ਹਸਤਕਲਾ ਦਾ ਅਨਿੱਖੜਵਾਂ ਅੰਗ ਸੰਕੇਤ-ਲਿਪੀ

ਹਸਤਕਲਾ ਦਾ ਅਨਿੱਖੜਵਾਂ ਅੰਗ ਸੰਕੇਤ-ਲਿਪੀ

ਗੁਰਪ੍ਰੀਤ ਸਿੰਘ ਚੰਬਲ
(98881-40052)

ਕੁਦਰਤੀ ਤੌਰ ਤੇ ਮਨੁੱਖ ਦੇ ਹੱਥ ਵਿੱਚ ਕੋਈ ਨਾ ਕੋਈ ਅਜਿਹੀ ਕਲਾ ਸਮੋਈ ਹੁੰਦੀ ਹੈ ਜਿਸ ਕਾਰਨ ਮਨੁੱਖ ਕਲਾਕਾਰ ਬਣਦਾ ਹੈ। ਪ੍ਰੰਤੂ ਇਹ ਕਲਾ ਜੇਕਰ ਸਮੇਂ ਸਿਰ ਨਿੱਖੜ ਕੇ ਮਨੁੱਖ ਦੇ ਸਾਹਮਣੇ ਪ੍ਰਕਾਸ਼ਮਾਨ ਹੋਵੇ ਤਾਂ ਹੀ ਉਹ ਇਸ ਦੀ ਸੁਯੋਗ ਵਰਤੋਂ ਕਰਕੇ ਕਲਾਕਾਰ ਬਣ ਸਕਦਾ ਹੈ। ਇਸੇ ਤਰਾਂ ਅਸੀਂ ਇੱਥੇ ਗੱਲ ਕਰਦੇ ਹਾਂ ਮਨੁੱਖ ਦੇ ਅੰਦਰ ਬੈਠੀ ਇੱਕ ਅਜਿਹੀ ਹਸਤਕਲਾ ਦੀ ਜਿਸ ਕਾਰਨ ਮਨੁੱਖ ਅਜੋਕੇ ਯੁੱਗ ਵਿੱਚ ਆਪਣਾ ਭਵਿੱਖ ਸੰਵਾਰ ਸਕਦਾ ਹੈ। ਹਸਤਕਲਾ ਦਾ ਇੱਕ ਨਮੂਨਾ ਹੈ ਸੰਕੇਤ-ਲਿਪੀ ਜਿਸ ਨੂੰ ਆਮ ਕਰਕੇ ਸਟੈਨੋ ਜਾਂ ਸਟੈਨੋਗ੍ਰਾਫੀ ਵੀ ਕਿਹਾ ਜਾਂਦਾ ਹੈ। ਕਿਸੇ ਭਾਸ਼ਾ ਨੂੰ ਸੰਕੇਤਕ ਰੂਪ ਵਿੱਚ ਲਿਖਣ ਲਈ ਸੰਕੇਤ-ਲਿਪੀ ਦੀ ਵਰਤੋਂ ਵੀ ਕੀਤੀ ਜਾਂਦੀ ਹੈ। ਸੰਸਾਰ ਵਿੱਚ ਅਨੇਕਾਂ ਭਾਸ਼ਾਵਾਂ ਦੀਆਂ ਸੰਕੇਤ ਲਿਪੀਆਂ ਹਨ ਜਿਨ੍ਹਾਂ ਵਿੱਚੋਂ ਇੱਕ ਪੰਜਾਬੀ ਪ੍ਰਮਾਣਿਕ ਸੰਕੇਤ-ਲਿਪੀ ਵੀ ਹੈ। ਸੰਕੇਤ-ਲਿਪੀ ਹਸਤਕਲਾ ਦਾ ਇੱਕ ਅਨਿੱਖੜਵਾਂ ਅੰਗ ਹੈ। ਸੰਕੇਤ-ਲਿਪੀ ਨੂੰ ਹਸਤਕਲਾ ਦੀ ਸੰਘਿਆ ਇਸ ਕਰਕੇ ਦੇ ਰਹੇ ਹਾਂ ਕਿਉਂਕਿ ਇਸ ਨੂੰ ਹੱਥ ਦੁਆਰਾ ਹੀ ਲਿਖਿਆ ਜਾਂਦਾ ਹੈ। ਜਿਸ ਤਰ੍ਹਾਂ ਕਿਸੇ ਵੀ ਸੰਸਾਰਕ ਭਾਸ਼ਾ ਨੂੰ ਲਿਖਣ ਦੇ ਮਾਧਿਅਮ ਦੀ ਵਰਤੋਂ ਹੁੰਦੀ ਹੈ ਠੀਕ ਉਸੇ ਤਰ੍ਹਾਂ ਹੀ ਸੰਕੇਤ-ਲਿਪੀ ਵੀ ਲਿਖੀ ਜਾਂਦੀ ਹੈ। ਭਾਸ਼ਾ ਵੀ ਹਸਤਕਲਾ ਦਾ ਇੱਕ ਅਨੋਖਾ ਨਮੂਨਾ ਹੈ ਕਿਉਂਕਿ ਹਰ ਮਨੁੱਖ ਦਾ ਅੱਖਰ ਲਿਖਣ ਦਾ ਢੰਗ ਵੱਖਰਾ ਹੈ। ਹਰ ਵਿਅਕਤੀ ਅੱਖਰਾਂ ਨੂੰ ਆਪਣੀ ਸੁਹਜ ਮੁਤਾਬਕ ਰੂਪ ਦਿੰਦਾ ਹੈ ਇਸੇ ਕਰਕੇ ਹੀ ਭਾਸ਼ਾ ਨੂੰ ਵੀ ਹਸਤਕਲਾ ਦੀ ਸ਼੍ਰੇਣੀ ਵਿੱਚ ਗਿਣਿਆ ਜਾਂਦਾ ਹੈ। ਸੰਕੇਤ-ਲਿਪੀ ਦੀ ਵਰਤੋਂ ਕਾਫੀ ਲੰਮੇ ਸਮੇਂ ਤੋਂ ਹੋ ਰਹੀ ਹੈ। ਸੰਕੇਤ-ਲਿਪੀ ਦੇ ਇਤਿਹਾਸ ਦੀ ਗੱਲ ਕਰੀਏ ਤਾਂ ਇਹ ਕਹਿਣਾ ਸੁਭਾਵਿਕ ਹੈ ਕਿ ਮਨੁੱਖ ਦੀ ਸੱਭਿਅਤਾ ਦੇ ਨਾਲ-ਨਾਲ ਹੀ ਇਸ ਦਾ ਵਿਕਾਸ ਵੀ ਪੜਾਅ-ਦਰ-ਪੜਾਅ ਹੁੰਦਾ ਆਇਆ ਹੈ।

ਸੰਕੇਤ-ਲਿਪੀ ਵਿੱਚ ਕਿਸੇ ਵੀ ਭਾਸ਼ਾ ਦੇ ਅੱਖਰਾਂ ਅਤੇ ਸਵਰਾਂ ਨੂੰ ਲਿਪੀਬੱਧ ਕਰਨ ਲਈ ਵਿਸ਼ੇਸ਼ ਚਿੰਨ੍ਹਾਂ ਜਾਂ ਸੰਕੇਤਾਂ ਦੀ ਵਰਤੋਂ ਕੀਤੀ ਜਾਂਦੀ ਹੈ। ਜ਼ਰੂਰੀ ਨਹੀਂ ਕਿ ਹਰ ਇੱਕ ਮਨੁੱਖ ਦੇ ਕਿਸੇ ਭਾਸ਼ਾ ਦੀ ਸੰਕੇਤ-ਲਿਪੀ ਲਿਖਣ ਵੇਲੇ ਸੰਕੇਤ ਇੱਕੋ ਜਿਹੇ ਹੋਣ ਇਹ ਭਿੰਨ-ਭਿੰਨ ਵੀ ਹੋ ਸਕਦੇ ਹਨ ਪ੍ਰੰਤੂ ਕਿਸੇ ਵੀ ਭਾਸ਼ਾ ਦੀ ਸੰਕੇਤ-ਲਿਪੀ ਲਿਖਣ ਵੇਲੇ ਇੱਕ ਸੁਯੋਗ ਵਿਧੀ ਦੀ ਵਰਤੋਂ ਕਰਨਾ ਬਹੁਤ ਹੀ ਜ਼ਰੂਰੀ ਹੈ। ਇਸ ਵਿਧੀ ਵਿੱਚ ਹਰ ਇੱਕ ਅੱਖਰ ਲਈ ਇੱਕ ਖਾਸ ਸੰਕੇਤ ਵਰਤਿਆ ਜਾਂਦਾ ਹੈ। ਸੰਕੇਤ ਦੀ ਪਛਾਣ ਕਰਨ ਲਈ ਇਹਨਾਂ ਨੂੰ ਗੂੜ੍ਹੇ ਤੇ ਫਿੱਕੇ ਦੋ ਵਰਨਾਂ ਵਿੱਚ ਅਤੇ ਰੂਪ ਜਾਂ ਦਿਸ਼ਾ ਦੇ ਆਧਾਰ ਤੇ ਸੂਤਰਬੱਧ ਕੀਤਾ ਜਾਂਦਾ ਹੈ। ਪੰਜਾਬੀ ਭਾਸ਼ਾ ਦੀ ਪ੍ਰਮਾਣਿਕ ਸੰਕੇਤ-ਲਿਪੀ ਜੋ ਕਿ ਭਾਸ਼ਾ ਵਿਭਾਗ ਪੰਜਾਬ ਦੁਆਰਾ ਤਿਆਰ ਕਰਕੇ ਕਾਫੀ ਲੰਮੇ ਅਰਸੇ ਤੋਂ ਪ੍ਰਮਾਣਿਕ ਸੰਕੇਤ-ਲਿਪੀ ਕਿਤਾਬਚੇ ਦੇ ਰੂਪ ਵਿੱਚ ਛਪਦੀ ਆ ਰਹੀ ਹੈ ਉਸ ਵਿੱਚ ਪੰਜਾਬੀ ਭਾਸ਼ਾ ਦੇ ਕੁੱਲ 34 ਵਿਅੰਜਨਾਂ ਦੀਆਂ ਸੰਕੇਤ ਰੇਖਾਵਾਂ ਦਿੱਤੀਆਂ ਗਈਆਂ ਹਨ। ਓ,ਅ ਅਤੇ ੲ ਨੂੰ ਛੱਡ ਕੇ ਬਾਕੀ ਦੇ ਸ,ਹ ਅਤੇ ਕਵਰਗ, ਚਵਰਗ, ਟਵਰਗ, ਤਵਰਗ,ਪਵਰਗ ਅਤੇ ਯ, ਰ,ਲ,ਵ,ੜ ਤੱਕ ਦੇ ਵਿਅੰਜਨਾਂ ਦੀਆਂ ਸੰਕੇਤ ਰੇਖਾਵਾਂ ਜਿਨ੍ਹਾਂ ਦੀ ਗਿਣਤੀ 32 ਹੈ ਆਉਂਦੀਆਂ ਹਨ ਅਤੇ 2 ਸੰਕੇਤਕ ਰੇਖਾਵਾਂ ਸ਼ ਅਤੇ ਜ਼ ਨੂੰ ਵੀ ਸੰਕੇਤ ਦਾ ਰੂਪ ਦਿੱਤਾ ਗਿਆ ਹੈ ਜਿਸ ਨਾਲ ਇਨ੍ਹਾਂ ਦੀ ਕੁੱਲ ਗਿਣਤੀ 34 ਦਰਸਾਈ ਗਈ ਹੈ। ਓ,ਅ, ੲ ਨੂੰ ਪੰਜਾਬੀ ਸੰਕੇਤ-ਲਿਪੀ ਵਿੱਚ ਸਵਰ ਵਾਹਕਾਂ ਦਾ ਦਰਜਾ ਦਿੱਤਾ ਗਿਆ ਹੈ। ਇਨ੍ਹਾਂ ਤਿੰਨ ਸਵਰ ਵਾਹਕਾਂ ਤੋਂ ਅੱਗੇ ਜਾ ਕੇ ਪੰਜਾਬੀ ਸੰਕੇਤ-ਲਿਪੀ ਵਿੱਚ ਵਰਤੇ ਜਾਂਦੇ 11 ਸਵਰਾਂ ਦੀ ਰਚਨਾ ਕੀਤੀ ਗਈ ਹੈ।

ਸੰਕੇਤ-ਲਿਪੀ ਦੀ ਵਰਤੋਂ ਕਰਨ ਦਾ ਮੁੱਖ ਮੰਤਵ ਇਹ ਸੀ ਕਿ ਬਹੁਤੇ ਸ਼ਬਦਾਂ ਨੂੰ ਸੰਖੇਪ ਰੂਪ ਵਿੱਚ ਤੇਜ਼ ਗਤੀ ਨਾਲ ਲਿਖਿਆ ਜਾ ਸਕੇ। ਸੰਕੇਤ-ਲਿਪੀ ਵਿੱਚ ਸ਼ਬਦਾਂ ਨੂੰ ਲਿਖਣਾ ਇੱਕ ਪ੍ਰਕਾਰ ਦੀ ਵਿਗਿਆਨਕ ਵਿਧੀ ਹੈ। ਸੰਕੇਤ-ਲਿਪੀ ਵਿੱਚ ਜੋ ਕੁਝ ਕਿਸੇ ਦੁਆਰਾ ਬੋਲਿਆ ਜਾਂਦਾ ਹੈ ਉਸਨੂੰ ਹੂ-ਬ-ਹੂ ਠੀਕ ਉਸੇ ਰੂਪ ਵਿੱਚ ਲਿਖਿਆ ਜਾਂਦਾ ਹੈ। ਆਮ ਕਰਕੇ ਮਨੁੱਖ ਇਹੀ ਸੋਚਦਾ ਹੈ ਕਿ ਉਹ ਜੋ ਕੁਝ ਲਿਖਣਾ ਚਾਹੁੰਦਾ ਹੈ ਉਸ ਨੂੰ ਕਿਸੇ ਭਾਸ਼ਾ ਦੇ ਮਾਧਿਅਮ ਰਾਹੀਂ ਲਿਖਤੀ ਰੂਪ ਵਿੱਚ ਪ੍ਰਗਟ ਕਰ ਸਕੇ। ਸੰਕੇਤ-ਲਿਪੀ ਮਨੁੱਖ ਦੀ ਇਸ ਰੁਚੀ ਨੂੰ ਅੰਤਿਮ ਰੂਪ ਦੇਣ ਲਈ ਭਾਸ਼ਿਕ ਸੰਕੇਤਾਂ ਦਾ ਰੂਪ ਦੇ ਕੇ ਆਪਣਾ ਕਾਰਜ ਕਰਦੀ ਹੈ। ਸੰਕੇਤ-ਲਿਪੀ ਦੇ ਚਿੰਨ੍ਹ ਜਾਂ ਰੇਖਾਵਾਂ ਲਿਖਣ ਵੇਲੇ ਅਸੀਂ ਆਪਣੀ ਹੱਥਾਂ ਦੀ ਕਲਾ ਦਾ ਇਸਤੇਮਾਲ ਕਰਦੇ ਹਾਂ ਜਿਸ ਨਾਲ ਅਸੀਂ ਸੰਕੇਤ ਦੇ ਨਕਸ਼ ਨੂੰ ਭਾਸ਼ਿਕ ਸ਼ਬਦਾਂ ਦਾ ਰੂਪ ਦੇ ਕੇ ਲਿਪੀਬੱਧ ਕਰਦੇ ਹਾਂ। ਮਨੁੱਖ ਦੀ ਲਿਖਣ ਦੀ ਸ਼ਕਤੀ ਤੇ ਹੱਥਾਂ ਦੀ ਤੇਜ਼ ਗਤੀ ਇਸ ਵਿੱਚ ਹੋਰ ਵੀ ਰੰਗ ਭਰਦੀ ਹੈ ਕਿਉਂਕਿ ਸਟੈਨੋਗ੍ਰਾਫੀ ਵਿੱਚ ਬਹੁਤੇ ਸ਼ਬਦਾਂ ਨੂੰ ਤੇਜ਼ ਗਤੀ ਨਾਲ ਘੱਟ ਸਮੇਂ ਵਿੱਚ ਲਿਖਣ ਦਾ ਪ੍ਰਚਲਨ ਹੈ। ਅਜੋਕੇ ਦੌਰ ਵਿੱਚ ਇਸ ਦੀ ਵਰਤੋਂ ਸਰਕਾਰੀ ਦਫਤਰਾਂ ਦੇ ਕੰਮ-ਕਾਜ ਵਿੱਚ ਵਧੇਰੇ ਕੀਤੀ ਜਾਂਦੀ ਹੈ।

ਪੰਜਾਬ ਸਰਕਾਰ ਅਧੀਨ ਚੱਲ ਰਹੇ ਬਹੁਤ ਸਾਰੇ ਵਿਭਾਗਾਂ ਵਿੱਚ ਸਟੈਨੋਗ੍ਰਾਫੀ ਦੀਆਂ ਆਸਾਮੀਆਂ ਹਨ। ਅਦਾਲਤਾਂ ਵਿੱਚ ਵੀ ਸਟੈਨੋਗ੍ਰਾਫੀ ਦੀਆਂ ਕਾਫੀ ਆਸਾਮੀਆਂ ਹੁੰਦੀਆਂ ਹਨ ਕਿਉਂਕਿ ਅਦਾਲਤਾਂ ਵਿੱਚ ਚੱਲਦੇ ਕੰਮ-ਕਾਜ ਨੂੰ ਤੇਜ਼ ਗਤੀ ਨਾਲ ਕਰਨ ਲਈ ਸੰਕੇਤ-ਲਿਪੀ ਜਾਣਨ ਵਾਲੇ ਯੋਗ ਸਿਖਿਆਰਥੀਆਂ ਦੀ ਵਧੇਰੇ ਲੋੜ ਰਹਿੰਦੀ ਹੈ। ਪੰਜਾਬ ਪ੍ਰਾਂਤ ਵਿੱਚ ਸੰਕੇਤ-ਲਿਪੀ ਦੀਆਂ ਪੁਸਤਕਾਂ ਭਾਸ਼ਾ ਵਿਭਾਗ ਪੰਜਾਬ ਦੁਆਰਾ ਪ੍ਰਕਾਸ਼ਿਤ ਕੀਤੀਆਂ ਜਾਂਦੀਆਂ ਹਨ ਇਸ ਤੋਂ ਇਲਾਵਾ ਪੰਜਾਬ ਦੇ ਸ਼ਾਹੀ ਸ਼ਹਿਰ ਪਟਿਆਲਾ ਦੇ ਸਵ. ਸਰਦਾਰ ਰਜਿੰਦਰ ਸਿੰਘ ਨੇ ਵੀ ਪੰਜਾਬੀ ਸੰਕੇਤ-ਲਿਪੀ ਦੀਆਂ ਬਹੁਤ ਸਾਰੀਆਂ ਵਿਧੀਆਂ ਤੋਂ ਜਾਣੂ ਕਰਵਾਉਣ ਵਾਲੀਆਂ ਕਿਤਾਬਾਂ ਦੀ ਰਚਨਾ ਕੀਤੀ ਹੈ। ਇਸ ਸਮੇਂ ਪੰਜਾਬ ਦੇ ਸਾਰੇ ਵਿਭਾਗਾਂ ਵਿੱਚ ਸਟੈਨੋਗ੍ਰਾਫੀ ਦੀਆਂ ਆਸਾਮੀਆਂ ਦੀ ਪੂਰਤੀ ਲਈ ਭਾਸ਼ਾ ਵਿਭਾਗ ਪੰਜਾਬ ਦੇ ਸਾਰੇ ਜ਼ਿਲ੍ਹਾ ਭਾਸ਼ਾ ਦਫਤਰਾਂ, ਪੰਜਾਬ ਦੀਆਂ ਸਮੂਹ ਆਈ.ਟੀ.ਆਈਜ਼. ਅਤੇ ਰੱਖਿਆ ਸੇਵਾਵਾਂ ਭਲਾਈ ਵਿਭਾਗ ਪੰਜਾਬ ਦੇ ਤਿੰਨ ਜ਼ਿਲ੍ਹਿਆਂ ਪਟਿਆਲਾ, ਮੋਹਾਲੀ ਅਤੇ ਰੋਪੜ ਵਿੱਚ ਯੋਗ ਸਿਖਿਆਰਥੀਆਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ। ਸੰਕੇਤ-ਲਿਪੀ ਦੀ ਸਿਖਲਾਈ ਲਈ ਸਿਖਿਆਰਥੀਆਂ ਨੂੰ ਸਬੰਧਤ ਭਾਸ਼ਾ ਦਾ ਸੁਯੋਗ ਤੇ ਬਰੀਕੀ ਗਿਆਨ ਹੋਣਾ ਬਹੁਤ ਲਾਜ਼ਮੀ ਹੈ।