ਪਾਕਿ ਰੱਖਿਆ ਮੰਤਰੀ ਨੇ ਕਿਹਾ-ਜਾਧਵ ਨੂੰ ਤੁਰੰਤ ਫਾਂਸੀ ਨਹੀਂ ਦਿਆਂਗੇ, ਦੇਵਾਂਗੇ 3 ਮੌਕੇ

ਪਾਕਿ ਰੱਖਿਆ ਮੰਤਰੀ ਨੇ ਕਿਹਾ-ਜਾਧਵ ਨੂੰ ਤੁਰੰਤ ਫਾਂਸੀ ਨਹੀਂ ਦਿਆਂਗੇ, ਦੇਵਾਂਗੇ 3 ਮੌਕੇ

ਇਸਲਾਮਾਬਾਦ/ਬਿਊਰੋ ਨਿਊਜ਼ :
ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਮੁਹੰਮਦ ਆਸਿਫ਼ ਨੇ ਕਿਹਾ ਹੈ ਕਿ ਫੌਜੀ ਅਦਾਲਤ ਤੋਂ ਮੌਤ ਦੀ ਸਜ਼ਾ ਪ੍ਰਾਪਤ ਭਾਰਤ ਦੇ ਕਥਿਤ ਜਾਸੂਸ ਕੁਲਭੂਸ਼ਣ ਜਾਧਵ ਨੂੰ ਫੌਰੀ ਫਾਂਸੀ ਨਹੀਂ ਦਿੱਤੀ ਜਾਵੇਗੀ। ‘ਡਾਅਨ ਆਨਲਾਈਨ’ ਦੀ ਰਿਪੋਰਟ ਅਨੁਸਾਰ ਆਸਿਫ਼ ਨੇ ਕਿਹਾ ਕਿ ਜਾਧਵ ਦੀ ਸੁਣਵਾਈ ਲਈ ਸਾਢੇ ਤਿੰਨ ਮਹੀਨੇ ਲੱਗੇ ਅਤੇ ਹਾਲੇ ਉਸ ਲਈ ਕਾਨੂੰਨ ਅਧੀਨ ਤਿੰਨ ਅਪੀਲੀ ਫੋਰਮਾਂ ਉਪਲਬਧ ਹਨ। ਪਾਕਿਸਤਾਨ ਦਾ ਦੋਸ਼ ਹੈ ਕਿ ਜਾਧਵ ਭਾਰਤੀ ਖ਼ੁਫ਼ੀਆ ਏਜੰਸੀ ‘ਰਿਸਰਚ ਐਂਡ ਅਨੈਲਸਿਸ ਵਿੰਗ’ (ਰਾਅ) ਲਈ ਕੰਮ ਕਰ ਰਿਹਾ ਸੀ ਅਤੇ ਉਸ ਨੂੰ 2016 ਵਿੱਚ ਬਲੋਚਿਸਤਾਨ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਉਹ ਭਾਰਤ ਲਈ ਜਾਸੂਸੀ ਕਰਨ ਤੇ ਪਾਕਿਸਤਾਨ ਦੀ ਅਖੰਡਤਾ ਵਿਰੁੱਧ ਕੰਮ ਕਰਨ, ਅਤਿਵਾਦ ਦੀ ਫੰਡਿੰਗ ਅਤੇ ਦੇਸ਼ ਨੂੰ ਅਸਥਿਰ ਕਰਨ ਦੀਆਂ ਕੋਸ਼ਿਸ਼ਾਂ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ। ਆਸਿਫ਼ ਨੇ ਭਾਰਤ ਦੇ ਉਨ੍ਹਾਂ ਦਾਅਵਿਆਂ ਨੂੰ ਰੱਦ ਕੀਤਾ ਕਿ ਜਾਧਵ ਦੀ ਫਾਂਸੀ ਸੋਚਿਆ-ਸਮਝਿਆ ਕਤਲ ਹੋਵੇਗਾ। ਉਨ੍ਹਾਂ ਕਿਹਾ ਕਿ ਪੂਰੀ ਕਾਨੂੰਨੀ ਪ੍ਰਕਿਰਿਆ ਤੋਂ ਬਾਅਦ ਹੀ ਇਹ ਸਜ਼ਾ ਸੁਣਾਈ ਗਈ। ਇਸ ਦੌਰਾਨ ਉੱਘੇ ਵਕੀਲ ਰਾਮ ਜੇਠਮਲਾਨੀ ਨੇ ਕਿਹਾ ਕਿ ਭਾਰਤ ਨੂੰ ਸਾਬਕਾ ਜਲ ਸੈਨਾ ਅਫ਼ਸਰ ਕੁਲਭੂਸ਼ਨ ਜਾਧਵ ਸਬੰਧੀ ਫੈਸਲੇ ਦੀ ਕਾਪੀ ਪਾਕਿਸਤਾਨ ਤੋਂ ਜ਼ਰੂਰ ਮੰਗਣੀ ਚਾਹੀਦੀ ਹੈ ਤਾਂ ਜੋ ਉਸ ਆਧਾਰ ਦਾ ਪਤਾ ਲਾਇਆ ਜਾ ਸਕੇ, ਜਿਸ ਉਤੇ ਜਾਧਵ ਨੂੰ ਦੋਸ਼ੀ ਠਹਿਰਾਇਆ ਗਿਆ। ਦੂਜੇ ਪਾਸੇ ਸਾਬਕਾ ਫੌਜੀਆਂ ਨੇ ਇਸ ਫੈਸਲੇ ਖ਼ਿਲਾਫ਼ ਨਵੀਂ ਦਿੱਲੀ ਵਿੱਚ ਪਾਕਿ ਹਾਈ ਕਮਿਸ਼ਨ ਨੇੜੇ ਪ੍ਰਦਰਸ਼ਨ ਕੀਤਾ।
ਭਾਰਤ-ਪਾਕਿ ਸਦਾ ਲਈ ਦੁਸ਼ਮਣ ਨਹੀਂ ਰਹਿ ਸਕਦੇ : ਜੰਜੂਆ
ਇਸਲਾਮਾਬਾਦ : ਭਾਰਤ ਉਤੇ ਕਸ਼ਮੀਰ ਮਸਲੇ ਬਾਰੇ ਗੱਲਬਾਤ ਤੋਂ ਮੁੱਕਰ ਕੇ ‘ਦੁਵੱਲੀ ਭਾਵਨਾ ਨੂੰ ਠਿੱਬੀ ਲਾਉਣ’ ਦਾ ਦੋਸ਼ ਲਾਉਂਦਿਆਂ ਪਾਕਿਸਤਾਨ ਦੇ ਕੌਮੀ ਸੁਰੱਖਿਆ ਸਲਾਹਕਾਰ ਨਾਸਿਰ ਜੰਜੂਆ ਨੇ ਕਿਹਾ ਕਿ ਦੋਵੇਂ ਗੁਆਂਢੀ ਸਦਾ ਲਈ ਦੁਸ਼ਮਣ ਨਹੀਂ ਰਹਿ ਸਕਦੇ ਅਤੇ ਉਨ੍ਹਾਂ ਨੂੰ ਵਿਵਾਦਾਂ ਦਾ ਹੱਲ ਕਰਨ ਦੀ ਲੋੜ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕੌਮਾਂਤਰੀ ਭਾਈਚਾਰਾ ਕਸ਼ਮੀਰ ਮਸਲੇ ਦੀ ਨਜ਼ਰਸਾਨੀ ਕਰ ਰਿਹਾ ਹੈ ਕਿਉਂਕਿ ਉਸ ਦੇ ਭਾਰਤ ਨਾਲ ਆਪਣੇ ਰਣਨੀਤਕ ਹਿੱਤ ਹਨ।
ਬਲੋਚ ਆਗੂ ਨੇ ਕਿਹਾ-ਈਰਾਨ ਤੋਂ ਅਗਵਾ ਕੀਤਾ ਸੀ ਕੁਲਭੂਸ਼ਣ ਨੂੰ :
ਨਵੀਂ ਦਿੱਲੀ : ਕੁਲਭੂਸ਼ਣ ਜਾਧਵ ‘ਤੇ ਪਾਕਿਸਤਾਨ ਦੇ ਝੂਠ ਤੋਂ ਪਰਦਾ ਉੱਠ ਗਿਆ ਹੈ ਤੇ ਇਹ ਪਰਦਾ ਬਲੋਚਿਸਤਾਨ ਦੇ ਰਾਜਨੀਤਿਕ ਆਗੂ ਤੇ ਕਲਾਤ ਦੇ ਰਾਜਾ ਦੇ ਸਲਾਹਕਾਰ ਮਿਹਰਾਬ ਸਰਜੋਵ ਨੇ ਚੁੱਕਿਆ ਹੈ। ਮਿਹਰਾਬ ਨੇ ਕਿਹਾ ਕਿ ਕੁਲਭੂਸ਼ਣ ਨੂੰ ਬਲੋਚਿਸਤਾਨ ਤੋਂ ਗ੍ਰਿਫ਼ਤਾਰ ਨਹੀਂ ਕੀਤਾ ਗਿਆ, ਉਸ ਨੂੰ ਇਰਾਨ ਤੋਂ ਅਗਵਾ ਕੀਤਾ ਗਿਆ ਹੈ। ਪਾਕਿਸਤਾਨ ਦੀ ਸਾਜ਼ਿਸ਼ ਹੈ ਕਿ ਕੁਲਭੂਸ਼ਣ ਨੂੰ ਪਾਕਿਸਤਾਨ ਤੋਂ ਗ੍ਰਿਫ਼ਤਾਰ ਕੀਤੇ ਜਾਣ ਦੀ ਕਹਾਣੀ ਬਣਾ ਕੇ ਭਾਰਤ ‘ਤੇ ਦਬਾਅ ਬਣਾਇਆ ਜਾਵੇ ਤੇ ਵਿਸ਼ਵ ਭਰ ਵਿਚ ਇਹ ਝੂਠ ਫ਼ੈਲਾਇਆ ਜਾਵੇ ਕਿ ਬਲੋਚਿਸਤਾਨ ਵਿਚ ਭਾਰਤ ਗੜਬੜੀ ਫ਼ੈਲਾ ਰਿਹਾ ਹੈ। ਕੁਲਭੂਸ਼ਣ ਦਾ ਪਰਿਵਾਰ ਮੁੰਬਈ ਦੇ ਪਵਈ ਇਲਾਕੇ ਵਿਚ ਰਹਿੰਦਾ ਹੈ। ਉਸ ਨੂੰ ਸਜ਼ਾ ਸੁਣਾਏ ਜਾਣ ਤੋਂ ਬਾਅਦ ਪਰਿਵਾਰ ਤਾਂ ਕੈਮਰੇ ਸਾਹਮਣੇ ਨਹੀਂ ਆਇਆ ਪਰ ਉਨ੍ਹਾਂ ਦੇ ਗਵਾਂਢੀਆਂ ਨੇ ਦਿਲ ਖ਼ੋਲ੍ਹ ਕੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ। ਸਾਰੇ ਇਕ ਹੀ ਗੱਲ ਕਹਿੰਦੇ ਹਨ ਕਿ ਪਾਕਿਸਤਾਨ ਨੇ ਕੁਲਭੂਸ਼ਣ ਨੂੰ ਫ਼ਸਾਇਆ ਹੈ ਤੇ ਇਹ ਜ਼ਰੂਰੀ ਹੈ ਕਿ ਸਰਕਾਰ ਉਸ ਨੂੰ ਵਾਪਸ ਲੈ ਕੇ ਆਵੇ।