ਲੋਕ ਸਭਾ ਚੋਣਾਂ-2024-ਦੌਰਾਨ ਪੰਥਕ ਤੇ ਸਿਆਸੀ ਸੰਕਟ  ਦਾ ਸਾਹਮਣਾ ਕਰ ਰਿਹਾ ਹੈ ਅਕਾਲੀ ਦਲ

ਲੋਕ ਸਭਾ ਚੋਣਾਂ-2024-ਦੌਰਾਨ ਪੰਥਕ ਤੇ ਸਿਆਸੀ ਸੰਕਟ  ਦਾ ਸਾਹਮਣਾ ਕਰ ਰਿਹਾ ਹੈ ਅਕਾਲੀ ਦਲ

*ਗੁਰੂ ਗਰੰਥ ਸਾਹਿਬ ਦੀ ਬੇਅਦਬੀ ਤੇ ਪੰਜਾਬ ਦੀ ਖੁਦਮੁਖਤਿਆਰੀ ਹਾਲੇ ਵੀ ਵੱਡਾ ਪੰਥਕ ਮੁਦਾ

* ਰਾਜਾਂ ਲਈ ਵਧੇਰੇ ਅਧਿਕਾਰ ਹਾਸਲ ਕਰਨਾ  ਅਕਾਲੀ ਦਲ ਦਾ ਮੁਖ ਏਜੰਡਾ ਹੋਵੇ-ਚਿੰਤਕ ਸਤਨਾਮ ਮਾਣਕ

*ਸ਼੍ਰੋਮਣੀ ਕਮੇਟੀ ਨੂੰ ਨਿਰੋਲ ਗੁਰਦੁਆਰਿਆਂ ਦੀ ਸਾਂਭ ਸੰਭਾਲ ਅਤੇ ਸਿੱਖ ਪ੍ਰਚਾਰ ਲਈ ਆਜ਼ਾਦ ਕਰਨਾ ਪਵੇਗਾ-ਬਾਗੜੀਆਂ

*ਪੰਥ ਤੇ ਪੰਜਾਬ ਦਾ ਵਿਸ਼ਵਾਸ ਜਿਤਣਾ ਸਾਡਾ ਪਹਿਲਾ ਮਨੋਰਥ,ਭਾਵੇਂ ਅਸੀਂ ਕੋਈ ਸੀਟ ਨਾ ਜਿਤੀਏ- ਸੁਖਬੀਰ

ਸ਼੍ਰੋਮਣੀ ਅਕਾਲੀ ਦਲ ਜਿਸ ਨੇ ਦੇਸ਼ ਦੀ ਆਜ਼ਾਦੀ ਅਤੇ ਆਜ਼ਾਦੀ ਤੋਂ ਬਾਅਦ ਦੇਸ਼ ਦੀ ਰਾਜਨੀਤੀ ਅਤੇ ਖ਼ਾਸ ਕਰਕੇ ਪੰਜਾਬ ਦੀ ਸਿਆਸਤ ਵਿਚ ਅਹਿਮ ਰੋਲ ਅਦਾ ਕੀਤਾ ਸੀ, ਅੱਜ ਕਈ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ। ਜੇਕਰ ਪਿਛਲੇ ਇਤਿਹਾਸ ਨੂੰ ਛੱਡ ਵੀ ਦੇਈਏ ਤਾਂ ਵੀ 1997 ਤੋਂ 2002 ਅਤੇ ਫਿਰ 2007 ਤੋਂ ਲੈ ਕੇ 2017 ਤੱਕ ਇਸ ਨੇ ਪੰਜਾਬ 'ਤੇ 15 ਸਾਲ ਰਾਜ ਕੀਤਾ ਹੈ। ਇਸ ਸਮੇਂ ਦੌਰਾਨ ਇਸ ਨੇ ਪੰਜਾਬ ਦੇ ਬੁਨਿਆਦੀ ਢਾਂਚੇ ਦੇ ਵਿਕਾਸ, ਇਤਿਹਾਸਕ ਯਾਦਗਾਰਾਂ ਦੀ ਉਸਾਰੀ ਅਤੇ ਕਿਸਾਨਾਂ ਤੇ ਹੋਰ ਗ਼ਰੀਬ ਵਰਗਾਂ ਦੀ ਭਲਾਈ ਲਈ ਅਨੇਕਾਂ ਵਿਕਾਸ ਦੇ ਕਾਰਜ ਕੀਤੇ ਹਨ ਅਤੇ ਪੰਜਾਬ ਦੀ ਖੁਦਮੁਖਤਿਆਰੀ ਲਈ ਸੰਘਰਸ਼ ਵੀ ਲੜਿਆ ਹੈ। ਬਿਨਾਂ ਸ਼ੱਕ ਇਸ ਸਮੇਂ ਦੌਰਾਨ ਇਸ ਦੀ ਲੀਡਰਸ਼ਿਪ ਨੇ ਕਈ ਵੱਡੀਆਂ ਗ਼ਲਤੀਆਂ ਵੀ ਕੀਤੀਆਂ ਹਨ, ਜਿਨ੍ਹਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਸੰਬੰਧਿਤ ਘਟਨਾਵਾਂ ਨਾਲ ਠੀਕ ਤਰ੍ਹਾਂ ਨਾਲ ਨਾ ਨਿਪਟਣਾ, ਨਸ਼ਿਆਂ ਦੇ ਪ੍ਰਚਲਣ ਨੂੰ ਰੋਕਣ ਵਿਚ ਅਸਫਲ ਰਹਿਣਾ, ਵੱਡੀ ਪੱਧਰ 'ਤੇ ਕਰਜ਼ਾ ਚੁੱਕਣਾ, ਰੇਤਾ-ਬਜਰੀ ਦੇ ਮਾਫੀਏ 'ਤੇ ਕੰਟਰੋਲ ਨਾ ਕਰ ਸਕਣਾ ਅਤੇ ਪ੍ਰਸ਼ਾਸਨ ਵਿਚੋਂ ਵੀ ਭ੍ਰਿਸ਼ਟਾਚਾਰ ਨੂੰ ਸਮਾਪਤ ਨਾ ਕਰ ਸਕਣਾ ਆਦਿ ਸ਼ਾਮਿਲ ਹਨ।

ਅਜਿਹੇ ਕਾਰਨਾਂ ਕਰਕੇ ਸਿਖਾਂ ਦੇ ਬਦਜ਼ਨ ਹੋਣ ਸਦਕਾ 2017 ਦੀਆਂ ਵਿਧਾਨ ਸਭਾ ਚੋਣਾਂ ਸਮੇਂ ਇਹ ਪਾਰਟੀ ਸੱਤਾ ਤੋਂ ਬਾਹਰ ਹੋ ਗਈ। ਇਸ ਨੂੰ ਵਿਧਾਨ ਸਭਾ ਦੀਆਂ ਸਿਰਫ਼ 15 ਸੀਟਾਂ ਮਿਲ ਸਕੀਆਂ ਅਤੇ ਇਹ 25.2 ਫ਼ੀਸਦੀ ਵੋਟਾਂ ਹੀ ਹਾਸਲ ਕਰ ਸਕੀ। 2019 ਦੀਆਂ ਲੋਕ ਸਭਾ ਚੋਣਾਂ ਵਿਚ ਵੀ ਪਾਰਟੀ ਦੀ ਕਾਰਗੁਜ਼ਾਰੀ ਕੋਈ ਬਿਹਤਰ ਨਹੀਂ ਰਹੀ, ਇਹ ਸਿਰਫ਼ ਬਠਿੰਡਾ ਤੇ ਫਿਰੋਜ਼ਪੁਰ ਦੀਆਂ 2 ਹੀ ਸੀਟਾਂ ਜਿੱਤ ਸਕੀ। ਦੋ ਸੀਟਾਂ ਹੁਸ਼ਿਆਰਪੁਰ ਅਤੇ ਗੁਰਦਾਸਪੁਰ ਇਸ ਦੀ ਭਾਈਵਾਲ ਪਾਰਟੀ ਭਾਜਪਾ ਨੇ ਜਿੱਤੀਆਂ ਅਤੇ ਬਾਕੀ 8 ਸੀਟਾਂ ਕਾਂਗਰਸ ਅਤੇ ਇਕ ਸੀਟ ਆਮ ਆਦਮੀ ਪਾਰਟੀ ਨੇ ਜਿੱਤੀ। ਲੋਕ ਸਭਾ ਦੀ ਉਸ ਚੋਣ ਦੌਰਾਨ ਪਾਰਟੀ ਨੇ 27.45 ਫ਼ੀਸਦੀ ਵੋਟਾਂ ਹਾਸਲ ਕੀਤੀਆਂ। ਬਾਅਦ ਵਿਚ ਕਿਸਾਨ ਅੰਦੋਲਨ ਦੇ ਮੁੱਦੇ 'ਤੇ ਇਸ ਨੇ ਆਪਣੀ ਪੁਰਾਣੀ ਭਾਈਵਾਲ ਪਾਰਟੀ ਭਾਜਪਾ ਨਾਲੋਂ ਨਾਤਾ ਤੋੜ ਲਿਆ ਅਤੇ 2022 ਦੀਆਂ ਵਿਧਾਨ ਸਭਾ ਚੋਣਾਂ ਇਸ ਨੇ ਬਸਪਾ ਨਾਲ ਗੱਠਜੋੜ ਕਰਕੇ ਲੜੀਆਂ, ਇਸ ਨੂੰ ਸਿਰਫ਼ 3 ਸੀਟਾਂ ਪ੍ਰਾਪਤ ਹੋਈਆਂ। ਇਸ ਦਾ ਵੋਟ ਸ਼ੇਅਰ ਵੀ ਘਟ ਕੇ 18.38 ਫ਼ੀਸਦੀ ਰਹਿ ਗਿਆ। ਇਸ ਦੀ ਨਵੀਂ ਬਣੀ ਭਾਈਵਾਲ ਪਾਰਟੀ ਬਸਪਾ ਨੂੰ ਵੀ ਸਿਰਫ਼ ਇਕ ਸੀਟ ਪ੍ਰਾਪਤ ਹੋਈ।

 ਮੌਜੂਦਾ ਲੋਕ ਸਭਾ ਚੋਣਾਂ ਸਮੇਂ ਵੀ ਸਥਿਤੀਆਂ ਅਜਿਹੀਆਂ ਬਣੀਆਂ ਕਿ ਇਸ ਦਾ ਪੰਥਕ ਮੁਦਿਆਂ ਕਾਰਣ ਭਾਜਪਾ ਨਾਲ ਚੋਣ ਸਮਝੌਤਾ ਨਹੀਂ ਹੋ ਸਕਿਆ ।ਭਾਜਪਾ ਅਕਾਲੀ ਦਲ ਦੀ ਮੰਗ ਬੰਦੀ ਸਿਖਾਂ ਦੀ ਰਿਹਾਈ ਲਈ ਤਿਆਰ ਨਹੀਂ ਸੀ।ਖ਼ਾਸ ਕਰਕੇ ਦੁਬਾਰਾ ਕਿਸਾਨ ਅੰਦੋਲਨ ਸ਼ੁਰੂ ਹੋਣ ਅਤੇ ਇਸ ਦੌਰਾਨ ਹਰਿਆਣੇ ਨਾਲ ਲਗਦੀਆਂ ਸ਼ੰਭੂ ਅਤੇ ਖਨੌਰੀ ਦੀਆਂ ਸਰਹੱਦਾਂ 'ਤੇ ਜੋ ਘਟਨਾਕ੍ਰਮ ਵਾਪਰਿਆ, ਉਸ ਨੇ ਸਮਝੌਤੇ ਦੀਆਂ ਸੰਭਾਵਨਾਵਾਂ ਹੋਰ ਵੀ ਘਟਾ ਦਿੱਤੀਆਂ ਸਨ।ਬਸਪਾ ਨਾਲੋਂ ਵੀ ਇਸ ਦਾ ਗੱਠਜੋੜ ਸਮਾਪਤ ਹੋ ਗਿਆ ਜਿਸ ਕਾਰਨ ਹੁਣ ਲੋਕ ਸਭਾ ਦੀਆਂ ਚੋਣਾਂ ਦਾ ਇਹ ਪਾਰਟੀ ਇਕੱਲਿਆਂ ਹੀ ਸਾਹਮਣਾ ਕਰ ਰਹੀ ਹੈ। ਪੰਜਾਬ ਵਿਚ ਲੋਕ ਸਭਾ ਚੋਣਾਂ ਦੇ ਆਖਰੀ ਪੜਾਅ ਵਿਚ 1 ਜੂਨ ਨੂੰ ਵੋਟਾਂ ਪੈਣੀਆਂ ਹਨ। ਵੋਟਾਂ ਪੈਣ ਵਿਚ ਲਗਭਗ ਇਕ ਮਹੀਨੇ ਦਾ ਸਮਾਂ ਬਾਕੀ ਹੈ। 

ਹੁਣ ਤੱਕ ਇਸ ਨੇ ਚੰਡੀਗੜ੍ਹ ਸਮੇਤ ਪੰਜਾਬ ਦੀਆਂ ਸਾਰੀਆਂ 14 ਸੀਟਾਂ ਼ਲਈ ਆਪਣੇ ਉਮੀਦਵਾਰ ਐਲਾਨ ਦਿੱਤੇ ਹਨ। ਜਿਨ੍ਹਾਂ ਦਾ ਵੇਰਵਾ ਇਸ ਤਰ੍ਹਾਂ ਹੈ : ਦਲਜੀਤ ਸਿੰਘ ਚੀਮਾ (ਗੁਰਦਾਸਪੁਰ), ਪ੍ਰੇਮ ਸਿੰਘ ਚੰਦੂਮਾਜਰਾ (ਸ੍ਰੀ ਅਨੰਦਪੁਰ ਸਾਹਿਬ), ਐਨ.ਕੇ. ਸ਼ਰਮਾ (ਪਟਿਆਲਾ), ਅਨਿਲ ਜੋਸ਼ੀ (ਸ੍ਰੀ ਅੰਮ੍ਰਿਤਸਰ ਸਾਹਿਬ), ਬਿਕਰਮਜੀਤ ਸਿੰਘ ਖ਼ਾਲਸਾ (ਫ਼ਤਹਿਗੜ੍ਹ ਸਾਹਿਬ), ਰਾਜਵਿੰਦਰ ਸਿੰਘ (ਫ਼ਰੀਦਕੋਟ), ਇਕਬਾਲ ਸਿੰਘ ਝੂੰਦਾਂ (ਸੰਗਰੂਰ), ਹਰਸਿਮਰਤ ਕੌਰ ਬਾਦਲ (ਬਠਿੰਡਾ), ਮਹਿੰਦਰ ਸਿੰਘ ਕੇ.ਪੀ. (ਜਲੰਧਰ),ਖਡੂਰ ਸਾਹਿਬ ਤੋਂ ਵਿਰਸਾ ਸਿੰਘ ਵਲਟੋਹਾ, ਰਣਜੀਤ ਸਿੰਘ ਢਿੱਲੋਂ (ਲੁਧਿਆਣਾ), ਸੋਹਣ ਸਿੰਘ ਠੰਡਲ (ਹੁਸ਼ਿਆਰਪੁਰ), ਨਰਦੇਵ ਸਿੰਘ ਬੌਬੀਮਾਨ (ਫ਼ਿਰੋਜ਼ਪੁਰ) ਅਤੇ ਹਰਦੀਪ ਸਿੰਘ ਸੈਣੀ (ਚੰਡੀਗੜ੍ਹ)। ਇਨ੍ਹਾਂ ਸਥਿਤੀਆਂ ਵਿਚ ਵੱਡਾ ਸਵਾਲ ਇਹ ਪੈਦਾ ਹੁੰਦਾ ਹੈ ਕਿ ਲੋਕ ਸਭਾ ਦੀਆਂ ਇਨ੍ਹਾਂ ਚੋਣਾਂ ਵਿਚ ਅਕਾਲੀ ਦਲ ਦੀ ਰਣਨੀਤੀ ਕੀ ਹੋਵੇ ? 

ਪ੍ਰਸਿੱਧ ਪੱਤਰਕਾਰ ਤੇ ਚਿੰਤਕ ਸਤਨਾਮ ਮਾਣਕ ਦੀ ਰਾਇ ਤਾਂ ਇਹ ਹੈ ਕਿ ਪਾਰਟੀ ਨੂੰ ਆਪਣੇ ਪਿਛਲੇ ਸੰਘਰਸ਼ਮਈ ਇਤਿਹਾਸ ਤੋਂ ਪ੍ਰੇਰਨਾ ਲੈ ਕੇ ਪੂਰੀ ਦ੍ਰਿੜ੍ਹਤਾ ਨਾਲ ਇਹ ਚੋਣਾਂ ਲੜਨੀਆਂ ਚਾਹੀਦੀਆਂ ਹਨ। ਪਾਰਟੀ ਨੂੰ ਇਸ ਸਮੇਂ ਪੰਜਾਬੀਆਂ ਤੇ ਪੰਥ ਨੂੰ ਇਹ ਸਪੱਸ਼ਟ ਸੁਨੇਹਾ ਦੇਣਾ ਚਾਹੀਦਾ ਹੈ ਕਿ ਅਕਾਲੀ ਦਲ ਦੀ ਪੰਥ ਤੇ ਪੰਜਾਬ ਨਾਲ ਠੋਸ ਪ੍ਰਤੀਬੱਧਤਾ ਹੈ।  ਇਨ੍ਹਾਂ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੀ ਤਰਜੀਹ ਪੰਜਾਬ ਦੇ ਲੋਕਾਂ ਅਤੇ ਖ਼ਾਸ ਕਰਕੇ ਸਿੱਖ ਭਾਈਚਾਰੇ ਦਾ ਮੁੜ ਤੋਂ ਵਿਸ਼ਵਾਸ ਪ੍ਰਾਪਤ ਕਰਨ ਦੀ ਹੋਣੀ ਚਾਹੀਦੀ ਹੈ।  ਘੱਟ-ਗਿਣਤੀ ਦੇ ਹੱਕਾਂ ਹਿੱਤਾਂ 'ਤੇ ਦ੍ਰਿੜ੍ਹਤਾ ਨਾਲ ਪਹਿਰਾ ਦੇਣਾ ਅਤੇ ਪੰਜਾਬੀ ਸੂਬੇ ਦਾ ਬਹੁਪੱਖੀ ਵਿਕਾਸ ਕਰਨਾ, ਰਾਜ ਦੇ ਲੋਕਾਂ ਨੂੰ ਬਿਹਤਰ ਜੀਵਨ ਪੱਧਰ ਦੇਣਾ ਅਤੇ ਸੰਘੀ ਢਾਂਚੇ ਨੂੰ ਮਜ਼ਬੂਤ ਕਰਕੇ ਰਾਜਾਂ ਲਈ ਵਧੇਰੇ ਅਧਿਕਾਰ ਹਾਸਲ ਕਰਨਾ ਸ੍ਰੋਮਣੀ ਅਕਾਲੀ ਦਲ ਦਾ ਮੁਖ ਏਜੰਡਾ ਹੋਣਾ ਚਾਹੀਦਾ ਹੈ। 

ਪ੍ਰਸਿੱਧ ਚਿੰਤਕ ਹਮੀਰ ਸਿੰਘ ਆਖਦੇ ਹਨ ਕਿ 2012 ਤੋਂ 2017 ਤੱਕ ਸਰਕਾਰ ਚਲਾਉਣ ਸਮੇਂ ਇਹ ਸਿੱਖ ਪੰਥ ਅਤੇ ਕਿਸਾਨੀ ਵਿਚ ਆਪਣਾ ਮਜ਼ਬੂਤ ਅਧਾਰ ਬਣਾ ਕੇ ਨਹੀਂ ਰੱਖ ਸਕੀ, ਇਸ ਕਾਰਨ ਹੀ ਇਸ ਦੀ ਹਾਲਤ ਪਤਲੀ ਹੋਈ ਹੈ। 2020 ਵਿਚ ਆਰੰਭ ਹੋਏ ਕਿਸਾਨ ਅੰਦੋਲਨ ਦੀਆਂ ਮੰਗਾਂ ਸੰਬੰਧੀ ਵੀ ਸਮੇਂ ਸਿਰ ਇਹ ਸਪੱਸ਼ਟ ਸਟੈਂਡ ਨਹੀਂ ਲੈ ਸਕੀ। ਇਸ 'ਤੇ ਇਹ ਵੀ ਦੋਸ਼ ਲਗਦੇ ਰਹੇ ਹਨ ਕਿ ਭਾਜਪਾ ਦੀ ਲੰਮੇ ਸਮੇਂ ਤੱਕ ਭਾਈਵਾਲ ਰਹਿਣ ਕਾਰਨ ਇਹ ਰਾਜਾਂ ਨੂੰ ਵਧੇਰੇ ਅਧਿਕਾਰ ਦੇਣ, ਰਾਜਧਾਨੀ ਚੰਡੀਗੜ੍ਹ ਅਤੇ ਪੰਜਾਬੀ ਬੋਲਦੇ ਇਲਾਕੇ ਹਾਸਲ ਕਰਨ ਅਤੇ ਦਰਿਆਈ ਪਾਣੀਆਂ ਸੰਬੰਧੀ ਇਨਸਾਫ਼ ਪ੍ਰਾਪਤ ਕਰਨ ਦੇ ਮਾਮਲਿਆਂ ਨੂੰ ਵੀ ਇਹ ਜ਼ੋਰਦਾਰ ਢੰਗ ਨਾਲ ਉਠਾਉਣ ਵਿਚ ਅਸਫਲ ਰਹੀ ਹੈ। ਪਰ ਅੱਜ ਜਦੋਂ ਅਕਾਲੀ ਦਲ ਭਾਜਪਾ ਦਾ ਭਾਈਵਾਲ ਨਹੀਂ ਰਿਹਾ ਅਤੇ ਭਾਜਪਾ ਵੀ ਵਧੇਰੇ ਦ੍ਰਿੜ੍ਹਤਾ ਨਾਲ ਆਪਣੇ ਸਿਆਸੀ ਲਾਭਾਂ ਲਈ ਫਿਰਕੂ ਧਰੁਵੀਕਰਨ ਦੀ ਰਾਜਨੀਤੀ 'ਤੇ ਚਲਦੀ ਹੋਈ ਘੱਟ-ਗਿਣਤੀਆਂ ਵਿਰੁੱਧ ਪੈਂਤੜੇਬਾਜ਼ੀ ਕਰ ਰਹੀ ਹੈ ਤਾਂ ਅਕਾਲੀ ਦਲ ਕੋਲ ਵੀ ਇਕ ਵੱਡਾ ਮੌਕਾ ਹੈ ਕਿ ਉਹ ਆਪਣੇ ਪੁਰਾਣੇ ਮੁੱਖ ਸਿਧਾਂਤਾਂ ਵੱਲ ਪਰਤ ਕੇ ਆਪਣੇ-ਆਪ ਨੂੰ ਮੁੜ ਮਜ਼ਬੂਤ ਕਰੇ। ਇਸ ਸਮੇਂ ਪੰਜਾਬ ਨੂੰ ਇਕ ਅਜਿਹੀ ਮਜ਼ਬੂਤ ਖੇਤਰੀ ਪਾਰਟੀ ਦੀ ਲੋੜ ਹੈ, ਜੋ ਰਾਜ ਦੇ ਹੱਕਾਂ, ਹਿੱਤਾਂ ਦੀ ਰਾਖੀ ਕਰ ਸਕੇ, ਸਿੱਖ ਘੱਟ-ਗਿਣਤੀ ਦੇ ਬੰਦੀ ਸਿੰਘਾਂ ਦੀ ਰਿਹਾਈ ਸਮੇਤ ਹੋਰ ਮਸਲੇ ਹੱਲ ਕਰਵਾ ਸਕੇ, ਕਿਸਾਨਾਂ ਨੂੰ ਫ਼ਸਲਾਂ ਦੇ ਵਾਜਬ ਭਾਅ ਦੁਆ ਸਕੇ। 

ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਲੋਕ ਸਭਾ ਦੀਆਂ ਇਨ੍ਹਾਂ ਚੋਣਾਂ ਵਿਚ ਅਕਾਲੀ ਦਲ ਕਿੰਨੀਆਂ ਸੀਟਾਂ ਜਿੱਤਦਾ ਹੈ ਜਾਂ ਨਹੀਂ ਜਿੱਤਦਾ, ਇਸ ਤੋਂ ਵੀ ਅਹਿਮ ਗੱਲ ਇਹ ਹੈ ਕਿ ਅਕਾਲੀ ਦਲ ਦਾ ਮੁਖ ਮਨੋਰਥ ਸਿੱਖ ਭਾਈਚਾਰੇ ਅਤੇ ਪੰਜਾਬ ਦੇ ਹੋਰ ਸਮੂਹ ਲੋਕਾਂ ਦਾ ਵਿਸ਼ਵਾਸ ਜਿੱਤਣਾ   ਹੈ। ਪੰਜਾਬ ਦੇ ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਇਸ ਸੰਬੰਧੀ ਇਨ੍ਹਾਂ ਚੋਣਾਂ ਵਿਚ ਅਕਾਲੀ ਦਲ ਚੋਖੀ ਪ੍ਰਾਪਤੀ ਹਾਸਲ ਕਰਦਾ ਹੈ ਤਾਂ ਭਵਿੱਖ ਦੀ ਰਾਜਨੀਤੀ ਵਿਚ ਇਹ ਮੁੜ ਵੱਡਾ ਰੋਲ ਅਦਾ ਕਰਨ ਦੇ ਸਮਰੱਥ ਹੋ ਜਾਵੇਗਾ। ਜਿਸ ਤਰ੍ਹਾਂ ਦੀ ਇਸ ਸਮੇਂ ਦੇਸ਼ ਵਿਚ ਫਿਰਕੂ ਰਾਜਨੀਤੀ ਚੱਲ ਰਹੀ ਹੈ, ਉਸ ਵਿਚ ਅਕਾਲੀ ਦਲ ਵਰਗੀ ਪਾਰਟੀ ਦਾ ਮਜ਼ਬੂਤ ਹੋਣਾ, ਆਪਣੇ ਖਿੱਤੇ ਦੇ ਲੋਕਾਂ ਨੂੰ ਸੁਚੱਜੀ ਰਹਿਨੁਮਾਈ ਦੇਣਾ ਬੇਹੱਦ ਜ਼ਰੂਰੀ ਹੈ। 

ਸਿਖ ਵਿਦਵਾਨ ਭਾਈ ਅਸ਼ੋਕ ਸਿੰਘ ਬਾਗੜੀਆਂ ਦਾ ਕਹਿਣਾ ਹੈ ਕਿ ਹੁਣ ਅਕਾਲੀ ਦਲ ਉਸ ਸਥਾਨ ’ਤੇ ਆ ਖੜ੍ਹਾ ਹੋਇਆ ਹੈ ਜਿੱਥੇ ਇਸ ਲਈ ਆਪਣਾ ਵੱਕਾਰ ਬਣਾਈ ਰੱਖਣਾ ਹੀ ਮੁੱਖ ਚੁਣੌਤੀ ਬਣ ਗਿਆ ਹੈ। ਹੁਣ ਅਕਾਲੀ ਦਲ ਨੂੰ ਮੁੜ ਖੜ੍ਹਾ ਹੋਣ ਲਈ ਆਪਣੇ ਆਪ ਵਿੱਚ ਸੁਧਾਰ ਕਰਨੇ ਪੈਣਗੇ ਅਤੇ ਸ਼੍ਰੋਮਣੀ ਕਮੇਟੀ ਨੂੰ ਨਿਰੋਲ ਗੁਰਦੁਆਰਿਆਂ ਦੀ ਸਾਂਭ ਸੰਭਾਲ ਅਤੇ ਸਿੱਖ ਪ੍ਰਚਾਰ ਲਈ ਆਜ਼ਾਦ ਕਰਨਾ ਪਵੇਗਾ। ਇਸ ਨਾਲ ਹੀ ਇਹ ਸਿੱਖਾਂ ਦਾ ਭਰੋਸਾ ਜਿੱਤ ਸਕਦਾ ਹੈ। ਸਿਰਫ ਵੋਟਾਂ ਖਾਤਰ ਇਨ੍ਹਾਂ ਸਾਝੀਆਂ ਧਾਰਮਿਕ ਸੰਸਥਾਵਾਂ ਨੂੰ ਵਰਤਣਾ ਬੰਦ ਕਰਨ ਵਿੱਚ ਹੀ ਅਕਾਲੀ ਦਲ ਦੀ ਭਲਾਈ ਹੈ।