13ਵਾਂ ਵਿਸ਼ਵ ਕਬੱਡੀ ਕੱਪ 17 ਸਤੰਬਰ ਐਤਵਾਰ ਨੂੰ

13ਵਾਂ ਵਿਸ਼ਵ ਕਬੱਡੀ ਕੱਪ 17 ਸਤੰਬਰ ਐਤਵਾਰ ਨੂੰ

ਅੰਤਰਰਾਸ਼ਟਰੀ ਕਬੱਡੀ ਖਿਡਾਰੀ ਕੈਲੇਫੋਰਨੀਆਂ ਪਹੁੰਚੇ 
ਯੂਨਾਈਟਿਡ ਸਪੋਰਟਸ ਕਲੱਬ ਵਲੋਂ ਸਭਨਾਂ ਨੂੰ ਹੁੰਮ ਹੁਮਾ ਪੁੱਜਣ ਦਾ ਖੁਲ੍ਹਾ ਸੱਦਾ
ਫਰੀਮੌਂਟ/ਬਿਊਰੋ ਨਿਊਜ਼:
ਯੂਨਾਈਟਿਡ ਸਪੋਰਟਸ ਕਲੱਬ ਕੈਲੇਫੋਰਨੀਆਂ ਵਲੋਂ 17 ਸਤੰਬਰ ਐਤਵਾਰ ਨੂੰ ਲੋਗਨ ਹਾਈ ਸਕੂਲ ਯੂਨੀਅਨ ਸਿਟੀ (1800 H Logan High School Union City) ਵਿਖੇ ਕਰਵਾਏ ਜਾ ਰਹੇ 13ਵੇਂ ਵਿਸ਼ਵ ਕਬੱਡੀ ਕੱਪ ਵਿਚ ਕਬੱਡੀ ਦੇ ਜੌਹਰ ਦਿਖਾਉਣ ਲਈ ਵਿਸ਼ਵ ਦੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਕੈਲੇਫੋਰਨੀਆਂ ਪਹੁੰਚ ਗਏ ਹਨ। ਕਲੱਬ ਦੇ ਸਰਪ੍ਰਸਤ ਸ. ਅਮੋਲਕ ਸਿੰਘ ਗਾਖਲ ਨੇ ਦੱਸਿਆ ਕਿ ਇਸ ਵਿਸ਼ਵ ਕਬੱਡੀ ਕੱਪ ਦਾ ਉਦਘਾਟਨ ਉੱਘੇ ਕਬੱਡੀ ਪ੍ਰੋਮੋਟਰ ਸ. ਸੁਰਜੀਤ ਸਿੰਘ ਟੁੱਟ ਅਤੇ ਸੇਵਾ ਸਿੰਘ ਰੰਧਾਵਾ ਕਰਨਗੇ। ਜਦੋਂ ਕਿ ਮੁੱਖ ਮਹਿਮਾਨ ਵਜੋਂ ਸਾਬਕਾ ਕਬੱਡੀ ਖਿਡਾਰੀ ਮੱਖਣ ਸਿੰਘ ਧਾਲੀਵਾਲ ਸ਼ਿਰਕਤ ਕਰਨਗੇ। ਇਹ ਸਮੁੱਚਾ ਖੇਡ ਮੇਲਾ ਯੁਨਾਈਟਡ ਸਪੋਰਟਸ ਕਲੱਬ ਦੇ ਕੋਚ ਮਰਹੂਮ ਪਰਮਜੀਤ ਸਿੰਘ ਪੰਮੀ ਨੂੰ ਸਮਰਪਿਤ ਹੋਵੇਗਾ। ਜਿੱਥੇ ਇਸ ਖੇਡ ਮੇਲੇ ਵਿਚ ਵੱਡੀਆਂ ਕਲੱਬਾਂ ਫਸਵੇਂ ਤੇ ਦਿਲਕਸ਼ ਮੈਚਾਂ ਨੂੰ ਦਰਸ਼ਕਾਂ ਲਈ ਖਿੱਚ ਦਾ ਕੇਂਦਰ ਬਣਾਉਣਗੀਆਂ ਉੱਥੇ ਪਹਿਲੀ ਵਾਰ ਹੈ ਕਿ ਅੰਡਰ-25 ਵਰਗ ਵਿਚ ਕਬੱਡੀ ਪ੍ਰਤੀ ਉਤਸ਼ਾਹਿਤ ਹੋਏ ਨਵੇਂ ਨੌਜਵਾਨਾਂ ਨੂੰ ਵੀ ਆਪਣੇ ਜੋਰ ਅਤੇ ਜੁੱਸੇ ਦਾ ਪ੍ਰਦਰਸ਼ਨ ਕਰਨ ਦਾ ਖੁੱਲ੍ਹਾ ਮੌਕਾ ਮਿਲੇਗਾ। ਉਹਨਾਂ ਇਸ ਵਰਗ ਦੇ ਕੋਚ ਅਤੇ ਮੈਨੇਜਰਾਂ ਨੂੰ ਸਹਿਯੋਗ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਕਲੱਬ ਦੇ ਫੈਸਲੇ ਅਨੁਸਾਰ ਅੰਤਰਰਾਸ਼ਟਰੀ ਜਾਂ ਆਲ ਓਪਨ ਵਰਗ ਵਿਚ ਖੇਡਣ ਵਾਲੇ ਖਿਡਾਰੀਆਂ ਨੂੰ ਅੰਡਰ-25 ਵਰਗ ਵਿਚ ਖੇਡਣ ਦੀ ਮਨਾਹੀ ਹੋਵੇਗੀ, ਇਸ ਲਈ ਉਹ ਇਸ ਨਿਯਮ ਦਾ ਖਾਸ ਖਿਆਲ ਰੱਖਣ। ਕਬੱਡੀ ਦੇ ਅੰਤਰਰਾਸ਼ਟਰੀ ਨਿਯਮਾਂ ਨੂੰ ਲਾਗੂ ਕਰਨ ਲਈ ਕਲੱਬ ਵਚਨਬੱਧ ਹੈ ਫਿਰ ਵੀ ਅੰਤਿਮ ਫੈਸਲਾ ਲੈਣ ਦਾ ਅਧਿਕਾਰ ਯੂਨਾਈਟਡ ਸਪੋਰਟਸ ਕਲੱਬ ਨੂੰ ਹੀ ਹੋਵੇਗਾ।
ਸ. ਅਮੋਲਕ ਸਿੰਘ ਗਾਖਲ ਨੇ ਇਸ ਕਬੱਡੀ ਕੱਪ ‘ਚ ਸਹਿਯੋਗ ਦੇਣ ਲਈ ਆਪਣੇ ਸਪਾਂਸਰਾਂ ਅਤੇ ਕਬੱਡੀ ਦੇ ਹਮਦਰਦ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਤਿਹਾਸ ਰਚਣ ਜਾ ਰਿਹਾ ਇਹ ਵਿਸ਼ਵ ਕਬੱਡੀ ਕੱਪ ਉਨ੍ਹਾਂ ਦੇ ਸਹਿਯੋਗ ਨਾਲ ਹੀ ਕਬੱਡੀ ਖੇਤਰ ਦਾ ਇਕ ਅਹਿਮ ਹਿੱਸਾ ਬਣੇਗਾ। ਉਨ੍ਹਾਂ ਕਿਹਾ ਇਸ ਖੇਡ ਮੇਲੇ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਇਸ ਵਾਰ ਦਰਸ਼ਕਾਂ ਸਮੇਤ ਕਿਸੇ ਨੂੰ ਵੀ ਕੋਈ ਅਸੁਵਿਧਾ ਨਾ ਹੋਵੇ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਿਆ ਗਿਆ ਹੈ, ਸਾਰਾ ਦਿਨ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਂਦਾ ਰਹੇਗਾ। ਯੂਨੀਅਨ ਸਿਟੀ ਦੇ ਰਾਜਾ ਸਵੀਟਸ ਵਿਖੇ ਹੋਈ ਚੇਅਰਮੈਨ ਸ. ਮੱਖਣ ਸਿੰਘ ਬੈਂਸ ਅਤੇ ਉੱਪ ਚੇਅਰਮੈਨ ਇਕਬਾਲ ਸਿੰਘ ਗਾਖ਼ਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਇਨ੍ਹਾਂ ਸਾਰੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ ਅਤੇ ਸਮੂਹ ਕਲੱਬਾਂ ਅਤੇ ਖਿਡਾਰੀਆਂ ਨੂੰ ਅਪੀਲ ਕੀਤੀ ਗਈ ਕਿ ਉਹ ਆਪਣੀ ਹਾਜ਼ਰੀ ਸਵੇਰੇ 9:00 ਵਜੇ ਯਕੀਨੀ ਬਣਾਉਣ ਤਾਂ ਕਿ ਉਹਨਾਂ ਦੀ ਟੀਮਾਂ ਮਾਰਚ ਪਾਸਟ ਵਿਚ ਹਿੱਸਾ ਲੈ ਸਕਣ।
ਸ. ਇਕਬਾਲ ਸਿੰਘ ਗਾਖਲ ਨੇ ਦੱਸਿਆ ਕਿ ਬਾਹਰੋਂ ਆਉਣ ਵਾਲੇ ਵਿਸ਼ੇਸ਼ ਮਹਿਮਾਨਾਂ ਅਤੇ ਇਸ ਖੇਡ ਮੇਲੇ ਦੇ ਸਮਰੱਥਕਾਂ ਅਤੇ ਸਹਿਯੋਗੀਆਂ ਦੇ ਸਵਾਗਤ ਲਈ ਇਕ ਵੱਖਰੀ ਕਮੇਟੀ ਬਾਣਈ ਗਈ ਹੈ। ਉਨ੍ਹਾਂ ਨੇ ਇਕ ਵਾਰ ਫਿਰ ਦਰਸ਼ਕਾਂ ਨੂੰ ਬੇਨਤੀ ਕਰਦਿਆਂ ਕਿਹਾ ਕਿ ਉਹ ਆਪਣੇ ਰੁਝੇਵਿਆਂ ਭਰੇ ਜੀਵਨ ਵਿਚੋਂ ਇਹ 17 ਸਤੰਬਰ ਦਾ ਦਿਨ ਮਾਂ ਖੇਡ ਕਬੱਡੀ ਦੇ ਲੇਖੇ ਲਾਉਣ ਤਾਂ ਕਿ ਪੰਜਾਬੀਆਂ ਦੀ ਪਛਾਣ ਵਾਲੀ ਇਸ ਖੇਡ ਨੂੰ ਦੁਨੀਆਂ ਭਰ ਵਿਚ ਹੋਰ ਮਾਣ ਸਤਿਕਾਰ ਦੁਆਇਆ ਜਾ ਸਕੇ।
ਰਾਜਵਿੰਦਰ ਰੰਡਿਆਲਾ, ਇਕਬਾਲ ਗਾਲਿਬ, ਮੱਖਣ ਅਲੀ, ਸੁਰਜੀਤ ਕਕਰਾਲਾ, ਯੋਧਵੀਰ ਸਿੰਘ ਅਤੇ ਆਸ਼ਾ ਸ਼ਰਮਾ ਕੁਮੈਂਟਰੀ ਦੀ ਸੇਵਾ ਨਿਭਾਉਣਗੇ। ਵਿਸ਼ਵ ਕਬੱਡੀ ਕੱਪ ਸਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਚੇਅਰਮੈਨ ਸ੍ਰ. ਮੱਖਣ ਸਿੰਘ ਬੈਂਸ ਨਾਲ ਫੋਨ ਨੰਬਰ 510-715-1619 ਜਾਂ ਮੀਡੀਆ ਇੰਚਾਰਜ ਐੱਸ ਅਸ਼ੋਕ ਭੌਰਾ ਨਾਲ 510-415-3315 ਤੇ ਸੰਪਰਕ ਕੀਤਾ ਜਾ ਸਕਦਾ ਹੈ।