ਝੀਲ ਵਿਚ ਤਬਾਹ ਹੋਏ ਛੋਟੇ ਜਹਾਜ਼ ਵਿੱਚ ਸਵਾਰ ਸਾਰੇ 7 ਜਣਿਆਂ ਦੀ ਮੌਤ

ਝੀਲ ਵਿਚ ਤਬਾਹ ਹੋਏ ਛੋਟੇ ਜਹਾਜ਼ ਵਿੱਚ ਸਵਾਰ ਸਾਰੇ 7 ਜਣਿਆਂ ਦੀ ਮੌਤ

ਅੰਮ੍ਰਿਤਸਰ ਟਾਈਮਜ਼ ਬਿਉਰੋ  

ਸੈਕਰਾਮੈਂਟੋ : (ਹੁਸਨ ਲੜੋਆ ਬੰਗਾ) - ਬੀਤੇ ਦਿਨ ਨੈਸ਼ਵਿਲੇ ਸ਼ਹਿਰ ਦੇ ਨੀਮ ਸ਼ਹਿਰੀ ਇਲਾਕੇ  ਟੈਨੇਸੀ ਦੀ ਝੀਲ ਵਿਚ ਡਿੱਗ ਕੇ ਤਬਾਹ ਹੋਏ ਇਕ ਛੋਟੇ ਜਹਾਜ਼ ਵਿਚ ਸਵਾਰ ਸਾਰੇ 7 ਵਿਅਕਤੀਆਂ ਦੀ ਮੌਤ ਹੋ ਗਈ ਹੈ। ਪਹਿਲੀਆਂ ਰਿਪੋਰਟਾਂ ਵਿਚ 6 ਵਿਅਕਤੀਆਂ ਨੂੰ ਬਚਾਅ ਲੈ ਜਾਣ ਦੀ ਗੱਲ ਕਹੀ ਗਈ ਸੀ ਪਰ ਹੁਣ ਮੰਨ ਲਿਆ ਗਿਆ ਹੈ ਕਿ  ਜਹਾਜ਼ ਵਿਚ ਸਵਾਰ ਵਿਅਕਤੀਆਂ ਵਿਚੋਂ ਕੋਈ ਵੀ ਨਹੀਂ ਬਚਿਆ।

ਇਨਾਂ ਵਿਚ ਡਾਈਟ ਗੁਰੂ ਤੇ ਚਰਚ ਪ੍ਰਧਾਨ ਗੈਨ ਲਾਰਾ, ਉਸ ਦਾ ਪਤੀ ਅਦਾਕਾਰ ਜੋਅ ਲਾਰਾ ਵੀ ਸ਼ਾਮਿਲ ਹੈ। ਇਹ ਸਾਰੇ ਬਰੈਂਟਵੁੱਡ, ਟੈਨੇਸੀ ਦੇ ਰਹਿਣ ਵਾਲੇ ਸਨ। ਅਧਿਕਾਰੀਆਂ ਨੇ ਦਸਿਆ ਕਿ ਸਮਾਈਰਨਾ, ਟੈਨੇਸੀ ਤੋਂ ਉਡਾਨ ਭਰਨ ਉਪਰੰਤ ਤਕਰੀਬਨ 3 ਕਿਲੋਮੀਟਰ ਦੀ ਦੂਰੀ 'ਤੇ ਜਹਾਜ਼ ਤਬਾਹ ਹੋ ਕੇ ਝੀਲ ਵਿਚ ਜਾ ਡਿੱਗਾ। ਰੁਦਰਫੋਰਡ ਕਾਉਂਟੀ ਦੇ ਅੱਗ ਬੁਝਾਊ ਵਿਭਾਗ ਦੇ ਕੈਪਟਨ ਜੋਸ਼ੂਆ ਸੈਂਡਰਜ ਨੇ ਕਿਹਾ ਹੈ ਕਿ ਇਸ ਸਮੇਂ ਕਿਸੇ ਦੇ ਜਿੰਦਾ ਮਿਲਣ ਦੀ ਕੋਈ ਸੰਭਾਵਨਾ ਨਹੀਂ ਹੈ।