ਚਾਰ ਸਾਲਾਂ ਦੌਰਾਨ ਭਾਰਤ ਦੇ 18 ਪੱਤਰਕਾਰਾਂ ਦੀ ਹੱਤਿਆ

ਚਾਰ ਸਾਲਾਂ ਦੌਰਾਨ ਭਾਰਤ ਦੇ 18 ਪੱਤਰਕਾਰਾਂ ਦੀ ਹੱਤਿਆ

ਆਲਮੀ ਪੱਧਰ ‘ਤੇ ਪੱਤਰਕਾਰਾਂ ਦੀਆਂ ਹੱਤਿਆਵਾਂ ਚ ਵਾਧੇ ਦਾ ਰੁਝਾਨ : ਯੂਨੈਸਕੋ
ਨਵੀਂ ਦਿੱਲੀ/ਬਿਊਰੋ ਨਿਊਜ਼ :
ਯੂਨੈਸਕੋ ਵੱਲੋਂ ਵੀਰਵਾਰ ਨੂੰ ਜਾਰੀ ਕੀਤੀ ਗਈ ਰਿਪੋਰਟ ਮੁਤਾਬਕ ਦੁਨੀਆ ਭਰ ਚ ਪਿਛਲੇ ਪੰਜ ਸਾਲਾਂ ਦੌਰਾਨ ਪੱਤਰਕਾਰਾਂ ਦੀਆਂ ਹੱਤਿਆਵਾਂ ਚ ਤੇਜ਼ੀ ਨਾਲ ਵਾਧਾ ਹੋਇਆ ਹੈ। ਸਾਲ 2012 ਤੋਂ 2016 ਦੌਰਾਨ 530 ਪੱਤਰਕਾਰਾਂ ਦੀਆਂ ਹੱਤਿਆਵਾਂ ਹੋਈਆਂ ਜਿਨ੍ਹਾਂ ਚੋਂ 18 ਪੱਤਰਕਾਰ ਭਾਰਤ ਦੇ ਸਨ। ਆਜ਼ਾਦੀ ਦੇ ਪ੍ਰਗਟਾਵੇ ਚ ਆਲਮੀ ਰੁਝਾਨ ਅਤੇ ਮੀਡੀਆ ਵਿਕਾਸ ਗਲੋਬਲ ਰਿਪੋਰਟ 2017/2018 ਚ ਕਿਹਾ ਗਿਆ ਹੈ ਕਿ ਹੱਤਿਆਵਾਂ ਦੀ ਗਿਣਤੀ ਚ ਪਿਛਲੇ ਪੰਜ ਸਾਲਾਂ ਦੌਰਾਨ 67.72 ਫ਼ੀਸਦੀ ਦਾ ਵਾਧਾ ਹੋਇਆ ਹੈ। ਸਾਲ 2007 ਤੋਂ 2011 ਦੌਰਾਨ 316 ਪੱਤਰਕਾਰਾਂ ਦੇ ਕਤਲ ਦਰਜ ਕੀਤੇ ਗਏ ਸਨ। ਸੀਰੀਆ ਚ ਸਭ ਤੋਂ ਵਧ 86 ਪੱਤਰਕਾਰਾਂ ਦੀਆਂ ਹੱਤਿਆਵਾਂ ਹੋਈਆਂ ਹਨ। ਇਸ ਮਗਰੋਂ ਇਰਾਕ (46), ਮੈਕਸਿਕੋ (37), ਸੋਮਾਲੀਆ (36), ਪਾਕਿਸਤਾਨ (30), ਬ੍ਰਾਜ਼ੀਲ (29), ਫਿਲਪੀਨਜ਼ ਅਤੇ ਯਮਨ (21-21), ਅਫ਼ਗਾਨਿਸਤਾਨ (20), ਹੌਂਡੂਰਸ (19), ਭਾਰਤ (18), ਲਿਬੀਆ (17) ਅਤੇ ਗੁਆਟੇਮਾਲਾ (14) ਦਾ ਨੰਬਰ ਆਉਂਦਾ ਹੈ। ਵਿਸ਼ਵ ਪ੍ਰੈੱਸ ਆਜ਼ਾਦੀ ਦਿਹਾੜੇ ਤੇ ਜਾਰੀ ਕੀਤੀ ਗਈ ਰਿਪੋਰਟ ਮੁਤਾਬਕ ਸਾਲ 2012 ਪੱਤਰਕਾਰਾਂ ਤੇ ਕਹਿਰ ਬਣ ਕੇ ਟੁੱਟਿਆ ਅਤੇ ਉਸ ਦੌਰਾਨ 124 ਪੱਤਰਕਾਰਾਂ ਦੀਆਂ ਹੱਤਿਆਵਾਂ ਹੋਈਆਂ ਸਨ। ਮਾਰੇ ਗਏ ਕੁੱਲ 530 ਪੱਤਰਕਾਰਾਂ ਚੋਂ 166 ਟੀਵੀ ਜਰਨਲਿਸਟ, 142 ਪ੍ਰਿੰਟ, 118 ਰੇਡੀਓ, 75 ਆਨਲਾਈਨ ਅਤੇ 29 ਵੱਖੋ ਵੱਖਰੇ ਅਦਾਰਿਆਂ ਨਾਲ ਸਬੰਧਤ ਸਨ।

ਆਜ਼ਾਦ ਪ੍ਰੈੱਸ ਮਜ਼ਬੂਤ ਜਮਹੂਰੀਅਤ ਦਾ ਆਧਾਰ: ਮੋਦੀ
ਨਵੀਂ ਦਿੱਲੀ : ਆਜ਼ਾਦ ਪ੍ਰੈੱਸ ਮਜ਼ਬੂਤ ਜਮਹੂਰੀਅਤ ਦਾ ਆਧਾਰ ਹੈ ਅਤੇ ਇਕ ਸਮਾਜ ਵਜੋਂ ਵਿਚਾਰਾਂ ਦੀ ਅਨੇਕਤਾ ਅਤੇ ਇਨਸਾਨੀ ਪ੍ਰਗਟਾਵਾ ਸਾਨੂੰ ਵਧੇਰੇ ਜੋਸ਼ਮਈ ਬਣਾਉਂਦਾ ਹੈ। ਇਹ ਗੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਆਲਮੀ ਪ੍ਰੈੱਸ ਆਜ਼ਾਦੀ ਦਿਵਸ ਮੌਕੇ ਕਹੀ। ਇਸ ਸਬੰਧੀ ਆਪਣੇ ਟਵੀਟ ਵਿੱਚ ਸ੍ਰੀ ਮੋਦੀ ਨੇ ਕਿਹਾ, ”ਆਲਮੀ ਪ੍ਰੈੱਸ ਆਜ਼ਾਦੀ ਦਿਹਾੜੇ ਮੌਕੇ ਅਸੀਂ ਪ੍ਰੈੱਸ ਦੀ ਆਜ਼ਾਦੀ ਦੀ ਹਮਾਇਤ ਦਾ ਅਹਿਦ ਕਰਦੇ ਹਾਂ। ਇਹ ਵਿਚਾਰਾਂ ਦੀ ਅਨੇਕਤਾ ਤੇ ਇਨਸਾਨੀ ਪ੍ਰਗਟਾਵਾ ਹੀ ਹੈ ਜੋ ਸਾਨੂੰ ਇਕ ਸਮਾਜ ਵਜੋਂ ਵਧੇਰੇ ਜੋਸ਼ਮਈ ਬਣਾਉਂਦਾ ਹੈ।” ਉਨ੍ਹਾਂ ਇਸ ਮੌਕੇ ਪ੍ਰੈੱਸ ਦੀ ਆਜ਼ਾਦੀ ਲਈ ਅਣਥੱਕ ਮਿਹਨਤ ਕਰਨ ਵਾਲਿਆਂ ਦੀ ਸ਼ਲਾਘਾ ਕੀਤੀ। ਗ਼ੌਰਤਲਬ ਹੈ ਕਿ ਸੰਯੁਕਤ ਰਾਸ਼ਟਰ ਨੇ ਪ੍ਰੈੱਸ ਦੀ ਆਜ਼ਾਦੀ ਬਾਰੇ ਜਾਗਰੂਕਤਾ ਲਈ 3 ਮਈ ਨੂੰ ਆਲਮੀ ਪ੍ਰੈੱਸ ਆਜ਼ਾਦੀ ਦਿਹਾੜੇ ਵਜੋਂ ਮਨਾਉਣ ਦਾ ਫ਼ੈਸਲਾ ਕੀਤਾ ਹੈ।