ਆਈਪੀਐਲ: ਮੁੰਬਈ ਇੰਡੀਅਨਜ਼ ਨੇ ਰਾਇਲ ਚੈਲੰਜਰਜ਼ ਬੰਗਲੌਰ ਨੂੰ 4 ਵਿਕਟਾਂ ਨਾਲ ਹਰਾਇਆ

ਆਈਪੀਐਲ: ਮੁੰਬਈ ਇੰਡੀਅਨਜ਼ ਨੇ ਰਾਇਲ ਚੈਲੰਜਰਜ਼ ਬੰਗਲੌਰ ਨੂੰ 4 ਵਿਕਟਾਂ ਨਾਲ ਹਰਾਇਆ
ਕੈਪਸ਼ਨ-ਰਾਇਲ ਚੈਲੰਜਰਜ਼ ਬੰਗਲੌਰ ਖ਼ਿਲਾਫ਼ ਆਈਪੀਐਲ ਮੈਚ ਦੌਰਾਨ ਸ਼ਾਟ ਮਾਰਦਾ ਹੋਇਆ ਮੁੰਬਈ ਇੰਡੀਅਨਜ਼ ਦਾ ਬੱਲੇਬਾਜ਼ ਕੇ. ਪਾਂਡਿਆ।

ਬੰਗਲੌਰ/ਬਿਊਰੋ ਨਿਊਜ਼ :
ਇੱਥੇ ਦੋ ਕੈਰੇਬਿਆਈ ਕ੍ਰਿਕਟਰਾਂ ਦਾ ਸ਼ਾਨਦਾਰ ਪ੍ਰਦਰਸ਼ਨ ਦੇਖਣ ਨੂੰ ਮਿਲਿਆ, ਪਰ ਆਖ਼ਿਰ ਕੀਰੋਨ ਪੋਲਾਰਡ ਦੀ ਅਰਧ ਸੈਂਕੜੇ ਦੀ ਪਾਰੀ ਸੈਮੁਅਲ ਬਦਰੀ ਦੀ ਹੈਟ੍ਰਿਕ ‘ਤੇ ਭਾਰੁ ਪਈ, ਜਿਸ ਨਾਲ ਮੁੰਬਈ ਇੰਡੀਅਨਜ਼ ਨੇ ਰਾਇਲ ਚੈਲੰਜਰਜ਼ ਬੰਗਲੌਰ ਨੂੰ ਚਾਰ ਵਿਕਟਾਂ ਨਾਲ ਹਰਾ ਕੇ ਆਈਪੀਐਲ ਵਿੱਚ ਲਗਾਤਾਰ ਤੀਜੀ ਜਿੱਤ ਦਰਜ ਕੀਤੀ।
ਪੋਲਾਰਡ ਨੇ 47 ਗੇਂਦਾਂ ਵਿੱਚ ਤਿੰਨ ਚੌਕਿਆਂ ਅਤੇ ਪੰਜ ਛੱਕਿਆਂ ਦੀ ਮਦਦ ਨਾਲ 70 ਦੌੜਾਂ ਦੀ ਤੇਜ਼ਤਰਾਰ ਪਾਰੀ ਖੇਡੀ। ਮੁੰਬਈ ਇੰਡੀਅਨਜ਼ ਨੇ ਸ਼ੁਰੂਆਤੀ ਝਟਕਿਆਂ ਤੋਂ ਉਭਰਦਿਆਂ ਰਾਇਲ ਚੈਲੰਜਰਜ਼ ਬੰਗਲੌਰ ਦੇ ਪੰਜ ਵਿਕਟਾਂ ‘ਤੇ 142 ਦੌੜਾਂ ਦੇ ਟੀਚੇ ਨੂੰ 18.5 ਓਵਰਾਂ ਵਿੱਚ ਛੇ ਵਿਕਟਾਂ ਦੇ ਨੁਕਸਾਨ ‘ਤੇ 145 ਦੌੜਾਂ ਬਣਾ ਕੇ ਸਰ ਕਰ ਲਿਆ। ਮੁੰਬਈ ਇੰਡੀਅਨਜ਼ ਨੇ ਬਦਰੀ ਕਾਰਨ ਸੱਤ ਦੌੜਾਂ ਦੇ ਅੰਦਰ ਆਪਣੀਆਂ ਚਾਰ ਵਿਕਟਾਂ ਗਵਾਈਆਂ। ਇਸ ਤੋਂ ਬਾਅਦ ਪੋਲਾਰਡ ਅਤੇ ਕੇ. ਪਾਂਡਿਆ ਨੇ 93 ਦੌੜਾਂ ਦੀ ਭਾਈਵਾਲੀ ਨਾਲ ਟੀਮ ਨੂੰ ਜਿੱਤ ਵੱਲ ਤੋਰਿਆ। ਜਿੱਤ ਦਾ ਟੀਚਾ ਪਾਂਡਿਆ ਭਰਾਵਾਂ ਨੇ ਸਰ ਕੀਤਾ ਤੇ ਹਾਰਦਿਕ ਪਾਂਡਿਆ ਨੌਂ ਦੌੜਾਂ ਬਣਾ ਕੇ ਨਾਬਾਦ ਰਿਹਾ।
ਇਸ ਸੀਜ਼ਨ ਵਿੱਚ ਆਪਣਾ ਪਹਿਲਾ ਮੈਚ ਖੇਡ ਰਹੇ ਬਦਰੀ ਨੇ ਚਾਰ ਓਵਰਾਂ ਵਿਚੋਂ ਇੱਕ ਮੇਡਨ ਨਾਲ ਨੌਂ ਦੌੜਾਂ ਦੇ ਕੇ ਚਾਰ ਵਿਕਟਾਂ ਝਟਕਾਈਆਂ। ਉਸ ਨੇ ਆਪਣੇ ਦੂਜੇ ਤੇ ਟੀਮ ਦੇ ਤੀਜੇ ਓਵਰ ਵਿੱਚ ਪਾਰਥਿਵ ਪਟੇਲ (3 ਦੌੜਾਂ), ਮਿਸ਼ੇਲ ਮੈਕਲੈਗਨ (ਸਿਫ਼ਰ) ਅਤੇ ਕਪਤਾਨ ਰੋਹਿਤ ਸ਼ਰਮਾ (ਸਿਫ਼ਰ) ਨੂੰ ਆਊਟ ਕਰ ਕੇ ਹੈਟ੍ਰਿਕ ਪੂਰੀ ਕੀਤੀ। ਉਸ ਨੇ ਟੀ 20 ਕ੍ਰਿਕਟ ਵਿੱਚ ਹੁਣ ਤੱਕ 20 ਓਵਰ ਮੇਡਨ ਕੀਤੇ ਹਨ, ਜਿਹੜਾ ਕਿ ਰਿਕਾਰਡ ਹੈ। ਕ੍ਰਿਸ ਗੇਲ ਬੱਲੇਬਾਜ਼ੀ ਵਿੱਚ ਕਮਾਲ ਨਹੀਂ ਕਰ ਸਕਿਆ, ਪਰ ਉਸ ਨੇ ਦੋ ਸ਼ਾਨਦਾਰ ਕੈਚ ਫੜੇ।
ਇਸ ਤੋਂ ਪਹਿਲਾਂ ਵਿਰਾਟ ਕੋਹਲੀ ਨੇ 47 ਗੇਂਦਾਂ ਵਿੱਚ 62 ਦੌੜਾਂ ਬਣਾ ਕੇ ਸੱਟ ਤੋਂ ਉਭਰਨ ਤੋਂ ਬਾਅਦ ਸ਼ਾਨਦਾਰ ਵਾਪਸੀ ਕੀਤੀ, ਪਰ ਉਸ ਦੇ ਆਊਟ ਹੋਣ ਤੋਂ ਬਾਅਦ ਮੁੰਬਈ ਨੇ ਬੰਗਲੌਰ ਦੀ ਟੀਮ ਨੂੰ ਪੰਜ ਵਿਕਟਾਂ ‘ਤੇ 142 ਦੌੜਾਂ ‘ਤੇ ਹੀ ਰੋਕ ਦਿੱਤਾ। ਬੰਗਲੌਰ ਦੀ ਟੀਮ ਕੋਹਲੀ ਦੀ ਚੰਗੀ ਪਾਰੀ ਦਾ ਲਾਹਾ ਲੈਣ ਵਿੱਚ ਅਸਫ਼ਲ ਰਹੀ। ਸਲਾਮੀ ਬੱਲੇਬਾਜ਼ ਕ੍ਰਿਸ ਗੇਲ (27 ਗੇਂਦਾਂ ‘ਤੇ 22 ਦੌੜਾਂ) ਵੱਡੇ ਸ਼ਾਟ ਮਾਰਨ ਵਿੱਚ ਅਸਫ਼ਲ ਰਿਹਾ, ਜਿਸ ਲਈ ਉਹ ਮਸ਼ਹੂਰ ਹੈ।