ਮਹਾਰਾਸ਼ਟਰ ਵਿਚ ਊਧਵ ਠਾਕਰੇ ਸਰਕਾਰ ਸੰਕਟ ਵਿਚ ਘਿਰੀ

ਮਹਾਰਾਸ਼ਟਰ ਵਿਚ ਊਧਵ ਠਾਕਰੇ ਸਰਕਾਰ ਸੰਕਟ ਵਿਚ ਘਿਰੀ

* ਏਕਨਾਥ ਸ਼ਿੰਦੇ ਤੇ ਸ਼ਿਵ ਸੈਨਾ ਵਿਧਾਇਕਾਂ ਨੇ ਸੂਰਤ ਦੇ ਹੋਟਲ ਵਿਚ ਡੇਰੇ ਲਾਏ * ਸ਼ਿੰਦੇ ਦੀ ਥਾਂ ਅਜੈ ਚੌਧਰੀ ਨੂੰ ਵਿਧਾਇਕ ਦਲ ਦਾ ਆਗੂ ਥਾਪਿਆ * ਰਾਊਤ ਨੇ ਸੂਰਤ ਵਿਚ ਦੋ ਵਿਧਾਇਕਾਂ ਨਾਲ ਕੁੱਟਮਾਰ ਹੋਣ ਦਾ ਦਾਅਵਾ 

ਅੰਮ੍ਰਿਤਸਰ ਟਾਈਮਜ਼

ਮੁੰਬਈ/ਸੂਰਤ:ਮਿਲਿੰਦ ਨਾਰਵੇਕਰ ਤੇ ਰਵਿੰਦਰ ਪਾਠਕ ਨੂੰ ਬਾਗ਼ੀ ਵਿਧਾਇਕਾਂ ਨਾਲ ਗੱਲਬਾਤ ਦੀ ਜ਼ਿੰਮੇਵਾਰੀ ਸੌਂਪੀ

ਮਹਾਰਾਸ਼ਟਰ ਵਿਧਾਨ ਪਰਿਸ਼ਦ (ਐੱਮਐੱਲਸੀ) ਦੀਆਂ ਚੋਣਾਂ ’ਚ ਕਰਾਸ-ਵੋਟਿੰਗ ਹੋਣ ਦੇ ਦਾਅਵੇ ਤੋਂ ਇਕ ਦਿਨ ਮਗਰੋਂ ਸ਼ਿਵ ਸੈਨਾ ਦੇ ਮੰਤਰੀ ਏਕਨਾਥ ਸ਼ਿੰਦੇ ਤੇ ਕੁੁਝ ਹੋਰਨਾਂ ਪਾਰਟੀ ਵਿਧਾਇਕਾਂ ਦੇ ਗੁਜਰਾਤ ਦੇ ਸੂਰਤ ਵਿੱਚ ਡੇਰੇ ਲਾਉਣ ਨਾਲ ਊਧਵ ਠਾਕਰੇ ਦੀ ਅਗਵਾਈ ਵਾਲੀ ਮਹਾ ਵਿਕਾਸ ਅਗਾੜੀ (ਐੱਮਵੀਏ) ਗੱਠਜੋੜ ਸਰਕਾਰ ਸੰਕਟ ਵਿੱਚ ਘਿਰ ਗਈ ਹੈ। ਸਰਕਾਰ ਦੀ ਸਥਿਰਤਾ ’ਤੇ ਸਵਾਲ ਉੱਠਣ ਲੱਗੇ ਹਨ। ਇਸ ਦੌਰਾਨ ਸ਼ਿੰਦੇ, ਜਿਨ੍ਹਾਂ ਕੋਲ ਸ਼ਹਿਰੀ ਵਿਕਾਸ ਤੇ ਲੋਕ ਨਿਰਮਾਣ ਮਹਿਕਮਾ ਸੀ, ਨੂੰ ਮਹਾਰਾਸ਼ਟਰ ਅਸੈਂਬਲੀ ਵਿੱਚ ਸ਼ਿਵ ਸੈਨਾ ਵਿਧਾਇਕ ਦਲ ਦੇ ਆਗੂ ਦੇ ਅਹੁਦੇ ਤੋਂ ਲਾਂਭੇ ਕਰਕੇ ਮੁੱਖ ਮੰਤਰੀ ਨੇ ਬਾਗ਼ੀ ਵਿਧਾਇਕਾਂ ਤੱਕ ਪਹੁੰਚ ਲਈ ਕੋਸ਼ਿਸ਼ਾਂ ਆਰੰਭ ਦਿੱਤੀਆਂ ਹਨ। ਸ਼ਿੰਦੇ ਦੀ ਥਾਂ ਅਜੈ ਚੌਧਰੀ ਨੂੰ ਲਾਇਆ ਗਿਆ ਹੈ, ਜੋ ਮੁੰਬਈ ਦੇ ਸਿਊਰੀ ਹਲਕੇ ਦੀ ਨੁਮਾਇੰਦਗੀ ਕਰਦੇ ਹਨ। ਇਸ ਦੌਰਾਨ ਸੂਰਤ ਪੁੱਜੇ ਨਾਰਵੇਕਰ ਨੇ ਏਕਨਾਥ ਸ਼ਿੰਦੇ ਦੀ ਮੁੱਖ ਮੰਤਰੀ ਊਧਵ ਠਾਕਰੇ ਨਾਲ ਫੋਨ ’ਤੇ ਗੱਲਬਾਤ ਵੀ ਕਰਵਾਈ। ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੈ ਰਾਊਤ ਨੇ ਦਾਅਵਾ ਕੀਤਾ ਹੈ ਕਿ ਸੂਰਤ ਵਿੱਚ ਸ਼ਿੰਦੇ ਨਾਲ 14 ਤੋਂ 15 ਪਾਰਟੀ ਵਿਧਾਇਕ ਮੌਜੂਦ ਹਨ। ਰਾਊਤ ਨੇ ਕਿਹਾ ਕਿ ਇਨ੍ਹਾਂ ਵਿੱਚੋਂ ਨਿਤਿਨ ਦੇਸ਼ਮੁਖ ਸਣੇ ਦੋ ਵਿਧਾਇਕਾਂ ਨਾਲ ਕੁੱਟਮਾਰ ਵੀ ਕੀਤੀ ਗਈ ਹੈ। ਉਨ੍ਹਾਂ ਦੇਸ਼ਮੁਖ ਨੂੰ ਦਿਲ ਦਾ ਦੌਰਾ ਪੈਣ ਦਾ ਵੀ ਦਾਅਵਾ ਕੀਤਾ ਹੈ। ਰਾਊਤ ਨੇ ਕਿਹਾ ਕਿ ਸ਼ਿੰਦੇ ਖਿਲਾਫ਼ ਅਨੁਸ਼ਾਸਨੀ ਕਾਰਵਾਈ ਜ਼ਰੂਰੀ ਸੀ। ਗੱਠਜੋੜ ਸਰਕਾਰ ’ਚ ਭਾਈਵਾਲ ਕਾਂਗਰਸ ਤੇ ਐੱਨਸੀਪੀ ਆਗੂਆਂ ਨੇ ਦੇਰ ਸ਼ਾਮ ਮੁੱਖ ਮੰਤਰੀ ਊਧਵ ਠਾਕਰੇ ਨਾਲ ਮੁਲਾਕਾਤ ਕਰਕੇ ਹਾਲਾਤ ਦਾ ਜਾਇਜ਼ਾ ਲਿਆ।

288 ਮੈਂਬਰੀ ਮਹਾਰਾਸ਼ਟਰ ਅਸੈਂਬਲੀ ਵਿੱਚ ਸ਼ਿਵ ਸੈਨਾ ਦੇ 55 , ਐੱਨਸੀਪੀ 53, ਕਾਂਗਰਸ 44, ਬਹੁਜਨ ਵਿਕਾਸ ਅਗਾੜੀ 3, ਸਮਾਜਵਾਦੀ ਪਾਰਟੀ, ਏਆਈਐੱਮਆਈਐੱਮ ਤੇ ਪ੍ਰਹਾਰ ਜਨਸ਼ਕਤੀ ਪਾਰਟੀ ਦੇ 2-2 ਵਿਧਾਇਕ ਹਨ। ਐੱਮਐੱਨਐੱਸ, ਸੀਪੀਆਈ-ਐੱਮ, ਪੀਡਬਲਿਊਪੀ, ਸਵਾਭੀਮਾਨ ਪਕਸ਼ਾ, ਰਾਸ਼ਟਰੀ ਸਮਾਜ ਪਾਰਟੀ, ਜਨਸੁਰਾਜਿਆ ਸ਼ਕਤੀ ਪਾਰਈ ਤੇ ਕ੍ਰਾਂਤੀਕਾਰੀ ਸ਼ੇਤਕਾਰੀ ਪਕਸ਼ਾ ਦਾ ਇਕ ਇਕ ਵਿਧਾਇਕ ਹੈ। ਇਨ੍ਹਾਂ ਤੋਂ ਇਲਾਵਾ 13 ਆਜ਼ਾਦ ਵਿਧਾਇਕ ਹਨ। ਵਿਰੋਧੀ ਧਿਰ ਭਾਜਪਾ ਕੋਲ 106 ਵਿਧਾਇਕ ਹਨ।

ਉਧਰ ਐੱਨਸੀਪੀ ਤੇ ਕਾਂਗਰਸ ਅਤੇ ਐੱਮਵੀੲੇ ਗੱਠਜੋੜ ਵਿੱਚ ਸ਼ਾਮਲ ਹੋਰਨਾਂ ਪਾਰਟੀਆਂ ਦੇ ਆਗੂਆਂ ਨੇ ਕਿਹਾ ਕਿ ਸੂਬਾ ਸਰਕਾਰ ਦੀ ਸਥਿਰਤਾ ਨੂੰ ਕੋਈ ਖ਼ਤਰਾ ਨਹੀਂ ਹੈ। ਸ਼ਿੰਦੇ ਤੇ ਕੁਝ ਹੋਰਨਾਂ ਵਿਧਾਇਕਾਂ ਦੇ ਅਚਾਨਕ ਗਾਇਬ ਹੋਣ ਮਗਰੋਂ ਮੁੱਖ ਮੰਤਰੀ ਊਧਵ ਠਾਕਰੇ ਨੇ ਪਾਰਟੀ ਵਿਧਾਇਕਾਂ ਤੇ ਆਗੂਆਂ ਦੀ ਆਪਣੀ ਸਰਕਾਰੀ ਰਿਹਾਇਸ਼ ‘ਵਰਸ਼ਾ’ ’ਤੇ ਮੀਟਿੰਗ ਸੱਦ ਕੇ ਵਿਚਾਰ ਚਰਚਾ ਕੀਤੀ। ਸ਼ਿੰਦੇ ਨਾਲ ਕਿੰਨੇ ਵਿਧਾਇਕ ਹਨ, ਇਸ ਬਾਰੇ ਕੁਝ ਵੀ ਸਪਸ਼ਟ ਨਹੀਂ ਹੈ। ਸੀਨੀਅਰ ਐੱਨਸੀਪੀ ਆਗੂ ਤੇ ਸਰਕਾਰ ’ਚ ਮੰਤਰੀ ਛਗਣ ਭੁਜਬਲ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਪਾਰਟੀ ਵਿਧਾਇਕ ਜਿਉਂ ਦੇ ਤਿਉਂ ਹਨ। ਭੁਜਬਲ ਤੇ ਮਹਾਰਾਸ਼ਟਰ ਕਾਂਗਰਸ ਦੇ ਪ੍ਰਧਾਨ ਨਾਨਾ ਪਟੋਲੇ ਨੇ ਗੱਠਜੋੜ ਸਰਕਾਰ ਨੂੰ ਕਿਸੇ ਖ਼ਤਰੇ ਤੋਂ ਇਨਕਾਰ ਕੀਤਾ ਹੈ। ਕਾਂਗਰਸੀ ਮੰਤਰੀ ਬਾਲਾਸਾਹਿਬ ਥੋਰਾਟ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਸ਼ਿਵ ਸੈਨਾ ਵਿੱਚ ਚੱਲ ਰਹੇ ਸਾਰੇ ਘਟਨਾਕ੍ਰਮ ਨੂੰ ਨੇੜਿਓਂ ਵੇਖ ਰਹੀ ਹੈ ਤੇ ਉਨ੍ਹਾਂ ਮੁੱਖ ਮੰਤਰੀ ਨਾਲ ਵੀ ਗੱਲਬਾਤ ਕੀਤੀ ਹੈ। ਉਨ੍ਹਾਂ ਕਿਹਾ ਕਿ ਲੋੜ ਪਈ ਤਾਂ ਗੱਠਜੋੜ ਦੀ ਮੀਟਿੰਗ ਸੱਦੀ ਜਾਵੇਗੀ ਤੇ ਕਾਂਗਰਸੀ ਵਿਧਾਇਕਾਂ ਨੂੰ ਮੁੰਬਈ ਵਿੱਚ ਹੀ ਰਹਿਣ ਲਈ ਆਖ ਦਿੱਤਾ ਹੈ।

ਕਾਬਿਲੇਗੌਰ ਹੈ ਕਿ ਮਹਾਰਾਸ਼ਟਰ ਵਿਧਾਨ ਪ੍ਰੀਸ਼ਦ ਦੇ ਸੋਮਵਾਰ ਰਾਤ ਨੂੰ ਐਲਾਨੇ ਨਤੀਜਿਆਂ ਤੋਂ ਕੁਝ ਘੰਟਿਆਂ ਮਗਰੋਂ ਇਹ ਸਾਰਾ ਘਟਨਾਕ੍ਰਮ ਸ਼ੁਰੂ ਹੋਇਆ ਸੀ। ਇਨ੍ਹਾਂ ਚੋਣਾਂ ਵਿੱਚ ਭਾਜਪਾ ਪੰਜ ਸੀਟਾਂ ਜਿੱਤਣ ਵਿੱਚ ਸਫ਼ਲ ਰਹੀ ਸੀ, ਹਾਲਾਂਕਿ ਪਾਰਟੀ ਕੋਲ ਚਾਰ ਉਮੀਦਵਾਰਾਂ ਦੀ ਜਿੱਤ ਲਈ ਹੀ ਵੋਟ ਸਨ। ਸੈਨਾ ਤੇ ਐੱਨਸੀਪੀ ਨੂੰ 2-2 ਸੀਟਾਂ ’ਤੇ ਜਿੱਤ ਮਿਲੀ ਸੀ ਜਦੋਂਕਿ ਕਾਂਗਰਸ ਨੂੰ ਆਪਣੇ ਦੋ ਉਮੀਦਵਾਰਾਂ ’ਚੋਂ ਇਕ ਦੀ ਹਾਰ ਨਾਲ ਝਟਕਾ ਲੱਗਾ ਸੀ। ਸ਼ਿਵ ਸੈਨਾ ਆਗੂ ਨੇ ਕਿਹਾ ਕਿ ਸ਼ਿੰਦੇ ਮੁੱਖ ਮੰਤਰੀ ਠਾਕਰੇ ਨਾਲ ਸ਼ਾਮ ਪੰਜ ਵਜੇ ਤੱਕ ਵਿਧਾਨ ਭਵਨ ਵਿੱਚ ਮੌਜੂਦ ਸੀ। ਸੂਤਰਾਂ ਮੁਤਾਬਕ ਸ਼ਿੰਦੇ ਤੇ ਕੁਝ ਹੋਰ ਸ਼ਿਵ ਸੈਨਾ ਵਿਧਾਇਕ ਗੁਜਰਾਤ ਦੇ ਸੂਰਤ ਸ਼ਹਿਰ ਦੇ ਇਕ ਹੋਟਲ ਵਿੱਚ ਡੇਰੇ ਲਾਈ ਬੈਠੇ ਹਨ। ਸੂਤਰਾਂ ਮੁਤਾਬਕ ਪਾਰਟੀ ਲੀਡਰਸ਼ਿਪ ਤੋਂ ਨਾਰਾਜ਼ ਇਹ ਵਿਧਾਇਕ ਸੋਮਵਾਰ ਰਾਤ ਨੂੰ ਸੂਰਤ ਪੁੱਜ ਗਏ ਸਨ ਤੇ ਉਹ ਲੀ ਮੈਰੀਡੀਅਨ ਹੋਟਲ ਵਿੱਚ ਹਨ। ਹੋਟਲ ਦੇ ਬਾਹਰ ਵੱਡੀ ਗਿਣਤੀ ਪੁਲੀਸ ਮੁਲਾਜ਼ਮ ਤਾਇਨਾਤ ਹਨ। ਸੈਨਾ ਸਰਕਾਰ ਵਿਚ ਸਭ ਤੋਂ ਸੀਨੀਅਰ ਮੰਤਰੀ ਸ਼ਿੰਦੇ ਦਾ ਮੁੰਬਈ ਨੇੜਲੇ ਸ਼ਹਿਰਾਂ ’ਵਿਚ ਵੱਡਾ ਰਸੂਖ ਹੈ।

ਕੇਂਦਰੀ ਮੰਤਰੀ ਤੇ ਭਾਜਪਾ ਦੇ ਰਾਜ ਸਭਾ ਮੈਂਬਰ ਨਰਾਇਣ ਰਾਣੇ ਨੇ ਖੁੱਲ੍ਹ ਕੇ ਏਕਨਾਥ ਸ਼ਿੰਦੇ ਦੀ ਹਮਾਇਤ ਕੀਤੀ ਹੈ। ਰਾਣਾ ਨੇ ਟਵੀਟ ਕੀਤਾ, ‘‘ਏਕਨਾਥਜੀ ਸ਼ਾਬਾਸ਼, ਤੁਸੀਂ ਢੁੱਕਵੇਂ ਸਮੇਂ ’ਤੇ ਸਹੀ ਫੈਸਲਾ ਲਿਆ। ਨਹੀਂ ਤਾਂ ਜਲਦੀ ਹੀ ਤੁਹਾਡਾ ਵੀ ਆਨੰਦ ਡੀਗੇ ਵਾਲਾ ਹਾਲਾ ਹੋਣਾ ਸੀ।’’ ਮੁੰਬਈ ਤੋਂ ਕੋਈ 280 ਕਿਲੋਮੀਟਰ ਦੂਰ ਭਾਜਪਾ ਸ਼ਾਸਿਤ ਗੁਜਰਾਤ ਦੇ ਸੂਰਤ ਸ਼ਹਿਰ ਵਿਚਲੇ ਲਗਜ਼ਰੀ ਹੋਟਲ ਨੂੰ ਸੁਰੱਖਿਆ ਦੇ ਲਿਹਾਜ਼ ਤੋਂ ਕਿਲੇਬੰਦੀ ਕਰ ਦਿੱਤਾ ਗਿਆ ਹੈ। ਹੋਟਲ ਵਿੱਚ ਕਿਸੇ ਵੀ ਨਵੀਂ ਬੁਕਿੰਗ ’ਤੇ ਅਣਮਿੱਥੇ ਸਮੇਂ ਲਈ ਰੋਕ ਲਾ ਦਿੱਤੀ ਹੈ। ਉੱਤਰੀ ਮਹਾਰਾਸ਼ਟਰ ਦੇ ਜਲਗਾਓਂ ਤੋਂ ਭਾਜਪਾ ਵਿਧਾਇਕ ਸੰਜੈ ਕੁੱਟੇ ਨੇ ਬਾਅਦ ਦੁਪਹਿਰ ਹੋਟਲ ਵਿੱਚ ਜਾ ਕੇ ਉਥੇ ਡੇਰਾ ਲਾਈ ਬੈਠੇ ਸ਼ਿਵ ਸੈਨਾ ਆਗੂਆਂ ਨਾਲ ਮੀਟਿੰਗ ਕੀਤੀ। ਹੋਟਲ ਦੇ ਅੰਦਰ-ਬਾਹਰ ਤਿੰਨ ਸੌ ਤੋਂ ਚਾਰ ਸੌ ਪੁਲੀਸ ਮੁਲਾਜ਼ਮ ਤਾਇਨਾਤ ਹਨ। ਡੀਸੀਪੀ ਪੱਧਰ ਦੇ ਅਧਿਕਾਰੀਆਂ ਵੱਲੋਂ ਸਵੇਰ ਤੋਂ ਨਿਯਮਤ ਵਕਫੇ ਨਾਲ ਪ੍ਰਬੰਧਾਂ ਦਾ ਜਾਇਜ਼ਾ ਲਿਆ ਜਾ ਰਿਹਾ ਹੈ। ਹੋਟਲ ਦੇ ਬਾਹਰ ਵੱਡੀ ਗਿਣਤੀ ਪੱਤਰਕਾਰ ਤੇ ਕੈਮਰਾਮੈਨ ਵੀ ਮੌਜੂਦ ਹਨ। ਮਹਾਰਾਸ਼ਟਰ ਵਿੱਚ ਜਾਰੀ ਸਿਆਸੀ ਘਟਨਾਕ੍ਰਮ ਦਰਮਿਆਨ ਕਾਂਗਰਸ ਨੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਮਲ ਨਾਥ ਨੂੰ ਸੂਬੇ ਵਿੱਚ ਏਆਈਸੀਸੀ ਨਿਗਰਾਨ ਨਿਯੁਕਤ ਕੀਤਾ ਹੈ। ਮਹਾਰਾਸ਼ਟਰ ਸਰਕਾਰ ’ਚ ਮੰਤਰੀ ੲੇਕਨਾਥ ਸ਼ਿੰਦੇ ਤੇ ਕੁਝ ਹੋਰਨਾਂ ਸ਼ਿਵ ਸੈਨਾ ਵਿਧਾਇਕਾਂ ਨਾਲ ਕੋਈ ਰਾਬਤਾ ਨਾ ਹੋਣ ਦੇ ਦਾਅਵਿਆਂ ਦਰਮਿਆਨ ਪਾਰਟੀ ਵਿਧਾਇਕ ਨਿਤਿਨ ਦੇਸ਼ਮੁਖ ਦੀ ਪਤਨੀ ਪ੍ਰਾਂਜਲੀ ਦੇਸ਼ਮੁਖ ਨੇ ਪੁਲੀਸ ਕੋਲ ਆਪਣੇ ਪਤੀ ਦੇ ‘ਲਾਪਤਾ’ ਹੋਣ ਦੀ ਸ਼ਿਕਾਇਤ ਦਰਜ ਕੀਤੀ ਹੈੈ। ਦੇਸ਼ਮੁਖ ਅਕੋਲਾ ਜ਼ਿਲ੍ਹੇ ਦੇ ਬਾਲਾਪੁਰ ਤੋਂ ਸ਼ਿਵ ਸੈਨਾ ਵਿਧਾਇਕ ਹੈ। 

ਮੌਜੂਦਾ ਸਿਆਸੀ ਹਾਲਾਤ ਲਈ ਭਾਜਪਾ ਜ਼ਿੰਮੇਵਾਰ: ਰਾਊਤ

ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੈ ਰਾਊਤ ਨੇ ਦਾਅਵਾ ਕੀਤਾ ਕਿ ਸ਼ਿੰਦੇ ਨਾਲ ਸੰਪਰਕ ਸਾਧਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਰਾਊਤ ਨੇ ਕਿਹਾ ਕਿ ਸ਼ਿੰਦੇ ‘ਬਾਲਾਸਾਹਿਬ ਠਾਕਰੇ ਦਾ ਵਫ਼ਾਦਾਰ ਸ਼ਿਵ ਸੈਨਿਕ’ ਹੈ। ਰਾਊਤ ਨੇ ਕਿਹਾ ਕਿ ਮੌਜੂਦਾ ਸਿਆਸੀ ਹਾਲਾਤ ਲਈ ਭਾਜਪਾ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੇ ਰਾਜਸਥਾਨ ਤੇ ਮੱਧ ਪ੍ਰਦੇਸ਼ ਵਿੱਚ ਹੀ ਅਜਿਹੀਆਂ ਕੋਸ਼ਿਸ਼ਾਂ ਕੀਤੀਆਂ ਸਨ, ਪਰ ਐੱਮਵੀਏ ਸਰਕਾਰ ਡੇਗਣ ਦੇ ਯਤਨਾਂ ਨੂੰ ਸਫ਼ਲ ਨਹੀਂ ਹੋਣ ਦਿੱਤਾ ਜਾਵੇਗਾ।

ਸਰਕਾਰ ਬਣਾਉਣ ਦੀ ਤਜਵੀਜ਼ ਆਈ ਤਾਂ ਗੌਰ ਕਰਾਂਗੇ: ਪਾਟਿਲ

ਮਹਾਰਾਸ਼ਟਰ ਭਾਜਪਾ ਦੇ ਮੁਖੀ ਚੰਦਰਕਾਂਤ ਪਾਟਿਲ ਨੇ ‘ਸ਼ਿੰਦੇ ਘਟਨਾਕ੍ਰਮ’ ਪਿੱਛੇ ਉਨ੍ਹਾਂ ਦੀ ਪਾਰਟੀ ਦਾ ਕੋਈ ਹੱਥ ਹੋਣ ਤੋਂ ਇਨਕਾਰ ਕੀਤਾ ਹੈ। ਪਾਟਿਲ ਨੇ ਕਿਹਾ, ‘‘ਅਸੀਂ ਏਕਨਾਥ ਸ਼ਿੰਦੇ ਵੱਲੋਂ ਸਰਕਾਰ ਬਣਾਉਣ ਬਾਰੇ ਕਿਸੇ ਵੀ ਪੇਸ਼ਕਸ਼ ’ਤੇ ਸੰਜੀਦਗੀ ਨਾਲ ਗੌਰ ਕਰਾਂਗੇ। ਅਸੀਂ ਪਹਿਲਾਂ ਵੀ ਇਕੱਠਿਆਂ ਕੰਮ ਕਰ ਚੁੱਕੇ ਹਾਂ, ਲਿਹਾਜ਼ਾ ਉਨ੍ਹਾਂ ਨਾਲ ਮਿਲ ਕੇ ਕੰਮ ਕਰਨਾ ਤੇ ਸਰਕਾਰ ਚਲਾਉਣਾ ਚੰਗਾ ਹੋਵੇਗਾ।’’ ਪਾਟਿਲ ਨੇ ਕਿਹਾ ਕਿ ਇਸ ਸਭ ਲਈ ਸੰਜੈ ਰਾਊਤ ਜ਼ਿੰਮੇਵਾਰ ਹੈ।

ਗੱਠਜੋੜ ਸਰਕਾਰ ਸਥਿਰ; ਸ਼ਿਵ ਸੈਨਾ ਦਾ ਅੰਦਰੂਨੀ ਮਸਲਾ: ਸ਼ਰਦ ਪਵਾਰ

ਮਹਾਰਾਸ਼ਟਰ ਦੀ ਗੱਠਜੋੜ ਸਰਕਾਰ ’ਵਿਚ ਅਹਿਮ ਭਾਈਵਾਲ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਮੁਖੀ ਸ਼ਰਦ ਪਵਾਰ ਨੇ ਕਿਹਾ ਕਿ ਮਹਾਰਾਸ਼ਟਰ ਸਰਕਾਰ ਨੂੰ ਡੇਗਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅਜਿਹਾ ਤੀਜੀ ਵਾਰ ਹੋ ਰਿਹਾ ਹੈ। ਪਵਾਰ ਨੇ ਕਿਹਾ ਕਿ ਇਹ ਸ਼ਿਵ ਸੈਨਾ ਦਾ ਅੰਦਰੂਨੀ ਮਸਲਾ ਹੈ ਤੇ ਊਧਵ ਠਾਕਰੇ ਇਸ ਨਾਲ ਸਿੱਝ ਲੈਣਗੇ। ਉਨ੍ਹਾਂ ਕਿਹਾ ਕਿ ਗੱਠਜੋੜ ਸਰਕਾਰ ਸਥਿਰ ਹੈ ਤੇ ਇਸ ਨੂੰ ਕੋਈ ਖ਼ਤਰਾ ਨਹੀਂ ਹੈ।

ਸੱਤਾ ਲਈ ਫ਼ਰੇਬ ਨਹੀਂ ਕਰ ਸਕਦੇ: ਸ਼ਿੰਦੇ

ਮੁੰਬਈ: ਸੂਰਤ ਵਿੱਚ ਹੋਰਨਾਂ ਸ਼ਿਵ ਸੈਨਾ ਵਿਧਾਇਕਾਂ ਨਾਲ ਡੇਰੇ ਲਾਈ ਬੈਠੇ ਏਕਨਾਥ ਸ਼ਿੰਦੇ ਨੇ ਕਿਹਾ ਕਿ ਉਹ ‘ਸੱਤਾ ਲਈ ਕਦੇ ਵੀ ਫ਼ਰੇਬ ਨਹੀਂ ਕਰ ਸਕਦੇ’ ਤੇ ਨਾ ਹੀ ਬਾਲ ਠਾਕਰੇ ਦੀਆਂ ਸਿੱਖਿਆਵਾਂ ਨੂੰ ਤਿਆਗਣਗੇ। ਸ਼ਿੰਦੇ ਨੇ ਮਹਾਰਾਸ਼ਟਰ ਵਿੱਚ ਜਾਰੀ ਸਿਆਸੀ ਸੰਕਟ ਦਰਮਿਆਨ ਆਪਣੀ ਪਲੇਠੀ ਪ੍ਰਤੀਕਿਰਿਆ ਦਿੰਦਿਆਂ ਮਰਾਠੀ ਵਿੱਚ ਕੀਤੇ ਟਵੀਟ ’ਚ ਕਿਹਾ, ‘‘ਅਸੀਂ ਬਾਲਾਸਾਹਿਬ, ਜੋ ਸਾਨੂੰ ਹਿੰਦੂਤਵ ਬਾਰੇ ਸਬਕ ਦਿੰਦੇ ਸਨ, ਦੇ ਵਫ਼ਾਦਾਰ ਸ਼ਿਵ ਸੈਨਿਕ ਹਾਂ। ਅਸੀਂ ਕਦੇ ਵੀ ਸੱਤਾ ਲਈ ਫ਼ਰੇਬ ਨਹੀਂ ਕਰ ਸਕਦੇ ਤੇ ਨਾ ਹੀ ਸੱਤਾ ਲਈ ਬਾਲਾਸਾਹਿਬ ਤੇ ਆਨੰਦ ਡੀਗੇ ਦੀਆਂ ਸਿੱਖਿਆਵਾਂ ਨੂੰ ਤਿਆਗਾਂਗੇ।’’ ਮਰਹੂਮ ਡੀਗੇ, ਜੋ ਠਾਣੇ ਤੋਂ ਸ਼ਿਵ ਸੈਨਾ ਦੇ ਕੱਦਾਵਰ ਆਗੂ ਸਨ, ਸ਼ਿੰਦੇ ਦੇ ਸਿਆਸੀ ਗੁਰੂ ਹਨ।