ਗਿਆਨੀ ਹਰਪ੍ਰੀਤ ਸਿੰਘ ਨੇ ਵਿਵਾਦਿਤ ਫਿਲਮ "ਦਾਸਤਾਨ-ਏ-ਮੀਰੀ" ਦੀ ਰਿਲੀਜ਼ ਦਾ ਮੁੜ ਰਾਹ ਖੋਲ੍ਹਿਆ

ਗਿਆਨੀ ਹਰਪ੍ਰੀਤ ਸਿੰਘ ਨੇ ਵਿਵਾਦਿਤ ਫਿਲਮ
ਗਿਆਨੀ ਹਰਪ੍ਰੀਤ ਸਿੰਘ

ਅੰਮ੍ਰਿਤਸਰ: ਗੁਰੂ ਹਰਗੋਬਿੰਦ ਸਾਹਿਬ ਅਤੇ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਸਮੇਤ ਹੋਰ ਸਤਿਕਾਰਯੋਗ ਗੁਰਸਿੱਖਾਂ ਨੂੰ ਕਾਰਟੂਨ ਰੂਪ ਵਿੱਚ ਪੇਸ਼ ਕਰਦੀ ਵਿਵਾਦਿਤ ਫਿਲਮ ਦਾਸਤਾਨ ਏ ਮੀਰੀ-ਪੀਰੀ ਖਿਲਾਫ ਭਾਵੇਂ ਕਿ ਸਿੱਖ ਸੰਗਤਾਂ ਦਾ ਭਾਰੀ ਵਿਰੋਧ ਹੈ ਪਰ ਇਸ ਵਿਰੋਧ ਨੂੰ ਜਾਣਦਿਆਂ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੁੱਝ ਲੋਕ ਆਪਣੇ ਪ੍ਰਭਾਵ ਨੂੰ ਵਰਤਦਿਆਂ ਇਸ ਫਿਲਮ ਨੂੰ ਰਿਲੀਜ਼ ਕਰਾਉਣਾ ਚਾਹੁੰਦੇ ਹਨ। 

ਦੱਸ ਦਈਏ ਕਿ ਪਹਿਲਾਂ ਇਹ ਫਿਲਮ 5 ਜੂਨ ਨੂੰ ਰਿਲੀਜ਼ ਹੋਣੀ ਸੀ ਪਰ ਸਿੱਖ ਸੰਗਤਾਂ ਦੇ ਵਿਰੋਧ ਕਾਰਨ ਆਖਰੀ ਸਮੇਂ 'ਤੇ ਸ਼੍ਰੋਮਣੀ ਕਮੇਟੀ ਵੱਲੋਂ ਨਿਯਤ ਕੀਤੇ ਗਏ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਇਸ ਫਿਲਮ 'ਤੇ ਆਰਜ਼ੀ ਰੋਕ ਲਾਉਣ ਦੇ ਹੁਕਮ ਜਾਰੀ ਕੀਤੇ ਸਨ। 

ਹੁਣ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਦੁਬਾਰਾ ਫੇਰ ਇਸ ਫਿਲਮ ਦੇ ਰਿਲੀਜ਼ ਹੋਣ ਲਈ ਇੱਕ ਰਾਹ ਖੋਲ੍ਹਿਆ ਗਿਆ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਇਸ ਫਿਲਮ ਨੂੰ ਪ੍ਰਵਾਨਗੀ ਦੇਣ ਜਾ ਰੋਕ ਲਾਉਣ ਦਾ ਕੰਮ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਨੂੰ ਦੇ ਦਿੱਤਾ ਹੈ। ਇਸ ਤੋਂ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਦੇ ਕਹਿਣ ਮਗਰੋਂ ਸ਼੍ਰੋਮਣੀ ਕਮੇਟੀ ਵੱਲੋਂ ਇਸ ਫਿਲਮ ਦੀ ਪੜਤਾਲ ਲਈ ਇੱਕ ਸਬ ਕਮੇਟੀ ਬਣਾਈ ਗਈ ਸੀ ਜਿਸ ਵਿੱਚ ਸ਼ਾਮਿਲ ਮੈਂਬਰਾਂ ਦੇ ਇਸ ਫਿਲਮ ਸਬੰਧੀ ਵਿਚਾਰਕ ਮਤਭੇਦ ਸਨ ਤੇ ਕਮੇਟੀ ਦੇ ਮੈਂਬਰ ਮੋਹਾਲੀ ਤੋਂ ਸ਼੍ਰੌਮਣੀ ਕਮੇਟੀ ਮੈਂਬਰ ਹਰਪ੍ਰੀਤ ਸਿੰਘ ਨੇ ਇਸ ਫਿਲਮ ਦਾ ਵਿਰੋਧ ਕੀਤਾ ਸੀ। ਪਰ ਸਬ ਕਮੇਟੀ ਦੀ ਅਗਲੀ ਬੈਠਕ ਵਿੱਚ ਉਹ ਗੈਰ ਹਾਜ਼ਰ ਰਹੇ ਤੇ ਉਹਨਾਂ ਕਿਹਾ ਕਿ ਉਹਨਾਂ ਨੂੰ ਬੈਠਕ ਲਈ ਸੱਦਿਆ ਹੀ ਨਹੀਂ ਗਿਆ ਸੀ। ਸਬ ਕਮੇਟੀ ਦੇ ਬਾਕੀ ਮੈਂਬਰਾਂ ਮੈਂਬਰ ਭਗਵੰਤ ਸਿੰਘ ਸਿਆਲਕਾ ਅਤੇ ਬੀਬੀ ਕਿਰਨਜੋਤ ਕੌਰ ਨੇ ਕੁੱਝ ਇਤਰਾਜ਼ਯੋਗ ਦ੍ਰਿਸ਼ ਠੀਕ ਕਰਕੇ ਫਿਲਮ ਚਲਾਉਣ ਦੀ ਰਿਪੋਰਟ ਅਕਾਲ ਤਖ਼ਤ ਸਾਹਿਬ ਨੂੰ ਦਿੱਤੀ ਸੀ। ਪਰ ਸਿੱਖ ਸੰਗਤਾਂ ਦੇ ਵਿਰੋਧ ਕਾਰਨ ਫਿਲਮ ਰਿਲੀਜ਼ ਨਹੀਂ ਹੋ ਸਕੀ ਸੀ।

ਹੁਣ ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਕਮੇਟੀ ਨੂੰ ਪੱਤਰ ਭੇਜ ਕੇ ਆਖਿਆ ਕਿ ਇਸ ਫਿਲਮ ਦੀ ਪ੍ਰਵਾਨਗੀ ਅੰਤ੍ਰਿੰਗ ਕਮੇਟੀ ਵਿਚ ਵਿਚਾਰਨ ਮਗਰੋਂ ਦਿੱਤੀ ਜਾਵੇ ਅਤੇ ਫਿਲਮਾਂ ਸਬੰਧੀ ਪੱਕੇ ਨਿਯਮ ਵੀ ਬਣਾਏ ਜਾਣ। ਇੱਥੇ ਇਹ ਵੀ ਵਿਚਾਰਨਯੋਗ ਹੈ ਕਿ ਕੁੱਝ ਸਮੇਂ ਬਾਅਦ ਸਿੱਖ ਸਿਧਾਂਤਾਂ ਦੇ ਖਿਲਾਫ ਕੋਈ ਨਾ ਕੋਈ ਫਿਲਮ ਜਾ ਨਾਟਕ ਬਣਾ ਦਿੱਤਾ ਜਾਂਦਾ ਹੈ ਤੇ ਜ਼ਿਆਦਾਤਰ ਸ਼੍ਰੋਮਣੀ ਕਮੇਟੀ ਪਹਿਲਾਂ ਇਹਨਾਂ ਦੇ ਪੱਖ ਵਿੱਚ ਖੜ੍ਹਦੀ ਹੈ ਤੇ ਜਦੋਂ ਸਿੱਖ ਸੰਗਤ ਵਿਰੋਧ ਕਰਦੀ ਹੈ ਤਾਂ ਸ਼੍ਰੋਮਣੀ ਕਮੇਟੀ ਮਜ਼ਬੂਰ ਹੋ ਕੇ ਇਹਨਾਂ ਦਾ ਵਿਰੋਧ ਕਰਦੀ ਹੈ। ਇੱਥੇ ਇਹ ਵੀ ਧਿਆਨ ਦੇਣ ਯੋਗ ਹੈ ਕਿ ਇਹ ਫਿਲਮਾਂ ਅਤੇ ਨਾਟਕ ਇੱਕ ਵੱਡਾ ਵਪਾਰ ਹਨ ਜਿਸ ਵਿੱਚ ਬਹੁਤ ਵੱਡੇ ਪੱਧਰ 'ਤੇ ਪੈਸੇ ਦੀ ਖੇਡ ਖੇਡੀ ਜਾਂਦੀ ਹੈ। ਸ਼੍ਰੋਮਣੀ ਕਮੇਟੀ ਦੇ ਕੁੱਝ ਅਹਿਮ ਅਹੁਦੇਦਾਰਾਂ 'ਤੇ ਇਸ ਪੈਸੇ ਦੀ ਖੇਡ ਵਿੱਚ ਸ਼ਾਮਿਲ ਹੋਣ ਦੇ ਦੋਸ਼ ਵੀ ਲੱਗਦੇ ਰਹੇ ਹਨ।

ਦੱਸਣਯੋਗ ਹੈ ਕਿ 1934, 1940 ਅਤੇ ਇਸ ਤੋਂ ਬਾਅਦ ਵੀ ਹੋਏ ਫੈਸਲਿਆਂ ਤਹਿਤ ਇਹ ਫੈਸਲਾ ਕੀਤਾ ਗਿਆ ਸੀ ਕਿ ਫਿਲਮਾਂ, ਨਾਟਕਾਂ ਆਦਿ ਵਿਚ ਗੁਰੂ ਸਾਹਿਬ ਅਤੇ ਉਨ੍ਹਾਂ ਦੇ ਪਰਿਵਾਰਕ ਜੀਅ ਨਹੀਂ ਦਿਖਾਏ ਜਾਣਗੇ। ਇਸ ਤੋਂ ਇਲਾਵਾ ਇਹ ਵੀ ਗੱਲ ਸਮਝਣ ਯੋਗ ਹੈ ਕਿ ਸਿੱਖ ਧਰਮ ਵਿੱਚ ਬੁੱਤਪ੍ਰਸਤੀ ਦਾ ਬਿਲਕੁੱਲ ਸਖਤ ਵਿਰੋਧ ਹੈ ਤੇ ਤਸਵੀਰਾਂ ਆਦਿ ਸਿੱਖੀ ਵਿੱਚ ਮਨਮੱਤ ਹਨ। ਹੁਣ ਜਦੋਂ ਫਿਲਮਾਂ ਵਿੱਚ ਤਸਵੀਰਾਂ ਰਾਹੀਂ ਅਤੇ ਕਾਰਟੂਨਾਂ ਰਾਹੀਂ ਗੁਰੂ ਸਾਹਿਬ ਨੂੰ ਚਿਤਰਿਆ ਜਾ ਰਿਹਾ ਹੈ ਤਾਂ ਇਸ ਨੂੰ ਸਿੱਖੀ 'ਤੇ ਇੱਕ ਵੱਡਾ ਹਮਲਾ ਸਮਝਿਆ ਜਾ ਰਿਹਾ ਹੈ ਜੋ ਸਿੱਖਾਂ ਨੂੰ ਬੁੱਤ ਪੂਜਾ ਵੱਲ ਧੱਕਣ ਦੀ ਇੱਕ ਸਾਜਿਸ਼ ਹੈ। 
 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ