ਕੀ ਚੀਨ ਨਾਲ ਤਣਾਅ ਕੁਝ ਜ਼ਿਆਦਾ ਵਧਿਆ ਹੈ?

ਕੀ ਚੀਨ ਨਾਲ ਤਣਾਅ ਕੁਝ ਜ਼ਿਆਦਾ ਵਧਿਆ ਹੈ?

ਅਰੂਣਾਚਲ ਪ੍ਰਦੇਸ਼ ਵਿਚ ਦਲਾਈ ਲਾਮਾ ਦੀ ਯਾਤਰਾ ਸਮੇਂ ਚੀਨ ਨੇ ਅਜਿਹੀ ਪ੍ਰਤੀਕਿਰਿਆ ਜ਼ਾਹਰ ਕੀਤੀ ਸੀ। ਪਰ ਇਹ ਕਾਰਨ ਹੈ ਤਾਂ ਯੂ.ਪੀ.ਏ. ਦੇ ਦੌਰ ਵਿਚ ਵੀ ਦਲਾਈ ਲਾਮਾ ਅਰੂਣਾਚਲ ਪ੍ਰਦੇਸ਼ ਗਏ ਸਨ ਅਤੇ ਫਿਰ ਤਿੱਬਤ ਨੂੰ ਲੈ ਕੇ ਭਾਰਤ ਨੇ ਆਪਣੀ ਨੀਤੀ ਵਿਚ ਕੋਈ ਖ਼ਾਸ ਪਰਿਵਰਤਣ ਕੀਤਾ ਹੈ ਜਾਂ ਪੁਰਾਣੀ ਨੀਤੀ ਵਿਚ ਆਕਰਮਕਤਾ ਦਾ ਇਕ ਹੋਰ ਕਦਮ ਧਰਿਆ ਹੈ, ਇਹ ਵੀ ਸਾਫ਼ ਨਹੀਂ ਹੈ। ਜ਼ਾਹਰ ਹੈ ਚੀਨ ਸਾਡੇ ਸਾਹਮਣੇ ਮੌਜੂਦ ਕਾਰਨਾਂ ਤੋਂ ਨਹੀਂ ਖਿਝਿਆ ਹੋਵੇਗਾ, ਕਾਰਨ ਕੁਝ ਹੋਰ ਹੋਣਗੇ।
ਰਵੀਸ਼ ਕੁਮਾਰ
ਚੀਨ ਨੂੰ ਅਸੀਂ ਪੁਰਾਣੇ ਕਾਰਨਾਂ ਦੀ ਨਜ਼ਰ ਨਾਲ ਦੇਖਣ ਦੇ ਆਦੀ ਹੋ ਰਹੇ ਹਾਂ, ਬਿਹਤਰ ਹੈ ਪੁਰਾਣੇ ਕਾਰਨਾਂ ਦੇ ਨਾਲ ਨਾਲ ਉਸ ਦੀਆਂ ਦੂਰਦਰਸ਼ੀ ਨੀਤੀਆਂ ਦੀ ਵੀ ਸਮੀਖਿਆ ਕਰਨੀ ਚਾਹੀਦੀ ਹੈ।
ਜਦੋਂ ਕਿਤੇ ਕੁਝ ਨਹੀਂ ਹੋ ਰਿਹਾ ਹੁੰਦਾ ਹੈ ਤਾਂ ਭਾਰਤ ਤੇ ਚੀਨ ਦੀ ਸਰਹੱਦ ‘ਤੇ ਕਿਤੇ ਕੁਝ ਹੋਣ ਲਗਦਾ ਹੈ। ਜੇਕਰ ਇਸ ਦਾ ਸਬੰਧ ਮਨੋਵਿਗਿਆਨਕ ਦਬਾਅ ਬਣਾਉਣ ਨਾਲ ਹੈ ਤਾਂ ਅਜਿਹੇ ਵਿਸ਼ਿਆਂ ਤੋਂ ਦੂਰ ਰਹਿਣ ਤੋਂ ਬਾਅਦ ਵੀ ਮੈਨੂੰ ਲਗਦਾ ਹੈ ਕਿ ਹੁਣ ਚੀਨ ਉਸ ਤਰ੍ਹਾਂ ਦਾ ਮਨੋਵਿਗਿਆਨਕ ਦਬਾਅ ਨਹੀਂ ਬਣਾ ਪਾਉਂਦਾ। ਜੇਕਰ ਬਣਾ ਪਾਉਂਦਾ ਤਾਂ ਅਮਰਨਾਥ ਯਾਤਰਾ ਵਾਂਗ ਕੈਲਾਸ਼ ਮਾਨਸਰੋਵਰ ਯਾਤਰਾ ਰੋਕ ਦੇਣ ‘ਤੇ ਹੰਗਾਮਾ ਮਚ ਗਿਆ ਹੁੰਦਾ। ਇਸ ਨਾਲੋਂ ਜ਼ਿਆਦਾ ਹੰਗਾਮਾ ਪਾਕਿਸਤਾਨ ਦੇ ਨਾਲ ਕੁਝ ਹੋਣ ‘ਤੇ ਹੋਣ ਜਾਂਦਾ ਹੈ। ਕਾਂਗਰਸ ਦੇ ਬੁਲਾਰੇ ਅਭਿਸ਼ੇਕ ਮਨੁ ਸਿੰਘਵੀ ਨੇ ਕਿਹਾ ਹੈ ਕਿ ਪਿਛਲੇ 45 ਦਿਨਾਂ ਵਿਚ ਚੀਨ ਵਲੋਂ 120 ਘੁਸਪੈਠ ਹੋਏ ਹਨ। ਇਸ ਸਾਲ ਅਜਿਹੇ 240 ਘੁਸਪੈਠ ਹੋ ਚੁੱਕੇ ਹਨ। ਅਜਿਹਾ ਪਹਿਲਾਂ ਕਦੇ ਨਹੀਂ ਹੋਇਆ। ਜੇਕਰ ਸਿੰਘਵੀ ਦੀ ਗੱਲ ਸਹੀ ਹੈ ਤਾਂ ਕੀ ਚੀਨ ਅਸਾਧਾਰਨ ਤੌਰ ‘ਤੇ ਆਪਣੀ ਆਕਰਮਕਤਾ ਨੂੰ ਤਿੱਖਾ ਕਰ ਰਿਹਾ ਹੈ। ਭਾਰਤ ਲਈ ਸਸਤੇ ਸਾਮਾਨ ਦਾ ਬਰਾਮਦਕਾਰ ਮੁਲਕ ਕਿਤੇ ਸਰਹੱਦ ‘ਤੇ ਭਾਰੀ ਕੀਮਤ ਤਾਂ ਨਹੀਂ ਵਸੂਲਣਾ ਚਾਹੁੰਦਾ। ‘ਟਾਈਮਜ਼ ਆਫ਼ ਇੰਡੀਆ’ ਦੀ ਖ਼ਬਰ ਅਨੁਸਾਰ ਭਾਰਤ ਨੇ ਡੋਕਲਾਮ ਵਿਚ 1962 ਮਗਰੋਂ ਪਹਿਲੀ ਵਾਰ ਭਾਰੀ ਮਾਤਰਾ ਵਿਚ ਫ਼ੌਜੀਆਂ ਦੀ ਤੈਨਾਤੀ ਕੀਤੀ ਹੈ। ਭਾਰਤ ਕੋਈ ਜੋਖਮ ਨਹੀਂ ਲੈਣਾ ਚਾਹੁੰਦਾ ਪਰ ਭਾਰਤ ਨਾਲ 5 ਅਰਬ ਡਾਲਰ ਦਾ ਕਾਰੋਬਾਰ ਕਰਨ ਵਾਲਾ ਚੀਨ ਏਨੇ ਵੱਡੇ ਬਾਜ਼ਾਰ ਨੂੰ ਜੋਖਮ ਵਿਚ ਕਿਉਂ ਪਾਉਣਾ ਚਾਹੇਗਾ?
ਸਿੱਕਮ, ਭੂਟਾਨ ਤੇ ਤਿੱਬਤ ਦੇ ਤ੍ਰਿਕੋਨ ‘ਤੇ ਹੈ ਡੋਕਲਮ, ਉਥੇ ਚੀਨ ਦੀ ਟੁਕੜੀ ਸੜਕ ਬਣਾਉਣ ਲਈ ਦਾਖ਼ਲ ਹੁੰਦੀ ਹੈ। ਉਥੇ ਪੈਟਰੋਲਿੰਗ ਕਰ ਰਹੀ ਰਾਇਲ ਭੂਟਾਨ ਫੌਜ ਰੋਕਦੀ ਹੈ ਤੇ ਭਾਰਤ ਦੀ ਫ਼ੌਜ ਵੀ ਉਸ ਵਿਚ ਸ਼ਾਮਲ ਹੋ ਜਾਂਦੀ ਹੈ। ਖ਼ਬਰ ਆਈ ਹੈ ਕਿ ਚੀਨ ਨੇ ਭਾਰਤ ਦੇ ਅਸਥਾਈ ਬੰਕਰ ਤਹਿਸ-ਨਹਿਸ ਕਰ ਦਿੱਤੇ। ਮੀਡੀਆ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਚੀਨ ਅਤੇ ਭਾਰਤ ਦੇ ਫ਼ੌਜੀਆਂ ਵਿਚਾਲੇ ਗੁੱਥਮਗੁੱਥੀ ਹੋਈ ਹੈ। ਹਥਿਆਰਾਂ ਦਾ ਇਸਤੇਮਾਲ ਨਹੀਂ ਹੋਇਆ। ਭਾਰਤ ਨਹੀਂ ਚਾਹੁੰਦਾ ਕਿ ਚੀਨ ਉਥੇ ਸੜਕ ਪੂਰੀ ਕਰੇ, ਇਸ ਨਾਲ ਉਹ ਸਿਲੀਗੁੜੀ ਕਾਰੀਡੋਰ ਦੇ ਕਾਫ਼ੀ ਨੇੜੇ ਪਹੁੰਚ ਜਾਵੇਗਾ। ਉਧਰ ਚੀਨ ਦਾ ਦਾਅਵਾ ਹੈ ਕਿ ਉਹ ਆਪਣੀ ਸਰਹੱਦ ਵਿਚ ਸੜਕ ਬਣਾ ਰਿਹਾ ਹੈ। ਭਾਰਤ ਉਸ ਦੀ ਸਰਹੱਦ ਵਿਚ ਘੁਸਪੈਠ ਦਾ ਦੋਸ਼ ਲਗਾ ਰਿਹਾ ਹੈ। ਉਥੋਂ ਦੀ ਫ਼ੌਜ ਪੀਐਲਏ ਦੇ ਬੁਲਾਰੇ ਨੇ ਭਾਰਤ ਨੂੰ 1962 ਯੁੱਧ ਦੀ ਹਾਰ ਦੀ ਯਾਦ ਦਿਵਾਉਂਦੇ ਹੋਏ ਕਿਹਾ ਕਿ ਭਾਰਤੀ ਫ਼ੌਜ ਯੁੱਧ ਲਈ ਜ਼ਿਆਦਾ ਬੇਚੈਨ ਨਾ ਹੋਵੇ। ਇਸ ਹੱਦ ਤੱਕ ਬਿਆਨਬਾਜ਼ੀ ਦੀ ਜ਼ਰੂਰਤ ਕਿਉਂ ਪਈ? ਭਾਰਤ ਦੇ ਥਲ ਸੈਨਾ ਮੁਖੀ ਜਨਰਲ ਬਿਪਨ ਰਾਵਤ ਨੇ ਕਿਹਾ ਸੀ ਕਿ ਭਾਰਤ ਆਪਣੇ ਅੰਦਰੂਨੀ ਅਤਿਵਾਦ ਨਾਲ ਜੂਝਦੇ ਹੋਏ ਵੀ ਦੋ ਤਰਫ਼ਾ ਯੁੱਧ ਝੱਲ ਸਕਦਾ ਹੈ। ਭਾਰਤ ਕਿਤੋਂ ਵੀ ਚੀਨ ਦੇ ਮਨੋਵਿਗਿਆਨਕ ਦਬਾਅ ਵਿਚ ਨਹੀਂ ਲਗਦਾ ਹੈ। ਬਲਕਿ ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਦਿੱਤਾ ਕਿ ਭਾਰਤ ਚੀਨ ਦੇ ਤਾਜ਼ਾ ਕਦਮਾਂ ਨੂੰ ਲੈ ਕੇ ਚਿੰਤਤ ਹੈ ਤੇ ਚੀਨ ਸਰਕਾਰ ਨੂੰ ਆਪਣੀ ਚਿੰਤਾ ਤੋਂ ਜਾਣੂ ਕਰਵਾ ਚੁੱਕਾ ਹੈ ਕਿ ਇਸ ਤਰ੍ਹਾਂ ਦੇ ਨਿਰਮਾਣ ਨਾਲ ਮੌਜੂਦਾ ਸਥਿਤੀ ਵਿਚ ਕਾਫ਼ੀ ਬਦਲਾਅ ਆ ਜਾਂਦਾ ਹੈ।
ਜੰਮੂ-ਕਸ਼ਮੀਰ ਸਰਹੱਦ ‘ਤੇ ਭਾਰਤ ਤੇ ਚੀਨ ਲਾਈਨ ਆਫ਼ ਐਕਚੁਅਲ ਕੰਟਰੋਲ ਨੇੜੇ ਟਕਰਾਉਂਦੇ ਰਹੇ ਹਨ। 2013 ਅਤੇ 2014 ਵਿਚ ਚੀਨ ਨੇ ਭਾਰਤ ਦੀ ਸਰਹੱਦ ਵਿਚ ਘੁਸਪੈਠ ਕੀਤੀ ਸੀ। ਡੋਕਲਾਮ ਦਾ ਵਿਵਾਦ ਪਹਿਲੀ ਵਾਰ ਏਨਾ ਚਰਚਿਤ ਹੋਇਆ ਹੈ। ਭਾਰਤ ਦੇ ਰੱਖਿਆ ਮੰਤਰੀ ਅਰੂਣ ਜੇਤਲੀ ਨੇ ਇੰਡੀਆ ਟੁਡੇ ਚੈਨਲ ਦੇ ਪ੍ਰੋਗਰਾਮ ਵਿਚ ਬਿਆਨ ਦੇ ਦਿੱਤਾ ਕਿ ਭਾਰਤ ਵੀ 1962 ਵਾਲਾ ਭਾਰਤ ਨਹੀਂ ਹੈ, 2017 ਦਾ ਭਾਰਤ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਵੀ ਜਵਾਬ ਉਧਾਰ ਨਹੀਂ ਰੱਖਿਆ। ਕਿਹਾ ਕਿ ਚੀਨ ਵੀ 1962 ਵਾਲਾ ਚੀਨ ਨਹੀਂ ਹੈ। ਰੱਖਿਆ ਮੰਤਰੀ ਜੇਤਲੀ ਦਾ ਕਹਿਣਾ ਹੈ ਕਿ ਇਲਾਕੇ ਵਿਚ ਟਕਰਾਅ ਦੀ ਸ਼ੁਰੂਆਤ ਬੀਜਿੰਗ ਨੇ ਸੜਕ ਨਿਰਮਾਣ ਦੀ ਪਹਿਲ ਤੋਂ ਕੀਤੀ ਸੀ, ਜਿਸ ਨੂੰ ਲੈ ਕੇ ਭਾਰਤ ਚਿੰਤਤ ਹੈ।
ਡੋਕਲਮ ਦਾ ਮੌਜੂਦਾ ਵਿਵਾਦਤ ਖੇਤਰ ਮਾਤਰ 90 ਵਰਗ ਕਿਲੋਮੀਟਰ ਦਾ ਪਹਾੜੀ ਇਲਾਕਾ ਹੈ। ਭੂਟਾਨ ਦੀ ਸਰਹੱਦ ਤੱਕ ਪਹੁੰਚਣ ਲਈ ਚੀਨ ਡੋਕਲਮ ਦੇ ਰਸਤੇ ਸੜਕ ਬਣਾ ਰਿਹਾ ਹੈ। ਚੀਨ ਦਾ ਕਹਿਣਾ ਹੈ ਕਿ ਸਿੱਕਮ ‘ਤੇ 1890 ਦੀ ਚੀਨ ਤੇ ਬਰਤਾਨੀਆ ਦੀ ਸੰਧੀ ਦਾ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਵੀ ਸਮਰਥਨ ਕੀਤਾ ਸੀ। ਚੀਨ ਦੇ ਉਦੋਂ ਦੇ ਪ੍ਰਧਾਨ ਮੰਤਰੀ ਚਾਉ ਐਨ ਲਾਈ ਨੂੰ ਭੇਜੇ ਖ਼ਤ ਵਿਚ ਉਨ੍ਹਾਂ ਨੇ ਇਹ ਸਮਰਥਨ ਦਿੱਤਾ ਸੀ। ਚੀਨ ਦਾ ਕਹਿਣਾ ਹੈ ਕਿ ਭਾਰਤ ਇਸ ਸੰਧੀ ਦਾ ਸਨਮਾਨ ਕਰੇ ਅਤੇ ਡੋਕਲਮ ਤੋਂ ਆਪਣੀ ਫ਼ੌਜ ਵਾਪਸ ਬੁਲਾਏ। ਭੂਟਾਨ ਨੇ ਚੀਨ ਨੂੰ ਕਿਹਾ ਹੈ ਕਿ ਉਹ ਉਸ ਦੀ ਸਰਹੱਦ ‘ਤੇ ਕਬਜ਼ਾ ਕਰ ਰਿਹਾ ਹੈ, ਇਸ ‘ਤੇ ਚੀਨ ਦਾ ਕਹਿਣਾ ਹੈ ਕਿ ਭਾਰਤ, ਭੂਟਾਨ ਦਾ ਢਾਲ ਵਾਂਗ ਇਸਤੇਮਾਲ ਕਰ ਰਿਹਾ ਹੈ। ਭਾਰਤ ਤੇ ਭੂਟਾਨ ਵਿਚਾਲੇ ਸਮਝੌਤਾ ਹੈ ਕਿ ਭਾਰਤ ਭੂਟਾਨ ਦੀਆਂ ਸਰਹੱਦਾਂ ਦੀ ਸੁਰੱਖਿਆ ਕਰੇਗਾ।
ਚਿੱਠੀ ਦਿਖਾ ਕੇ ਕਿਸੇ ਭੂਗੋਲਿਕ ਖੇਤਰ ‘ਤੇ ਦਾਅਵੇਦਾਰੀ ਵੀ ਅਜੀਬ ਹਾਸੋਹੀਣੀ ਹੈ। ਕੌਮਾਂਤਰੀ ਸਰਹੱਦਾਂ ‘ਤੇ ਚਿੱਠੀ ਤੇ ਬਿਆਨਾਂ ਨਾਲ ਦਾਅਵੇ ਕੀਤੇ ਜਾਣ ਲੱਗੇ ਤਾਂ ਹੋ ਚੁੱਕਿਆ। ਜ਼ਾਹਰ ਹੈ ਜਾਣਕਾਰ ਸਮਝਣ ਦਾ ਯਤਨ ਕਰ ਰਹੇ ਹਨ ਕਿ ਚੀਨ ਏਨਾ ਆਕਰਮਕ ਕਿਉਂ ਹੈ? ਕੀ ਭਾਰਤ ਦੇ ਵਨ ਬੈਲਟ ਵਨ ਰੋਡ ਪ੍ਰੋਜੈਕਟ ਵਿਚ ਸ਼ਾਮਲ ਨਾ ਹੋਣ ਕਾਰਨ ਨਾਰਾਜ਼ ਹੈ, ਕੀ ਭਾਰਤ ਤੇ ਅਮਰੀਕੀ ਦੀ ਨੇੜਤਾ ਤੋਂ ਨਾਰਾਜ਼ ਹੈ, ਕੀ ਦਲਾਈ ਲਾਮਾ ਦੇ ਅਰੂਣਾਚਲ ਪ੍ਰਦੇਸ਼ ਜਾਣ ਤੋਂ ਨਾਰਾਜ਼ ਹੈ, ਕੋਈ ਇਕ ਸਪਸ਼ਟ ਕਾਰਨ ਨਜ਼ਰ ਨਹੀਂ ਆਉਂਦਾ ਹੈ। 2014 ਵਿਚ ਜਦੋਂ ਚੀਨ ਦੇ ਰਾਸ਼ਟਰਪਤੀ ਭਾਰਤ ਆਏ ਸਨ, ਉਦੋਂ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ ਸੀ।
ਸਾਬਰਮਤੀ ਦੇ ਤਟ ‘ਤੇ ਝੂਲਾ ਵੀ ਝੁਲਾਇਆ ਗਿਆ ਸੀ, ਉਦੋਂ ਵੀ ਚੀਨ ਨੇ ਲਦਾੱਖ ਖੇਤਰ ਵਿਚ ਘੁਸਪੈਠ ਕਰ ਦਿੱਤੀ ਸੀ। ਉਦੋਂ ਵੀ ਕੀ ਉਸ ਘੁਸਪੈਠ ਨੂੰ ਅਸੀਂ ਇਨ੍ਹਾਂ ਕਾਰਨਾਂ ਦੇ ਸਬੰਧ ਵਿਚ ਦੇਖ ਸਕਦੇ ਹਾਂ। ਉਦੋਂ ਤਾਂ ਭਾਰਤ ਨੇ ਵਨ ਬੈਲਟ ਵਨ ਰੋਡ ਦਾ ਵਿਰੋਧ ਵੀ ਨਹੀਂ ਕੀਤਾ ਸੀ।
ਤੁਹਾਨੂੰ ਦਸ ਦਈਏ ਵਨ ਬੈਲਟ, ਵਨ ਰੋਡ ਚੀਨ ਦਾ ਹੁਣ ਤਕ ਦਾ ਸਭ ਤੋਂ ਉਤਸ਼ਾਹੀ ਪ੍ਰੋਜੈਕਟ ਹੈ, ਜਿਸ ਦਾ ਬਜਟ ਹੈ 10 ਅਰਬ ਅਮਰੀਕੀ ਡਾਲਰ ਭਾਵ 700 ਖ਼ਰਬ ਰੁਪਏ ਜੋ ਭਾਰਤ ਦੀ ਕੁੱਲ ਅਰਥਵਿਵਸਥਾ ਦਾ ਕਰੀਬ ਇਕ ਤਿਹਾਈ ਹੈ। ਵਨ ਬੈਲਟ ਵਨ ਰੋਡ ਚੀਨ ਦੇ ਰਾਸ਼ਟਪਤੀ ਸ਼ੀ ਚਿਨਫਿੰਗ ਦਾ ਸੁਪਨਾ ਹੈ। ਜਿਸ ਦਾ ਮਕਸਦ ਦੱਸਿਆ ਗਿਆ ਹੈ ਏਸ਼ਿਆਈ ਮੁਲਕਾਂ ਨਾਲ ਚੀਨ ਦਾ ਸੰਪਰਕ ਅਤੇ ਸਹਿਯੋਗ ਬਿਹਤਰ ਕਰਨਾ ਅਤੇ ਅਫ਼ਰੀਕਾ ਤੇ ਯੂਰਪ ਨੂੰ ਵੀ ਏਸ਼ਿਆਈ ਮੁਲਕਾਂ ਨਾਲ ਨੇੜਿਓਂ ਜੋੜਨਾ। ਬੀਜਿੰਗ ਵਿਚ ਇਸ ਦੇ ਉਦਘਾਟਨ ਮੌਕੇ ਚੀਨ ਸਮੇਤ 29 ਮੁਲਕਾਂ ਦੇ ਰਾਸ਼ਟਰ ਮੁਖੀ ਅਤੇ 70 ਹੋਰਨਾਂ ਮੁਲਕਾਂ ਦੇ ਪ੍ਰਤੀਨਿਧ ਮੌਜੂਦ ਰਹੇ। ਇਸ ਪ੍ਰੋਜੈਕਟ ਤਹਿਤ ਜ਼ਮੀਨ ਅਤੇ ਸਮੁੰਦਰੀ ਰਸਤਿਆਂ ਰਾਹੀਂ ਵਾਪਰ ਮਾਰਗਾਂ ਨੂੰ ਬਿਹਤਰ ਬਣਾਇਆ ਜਾਵੇਗਾ। ਕਈ ਹਾਈ ਸਪੀਡ ਰੇਲ ਨੈੱਟਵਰਕ ਹੋਣਗੇ ਜੋ ਯੂਰਪ ਤੱਕ ਜਾਣਗੇ। ਏਸ਼ਿਆ ਅਤੇ ਅਫਰੀਕਾ ਵਿਚ ਕਈ ਬੰਦਰਗਾਹਾਂ ਤੋਂ ਇਹ ਰੂਟ ਲੰਘਣਗੇ ਤੇ ਇਸ ਰਸਤੇ ਵਿਚ ਕਈ ਫਰੀ ਟਰੇਡ ਜ਼ੋਨ ਆਉਣਗੇ। ਚੀਨ ਦੁਨੀਆ ਦੇ 65 ਮੁਲਕਾਂ ਨੂੰ ਇਕ ਦੂਸਰੇ ਦੇ ਨੇੜੇ ਲਿਆਏਗਾ ਤੇ ਦੁਨੀਆ ਦੀ ਦੋ-ਤਿਹਾਈ ਆਬਾਦੀ ਨੂੰ ਆਪਣੀ ਅਰਥਵਿਵਸਥਾ ਨਾਲ ਸਿੱਧਾ ਜੋੜ ਦਏਗਾ।
ਭਾਰਤ ਨੇ ਉਦੋਂ ਵੀ ਆਪਣੀ ਭੂਗੋਲਿਕ ਪ੍ਰਭੂਸੱਤਾ ਨੂੰ ਤਰਜੀਹ ਦਿੱਤੀ ਅਤੇ ਏਨੇ ਮਹੱਤਵਪੂਰਨ ਪ੍ਰੋਜੈਕਟ ਤੋਂ ਖ਼ੁਦ ਨੂੰ ਅਲੱਗ ਕਰ ਲਿਆ। ਮਈ ਵਿਚ ਚੀਨ ਕਿਉਂ ਪ੍ਰੇਸ਼ਾਨ ਹੋਇਆ ਸੀ, ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਸਾਮ ਅਤੇ ਅਰੂਣਾਚਲ ਪ੍ਰਦੇਸ਼ ਨੂੰ ਜੋੜਨ ਵਾਲੇ ਪੁਲ ਦਾ ਉਦਘਾਟਨ ਕਰਨ ਗਏ। ਉਦੋਂ ਤਾਂ ਉਹ ਟਰੰਪ ਦੇ ਅਮਰੀਕਾ ਵੀ ਨਹੀਂ ਗਏ ਸਨ। ਉਦੋਂ ਤਾਂ ਟਰੰਪ ਨੇ ਚੀਨ ਦੇ ਰਾਸ਼ਟਪਤੀ ਦੀ ਹੀ ਜਮ ਕੇ ਤਾਰੀਫ਼ ਕੀਤੀ ਸੀ। ਬ੍ਰਹਮਪੁੱਤਰ ਨਦੀ ‘ਤੇ ਬਣੇ ਇਸ ਪੁਲ ਕਾਰਨ ਅਸਾਮ ਅਤੇ ਅਰੂਣਾਚਲ ਪ੍ਰਦੇਸ਼ ਕਾਫ਼ੀ ਨੇੜੇ ਆ ਗਏ। ਇਹ ਪੁਲ ਭਾਰਤ-ਚੀਨ ਸਰਹੱਦ ਦੇ ਕਾਫ਼ੀ ਨੇੜੇ ਹੈ। ਉਦੋਂ ਚੀਨ ਨੇ ਬਿਆਨ ਜਾਰੀ ਕਰ ਕੇ ਕਿਹਾ ਸੀ ਕਿ ਭਾਰਤ ਨਾਲ ਉਸ ਦਾ ਸਰਹੱਦੀ ਵਿਵਾਦ ਚੱਲ ਰਿਹਾ ਹੈ, ਇਸ ਲਈ ਪੂਰਬ-ਉਤਰ ਭਾਰਤ ਵਿਚ ਬੁਨਿਆਦੀ ਢਾਂਚਿਆਂ ਦਾ ਨਿਰਮਾਣ ਕਰਨ ਵਿਚ ਸੰਜਮ ਵਰਤੇ। ਅਰੂਣਾਚਲ ਪ੍ਰਦੇਸ਼ ਵਿਚ ਦਲਾਈ ਲਾਮਾ ਦੀ ਯਾਤਰਾ ਸਮੇਂ ਚੀਨ ਨੇ ਅਜਿਹੀ ਪ੍ਰਤੀਕਿਰਿਆ ਜ਼ਾਹਰ ਕੀਤੀ ਸੀ। ਪਰ ਇਹ ਕਾਰਨ ਹੈ ਤਾਂ ਯੂ.ਪੀ.ਏ. ਦੇ ਦੌਰ ਵਿਚ ਵੀ ਦਲਾਈ ਲਾਮਾ ਅਰੂਣਾਚਲ ਪ੍ਰਦੇਸ਼ ਗਏ ਸਨ ਅਤੇ ਫਿਰ ਤਿੱਬਤ ਨੂੰ ਲੈ ਕੇ ਭਾਰਤ ਨੇ ਆਪਣੀ ਨੀਤੀ ਵਿਚ ਕੋਈ ਖ਼ਾਸ ਪਰਿਵਰਤਣ ਕੀਤਾ ਹੈ ਜਾਂ ਪੁਰਾਣੀ ਨੀਤੀ ਵਿਚ ਆਕਰਮਕਤਾ ਦਾ ਇਕ ਹੋਰ ਕਦਮ ਧਰਿਆ ਹੈ, ਇਹ ਵੀ ਸਾਫ਼ ਨਹੀਂ ਹੈ। ਜ਼ਾਹਰ ਹੈ ਚੀਨ ਸਾਡੇ ਸਾਹਮਣੇ ਮੌਜੂਦ ਕਾਰਨਾਂ ਤੋਂ ਨਹੀਂ ਖਿਝਿਆ ਹੋਵੇਗਾ, ਕਾਰਨ ਕੁਝ ਹੋਰ ਹੋਣਗੇ।
ਚੀਨ ਨੂੰ ਅਸੀਂ ਪੁਰਾਣੇ ਕਾਰਨਾਂ ਦੀ ਨਜ਼ਰੇ ਦੇਖਣ ਦੇ ਆਦੀ ਹੋ ਰਹੇ ਹਾਂ, ਬਿਹਤਰ ਹੈ ਪੁਰਾਣੇ ਕਾਰਨਾਂ ਦੇ ਨਾਲ ਨਾਲ ਉਸ ਦੀਆਂ ਦੂਰਦਰਸ਼ੀ ਨੀਤੀਆਂ ਦੀ ਵੀ ਸਮੀਖਿਆ ਕਰਨੀ ਚਾਹੀਦੀ ਹੈ। ਹੋ ਸਕਦਾ ਹੈ ਦੁਨੀਆ ਦੇ ਪੱਧਰ ‘ਤੇ ਦੋਸਤਾਨਾ ਗਠਜੋੜ ਬਦਲ ਰਹੇ ਹੋਣ। ਭਾਰਤ ਦੇ ਪ੍ਰਧਾਨ ਮੰਤਰੀ ਖੁੱਲ੍ਹ ਕੇ ਏਸ਼ੀਆ ਦੀ ਸਦੀ ਗੱਲ ਕਰਦੇ ਹਨ, ਚੀਨ ਏਸ਼ੀਆ ਦੀ ਅਗਵਾਈ ਕਰਨ ਦੀ ਦੱਬੀ ਇੱਛਾ ਰੱਖਦਾ ਹੈ। ਉਹ ਕਦੇ ਪਾਕਿਸਤਾਨ ਨਾਲ ਗਵਾਦਰ ਪ੍ਰੋਜੈਕਟ ਰਾਹੀਂ ਭਾਰਤ ਨੂੰ ਘੇਰਦਾ ਹੈ ਤਾਂ ਭਾਰਤ ਉਥੋਂ 72 ਕਿਲੋਮੀਟਰ ਦੂਰ ਇਰਾਨ ਨਾਲ ਮਿਲ ਕੇ ਚਾਬਹਾਰ ਪ੍ਰੋਜੈਕਟ ਰਾਹੀਂ ਚੀਨ ਦੇ ਦਾਅ ‘ਚੋਂ ਨਿਕਲ ਜਾਂਦਾ ਹੈ। ਪਰ ਕੀ ਚੀਨ ਭਾਰਤੀ ਸਰਹੱਦ ‘ਤੇ ਆਮ ਨਾਲੋਂ ਜ਼ਿਆਦਾ ਸਰਗਰਮ ਹੋ ਰਿਹਾ ਹੈ?