ਸੀਰੀਆ ਰਸਾਇਣਕ ਹਮਲਾ : ਜੌੜੇ ਬੱਚਿਆਂ ਦੀਆਂ ਲਾਸ਼ਾਂ ਚੁੱਕੀ ਪਿਤਾ ਦੀ ਤਸਵੀਰ ਦੁਨੀਆ ਨੂੰ ਝੰਜੋੜਿਆ

ਸੀਰੀਆ ਰਸਾਇਣਕ ਹਮਲਾ : ਜੌੜੇ ਬੱਚਿਆਂ ਦੀਆਂ ਲਾਸ਼ਾਂ ਚੁੱਕੀ ਪਿਤਾ ਦੀ ਤਸਵੀਰ ਦੁਨੀਆ ਨੂੰ ਝੰਜੋੜਿਆ

ਹਮਲੇ ਵਿਚ ਪਰਿਵਾਰ ਦੇ 22 ਜੀਆਂ ਦੀ ਮੌਤ
ਬੈਰੂਤ/ਬਿਊਰੋ ਨਿਊਜ਼ :
ਬੱਚਿਆਂ ਨੂੰ ਪਿਆਰ ਨਾਲ ਗੋਦੀ ਚੁੱਕਣਾ ਸਾਰੇ ਮਾਪਿਆਂ ਲਈ ਸਕੂਨ ਵਾਲੀ ਗੱਲ ਹੈ ਪਰ ਆਪਣੇ ਮਰੇ ਹੋਏ ਬੱਚਿਆਂ ਦੇ ਮ੍ਰਿਤਕ ਸਰੀਰਾਂ ਨੂੰ ਚੁੱਕਣਾ ਤੇ ਫਿਰ ਜ਼ਮੀਨ ਵਿਚ ਦਫ਼ਨ ਕਰਨਾ, ਕਿੰਨਾਂ ਮੁਸ਼ਕਲ ਹੈ, ਇਹ ਤਾਂ ਉਹ ਮਾਪੇ ਹੀ ਜਾਣ ਸਕਦੇ ਹਨ ਜਿਨ੍ਹਾਂ ‘ਤੇ ਅਜਿਹਾ ਦੁੱਖ ਭਰਿਆ ਭਾਣਾ ਵਾਪਰਦਾ ਹੈ। ਸੱਚ ਹੀ ਕਹਿੰਦੇ ਹਨ ਕਿ ਤਬੂਤ ਜਿੰਨਾ ਛੋਟਾ ਹੋਵੇ, ਉਸ ਦਾ ਦਰਦ ਉਨ੍ਹਾਂ ਹੀ ਜ਼ਿਆਦਾ ਹੁੰਦਾ ਹੈ। ਅਬਦੇਲ ਯੂਸਫ ਨੇ ਜਦੋਂ ਆਪਣੇ 9 ਮਹੀਨੇ ਦੇ ਜੁੜਵਾਂ ਮ੍ਰਿਤਕ ਬੱਚਿਆਂ ਨੂੰ ਦੋਵਾਂ ਬਾਹਾਂ ਵਿਚ ਲੈ ਕੇ ਸੀਨੇ ਨਾਲ ਲਗਾਇਆ ਸੀ, ਉਸ ਸਮੇਂ ਦੁਨੀਆ ਦੀ ਕੋਈ ਵੀ ਤਾਕਤ ਯੂਸਫ਼ ਨੂੰ ਰਾਹਤ ਨਹੀਂ ਦੇ ਸਕਦੀ ਸੀ। ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ ਯੂਸਫ ਦੀ ਤਕਲੀਫ਼ ਇੱਥੇ ਹੀ ਖ਼ਤਮ ਨਹੀਂ ਹੋਈ। ਬੀਤੇ ਮੰਗਲਵਾਰ ਸੀਰੀਆ ਦੇ ਇਦਲਿਬ ਸੂਬੇ ਵਿਚ ਹੋਏ ਰਸਾਇਣਕ ਹਮਲੇ ਵਿਚ ਉਸ ਦੇ ਪਰਿਵਾਰ ਦੇ 22 ਮੈਂਬਰ ਮਾਰੇ ਗਏ। ਯੂਸਫ਼ ਨੇ ਉਨ੍ਹਾਂ ਸਾਰਿਆਂ ਨੂੰ ਇਕ ਵੱਡੀ ਕਬਰ ਵਿਚ ਇਕੱਠਿਆਂ ਹੀ ਦਫ਼ਨ ਕਰ ਦਿੱਤਾ। ਸੂਤਰਾਂ ਮੁਤਾਬਕ ਇਸ ਰਸਾਇਣਕ ਹਮਲੇ ਵਿਚ 80 ਤੋਂ ਵੱਧ ਵਿਅਕਤੀਆਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿਚ ਬੱਚਿਆਂ ਦੀ ਗਿਣਤੀ ਸਭ ਤੋਂ ਵੱਧ ਹੈ। ਅਸਲ ਵਿਚ ਇਹ ਹਮਲਾ ਗ੍ਰਹਿ ਯੁੱਧ ਦੇ ਚੱਲਦਿਆਂ ਰਾਸ਼ਟਰਪਤੀ ਵੱਲੋਂ ਵਿਰੋਧੀ ਧੜੇ ਦੇ ਇਲਾਕੇ ਵਿਚ ਕੀਤਾ ਗਿਆ। ਇਸ ਹਮਲੇ ਵਿਚ ਸਾਰਿਨ ਨਾਮਕ ਰੰਗ-ਰਹਿਤ ਮਾਰੂ ਰਸਾਇਣਕ ਗੈਸ ਦੀ ਵਰਤੋਂ ਕੀਤੀ ਗਈ, ਜੋ ਕਿ ਨਾੜੀ ਤੰਤਰ ਉਪਰ ਅਜਿਹਾ ਹਮਲਾ ਕਰਦੀ ਹੈ ਕਿ ਕੁਝ ਸਮੇਂ ਵਿਚ ਹੀ ਇਨਸਾਨ ਦੀ ਮੌਤ ਹੋ ਜਾਂਦੀ ਹੈ। ਇਸ ਹਮਲੇ ਨੇ ਹਕੂਮਤ ਦੇ ਭੁੱਖਿਆਂ ਵਿਚ ਖ਼ਤਮ ਹੋਈ ਇਨਸਾਨੀਅਤ ਨੂੰ ਦਰਸਾਇਆ ਹੈ। ਜਿਸ ਇਲਾਕੇ ਵਿਚ ਇਹ ਹਮਲਾ ਹੋਇਆ, ਉਹ ਵਿਰੋਧੀ ਗੁੱਟ ਦੇ ਕਬਜ਼ੇ ਵਿਚ ਹੈ। ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਲ-ਅਸਦ ਦੀ ਸੱਤਾ ਖ਼ਿਲਾਫ 6 ਸਾਲ ਪਹਿਲਾਂ ਇਹ ਗ੍ਰਹਿ ਯੁੱਧ ਸ਼ੁਰੂ ਹੋਇਆ ਸੀ। ਰੂਸ ਵੀ ਇਸ ਗ੍ਰਹਿ ਯੁੱਧ ਵਿਚ ਅਸਦ ਸਰਕਾਰ ਦੇ ਨਾਲ ਹੈ।
ਨੇਕੀ ਹੇਲੀ ਨੇ ਕਿਹਾ-ਅਮਰੀਕਾ ਨੂੰ ਕਾਰਵਾਈ ਲਈ ਹੋਣਾ ਪਵੇਗਾ ਮਜਬੂਰ :
ਇਸ ਹਮਲੇ ਸਬੰਧੀ ਸੰਯੁਕਤ ਰਾਸ਼ਟਰ ਵਿਚ ਹੋਈ ਸੁਰੱਖਿਆ ਪ੍ਰੀਸ਼ਦ ਦੀ ਹੰਗਾਮੀ ਬੈਠਕ ਵਿਚ ਅਮਰੀਕਾ ਦੀ ਰਾਜਦੂਤ ਨਿੱਕੀ ਹੈਲੀ ਨੇ ਕਿਹਾ ਕਿ ਜਿੱਥੇ ਸੰਯੁਕਤ ਰਾਸ਼ਟਰ ਲਗਾਤਾਰ ਆਪਣੀ ਜ਼ਿੰਮੇਵਾਰੀ ਪੂਰੀ ਕਰਨ ਤੋਂ ਨਾਕਾਮ ਹੋ ਜਾਂਦਾ ਹੈ, ਤਾਂ ਕਈ ਮੋਕਿਆਂ ‘ਤੇ ਅਮਰੀਕਾ ਨੂੰ ਆਪਣੇ ਪੱਧਰ ‘ਤੇ ਕਾਰਵਾਈ ਕਰਨ ਲਈ ਮਜਬੂਰ ਹੋਣਾ ਪੈਂਦਾ ਹੈ। ਹੈਲੀ ਨੇ ਕਿਹਾ ਕਿ ਜਦੋਂ ਤੱਕ ਰੂਸ ਸ਼ਹਿ ਦੇਣਾ ਬੰਦ ਨਹੀਂ ਕਰਦਾ, ਅਸਦ ਇਸ ਤਰ੍ਹਾਂ ਦੇ ਹਮਲੇ ਬੰਦ ਨਹੀਂ ਕਰੇਗਾ। ਦੂਜੇ ਪਾਸੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬਿਆਨ ਜਾਰੀ ਕੀਤਾ ਕਿ ਇਹ ਹਮਲਾ ਕਈ ਸੀਮਾਵਾਂ ਲੰਘ ਚੁੱਕਾ ਹੈ।