ਮਾਸੂਮ ਨਿਮਾਣਾ ਅਤੇ ਅਣਭੋਲ ਝੂਠ

ਮਾਸੂਮ ਨਿਮਾਣਾ ਅਤੇ ਅਣਭੋਲ ਝੂਠ

ਹਰਪ੍ਰੀਤ ਸਿੰਘ ਜਵੰਦਾ

ਪੀ.ਆਰ ਮਿਲਣ ਮਗਰੋਂ ਜੀਵੇਂ ਰਿਸ਼ਤਿਆਂ ਦਾ ਹੜ ਜਿਹਾ ਆ ਗਿਆ ਹੋਵੇ..ਸਧਾਰਨ ਜਿਹਾ ਵਜੂਦ..ਬਿਨਾ ਬਾਪ ਦੀ ਆਮ ਜਿਹੀ ਧੀ..ਚੰਗੀ ਤਰਾਂ ਜਾਣਦੀ ਸਾਂ ਇਸ ਅਚਾਨਕ ਵਗ ਤੁਰੇ ਹੜ ਪਿੱਛੇ ਦਾ ਕਾਰਨ!ਜੀਵਨ ਸਾਥੀ ਚੁਣਨ ਦੀ ਵਾਰੀ ਆਈ..ਕੁਝ ਨਿੱਜੀ ਪਹਿਲਕਦਮੀਆਂ ਅਤੇ ਜਜਬਾਤ ਇੱਕ ਪਾਸੇ ਕਰ ਸਾਰੀ ਗੱਲ ਭੂਆ ਫੁੱਫੜ ਜੀ ਤੇ ਸਿੱਟ ਦਿੱਤੀ ਗਈ..!ਡੈਡੀ ਜੀ ਦੇ ਜਾਣ ਮਗਰੋਂ ਓਹਨਾ ਦੀ ਸਾਡੇ ਘਰੇ ਬਹੁਤ ਚਲਿਆ ਕਰਦੀ ਸੀ..ਮਾਂ ਨੂੰ ਵੀ ਝੱਟ ਹਾਮੀ ਭਰਨੀ ਪਈ..!ਓਹਨਾ ਦਿੰਨਾ ਵਿਚ ਇੰਝ ਦੀ ਫਾਈਲ ਦੇ ਕੰਢੇ ਲੱਗਣ ਵਿਚ ਡੇਢ ਕੂ ਵਰੇ ਲੱਗ ਹੀ ਜਾਇਆ ਕਰਦੇ ਸਨ!ਸੱਤ ਸਮੁੰਦਰ ਪਾਰ ਢਾਈ ਨੌਕਰੀਆਂ..ਮਸਾਂ ਪੰਜ ਕੂ ਘੰਟੇ ਦੀ ਨੀਂਦ ਹੀ ਨਸੀਬ ਹੋਇਆ ਕਰਦੀ..ਕਾਹਲੀ ਕਰਦਿਆਂ ਕਈ ਵੇਰ ਮਸੀਂ ਮਰਨੋਂ ਮਸਾਂ ਬਚੀ..!ਭਵਿੱਖ ਦੇ ਕੁਝ ਟੀਚੇ ਅਤੇ ਸੱਧਰਾਂ ਮੈਨੂੰ ਅਕਸਰ ਹੀ ਸੁਵੇਰੇ ਛੇਤੀ ਉਠਾ ਦਿਆ ਕਰਦੀਆਂ ਤੇ ਨਵੇਂ ਸਾਥੀ ਨਾਲ ਸੰਜੋਏ ਹੋਏ ਕਿੰਨੇ ਸਾਰੇ ਸੁਫ਼ਨੇ ਮੈਨੂੰ ਰਾਤੀਂ ਛੇਤੀ ਸੌਣ ਨਾ ਦਿੰਦੇ!ਉਹ ਰੋਜ ਫੋਨ ਕਰ ਆਖਦਾ ਤੂੰ ਮੇਰੇ ਸਾਹਾਂ ਦੀ ਲੜੀ ਏਂ..ਨਬਜ ਏ..ਵਜੂਦ ਏ..ਪਿਆਰ ਮੁਹੱਬਤ ਅਰਮਾਨ ਸੱਧਰਾਂ ਦਿਲ ਜਜਬਾਤ ਹੋਰ ਵੀ ਕਿੰਨਾ ਕੁਝ ਬਿਲਕੁਲ ਵੀ ਫ਼ਿਲਮੀ ਜਿਹਾ ਨਾ ਲੱਗਦਾ..ਸਗੋਂ ਮੁਹੱਬਤ ਦੀ ਚਾਸ਼ਨੀ ਵਿਚ ਲਬਰੇਜ ਇਹ ਕੀਮਤੀ ਸਬਦ ਮੇਰਾ ਸਾਰਾ ਥਕੇਵਾਂ ਲਾਹ ਦਿਆ ਕਰਦੇ..!

ਅਖੀਰ ਉਹ ਦਿਨ ਵੀ ਆਣ ਪਹੁੰਚਿਆ..ਉਸਦੀ ਫਲਾਈਟ ਲੌਢੇ ਵੇਲੇ ਲੈਂਡ ਹੋਣੀ ਸੀ..ਰਹਿ ਰਹਿ ਕੇ ਸੁਰਿੰਦਰ ਕੌਰ ਦਾ ਗੀਤ ਚੇਤੇ ਆਈ ਜਾਂਦਾ.."ਲੌਢੇ ਵੇਲੇ ਮਾਹੀਏ ਆਉਣਾ..ਮੰਨ ਪਕਾਵਾਂ ਕਣਕ ਦਾ..ਅੰਦਰ ਜਾਵਾਂ ਬਾਹਰ ਜਾਵਾਂ..ਲਾਲ ਚੂੜਾ ਖਣਕਦਾ" ਛੇ ਮਹੀਨੇ ਅੱਖ ਦੇ ਫੋਰ ਵਿਚ ਨਿਕਲ ਗਏ..!ਉਸਦੀ ਹਰ ਮੋੜ ਤੇ ਨਾਜ਼ੁਕ ਵੇਲ ਸਮਝ ਪੂਰੀ ਰਾਖੀ ਕੀਤੀ..ਹਰ ਤੱਤੀ ਠੰਡੀ ਤੋਂ ਬਚਾ ਕੇ ਰਖਿਆ..ਆਖਿਆ ਬੇਸ਼ੱਕ ਕੰਮ ਨਾ ਕਰ ਪਰ ਪੜਾਈ ਪੂਰੀ ਜਰੂਰ ਕਰ ਲੈ!ਓਦੋਂ ਪ੍ਰੇਗਨੈਂਟ ਹੋਈ ਨੂੰ ਮਸਾਂ ਤਿੰਨ ਕੂ ਮਹੀਨੇ ਹੀ ਹੋਏ ਹੋਣੇ ਕੇ ਗਲਤੀ ਨਾਲ ਘਰੇ ਰਹਿ ਗਏ ਇਸਦੇ ਫੋਨ ਤੇ ਇੱਕ ਕਾਲ ਆਈ..!ਬਾਰ ਬਾਰ ਘੰਟੀ ਵੱਜਣ ਤੇ ਅਖੀਰ ਚੁੱਕ ਹੀ ਲਿਆ..ਪੰਜਾਬੋਂ ਕਿਸੇ ਕੁੜੀ ਦਾ ਸੀ..ਇਸਦੇ ਬਾਰੇ ਪੁੱਛ ਰਹੀ ਸੀ..!ਜਦੋਂ ਇਸ ਬਾਬਤ ਗੱਲ ਹੋਈ ਤਾਂ ਇਸ ਕੋਲ ਕੋਈ ਤਸੱਲੀਖਸ਼ ਜੁਆਬ ਨਹੀਂ ਸੀ..ਸਗੋਂ "ਪ੍ਰਾਈਵੇਸੀ" ਨਾਮ ਦੀ ਆਧੁਨਿਕ ਸ਼ੈਅ ਦਾ ਹਵਾਲਾ ਦਿੰਦਾ ਹੋਇਆ ਆਖਣ ਲੱਗਿਆ ਕੇ ਤੈਨੂੰ ਮੇਰਾ ਫੋਨ ਨਹੀਂ ਸੀ ਚੁੱਕਣਾ ਚਾਹੀਦਾ..!ਉਸ ਦਿਨ ਮਗਰੋਂ ਜਦੋਂ ਵੀ ਘੰਟੀ ਵੱਜਦੀ ਮੇਰੀ ਧੜਕਣ ਵੱਧ ਜਾਂਦੀ!ਕਿੰਨੀਆਂ ਸਾਰੀਆਂ ਜੋਬਾਂ ਦਾ ਬੋਝ ਤੇ ਉੱਤੋਂ ਦਿਨੋਂ ਦਿਨ ਵਧਦਾ ਜਾਂਦਾ ਢਿੱਡ..ਫੇਰ ਵੀ ਲਗਾਤਾਰ ਕੰਮ ਤੇ ਜਾਂਦੀ ਹੀ ਰਹੀ..!ਜਿਸ ਪਿਆਰ ਮੁਹੱਬਤ ਅਤੇ ਅਪਣੱਤ ਦੀ ਗੱਲ ਇਹ ਅਕਸਰ ਹੀ ਕਰਿਆ ਕਰਦਾ..ਉਹ ਕਦੀ ਵੀ ਨਸੀਬ ਨਾ ਹੋਇਆ..!ਕੰਮ ਤੇ ਵੀ ਧੁੜਕੂ ਲੱਗਾ ਰਹਿੰਦਾ..ਕਿਧਰੇ ਓਹੀ ਫੋਨ ਹੀ ਨਾ ਹੋਵੇ..ਆਪਸੀ ਤਲਖੀ ਅਤੇ ਫਾਸਲੇ ਵੀ ਲਗਾਤਾਰ ਵਧਦੇ ਗਏ! ਇੱਕ ਦਿਨ ਆਖਣ ਲੱਗਾ ਮਾਪੇ ਸਪੌਂਸਰ ਕਰਨੇ..ਅੱਗੋਂ ਆਖਿਆ ਕੰਮ ਤੇ ਲੱਗਣਾ ਪੈਣਾ..ਕੱਲੀ ਦੇ ਵੱਸ ਨਹੀਂ ਐਨਿਆਂ ਜਣਿਆ ਦਾ ਢਿਡ੍ਹ ਭਰਨਾ..ਮਗਰੋਂ ਬੜਾ ਕਲੇਸ਼ ਪਿਆ!ਫੇਰ ਇੱਕ ਦਿਨ ਪੀੜਾਂ ਲੱਗ ਗਈਆਂ ਤੇ ਕੰਮ ਤੇ ਹੀ ਅੰਬੁਲੇਂਸ ਬੁਲਾ ਹਸਪਤਾਲ ਭਿਜਵਾ ਦਿੱਤਾ ਗਿਆ..!ਇਸ ਅਹਿਮ ਮੌਕੇ ਤੇ ਉਹ ਮੇਰੇ ਕੋਲ ਨਹੀਂ ਸੀ!

ਕਿਸੇ ਕੋਲੋਂ ਭੂਆ ਫੁੱਫੜ ਨੂੰ ਫੋਨ ਕਰਵਾਇਆ..ਸਾਰੇ ਹਾਲਾਤ ਦੱਸੇ..ਆਖਣ ਲੱਗੇ ਤੁਹਾਡਾ ਆਪਸੀ ਮਾਮਲਾ ਏ ਅਸੀਂ ਕੁਝ ਨੀ ਕਰ ਸਕਦੇ!ਫੇਰ ਨਵੀਂ ਜਨਮੀਂ ਨੂੰ ਖੁਦ ਹੀ ਤੇਲ ਚੋ ਕੇ ਘਰ ਦੀਆਂ ਬਰੂਹਾਂ ਟਪਾਈਆਂ..ਸਾਮਣੇ ਲੈਂਪ ਹੇਠ ਪਈ ਇੱਕ ਪਰਚੀ ਨੇ ਪੈਰਾਂ ਹੇਠੋਂ ਜਮੀਨ ਕੱਢ ਦਿੱਤੀ..ਲਿੱਖਿਆ ਸੀ ਦੂਰ ਜਾ ਰਿਹਾ ਹਾਂ ਇਸ ਘੁਟਣ ਵਾਲੇ ਮਾਹੌਲ ਤੋਂ!ਪਹਿਲਾਂ ਸੋਚਿਆ ਕਿਤੇ ਖ਼ੁਦਕੁਸ਼ੀ ਹੀ ਨਾ ਕਰ ਲਈ ਹੋਵੇ..ਫੇਰ ਸੋਚਿਆ ਇੱਕ ਧੋਖੇਬਾਜ ਅਤੇ ਅੱਤ ਦਰਜੇ ਦਾ ਬੁਝਦਿਲ ਕਦੀ ਖ਼ੁਦਕੁਸ਼ੀ ਬਾਰੇ ਕਿੱਦਾਂ ਸੋਚ ਸਕਦਾ..!"ਤਾਲੀ ਦੋਵੇਂ ਹੱਥਾਂ ਨਾਲ ਵੱਜਦੀ" ਆਖ ਆਲੇ ਦਵਾਲੇ ਨੇ ਸਾਰੇ ਘਟਨਾ ਕਰਮ ਦੀ ਜੁੰਮੇਵਾਰੀ ਮੇਰੇ ਸਿਰ ਹੀ ਸੁੱਟ ਦਿੱਤੀ..!ਮੈਂ ਰੋ-ਰੋ ਕੇ ਵਿਖਾਉਣ ਦੀ ਥਾਂ ਹਰੇਕ ਇੱਟ ਦਾ ਜੁਆਬ ਪੱਥਰ ਨਾਲ ਦੇਣ ਦਾ ਫੈਸਲਾ ਕਰ ਲਿਆ..ਹੁਣ ਮੇਰੇ ਕੋਲ ਗਵਾਉਣ ਲਈ ਹੋਰ ਕੁਝ ਹੈ ਵੀ ਤਾਂ ਨਹੀਂ ਸੀ..!ਮੈਨੂੰ ਦੱਸਦੇ ਰਹਿੰਦੇ ਕੇ ਉਹ ਹਜਾਰ ਕੂ ਕਿਲੋਮੀਟਰ ਦੂਰ ਕਿਸੇ ਦੂਜੇ ਸ਼ਹਿਰ ਕਿਸੇ ਹੋਰ ਨਾਲ ਰਹਿ ਰਿਹਾ ਏ..ਜਾਣਨਾ ਵੀ ਨਹੀਂ ਸਾਂ ਚਾਹੁੰਦੀ ਕੇ ਕਿਸ ਨਾਲ ਰਹਿ ਰਿਹਾ ਹੋਵੇਗਾ ਪਰ ਸ਼ਾਇਦ ਓਸੇ ਫੋਨ ਵਾਲੀ ਨਾਲ..ਦੋਹਾਂ ਦੀ ਲੰਮੀ ਚੋੜੀ ਪਲਾਨਿੰਗ ਸੀ..ਮੈਂ ਸਿਰਫ ਉਸਦੀ ਮੰਜਿਲ ਵਾਲੇ ਚੁਬਾਰੇ ਨੂੰ ਜਾਂਦੀ ਹੋਈ ਪੌੜੀ ਦਾ ਇੱਕ ਡੰਡਾ ਬਣ ਕੇ ਰਹਿ ਗਈ ਸਾਂ!

ਧੀ ਵੱਲ ਵੇਖਦੀ ਤਾਂ ਧੋਖਬਾਜ ਦੀ ਯਾਦ ਆਉਂਦੀ..!

ਪੰਜ ਸਾਲ ਦੀ ਹੋ ਗਈ..ਪਰ ਪਿਓ ਨ ਇਕ ਵਾਰ ਵੀ ਸ਼ਕਲ ਨਹੀਂ ਸੀ ਵੇਖੀ..! ਹੁਣ ਸਾਰੀ ਗੱਲ ਸਮਝਦੀ ਵੀ ਸੀ..ਅਕਸਰ ਕਈ ਵਾਰ ਜਦੋਂ ਮੈਨੂੰ ਰੋਂਦੀ ਹੋਈ ਨੂੰ ਚੁੱਪ ਕਰਾਉਂਦੀ ਤਾਂ ਅਰਸ਼ੋਂ ਉੱਤਰੀ ਮੇਰੀ ਮਾਂ ਦੀ ਹੀ ਰੂਹ ਲੱਗਦੀ..!ਅਖੀਰ ਵਿਚ ਏਨਾ ਹੀ ਅਖਾਗੀ..ਅਜੋਕੇ ਪਦਾਰਥਵਾਦ ਵਿਚ ਹਰ ਮੋੜ ਤੇ ਸੱਚ ਅਤੇ ਹਮਦਰਦੀ ਦੇ ਕੱਪੜੇ ਪਾਈ ਵਿਚਰ ਰਿਹਾ ਝੂਠ ਜਰੂਰ ਮਿਲੇਗਾ..ਮਾਸੂਮ ਨਿਮਾਣਾ ਅਤੇ ਅਣਭੋਲ ਜਿਹਾ ਬਣਕੇ..!ਪਹਿਲਾਂ ਆਪਣੇ ਸ਼ਿਕਾਰ ਨੂੰ ਜਜਬਾਤੀ ਕਰੇਗਾ..ਫੇਰ ਉਸਦੀਆਂ ਕਮਜ਼ੋਰੀਆਂ ਨੂੰ ਬਖੂਬੀ ਵਰਤ ਇੱਕ ਦਿਨ ਕੱਖੋਂ ਹੌਲਾ ਕਰ ਸਦਾ ਲਈ ਕੂੜੇਦਾਨ ਵਿਚ ਸਿੱਟ ਦੇਵੇਗਾ!ਆਓ ਆਪਣੀ ਔਲਾਦ ਅਤੇ ਮਿੱਤਰ ਪਿਆਰਿਆਂ ਨੂੰ ਜਿੰਦਗੀ ਦੇ ਫੈਸਲੇ ਵਾਲੀਆਂ ਅਹਿਮ ਘੜੀਆਂ ਵੇਲੇ ਦਿਲੋਂ-ਦਿਮਾਗ ਦੇ ਬੂਹੇ ਖੁੱਲੇ ਰੱਖਣੇ ਸਿਖਾਈਏ..!ਕਿਓੰਕੇ ਫਰੇਬ ਦੀ ਆਰੀ ਚੱਲਣ ਮਗਰੋਂ ਦੋ ਟੋਟੇ ਹੋ ਗਿਆਂ ਨੂੰ ਕੋਈ ਨਹੀਂ ਪੁੱਛਦਾ..ਉਲਟਾ ਅੱਧ ਵਿਚਾਲੇ ਆ ਗਈ ਇਸ ਕੂਲ੍ਹੇਹਣੀਂ ਜਿਹੀ ਖੜੋਤ ਵੱਲ ਵੇਖ ਜਿਆਦਾਤਰ ਕੋਲੋਂ ਲੰਘਦੇ ਟਿੱਚਰ ਮਖੌਲਾਂ ਹੀ ਕਰਦੇ ਮਿਲਦੇ ਨੇ!ਵੈਸੇ ਇਸ ਹਕੀਕਤ ਤੋਂ ਵੀ ਕਦੀ ਮੂੰਹ ਨਹੀਂ ਮੋੜਿਆ ਜਾ ਸਕਦਾ ਕੇ ਜੇ ਜਮਾਨੇ ਦੀਆਂ ਜਿਆਦਤਰ "ਮੁਹੱਬਤਾਂ" ਬਾਹਰੀ ਸ਼ਕਲਾਂ ਸੂਰਤਾਂ ਦੀ ਚਕਾਚੌਂਦ ਕਰਕੇ ਹੀ ਹੋਇਆ ਕਰਦੀਆਂ ਤਾਂ ਰੱਬ ਸ਼ਾਇਦ "ਦਿੱਲ" ਨਾਮ ਦੀ ਚੀਜ ਕਦੇ ਵੀ ਨਾ ਬਣਾਉਂਦਾ!