਂਡ ‘ਤੇ ਕਾਇਮ ਹਨ। ਉਨ੍ਹਾਂ ਕਿਹਾ ਕਿ ਦੂਸਰੇ ਦੇਸ਼ ਦੇ ਰੱਖਿਆ ਮੰਤਰੀ ਹੋਣ ਦੇ ਨਾਤੇ ਉਨ੍ਹਾਂ ਨੂੰ ਪੂਰਾ ਪ੍ਰੋਟੋਕਾਲ ਦਿੱਤਾ ਜਾਵੇਗਾ ਪਰ ਉਹ ਉਨ੍ਹਾਂ ਦੇ ਪ੍ਰੋਗਰਾਮਾਂ ਵਿਚ ਸ਼ਾਮਲ ਨਹੀਂ ਹੋਣਗੇ। ਕੈਪਟਨ ਨੇ ਕਿਹਾ ਕਿ ਭਾਰਤ ਜਮਹੂਰੀ ਮੁਲਕ ਹੈ ਤੇ ਇੱਥੇ ਸਾਰਿਆਂ ਨੂੰ ਬੋਲਣ ਦਾ ਅਧਿਕਾਰ ਹੈ। ਉਹ ਨਿੱਜੀ ਤੌਰ ‘ਤੇ ਖਾਲਿਸਤਾਨੀ ਸਮਰਥਕ ਨੂੰ ਨਹੀਂ ਮਿਲਣਗੇ। ਕੈਪਟਨ ਨੇ ਕਿਹਾ ਕਿ ਹਰਜੀਤ ਸਿੰਘ ਸੱਜਣ ਦਾ ਇੱਥੇ ਸਵਾਗਤ ਹੈ, ਉਹ ਦਰਬਾਰ ਸਾਹਿਬ ਜਾਣ, ਮੀਟਿੰਗਾਂ ਕਰਨ, ਉਨ੍ਹਾਂ ਨੂੰ ਪੂਰੀ ਸੁਰੱਖਿਆ ਮੁਹੱਈਆ ਕਰਵਾਈ ਜਾਵੇਗੀ। ਆਪਣੇ ਆਲੋਚਕਾਂ ‘ਤੇ ਵਰ੍ਹਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਦੁਹਰਾਇਆ ਕਿ ਹਰਜੀਤ ਸੱਜਣ, ਕੈਨੇਡਾ ਵਜ਼ਾਰਤ ਦੇ ਕਈ ਮੰਤਰੀ ਤੇ ਉਸ ਮੁਲਕ ਦੀ ਸਿਖਰਲੀ ਲੀਡਰਸ਼ਿਪ ਭਾਰਤ ਵਿਰੋਧੀ ਸਰਗਰਮੀਆਂ ਵਿੱਚ ਸ਼ਾਮਲ ਲੋਕਾਂ ਪ੍ਰਤੀ ਹਮਦਰਦੀ ਰੱਖਦੀ ਹੈ। ਜਮਹੂਰੀ ਮੁਲਕ ਵਜੋਂ ਭਾਵੇਂ ਵਿਚਾਰ ਪ੍ਰਗਟਾਉਣ ਦੀ ਆਜ਼ਾਦੀ ਦਿੰਦਾ ਹੈ, ਪਰ ਉਹ ਨਿੱਜੀ ਤੌਰ ‘ਤੇ ਕਿਸੇ ਖਾਲਿਸਤਾਨੀ ਹਮਦਰਦ ਨੂੰ ਨਹੀਂ ਮਿਲਣਗੇ। ਉਨ੍ਹਾਂ ਕਿਹਾ ਕਿ ਨਾ ਸਿਰਫ ਸ੍ਰੀ ਸੱਜਣ, ਸਗੋਂ ਹੋਰ ਮੰਤਰੀ ਤੇ ਸੰਸਦ ਮੈਂਬਰ ਜਿਵੇਂ ਨਵਦੀਪ ਬੈਂਸ, ਅਮਰਜੀਤ ਸੋਹੀ, ਸੁਖ ਧਾਲੀਵਾਲ, ਦਰਸ਼ਨ ਕੰਗ, ਰਾਜ ਗਰੇਵਾਲ, ਹਰਿੰਦਰ ਮੱਲ੍ਹੀ, ਰੋਬੀ ਸਹੋਤਾ, ਜਗਮੀਤ ਸਿੰਘ ਅਤੇ ਰਣਦੀਪ ਸਰੀ ਦੇ ਖਾਲਿਸਤਾਨੀ ਮੁਹਿੰਮ ਪ੍ਰਤੀ ਝੁਕਾਅ ਬਾਰੇ ਸਭ ਜਾਣਦੇ ਹਨ। ਉਨ੍ਹਾਂ ਦੇ ਪਿਤਾ ਕੁੰਦਨ ਸੱਜਣ ‘ਵਰਲਡ ਸਿੱਖ ਆਰਗੇਨਾਈਜੇਸ਼ਨ’ ਦੇ ਮੈਂਬਰ ਰਹੇ ਹਨ।
ਉਨ੍ਹਾਂ ਨੇ ‘ਆਪ’ ਅਤੇ ਦਲ ਖ਼ਾਲਸਾ ‘ਤੇ ਵੀ ਹਮਲਾ ਬੋਲਿਆ, ‘ਮੇਰੇ ‘ਤੇ ਦੋਸ਼ ਮੜ੍ਹ ਕੇ ਉਹ ਭਾਰਤ ਵਿਰੋਧੀ ਤਾਕਤਾਂ ਦੇ ਹੱਥਾਂ ਵਿਚ ਖੇਡ ਰਹੇ ਹਨ।’ ਉਨ੍ਹਾਂ ਕਿਹਾ, ‘ਮੈਂ ਪੰਜਾਬ ਦੇ ਭਵਿੱਖ ਨੂੰ ਲੈ ਕੇ ਚਿੰਤਤ ਹਾਂ, ਜਿਸ ਨੇ ਖਾੜਕੂਵਾਦ ਦੌਰਾਨ 35000 ਬੇਕਸੂਰਾਂ ਦੀਆਂ ਜਾਨਾਂ ਲੈ ਲਈਆਂ ਸਨ।’ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਸਾਕਾ ਨੀਲਾ ਤਾਰਾ ਵੇਲੇ ਕਾਂਗਰਸ ਨਾਲੋਂ ਨਾਤਾ ਤੋੜ ਲਿਆ ਸੀ ਤੇ ਪੰਜਾਬੀਆਂ ਦੇ ਹਿੱਤਾਂ ਖਾਤਰ ਐਸ.ਵਾਈ.ਐਲ. ਮੁੱਦੇ ‘ਤੇ ਸਟੈਂਡ ਲਿਆ ਸੀ। ਉਨ੍ਹਾਂ ਕਿਹਾ ਕਿ ‘ਆਪ’ ਵਲੋਂ ਆਲੋਚਨਾ ਇਸ ਲਈ ਕੀਤੀ ਜਾ ਰਹੀ ਹੈ ਕਿਉਂਕਿ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਖ਼ਾਲਿਸਾਤਨੀਆਂ ਨਾਲ ਨੇੜਤਾ ਰੱਖਦੇ ਹਨ, ਇਸੇ ਲਈ ਉਹ ਚੋਣ ਪ੍ਰਚਾਰ ਦੌਰਾਨ ਸਾਬਕਾ ਖਾਲਿਸਤਾਨ ਕਮਾਂਡੋ ਦੇ ਘਰ ਠਹਿਰੇ ਸਨ।
ਖਹਿਰਾ ਬੋਲੇ-ਕੈਪਟਨ ਨੇ ਸੱਜਣ ਦੀ ਹੀ ਨਹੀਂ, ਕੈਨੇਡਾ ਵੱਸਦੇ ਪੰਜਾਬੀਆਂ ਦੀ ਬੇਇਜ਼ਤੀ ਕੀਤੀ :
ਚੰਡੀਗੜ੍ਹ: ਕੈਪਟਨ ਅਮਰਿੰਦਰ ਸਿੰਘ ਵੱਲੋਂ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸੱਜਣ ਸਬੰਧੀ ਦਿੱਤੇ ਗਏ ਬਿਆਨ ਦਾ ਆਮ ਆਦਮੀ ਪਾਰਟੀ ਨੇ ਸਖ਼ਤ ਨੋਟਿਸ ਲਿਆ ਹੈ। ‘ਆਪ’ ਵਿਧਾਇਕ ਅਤੇ ਪਾਰਟੀ ਦੇ ਬੁਲਾਰੇ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਕੈਪਟਨ ਨੇ ਸਿਰਫ਼ ਕੈਨੇਡਾ ਦੇ ਮੰਤਰੀ ਦੀ ਹੀ ਬੇਇੱਜ਼ਤੀ ਨਹੀਂ ਕੀਤੀ ਬਲਕਿ ਉਨ੍ਹਾਂ ਵਿਦੇਸ਼ੀ ਧਰਤੀਆਂ ‘ਤੇ ਮਿਹਨਤ ਨਾਲ ਕਾਰੋਬਾਰ ਤੇ ਸਿਆਸਤ ਵਿੱਚ ਨਾਂ ਖੱਟਣ ਵਾਲੇ ਸਾਰੇ ਪੰਜਾਬੀਆਂ ਦੀ ਬੇਇੱਜ਼ਤੀ ਕੀਤੀ ਹੈ। ਉਨ੍ਹਾਂ ਕਿਹਾ ਕਿ ਕੈਪਟਨ ਦੇ ਫ਼ੈਸਲੇ ਪਿਛੇ ਨਿੱਜੀ ਬਦਲਾਖੋਰੀ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਸਮੇਤ ਵੱਖ ਵੱਖ ਮੁਲਕਾਂ ਵਿਚ ਵੋਟਾਂ ਰਾਹੀਂ ਵਿਧਾਇਕ ਤੇ ਮੰਤਰੀ ਬਣ ਕੇ ਪੰਜਾਬੀਆਂ ਨੇ ਪੰਜਾਬ ਤੇ ਭਾਰਤ ਦਾ ਸਿਰ ਉੱਚਾ ਕੀਤਾ ਹੈ। ਪਰ ਨਿੱਜੀ ਬਦਲਾਖੋਰੀ ਅਤੇ ਸੌੜੇ ਸਿਆਸੀ ਹਿੱਤਾਂ ਕਾਰਨ ਕੈਪਟਨ ਅਮਰਿੰਦਰ ਸਿੰਘ ਵਲੋਂ ਜੋ ਸ਼ਬਦ ਕੈਨੇਡਾ ਦੇ ਰੱਖਿਆ ਮੰਤਰੀ ਬਾਰੇ ਕਹੇ ਗਏ ਹਨ, ਉਨ੍ਹਾਂ ਪਿਛੇ ਕੈਪਟਨ ਦੀ ਭਾਵਨਾ ਸਾਫ਼ ਨਜ਼ਰ ਆ ਰਹੀ ਹੈ।
ਫੂਲਕਾ ਨੇ ਕਿਹਾ-ਕੈਪਟਨ ਨੇ ਖੁਦ ਖ਼ਾਲਿਸਤਾਨੀਆਂ ਨਾਲ ਸਾਂਝੀਆਂ ਕੀਤੀਆਂ ਸਨ ਸਟੇਜਾਂ :
ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਐਚਐਸ ਫੂਲਕਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੈਨੇਡਾ ਦੇ ਰੱਖਿਆ ਮੰਤਰੀ ਤੇ ਦੁਨੀਆਂ ਦੇ ਸਤਿਕਾਰਤ ਸਿੱਖ ਹਰਜੀਤ ਸਿੰਘ ਸੱਜਣ ਨੂੰ ਖਾਲਿਸਤਾਨੀ ਦੱਸ ਕੇ ਵਿਸਾਖੀ ਮੌਕੇ ਸਿੱਖ ਭਾਈਚਾਰੇ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕੈਪਟਨ ਦੀ ਇਕ ਤਸਵੀਰ ਜਾਰੀ ਕਰਕੇ ਦੋਸ਼ ਲਾਇਆ ਕਿ ਉਨ੍ਹਾਂ ਖੁਦ ਕੈਨੇਡਾ ਵਿਚ ਖਾਲਿਸਤਾਨੀਆਂ ਦੀ ਸਟੇਜ ਤੋਂ ਸੰਬੋਧਨ ਕੀਤਾ ਸੀ ਅਤੇ ਅੱਜ ਸਿੱਖਾਂ ਦਾ ਕਤਲੇਆਮ ਕਰਨ ਵਾਲੀ ਆਪਣੀ ਕਾਂਗਰਸ ਪਾਰਟੀ ਨੂੰ ਬਚਾਉਣ ਲਈ ਸਾਜ਼ਿਸ਼ ਤਹਿਤ ਸ੍ਰੀ ਸੱਜਣ ਵਿਰੁੱਧ ਬੇਹੁਦਾ ਬਿਆਨ ਦਿੱਤਾ ਹੈ। ਸ੍ਰੀ ਫੂਲਕਾ ਵੱਲੋਂ ਜਾਰੀ ਤਸਵੀਰ ਵਿਚ ਕੈਪਟਨ ਕੈਨੇਡਾ ਦੀ ਇਕ ਸਟੇਜ, ਜਿਸ ਉਪਰ ਖਾਲਿਸਤਾਨ ਜ਼ਿੰਦਾਬਾਦ ਲਿਖਿਆ ਹੈ, ਉਥੇ ਸੰਬੋਧਨ ਕਰਦੇ ਨਜ਼ਰ ਆ ਰਹੇ ਹਨ। ਇਸ ਤਸਵੀਰ ਵਿੱਚ ਮੋਹਰੀ ਖਾਲਿਸਤਾਨੀ ਆਗੂ ਵੀ ਦਿੱਸ ਰਹੇ ਹਨ। ਸ੍ਰੀ ਫੂਲਕਾ ਨੇ ਦੋਸ਼ ਲਾਇਆ ਕਿ ਕੈਨੇਡਾ ਦੇ ਓਂਟਾਰੀਓ ਸੂਬੇ ਦੀ ਵਿਧਾਨ ਸਭਾ ਵੱਲੋਂ 1984 ਦੇ ਕਾਂਡ ਨੂੰ ਦੰਗੇ ਨਹੀਂ ਕਤਲੇਆਮ ਹੋਣ ਦਾ ਮਤਾ ਪਾਸ ਕਰਨ ਕਾਰਨ ਕੈਪਟਨ ਬੁਖਲਾਏ ਜਾਪਦੇ ਹਨ। ਉਨ੍ਹਾਂ ਨੂੰ ਡਰ ਹੈ ਕਿ ਅਜਿਹਾ ਮਤਾ ਜੇ ਕੈਨੇਡਾ ਦੀ ਸੰਸਦ ਪਾਸ ਕਰ ਸਕਦੀ ਹੈ ਤਾਂ ਇਸ ਤੋਂ ਬਾਅਦ ਇਹ ਮੁੱਦਾ ਭਾਰਤੀ ਸੰਸਦ ਵਿਚ ਵੀ ਭਖ ਸਕਦਾ ਹੈ, ਜਿਸ ਕਾਰਨ ਉਹ ਆਪਣੀ ਪਾਰਟੀ ਅਤੇ ਸਿੱਖਾਂ ਦੇ ਕਤਲੇਆਮ ਲਈ ਜ਼ਿੰਮੇਵਾਰ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਵਰਗਿਆਂ ਨੂੰ ਬਚਾਉਣ ਲਈ ਸ੍ਰੀ ਸੱਜਣ ਵਰਗੀ ਸਿੱਖ ਸ਼ਖ਼ਸੀਅਤ ਨੂੰ ਬਦਨਾਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸ੍ਰੀ ਸੱਜਣ ਕੈਨੇਡਾ ਦੇ ਰੱਖਿਆ ਮੰਤਰੀ ਬਣਨ ਤੋਂ ਬਾਅਦ ਪਹਿਲੀ ਵਾਰ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਆ ਰਹੇ ਹਨ ਅਤੇ ਸਮੂਹ ਪੰਜਾਬੀ ਉਨ੍ਹਾਂ ਦਾ ਇਤਿਹਾਸਕ ਸਵਾਗਤ ਕਰਨਗੇ। ਵਿਰੋਧੀ ਧਿਰ ਦੇ ਆਗੂ ਨੇ ਕਿਹਾ ਕਿ ਕੈਪਟਨ ਨੂੰ ਵੀ ਨਿੱਜੀ ਤੇ ਸਿਆਸੀ ਕਿੜਾਂ ਕੱਢਣ ਦੀ ਥਾਂ ਆਪਣੀ ਸੰਵਿਧਾਨਕ ਜ਼ਿੰਮੇਵਾਰੀ ਸਮਝਦਿਆਂ ਸ੍ਰੀ ਸੱਜਣ ਦਾ ਸਵਾਗਤ ਕਰਨਾ ਚਾਹੀਦਾ ਹੈ।

 

ਸ਼੍ਰੋਮਣੀ ਕਮੇਟੀ ਕੈਨੇਡਾ ਦੇ ਰੱਖਿਆ ਮੰਤਰੀ ਦਾ ਸਨਮਾਨ ਕਰੇਗੀ

ਅੰਮ੍ਰਿਤਸਰ/ਬਿਊਰੋ ਨਿਊਜ਼ :
ਭਾਰਤ ਫ਼ੇਰੀ ਦੌਰਾਨ ਪੰਜਾਬ ਆ ਰਹੇ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੂੰ ਰਾਜ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖ਼ਾਲਿਸਤਾਨ ਸਮਰਥਕ ਦੱਸ ਕੇ ਭਾਵੇਂ ਮਿਲਣ ਤੋਂ ਨਾਂਹ ਕਰ ਦਿੱਤੀ ਹੈ, ਪਰ ਸ਼੍ਰੋਮਣੀ ਕਮੇਟੀ ਵੱਲੋਂ ਇਸ ਅੰਮ੍ਰਿਤਧਾਰੀ ਸਿੱਖ ਦਾ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਮਦ ‘ਤੇ ਨਿੱਘਾ ਸਵਾਗਤ ਕਰਦਿਆਂ ਸਿਰੋਪਾ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਕੈਨੇਡਾ ਦੇ ਪਹਿਲੇ ਸਿੱਖ ਰੱਖਿਆ ਮੰਤਰੀ ਹਰਜੀਤ ਸਿੰਘ ਅੰਮਿਤਧਾਰੀ ਸਿੱਖ ਹਨ। ਉਨ੍ਹਾਂ ਦਾ ਪਿਛੋਕੜ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਬੰਬੇਲੀ ਨਾਲ ਸਬੰਧਤ ਹੈ। ਉਹ 1976 ਵਿੱਚ  ਕੈਨੇਡਾ ਚਲੇ ਗਏ ਸਨ, ਜਿੱਥੇ ਉਹ ਕੈਨੇਡਾ ਫ਼ੌਜ ਵਿੱਚ ਸਨ। ਨਵੰਬਰ 2015 ਵਿੱਚ ਉਹ ਜਸਟਿਨ ਟਰੂਡੋ ਦੀ ਅਗਵਾਈ ਵਾਲੀ ਨਵੀਂ ਸਰਕਾਰ ਵਿੱਚ ਰੱਖਿਆ ਮੰਤਰੀ ਬਣੇ। ਆਪਣੀ ਤਿੰਨ ਰੋਜ਼ਾ ਭਾਰਤ ਫ਼ੇਰੀ ਦੌਰਾਨ ਉਹ 20 ਅਪ੍ਰੈਲ  ਨੂੰ ਹਰਿਮੰਦਰ ਸਾਹਿਬ ਮੱਥਾ ਟੇਕਣ ਲਈ ਆਉਣਗੇ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਅੰਮ੍ਰਿਤਧਾਰੀ ਸਿੱਖ ਹਨ। ਉਨ੍ਹਾਂ ਦੇ ਇਸ ਵੱਡੇ ਅਹੁਦੇ ‘ਤੇ ਹੋਣ ਨਾਲ ਸਿੱਖਾਂ ਨੂੰ ਪਛਾਣ ਮਿਲੀ ਹੈ ਤੇ ਕੈਨੇਡਾ ਵਿੱਚ ਸਿੱਖ ਭਾਈਚਾਰੇ ਦਾ ਮਾਣ ਸਨਮਾਨ ਵਧਿਆ ਹੈ। ਲਿਹਾਜ਼ਾ ਸ਼੍ਰੋਮਣੀ ਕਮੇਟੀ ਵੱਲੋਂ ਉਨ੍ਹਾਂ ਨੂੰ ਬਣਦਾ ਮਾਣ ਤਾਣ ਦਿੱਤਾ ਜਾਵੇਗਾ।
ਲੋਕ ਸਭਾ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੂੰ ਮਿਲਣ ਤੋਂ ਇਨਕਾਰ ਕਰਨਾ ਜਿੱਥੇ ਉਨ੍ਹਾਂ ਦੀ ਨਾਂਹਪੱਖੀ ਸੋਚ ਨੂੰ ਜ਼ਾਹਰ ਕਰਦਾ ਹੈ। ਉਨ੍ਹਾਂ ਮੁੱਖ ਮੰਤਰੀ ਨੂੰ ਸਲਾਹ ਦਿੱਤੀ ਕਿ ਉਹ ਭਾਵੇਂ ਨਿੱਜੀ ਤੌਰ ‘ਤੇ ਕੈਨੇਡਿਆਈ ਰੱਖਿਆ ਮੰਤਰੀ ਨੂੰ ਨਾ ਮਿਲਣ, ਪਰ ਬਤੌਰ ਮੁੱਖ ਮੰਤਰੀ ਉਨ੍ਹਾਂ ਨੂੰ ਜ਼ਰੂਰ ਮਿਲਣਾ ਚਾਹੀਦਾ ਹੈ।
ਸੁਖਬੀਰ ਬਾਦਲ ਨੇ ਕਿਹਾ-ਅਮਰਿੰਦਰ ਦੀ ਟਿੱਪਣੀ ਗੈਰਜ਼ਿੰਮੇਵਾਰਾਨਾ :
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੂੰ ‘ਖਾਲਿਸਤਾਨੀ ਸਮਰਥਕ’ ਕਹਿਣ ਨੂੰ ਗ਼ੈਰ ਜ਼ਿੰਮੇਵਾਰੀ ਵਾਲਾ ਬਿਆਨ ਦੱਸਿਆ ਹੈ। ਸ੍ਰੀ ਬਾਦਲ ਨੇ ਕਿਹਾ ਕਿ ਅਜਿਹਾ ਬਿਆਨ ਦੇ ਕੇ ਮੁੱਖ ਮੰਤਰੀ ਨੇ ਕੈਨੇਡਾ ਵਿੱਚ ਵਸਦੇ ਸਮੁੱਚੇ ਪੰਜਾਬੀ ਭਾਈਚਾਰੇ ਨੂੰ ਨਿਰਾਸ਼ ਕੀਤਾ ਹੈ।