ਕਾਦੀਆਂ ’ਚ ਭਾਜਪਾ ਮਹਿਲਾ ਵਰਕਰ ਕਿਸਾਨਾਂ ਨੇ ਬਣਾਈਆਂ ਬੰਦੀ

ਕਾਦੀਆਂ ’ਚ ਭਾਜਪਾ ਮਹਿਲਾ ਵਰਕਰ ਕਿਸਾਨਾਂ ਨੇ ਬਣਾਈਆਂ ਬੰਦੀ

 ਪਟਿਆਲਾ ’ਚ ਵਰਕਰ ਕੁੱਟੇ

ਅੰਮ੍ਰਿਤਸਰ ਟਾਈਮਜ਼ ਬਿਉਰੋ  

 ਜਲੰਧਰ : ਕੇਂਦਰ ਵਿਚ ਭਾਜਪਾ ਸਰਕਾਰ ਦੇ 7 ਸਾਲ ਪੂਰੇ ਹੋ ਗਏ ਹਨ। ਇਸ ਦੇ ਚਲਦਿਆਂ ਭਾਜਪਾ ਆਗੂਆਂ ਤੇ ਵਰਕਰਾਂ ਨੇ ਸੂਬੇ ਵਿਚ ‘ਸੇਵਾ ਹੀ ਸੰਗਠਨ’ ਪ੍ਰੋਗਰਾਮ ਤਹਿਤ ਪੰਜਾਬ ਭਰ ਵਿਚ ਕਈ ਤਰ੍ਹਾਂ ਦੇ ਸੇਵਾ ਕਾਰਜ ਕੀਤੇ। ਇਸ ਦੌਰਾਨ ਲੋਕਾਂ ਨੂੰ ਮਾਸਕ ਵੰਡਣੇ, ਸਵੱਛਤਾ ਲਈ ਪ੍ਰੇਰਤ ਕਰਨਾ ਤੇ ਖੂਨ ਦਾਨ ਕੈਂਪ ਲਾਉਣੇ ਸ਼ਾਮਿਲ ਸੀ। ਇਸੇ ਦੌਰਾਨ ਭਾਜਪਾ ਦੇ ਇਨ੍ਹਾਂ ਪ੍ਰੋਗਰਾਮਾਂ ਦਾ ਸੂਬੇ ਵਿਚ ਕੁਝ ਥਾਵਾਂ ’ਤੇ ਕਿਸਾਨਾਂ ਨੇ ਵਿਰੋਧ ਕੀਤਾ।ਗੁਰਦਾਸਪੁਰ ਜ਼ਿਲ੍ਹੇ ਦੇ ਕਾਦੀਆਂ ਇਲਾਕੇ ਦੇ ਪਿੰਡ ਨਾਥਪੁਰਾ ਵਿਚ ਤਾਂ ਕਿਸਾਨਾਂ ਨੇ ਗੁਰੂਘਰ ਵਿਚ ਭਾਜਪਾ ਮਹਿਲਾ ਮੋਰਚਾ ਵੱਲੋਂ ਲਾਏ ਗਏ ਖੂਨ ਦਾਨ ਕੈਂਪ ਦਾ ਵਿਰੋਧ ਕਰਦੇ ਹੋਏ ਭਾਜਪਾ ਦੀਆਂ ਵਰਕਰਾਂ ਤੇ ਮੈਡੀਕਲ ਸਟਾਫ ਨੂੰ ਬੰਧਕ ਬਣਾ ਲਿਆ। ਮੌਕੇ ’ਤੇ ਪੁੱਜੀ ਪੁਲਿਸ ਨੇ ਇਨ੍ਹਾਂ ਨੂੰ ਬਚਾਇਆ।ਇਸ ਮੌਕੇ ਭਾਜਪਾ ਦੀ ਮਹਿਲਾ ਆਗੂ ਕੁਲਵਿੰਦਰ ਕੌਰ ਨੇ ਦੱਸਿਆ ਕਿ ਉਹ ਵੀ ਕਿਸਾਨ ਦੀ ਧੀ ਹੈ। ਸਮਾਜ ਸੇਵਾ ਦੇ ਕੰਮਾਂ ਵਿਚ ਇਸ ਤਰ੍ਹਾਂ ਨਾਲ ਕਿਸਾਨਾਂ ਵੱਲੋਂ ਰੁਕਾਵਟ ਪਾਉਣਾ ਠੀਕ ਨਹੀਂ ਹੈ। ਉਧਰ ਪਟਿਆਲਾ ਵਿਚ ਵੀ ਭਾਜਪਾ ਵਰਕਰਾਂ ਨੂੰ ਕਿਸਾਨਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ। ਡਾਕਟਰ ਕਾਲੋਨੀ ਵਿਚ ਕੋਵਿਡ ਤੋਂ ਬਚਾਅ ਲਈ ਮਾਸਕ, ਸੈਨੇਟਾਈਜ਼ਰ ਤੇ ਹੋਰ ਸਮੱਗਰੀ ਵੰਡਣ ਗਏ ਭਾਜਪਾ ਆਗੂਆਂ ਤੇ ਵਰਕਰਾਂ ਨੂੰ ਕਿਸਾਨਾਂ ਨੇ ਘੇਰ ਪਾ ਲਿਆ ਤੇ ਕੁੱਟਮਾਰ ਕੀਤੀ। ਭਾਜਪਾ ਆਗੂਆਂ ਨੇ ਉਥੋਂ ਭੱਜ ਕੇ ਜਾਨ ਬਚਾਈ। ਭਾਜਪਾ ਆਗੂਆਂ ਨੇ ਕਿਹਾ ਕਿ ਉਹ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਦੇਣਗੇ।

ਇਸੇ ਤਰ੍ਹਾਂ ਗੁਰਦਾਸਪੁਰ ਜ਼ਿਲ੍ਹੇ ਦੇ ਕਲਾਨੌਰ ਵਿਚ ਕਿਸਾਨਾਂ ਨੇ ਪਹਿਲਾਂ ਭਾਜਪਾ ਖਿਲਾਫ ਰੋਸ ਮਾਰਚ ਕੱਢਿਆ ਤੇ ਉਸ ਦੇ ਬਾਅਦ ਮੰਡਲ ਪੱਧਰ ਦੇ ਆਗੂ ਅਜੇ ਚੰਦੇਲ ਦੇ ਘਰ ਦੇ ਬਾਹਰ ਧਰਨਾ ਲਾਇਆ। ਬਾਅਦ ਵਿਚ ਪੁਲਿਸ ਨੇ ਕਿਸਾਨਾਂ ਨੂੰ ਸਮਝਾ ਕੇ ਧਰਨਾ ਸਮਾਪਤ ਕਰਵਾਇਆ।