ਗੁਆਂਢੀਆਂ ਨਾਲ ਚੰਗੇ ਰਿਸ਼ਤੇ ਕਾਇਮ ਰੱਖੋ

ਗੁਆਂਢੀਆਂ ਨਾਲ ਚੰਗੇ ਰਿਸ਼ਤੇ ਕਾਇਮ ਰੱਖੋ

ਸਾਡਾ ਸਮਾਜ

ਸਿਆਣੇ ਆਖਦੇ ਹਨ ਕਿ ਚੰਗੇ ਗੁਆਂਢੀ ਤੁਹਾਡੇ ਵਾਸਤੇ ਵਰਦਾਨ ਹੁੰਦੇ ਹਨ ਅਤੇ ਮਾੜੇ ਸਰਾਪ। ਜ਼ਿੰਦਗੀ ਵਿਚ ਜਦੋਂ ਚਾਹੋ ਤੁਸੀਂ ਆਪਣੇ ਦੋਸਤ ਬਦਲ ਸਕਦੇ ਹੋ ਪਰ ਗੁਆਂਢੀ ਨਹੀਂ ਬਦਲ ਸਕਦੇ। ਅਸਲ ਵਿਚ ਦੋਸਤ ਤੁਸੀਂ ਆਪਣੀ ਪਸੰਦ ਅਨੁਸਾਰ ਚੁਣੇ ਹੁੰਦੇ ਹਨ ਪਰ ਗੁਆਂਢੀ ਤੁਹਾਡੀ ਮਰਜ਼ੀ ਅਨੁਸਾਰ ਨਹੀਂ ਮਿਲਦੇ। ਉਹ ਅਚਾਨਕ ਤੁਹਾਡੀ ਜ਼ਿੰਦਗੀ ਵਿਚ ਪ੍ਰਵੇਸ਼ ਕਰ ਜਾਂਦੇ ਹਨ।ਸਮਾਜਿਕ ਤਾਣੇ-ਬਾਣੇ ਵਿਚ ਸਭ ਤੋਂ ਨਜ਼ਦੀਕੀ ਵਿਅਕਤੀ ਜੇ ਕੋਈ ਹੁੰਦਾ ਹੈ ਤਾਂ ਉਹ ਹੈ ਤੁਹਾਡਾ ਗੁਆਂਢੀ। ਉਹ ਤੁਹਾਡੇ ਦੁੱਖ-ਸੁੱਖ ਦਾ ਸਭ ਤੋਂ ਪਹਿਲਾ ਭਾਈਵਾਲ ਤੇ ਰਾਜ਼ਦਾਰ ਹੁੰਦਾ ਹੈ। ਉਹ ਲੋਕ ਬਹੁਤ ਕਿਸਮਤ ਵਾਲੇ ਹੁੰਦੇ ਹਨ ਜਿਨ੍ਹਾਂ ਦੇ ਪੱਲੇ ਚੰਗੇ ਗੁਆਂਢੀ ਪੈਂਦੇ ਹਨ। ਗੁਆਂਢੀ ਤੁਹਾਡੀ ਜ਼ਿਹਨੀ ਤੇ ਭੌਤਿਕ ਸਿਹਤ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰਦੇ ਹਨ। ਚੰਗੇ ਗੁਆਂਢੀ ਤੁਹਾਡੀ ਜ਼ਿੰਦਗੀ ਦਾ ਅਨਮੋਲ ਖ਼ਜ਼ਾਨਾ ਹੁੰਦੇ ਹਨ। ਉਹ ਤੁਹਾਡੇ ਚਿਹਰਿਆਂ ’ਤੇ ਪਈ ਧੂੜ ਨੂੰ ਸਾਫ਼ ਕਰਦੇ ਹਨ। ਉਹ ਟੁੱਟੇ ਤੇ ਦੁਖੀ ਦਿਲਾਂ ਨੂੰ ਜੋੜਦੇ ਹਨ। ਆਰਥਿਕ ਤੌਰ ’ਤੇ ਆਏ ਬੁਰੇ ਵਕਤ ਵਿਚ ਤੁਹਾਡੀ ਮਦਦ ਵੀ ਕਰਦੇ ਹਨ। ਮਾੜੇ ਗੁਆਂਢੀ ਬਿਲਕੁਲ ਇਸ ਦੇ ਉਲਟ ਵਹਾਅ ’ਚ ਵਹਿੰਦੇ ਹਨ। ਉਹ ਤੁਹਾਡੀ ਤਬਾਹੀ ਵਿਚ ਅਹਿਮ ਕਿਰਦਾਰ ਨਿਭਾਉਂਦੇ ਹਨ। ਤੁਹਾਡਾ ਦੀਵਾਲਾ ਨਿਕਲਿਆ ਦੇਖ ਕੇ ਬੇਵਕਤੀ ਦੀਵਾਲੀ ਮਨਾਉਂਦੇ ਹਨ। ਗੁਆਂਢੀ ਤੁਹਾਡੀ ਤਾਕਤ ਹੋਣੇ ਚਾਹੀਦੇ ਹਨ ਨਾ ਕਿ ਕਮਜ਼ੋਰੀ। ਚੰਗਾ ਗੁਆਂਢੀ ਹਮੇਸ਼ਾ ਤੁਹਾਡੀ ਸੁਣਦਾ ਹੈ ਅਤੇ ਆਪਣੀ ਦੱਸਦਾ ਹੈ। ਇਕ ਚੰਗਾ ਗੁਆਂਢੀ ਦੂਰ ਬੈਠੇ ਤੁਹਾਡੇ ਸਕੇ ਭਰਾ ਨਾਲੋਂ ਵੀ ਕਿਤੇ ਬਿਹਤਰ ਹੁੰਦਾ ਹੈ।

ਚੰਗੇ ਗੁਆਂਢੀ ਬਣਨਾ ਵੀ ਇਕ ਕਲਾ ਹੁੰਦੀ ਹੈ ਜੋ ਤੁਹਾਡੀ ਜ਼ਿੰਦਗੀ ਨੂੰ ਹਰ ਪੱਖੋਂ ਖ਼ੁਸ਼ਹਾਲ ਬਣਾਉਂਦੀ ਹੈ। ਜੇ ਤੁਹਾਡੀ ਗੁਆਂਢੀਆਂ ਨਾਲ ਚੰਗੀ ਬਣਦੀ ਹੈ ਤਾਂ ਤੁਹਾਡੀ ਹਰ ਸਵੇਰ ਦੀ ਸ਼ੁਰੂਆਤ ਬਹੁਤ ਸੋਹਣੀ ਤੇ ਮਨਮੋਹਕ ਹੁੰਦੀ ਹੈ। ਗੁਆਂਢੀਆਂ ਦੀ ਮਦਦ ਕਰਨਾ ਦਿਲ ਦੀ ਸਭ ਤੋਂ ਵਧੀਆ ਕਸਰਤ ਹੁੰਦੀ ਹੈ।ਚੰਗੇ ਗੁਆਂਢੀ ਤੁਸੀਂ ਤਦ ਹੀ ਬਣ ਸਕਦੇ ਹੋ ਜਦੋਂ ਜ਼ਰੂਰਤ ਅਤੇ ਮੁਸ਼ਕਲ ਪੈਣ ’ਤੇ ਦੋਨਾਂ ਵਿਚਕਾਰ ਪੈਂਦੀ ਸੜਕ ਨੂੰ ਪਾਰ ਕਰਨ ਦੀ ਇੱਛਾ ਰੱਖਦੇ ਹੋਵੋ। ਤੁਹਾਡੇ ਗੁਆਂਢੀ ਵੀ ਤਦ ਹੀ ਚੰਗੇ ਸਾਬਿਤ ਹੋਣਗੇ ਜੇ ਤੁਸੀਂ ਵੀ ਉਨ੍ਹਾਂ ਵਾਸਤੇ ਚੰਗੇ ਗੁਆਂਢੀ ਸਾਬਿਤ ਹੋਵੋਗੇ। ਜਦੋਂ ਤਕ ਤੁਹਾਡੇ ਤੇ ਗੁਆਂਢੀਆਂ ਦੇ ਘਰਾਂ ਵਿਚਕਾਰ ਉੱਚਿਤ ਕੱਦ ਦੀ ਵਾੜ ਜਾਂ ਚਾਰਦੀਵਾਰੀ ਬਣੀ ਰਹੇਗੀ ਤਦ ਤਕ ਤੁਸੀਂ ਇਕ-ਦੂਜੇ ਦੇ ਚੰਗੇ ਗੁਆਂਢੀ ਵੀ ਬਣੇ ਰਹੋਗੇ। ਸੋ ਚੰਗੇ ਗੁਆਂਢੀਆਂ ਨੂੰ ਆਪਸ ਵਿਚ ਇਕ ਜ਼ਰੂਰੀ ਅਤੇ ਲੋੜੀਂਦੀ ਦੂਰੀ ਹਮੇਸ਼ਾ ਬਣਾ ਕੇ ਰੱਖਣੀ ਚਾਹੀਦੀ ਹੈ।

ਸਿਆਣੇ ਇਹ ਵੀ ਆਖਦੇ ਹਨ ਕਿ ਜੇ ਤੁਹਾਡੇ ਆਪਣੇ ਘਰ ਸ਼ੀਸ਼ੇ ਦੇ ਹੋਣ ਤਾਂ ਤੁਹਾਨੂੰ ਗੁਆਂਢੀਆਂ ਦੇ ਘਰਾਂ ’ਤੇ ਪੱਥਰ ਮਾਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਇੱਥੇ ਪੱਥਰ ਸ਼ਬਦ ਬਹੁ-ਅਰਥੀ ਹੈ। ਇਸ ਦੇ ਕਈ ਮਾਅਨੇ ਹਨ। ਇਹ ਵੀ ਸੱਚ ਹੈ ਕਿ ਬੁਰਾ ਵਕਤ ਆਉਣ ’ਤੇ ਰਿਸ਼ਤੇਦਾਰਾਂ ਤੋਂ ਪਹਿਲਾਂ ਤੁਹਾਡਾ ਗੁਆਂਢੀ ਹੀ ਤੁਹਾਡੀ ਮਦਦ ਵਾਸਤੇ ਪਹੁੰਚਦਾ ਹੈ।ਚੰਗੇ ਗੁਆਂਢੀ ਸਾਬਤ ਹੋਣ ਵਾਸਤੇ ਤੁਹਾਡਾ ਸਹਿਣਸ਼ੀਲ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ। ਜਿਸ ਤਰ੍ਹਾਂ ਦਾ ਤੁਹਾਡਾ ਵਤੀਰਾ ਆਪਣੇ ਗੁਆਂਢੀਆਂ ਨਾਲ ਹੋਵੇਗਾ, ਤੁਹਾਨੂੰ ਵੀ ਉਨ੍ਹਾਂ ਤੋਂ ਉਸੇ ਤਰ੍ਹਾਂ ਦੇ ਵਤੀਰੇ ਦਾ ਸਾਹਮਣਾ ਕਰਨਾ ਪਵੇਗਾ। ਦੁਨੀਆ ਭਰ ਦੇ ਗੁਆਂਢੀ ਨਿਊਟਨ ਦੇ ਤੀਸਰੇ ਨਿਯਮ ਦੀ ਪਾਲਣਾ ਬਹੁਤ ਨਿਸ਼ਠਾ ਤੇ ਵਚਨਬੱਧਤਾ ਨਾਲ ਕਰਦੇ ਹਨ। ਨਿਊਟਨ ਦੇ ਤੀਸਰੇ ਨਿਯਮ ਅਨੁਸਾਰ ਹਰ ਕਿਰਿਆ ਦੀ ਪ੍ਰਤੀਕਿਰਿਆ ਹੁੰਦੀ ਹੀ ਹੁੰਦੀ ਹੈ।ਤੁਸੀਂ ਆਪਣੇ ਵਾਸਤੇ ਤਾਂ ਮੁਸੀਬਤ ਮੁੱਲ ਲੈ ਸਕਦੇ ਹੋ ਪਰ ਉਹ ਕਦੇ ਵੀ ਗੁਆਂਢੀਆਂ ਨੂੰ ਭੇਟ ਨਾ ਕਰੋ। ਚੰਗੇ ਗੁਆਂਢੀ ਤੁਹਾਡੀ ਜ਼ਮੀਨ-ਜਾਇਦਾਦ ਦੀ ਕੀਮਤ ਵਧਾ ਦਿੰਦੇ ਹਨ ਅਤੇ ਮਾੜੇ ਘਟਾ ਦਿੰਦੇ ਹਨ। ਜਿੰਨਾ ਪਿਆਰ ਤੁਸੀਂ ਆਪਣੇ-ਆਪ ਅਤੇ ਆਪਣੇ ਪਰਿਵਾਰ ਨੂੰ ਕਰਦੇ ਹੋ, ਓਨਾ ਹੀ ਆਪਣੇ ਗੁਆਂਢੀਆਂ ਨਾਲ ਕਰੋਗੇ ਤਾਂ ਤੁਸੀਂ ਖ਼ੁਸ਼ਹਾਲ ਤੇ ਸ਼ਾਂਤਮਈ ਜ਼ਿੰਦਗੀ ਆਸਾਨੀ ਨਾਲ ਗੁਜ਼ਾਰ ਪਾਓਗੇ। ਜਿਵੇਂ ਤੁਸੀਂ ਜਾਣਦੇ ਹੋਏ ਵੀ ਆਪਣੀਆਂ ਜਾਂ ਆਪਣੇ ਨਜ਼ਦੀਕੀਆਂ ਦੀਆਂ ਕਮਜ਼ੋਰੀਆਂ ਤੇ ਕਮੀਆਂ ਨੂੰ ਬਰਦਾਸ਼ਤ ਕਰਦੇ ਹੋ, ਉਸੇ ਤਰ੍ਹਾਂ ਦਾ ਤੁਹਾਨੂੰ ਆਪਣੇ ਗੁਆਂਢੀਆਂ ਨਾਲ ਵੀ ਵਰਤਾਅ ਕਰਨਾ ਚਾਹੀਦਾ ਹੈ।

ਗੁਆਂਢੀਆਂ ਦੇ ਵਿਹੜੇ ਵਿਚ ਲੱਗਿਆ ਘਾਹ ਹਮੇਸ਼ਾ ਜ਼ਿਆਦਾ ਹਰਾ ਵਿਖਾਈ ਦਿੰਦਾ ਹੈ। ਉਨ੍ਹਾਂ ਦਾ ਘਾਹ ਉਜਾੜਨ ਜਾਂ ਪੁੱਟਣ ਨਾਲੋਂ ਬਿਹਤਰ ਹੈ ਕਿ ਆਪਣੇ ਘਰੇ ਵੀ ਉਸੇ ਵਰਗਾ ਘਾਹ ਉਗਾ ਲਿਆ ਜਾਵੇ। ਸਾੜੇ ਨਾਲੋਂ ਕਿਤੇ ਬਿਹਤਰ ਹੈ ਗੁਆਂਢੀਆਂ ਦੀ ਰੀਸ ਕਰਨੀ। ਜੇ ਗੁਆਂਢੀ ਤੁਹਾਡੇ ਵੱਲ ਮੋਹ ਦਾ ਇਕ ਹੱਥ ਵਧਾਉਂਦਾ ਹੈ ਤਾਂ ਤੁਹਾਨੂੰ ਦੋਵੇਂ ਹੱਥ ਵਧਾਉਣੇ ਚਾਹੀਦੇ ਹਨ।ਗੁਆਂਢੀਆਂ ਦਾ ਘਰ ਸਾੜ ਕੇ ਤੁਹਾਡਾ ਆਪਣਾ ਘਰ ਕਦੇ ਵੀ ਬਚ ਨਹੀਂ ਸਕਦਾ। ਆਪਣੇ ਘਰ ਨੂੰ ਤੁਸੀਂ ਆਪ ਸੁੰਦਰ ਬਣਾਉਣਾ ਹੁੰਦਾ ਹੈ। ਜੇ ਤੁਹਾਡੇ ਗੁਆਂਢੀ ਸੁਖੀ ਤੇ ਖ਼ੁਸ਼ਹਾਲ ਹੋਣਗੇ ਤਾਂ ਤੁਹਾਡੇ ਘਰੇ ਵੀ ਬਰਕਤਾਂ ਪੈਣ ਦੇ ਮੌਕੇ ਵੱਧ ਜਾਂਦੇ ਹਨ।ਚੰਗੇ ਗੁਆਂਢੀ ਬਣਨ ਵਾਸਤੇ ਤੁਹਾਨੂੰ ਗੁਆਂਢੀਆਂ ਦੀ ਨਿੱਜਤਾ ਵਿਚ ਦਖਲਅੰਦਾਜ਼ੀ ਨਹੀਂ ਕਰਨੀ ਚਾਹੀਦੀ। ਬਿਨਾਂ ਮੰਗੇ ਉਨ੍ਹਾਂ ਨੂੰ ਸਲਾਹ ਦੇਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਚੰਗੇ ਗੁਆਂਢੀ ਤੁਹਾਡੇ ਘਰ ਆਉਂਦੇ ਤਾਂ ਇਕ ਮਿੰਟ ਵਾਸਤੇ ਹਨ ਪਰ ਜਾਂਦੇ ਦੋ ਘੰਟਿਆਂ ਬਾਅਦ ਹਨ। ਮਾੜੇ ਗੁਆਂਢੀ ਤੁਹਾਡੇ ਵੱਲ ਬਿਨਾਂ ਦੇਖੇ ਹੀ ਥੁੱਕਣ ਲੱਗ ਪੈਂਦੇ ਹਨ। ਕਿਸੇ ਤੋਂ ਕੋਈ ਮਕਾਨ ਖ਼ਰੀਦਣ ਵੇਲੇ ਜਾਂ ਆਪਣੀ ਧੀ-ਭੈਣ ਦਾ ਰਿਸ਼ਤਾ ਕਰਨ ਵੇਲੇ ਉਨ੍ਹਾਂ ਦੇ ਸਾਰੇ ਗੁਆਂਢੀਆਂ ਦੀ ਰਾਇ ਜ਼ਰੂਰ ਲੈਣੀ ਚਾਹੀਦੀ ਹੈ।

ਮਾੜਾ ਗੁਆਂਢੀ ਇਕ ਮਹਾਮਾਰੀ ਵਰਗਾ ਹੁੰਦਾ ਹੈ। ਵੱਡਾ ਦਰਿਆ, ਕੋਈ ਅਮੀਰ ਟੱਬਰ ਅਤੇ ਮੁੱਖ ਸੜਕ ਦੁਨੀਆ ਦੇ ਸਭ ਤੋਂ ਮਾੜੇ ਤਿੰਨ ਗੁਆਂਢੀ ਮੰਨੇ ਗਏ ਹਨ। ਆਪਣੇ ਗੁਆਂਢੀਆਂ ਨਾਲ ਉਲਝਣਾ ਨਹੀਂ ਚਾਹੀਦਾ। ਤੁਹਾਨੂੰ ਗੁਆਂਢੀਆਂ ਦੇ ਘਰ ਵੱਜਦਾ ਸੰਗੀਤ ਸੁਣਨਾ ਹੀ ਪੈਂਦਾ ਹੈ, ਚੰਗਾ ਹੋਵੇ ਜਾਂ ਮਾੜਾ ਪਰ ਤੁਹਾਨੂੰ ਆਪਣੇ ਘਰ ਵੱਜਦੇ ਸੰਗੀਤ ਦੀ ਆਵਾਜ਼ ਓਨੀ ਰੱਖਣੀ ਚਾਹੀਦੀ ਹੈ ਤਾਂ ਕਿ ਗੁਆਂਢੀਆਂ ਦੀ ਨੀਂਦ ਤੇ ਮਨ ਦਾ ਚੈਨ ਖ਼ਰਾਬ ਨਾ ਹੋਵੇ। ਗੁਆਂਢੀਆਂ ਨਾਲ ਚੰਗੇ ਰਿਸ਼ਤੇ ਕਾਇਮ ਰੱਖਣ ਵਾਸਤੇ ਆਪਸੀ ਲੋੜੀਂਦੀ ਗੁਫ਼ਤਗੂ ਜਾਰੀ ਰੱਖਣੀ ਬਹੁਤ ਜ਼ਰੂਰੀ ਹੈ। ਇਸ ਦੀ ਹੱਦ ਤੋਂ ਵੱਧ ਅਤੇ ਹੱਦੋਂ ਘੱਟ ਮਾਤਰਾ ਤੁਹਾਡੇ ਗੁਆਂਢੀਆਂ ਨਾਲ ਰਿਸ਼ਤੇ ਵਿਗਾੜ ਸਕਦੀ ਹੈ।ਚੰਗੇ ਗੁਆਂਢੀ ਉਹ ਵੀ ਹੁੰਦੇ ਹਨ ਜੋ ਆਪਣੇ ਵਾਈ-ਫਾਈ ’ਤੇ ਪਾਸਵਰਡ ਨਹੀਂ ਲਾਉਂਦੇ। ਮਾੜੇ ਗੁਆਂਢੀ ਉਹ ਹੁੰਦੇ ਹਨ ਜੋ ਚੋਰੀ-ਚੋਰੀ ਤੁਹਾਡੇ ਵਾਈ-ਫਾਈ ਨੂੰ ਵਰਤ ਕੇ ਆਪਣੇ-ਆਪ ਨੂੰ ਬਹੁਤ ਚੁਸਤ-ਚਲਾਕ ਸਮਝਦੇ ਹਨ। ਸੋ, ਕੋਸ਼ਿਸ਼ ਕਰੋ ਕਿ ਤੁਸੀਂ ਆਪਣੇ-ਆਪ ਨੂੰ ਚੰਗੇ ਗੁਆਂਢੀ ਸਾਬਿਤ ਕਰ ਸਕੋ।

   ਗੋਵਰਧਨ ਗੱਬੀ