ਪਿੰਡ ਸੇਖੋਵਾਲ ਦੀ ਜ਼ਮੀਨ 'ਤੇ ਧੱਕੇ ਨਾਲ ਕਬਜ਼ਾ ਕਰਨ ਲਈ ਸਰਕਾਰ ਨੇ ਸਰਪੰਚਣੀ ਨੂੰ ਚੁੱਕਿਆ

ਪਿੰਡ ਸੇਖੋਵਾਲ ਦੀ ਜ਼ਮੀਨ 'ਤੇ ਧੱਕੇ ਨਾਲ ਕਬਜ਼ਾ ਕਰਨ ਲਈ ਸਰਕਾਰ ਨੇ ਸਰਪੰਚਣੀ ਨੂੰ ਚੁੱਕਿਆ

ਅੰਮ੍ਰਿਤਸਰ ਟਾਈਮਜ਼ ਬਿਊਰੋ

ਪੰਜਾਬ ਸਰਕਾਰ ਵਲੋਂ ਇੰਡਸਟਰੀਅਲ ਪਾਰਕ ਬਣਾਉਣ ਦੇ ਨਾਂ 'ਤੇ ਹੁਣ ਸੇਖੋਵਾਲ ਪਿੰਡ ਦੀ ਜ਼ਮੀਨ 'ਤੇ ਕਬਜ਼ਾ ਕਰਨ ਲਈ ਸਰਕਾਰੀ ਪ੍ਰਸ਼ਾਸਨ ਨੇ ਸਾਰੀਆਂ ਸ਼ਰਮਾਂ ਲਾਹ ਦਿੱਤੀਆਂ ਹਨ। ਬੁੱਧਵਾਰ ਸ਼ਾਮ ਨੂੰ ਬੀਡੀਪੀਓ ਅਤੇ ਸੈਕਟਰੀ ਪੰਜਾਬ ਪੁਲਸ ਦੀ ਵੱਡੀ ਧਾੜ ਲੈ ਕੇ ਪਿੰਡ ਸੇਖੋਵਾਲ ਪਹੁੰਚੇ ਅਤੇ ਸਰਪੰਚਣੀ ਅਮਰੀਕ ਕੌਰ, ਸਾਬਕਾ ਸਰਪੰਚ ਧੀਰ ਸਿੰਘ ਅਤੇ ਪੰਚ ਖਜ਼ਾਨ ਨੂੰ ਚੁੱਕ ਕੇ  400 ਏਕੜ ਪੰਚਾਇਤੀ ਜ਼ਮੀਨ ਸਰਕਾਰ ਦੇ ਨਾਮ ਤਬਦੀਲ ਕਰਨ ਲਈ ਕੂੰਮਕਲਾਂ ਤਹਿਸੀਲ ਲਿਆਂਦਾ ਗਿਆ। 

ਸਰਕਾਰੀ ਪ੍ਰਸ਼ਾਸਨ ਨੇ ਦੇਰ ਰਾਤ ਤਕ ਰਜਿਸਟਰੀ ਕਰਾਉਣ ਲਈ ਤਹਿਸੀਲ ਖੁੱਲ੍ਹੀ ਰੱਖੀ। ਪਰ ਪਿੰਡ ਦੀ ਸਰਪੰਚ ਅਤੇ ਪੰਚਾਇਤ ਮੈਂਬਰ ਪਿੰਡ ਦੇ ਫੈਂਸਲੇ ਮੁਤਾਬਕ ਜ਼ਮੀਨ ਸਰਕਾਰ ਦੇ ਨਾਂ ਕਰਾਉਣ ਤੋਂ ਇਨਕਾਰੀ ਹੋ ਗਏ ਤੇ ਰਜਿਸਟਰੀ 'ਤੇ ਦਸਤਖਤ ਨਾ ਕੀਤੇ। 

ਇਸ ਘਟਨਾ ਬਾਰੇ ਪਤਾ ਲੱਗਣ 'ਤੇ ਵੱਡੀ ਗਿਣਤੀ ਵਿਚ ਲੋਕ ਤਹਿਸੀਲ ਦਫਤਰ ਦੇ ਬਾਹਰ ਇਕੱਠੇ ਹੋਏ ਅਤੇ ਸਰਕਾਰ ਦੀ ਧੱਕੇਸ਼ਾਹੀ ਖਿਲਾਫ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਲੋਕਾਂ ਦੇ ਰੋਹ ਨੂੰ ਦੇਖਦਿਆਂ ਸਰਪੰਚਣੀ ਅਤੇ ਹੋਰ ਪੰਚਾਇਤ ਮੈਂਬਰਾਂ ਨੂੰ ਛੱਡ ਦਿੱਤਾ ਗਿਆ ਤੇ ਦੇਰ ਰਾਤ ਰਜਿਸਟਰੀ ਕਰਵਾਉਣ ਲਈ ਖੋਲ੍ਹੀ ਤਹਿਸੀਲ ਬੰਦ ਕਰ ਦਿੱਤੀ ਗਈ। ਉਧਰ ਮੌਕੇ ਤੋਂ ਤਹਿਸੀਲ ਦਾ ਸਾਰਾ ਸਟਾਫ਼ ਵੀ ਖਿਸਕ ਗਿਆ।

ਪਿੰਡ ਦੇ ਸਾਬਕਾ ਸਰਪੰਚ ਧੀਰ ਸਿੰਘ ਨੇ ਦੱਸਿਆ ਕਿ ਸਰਕਾਰੀ ਅਫਸਰਾਂ ਨੇ ਪਹਿਲਾਂ ਵੀ ਪੰਚਾਇਤ ਨੂੰ ਭੁਲੇਖੇ ਵਿਚ ਰੱਖ ਕੇ ਧੋਖੇ ਨਾਲ ਪਿੰਡ ਦੀ ਜ਼ਮੀਨ ਐਕਵਾਇਰ ਕਰਨ ਦੇ ਮਤੇ 'ਤੇ ਦਸਤਖਤ ਕਰਵਾ ਲਏ ਸੀ, ਪਰ ਬਾਅਦ ਵਿਚ ਸਰਕਾਰੀ ਦੀ ਸਾਰੀ ਚਾਲ ਦਾ ਪਰਦਾ ਖੁੱਲ੍ਹਣ ਮਗਰੋਂ ਪਿੰਡ ਦੀ ਗ੍ਰਾਮ ਸਭਾ ਅਤੇ ਪੰਚਾਇਤ ਨੇ ਸਰਕਾਰੀ ਧੋਖੇ ਨਾਲ ਪਾਏ ਗਏ ਮਤੇ ਨੂੰ ਰੱਦ ਕਰਦਿਆਂ ਪਿੰਡ ਦੀ ਜ਼ਮੀਨ ਨਾ ਦੇਣ ਦਾ ਐਲਾਨ ਕਰਦਾ ਮਤਾ ਪਾਇਆ ਸੀ। ਉਹਨਾਂ ਕਿਹਾ ਕਿ ਸਾਰਾ ਪਿੰਡ ਸਰਕਾਰ ਦੀ ਇਸ ਧੱਕੇਸ਼ਾਹੀ ਖਿਲਾਫ ਇਕਮੁੱਠ ਹੈ ਅਤੇ ਉਹ ਸਰਕਾਰ ਦੀ ਧੱਕੇਸ਼ਾਹੀ ਅੱਗੇ ਨਹੀਂ ਝੁਕਣਗੇ।

ਸਰਪੰਚ ਅਮਰੀਕ ਕੌਰ ਨੇ ਦੱਸਿਆ ਕਿ ਰਾਤ ਵੇਲੇ ਤਹਿਸੀਲ ਦਫ਼ਤਰ ਦੇ ਮੁਲਾਜ਼ਮ ਤੇ ਪੁਲੀਸ ਉਨ੍ਹਾਂ ਦੇ ਘਰ ਆਈ ਅਤੇ ਉਨ੍ਹਾਂ ਨੂੰ ਆਪਣੇ ਨਾਲ ਗੱਡੀ ’ਚ ਬਿਠਾ ਕੇ ਸਿੱਧਾ ਸਬ ਰਜਿਸਟਰਾਰ ਦਫ਼ਤਰ ਲੈ ਗਏ। ਜਦੋਂ ਉਥੇ ਲੋਕਾਂ ਨੇ ਹੰਗਾਮਾ ਕੀਤਾ ਤਾਂ ਉਹ ਉਨ੍ਹਾਂ ਨੂੰ ਲੈ ਕੇ ਉਥੋਂ ਚਲੇ ਗਏ। ਕਾਫ਼ੀ ਦੇਰ ਬਾਅਦ ਉਨ੍ਹਾਂ ਨੂੰ ਕੂੰਮਕਲਾਂ ਥਾਣੇ ਲਿਆਂਦਾ ਗਿਆ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਹਨ੍ਹੇਰੇ ’ਚ ਰੱਖ ਕੇ ਮਤਾ ਪਾਸ ਕਰਵਾਇਆ ਸੀ, ਜਿਸਨੂੰ ਪੰਚਾਇਤ ਨੇ ਬਾਅਦ ’ਚ ਰੱਦ ਕਰ ਦਿੱਤਾ ਸੀ।

ਜ਼ਿਕਰਯੋਗ ਹੈ ਕਿ ਇਹ ਸੇਖੋਵਾਲ ਪਿੰਡ ਦੀ ਜ਼ਮੀਨ ਲੁਧਿਆਣਾ ਨੇੜਲੇ ਮੱਤੇਵਾੜਾ ਜੰਗਲ ਅਤੇ ਸਤਲੁੱਜ ਦਰਿਆ ਦੇ ਬਿਲਕੁਲ ਨਾਲ ਲਗਦੀ ਹੈ। ਇਸ ਪਿੰਡ ਦੀ 400 ਏਕੜ ਤੋਂ ਵੱਧ ਜ਼ਮੀਨ 'ਤੇ ਸਰਕਾਰ ਇੰਡਸਟਰੀਅਲ ਪਾਰਕ ਉਸਾਰਨ ਦਾ ਮਤਾ ਪਾਸ ਕਰ ਚੁੱਕੀ ਹੈ। ਸਰਕਾਰ ਦੇ ਇਸ ਫੈਂਸਲੇ ਦਾ ਪਿੰਡ ਵਾਸੀਆਂ ਦੇ ਨਾਲ-ਨਾਲ ਪੰਜਾਬ ਦੇ ਵਾਤਾਵਰਨ ਪ੍ਰੇਮੀ ਅਤੇ ਵਿਦਿਆਰਥੀ ਵਿਰੋਧ ਕਰ ਰਹੇ ਹਨ। ਇਹਨਾਂ ਦਾ ਕਹਿਣਾ ਹੈ ਕਿ ਜਿੱਥੇ ਇਸ ਜ਼ਮੀਨ ਵਿਚ ਇੰਡਸਟਰੀਅਲ ਪਾਰਕ ਉਸਾਰਨ ਨਾਲ ਮੱਤੇਵਾੜਾ ਜੰਗਲ ਅਤੇ ਸਤਲੁੱਜ ਦਰਿਆ ਬਰਬਾਦ ਹੋ ਜਾਣਗੇ ਉੱਥੇ ਸਰਕਾਰ ਦਾ ਇਹ ਫੈਂਸਲਾ ਇਕ ਪੂਰੇ ਪਿੰਡ ਨੂੰ ਉਜਾੜ ਦਵੇਗਾ।