ਲੋਕ ਮਨਾਂ ਵਿਚ ਵਸੀ - ਜੂਨ 84 ਦੀ ਰਹੱਸਮਈ ਜੰਗ
ਜੂਨ ਚੁਰਾਸੀ ਵੇਲੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਵੀ ਗੁਰੂ ਸੰਕਲਪ ਦੇ ਧਾਰਨੀ ਲੱਗੇ
ਜੂਨ 84 ਨੂੰ ਸ੍ਰੀ ਹਰਿਮੰਦਰ ਸਾਹਿਬ (ਅੰਮ੍ਰਿਤਸਰ) ਵਿਖੇ ਭਾਰਤੀ ਆਰਮੀ ਵੱਲੋਂ ਸਿੱਖ ਖੜਕੂਆਂ ਨਾਲ ਲੜੀ ਗਈ ਲੜਾਈ ਨਿਰ-ਸੰਦੇਹ ਅਸਾਵੀਂ ਜੰਗ ਸੀ। ਇਕ ਪਾਸੇ ਵਿਸ਼ਵ ਦੀ ਸ਼ਕਤੀਸ਼ਾਲੀ ਫੌਜ ਦੀਆਂ ਟਰੇਂਡ ਪਲਟਣਾਂ ਅਤੇ ਮੁਕਾਬਲੇ ‘ਤੇ ਗਿਣਤੀ ਦੇ ਕੁਝ ਕੁ ਵਚਨਬੱਧ ਸਿੱਖ । ਪਰ ਫਿਰ ਵੀ ਇਹ ਲੜਾਈ ਸਿੱਖ ਇਤਿਹਾਸ ਦੇ ਪੰਨਿਆਂ ਉਤੇ ਤਾਰੀਖੀ ਜੰਗਾਂ ਵਾਂਗ ਮੁਕੰਮਲ ਵਾਰ ਦਾ ਰੂਪ ਧਾਰ ਗਈ। ਕੁੱਲ ਆਲਮ ਵੱਲੋਂ, ਭਾਰੀ ਸੈਨਕ ਦਲ ਦੁਆਰਾ ਪੂਰੀ ਪਲੈਨਿੰਗ ਨਾਲ ਕੀਤੇ ਗਏ ਪ੍ਰਹਾਰ ਨੂੰ , ਭਿਅੰਕਰ ਹਮਲੇ ਵਜੋਂ ਗਰਦਾਨਿਆ ਗਿਆ। ਸਮਕਾਲੀ ਚਿੰਤਕਾਂ ਦਾ ਮੱਤ ਸੀ ; ਜੇਕਰ ਉਸ ਸਮੇਂ ਦੀ ਹੁਕਮਰਾਨ ਜਮਾਤ ਚਾਹੁੰਦੀ ਤਾਂ ਇਹ ਮੰਦਭਾਗਾ ਇਤਿਹਾਸਕ ਕਤਲੇਆਮ ਹੋਣੋ ਬਚਾਇਆ ਜਾ ਸਕਦਾ ਸੀ। ਸਰਕਾਰ ਆਪਣੇ ਹੀ ਦੇਸ ਵਾਸੀਆਂ ਦੀਆਂ ਲਾਸ਼ਾਂ ਦੇ ਢੇਰ ਲਾਉਣ ਦੇ ਕਾਰਜ ਤੋਂ ਬਚ ਸਕਦੀ ਸੀ। ਕੋਈ ਹੋਰ ਤਾਰੀਕਾ ਏ ਤੌਰ ਉਲੀਕ ਕੇ ਬਦਬਖਤ ਸਾਕੇ ਨੂੰ ਅਮਲ ਵਿਚ ਲਿਆਉਣੋ ਟਾਲ ਸਕਦੀ ਸੀ । ਆਪਣੇ ਆਪ ਨੂੰ ਸੈਕੂਲਰ ਕਹਾਉਣ ਵਾਲੀ ਜਮਾਤ ਆਪਣੇ ਇਤਮਾਦ ਤੇ ਸਵਾਲੀਆ ਚਿੰਨ ਲੁਆਉਣੋ ਬਚ ਸਕਦੀ ਸੀ । ਕੁਝ ਵਿਸ਼ਲੇਸ਼ਕਾਂ ਦਾ ਮੱਤ ਹੈ ਕਿ ਸ਼ਾਸਕ ਜਮਾਤ ਦਾ ਮੰਤਕ ਬਹੁਤ ਹੀ ਵੱਖਰਾ , ਆਮ ਜਨ ਸਧਾਰਨ ਦੀ ਸਮਝ ਤੋਂ ਬਹੁਤ ਹੀ ਲੁਕਵਾਂ ਤੇ ਗੁਪਤ ਏਜੰਡੇ ਵਾਲਾ ਸੀ। ਖਾੜਕੂ ਸਮੁਦਾਏ ਨੂੰ ਵੱਡਾ ਸਬਕ ਸਿਖਾਉਣ ਲਈ ਸੋਚੀ ਸਮਝੀ ਕਾਰਵਾਈ ਦਾ ਅਮਲ ਸੀ। ਪਰ ਕੌਣ ਜਾਣਦਾ ਕਿ ਮੁਕੱਦਸ ਸਥਾਨਾਂ ਦੀ ਬੇਰੁਹਮਤੀ ਦੇ ਅੰਤਮ ਨਿਰਨੇ , ਅੱਗੇ ਜਾ ਕੇ ਕਿਸ ਵਿਕਰਾਲ ਆਫਤ ਦੇ ਰੂਪ ਵਿਚ ਉਠ ਖਲੋਣੇ ਹੁੰਦੇ।ਜੂਨ ਚੁਰਾਸੀ ਦੇ ਹਵਾਲੇ ਨਾਲ ਹੁਣ ਤਕ ਦਾ ਜਿੰਨਾ ਵੀ ਕਿਤਾਬੀ ਬਿਰਤਾਂਤ ਰਚਿਆ ਗਿਆ ਹੈ ਉਹ ਸਾਰੇ ਦਾ ਸਾਰਾ ਜਾਂ ਤਾਂ ਦ੍ਰਿਸ਼ਟ ਰੂਪ , ਵੇਖੇ-ਸੁਣੇ ਦੇ ਹਵਾਲੇ ਨਾਲ ਹੈ ਜਾਂ ਜ਼ਿਆਦਾਤਰ ਰਿਆਸਤ ਵੱਲੋਂ ਮੁਹੱਈਆ ਕੀਤੀ ਗਈ ਸਮੱਗਰੀ ‘ਤੇ ਆਧਾਰਿਤ ਹੈ । ਇਸ ਵੱਡੇ ਸਾਕੇ ਦੀਆਂ ਡੂੰਘੀਆਂ ਤੇ ਸੱਚੀਆਂ ਪਰਤਾਂ ਨੂੰ ਫਰੋਲਣ ਦਾ ਕਾਰਜ ,ਨਿਰਸੰਦੇਹ ਅਜੇ ਬਾਕੀ ਹੈ। ਜਦ ਵੀ ਕੋਈ ਮੁਅੱਰ੍ਹਿਖ ( ਇਤਿਹਾਸਕਾਰ) ਇਸ ਦੀਆਂ ਗਹਿਰੀਆਂ ਤਹਿਆਂ ਦੇ ਅਸਲ ਸੱਚ ਨੂੰ ਤਲਾਸ਼ਣ ਦਾ ਯਤਨ ਕਰੇਗਾ ਤਾਂ ਉਸ ਦੀ ਰਚੀ ਹੋਈ ਤਹਿਰੀਰ ਦੇ ਅਰਥ ਬਹੁਤ ਹੀ ਅਦਭੁੱਤ ਹੋ ਸਕਦੇ ਹਨ [ ਢਾਹੇ ਗਏ ਕਹਿਰ ਨੇ, ਸ਼ੁਰੂ ਵਿੱਚ ਤਾ ਕੌਮ ਦੇ ਮਨਾਂ ‘ਤੇ ਗਮਗੀਨ ਅਵਸਥਾ ਤਾਰੀ ਕਰ ਦਿੱਤੀ ਸੀ । ਲੋਕਾਂ ਨੂੰ ਲੱਗਦਾ ਸੀ ਇਹ ਜੂਨ ਚੁਰਾਸੀ ਦਾ ਦਿਹਾੜਾ ਵੀ ਇਕ ਉਦਾਸ ਲਮਹਿਆਂ ਦੀ ਯਾਦ ਵਾਲਾ ਦਿਨ ਹੀ ਹੋ ਕੇ ਰਹਿ ਜਾਵੇਗਾ। ਪਰ ਕਿਸੇ ਨੂੰ ਕੀ ਪਤਾ ਖੂਨਖਰਾਬੇ ਦਾ ਇਹ ਮੰਜ਼ਰ ਵੱਡੇ ਘੱਲੂਘਰਿਆ ਵਾਂਗ ਸਿਖ - ਯਾਦ ਦਾ ਵੱਡਾ ਹਿੱਸਾ ਬਣ ਜਾਵੇਗਾ। ਹਰ ਨਵੇਂ ਵਰ੍ਹੇ ਇਹ ਇੱਕ ਨਿਆਰੇ ਤੇ ਵੱਖਰੇ ਪੁਰਬ ਵਜੋਂ ਪ੍ਰਚੰਡ ਰੂਪ ਵਿੱਚ ਪਰਗਟ ਹੋਇਆ ਮਿਲੇਗਾ।
ਜੂਨ 84 ਦੇ ਅਣਮਨੁੱਖੀ ਵਰਤਾਰੇ ਦੇ ਵਾਪਰਨ ਤੋਂ ਪਹਿਲਾਂ ਸਿਰਕੱਢ ਕਰਨਲਾਂ ਬਰਗੇਡੀਅਰਾਂ ,ਫੌਜੀ ਅਫਸਰਾਂ ਨੂੰ ਦ੍ਰਿੜ ਵਿਸ਼ਵਾਸ ਸੀ ਕਿ ਇਹ ਛੋਟੀ ਜੇਹੀ ਯਕਤਰਫੀ ਝੜਪ ਹੀ ਹੋਵੇਗੀ । ਇੰਡੀਅਨ ਆਰਮੀ ਨਾਲ, ਨਾ-ਤਜਰਬੇਕਾਰ ਜਜ਼ਬਾਤੀ ਸਿੱਖ ਮੁੰਡਿਆਂ ਦਾ ਕੀ ਮੁਕਾਬਲਾ , ਪਲਾਂ ਵਿਚ ਸਾਰੇ ਦੇ ਸਾਰੇ ਢੇਰ ਹੋ ਜਾਣਗੇ। ਫੌਜ ਮੂਹਰੇ ਇਹ ਮਸਾਂ ਇਕ ਅੱਧਾ ਘੰਟਾ ਹੀ ਟਿਕ ਸਕਣਗੇ ।ਦੇਸੀ ਵਿਦੇਸ਼ ਪੱਤਰਕਾਰਾਂ ਵੱਲੋਂ ਵੀ ਏਸੇ ਇਰਾਦੇ ਨਾਲ ਬਹੁਤ ਲਿਖਿਆ ਗਿਆ। ਕਿਸੇ ਲੇਖਕ ਨੇ ਬਰਤਾਨਵੀ ਪੱਤਰਕਾਰ ਮੇਰੀ ਐਨੇ ਵੀਵਰ ਦੁਆਰਾ ਸੰਡੇ ਟਾਈਮਜ਼ ‘ਚ ਲਿਖੇ ਦਾ ਹਵਾਲਾ ਦਿਤਾ ਹੈ ਕਿ ਫੌਜ ਨੂੰ ਪੁਰ-ਯਕੀਨ ਸੀ ; ਉਹ ਕੁਝ ਘੰਟਿਆਂ ‘ਚ ਸਿੱਖ ਖਾੜਕੂਆਂ ਨੂੰ ਬਾਹਰ ਕੱਢ ਦੇਵੇਗੀ- । ਉੱਚ ਕੋਟੀ ਦੇ ਲ਼ਿਖਾਰੀਆਂ ਵੱਲੋਂ ਵੀ ਰਿਆਸਤ ਦੇ ਏਸੇ ਖਿਆਲ ਨੂੰ ਉਭਾਰਿਆ ਗਿਆ ਕਿ ਇਹ ਮੁਕਾਬਲਾ ਮੁੱਠੀ ਭਰ ਗਿਣਤੀ ਦੇ ਸਿੱਖਾਂ ਨਾਲ ਹੈ, ਬੜੀ ਆਸਾਨੀ ਨਾਲ ਇੱਕ ਦੋ ਘੰਟਿਆਂ ਵਿੱਚ ਹੀ ਸਭ ਕੁਝ ‘ਤੇ ਕਾਬੂ ਪਾ ਲਿਆ ਜਾਵੇਗਾ । ਪਰ ਸਮੇਂ ਦੇ ਹੁਕਮਰਾਨ ਵੱਲੋਂ ਤੁੱਛ ਜਿਹੀ ਸਮਝੀ ਜਾਣ ਵਾਲੀ ਝਪਟ ,ਐਸੀ ਗਲੇ ਪੈ ਗਈ, ਕਿ ਘੰਟਿਆਂ ਵਿਚ ਮੁਕਣ / ਸਿਮਟਣ ਦੀ ਬਜਾਏ, ਕਰੀਬਣ ਚਾਰ ਦਿਨ ਤਕ ਲੰਮੇਰੀ ਚਲੀ ਗਈ । ਜੂਨ ਚੁਰਾਸੀ , ਹਿੰਦੋਸਤਾਨੀ ਤਰੀਖ ਵਿਚ ਇਕ ਭਿਆਨਕ ਜੰਗ ਦੇ ਰੂਪ ਵਿੱਚ ਰਕਮ ਹੋ ਗਈ ਸਿੱਖਾਂ ਦੇ ਰੂਹਾਨੀ ਬਲ ਅਤੇ ਉਨ੍ਹਾਂ ਦੁਆਰਾ ਦਿੱਤੀ ਸਪਿਰਚੂਅਲ ਫਾਈਟ ਨੇ ਕੁਸ਼ਲ ਵਿਸ਼ੇਸ਼ਗਾਂ ਅਤੇ ਨਿਪੁੰਨ ਮਾਹਿਰਾਂ ਦੇ ਲਾਏ ਗਏ ਸਭ ਤਖਮੀਨੇ ਨਫੀ ਕਰ ਦਿਤੇ ।
ਕਈ ਆਲਮ ਫਾਜ਼ਲ ਲੋਕ ਜੂਨ ਚੁਰਾਸੀ ਦੇ ਵਰਤਾਰੇ ਨੂੰ ਬਾਬਾ ਬੰਦਾ ਸਿੰਘ ਬਹਾਦੁਰ ਦੇ ਦੌਰ ਨਾਲ ਮੇਲ ਕੇ ਵੇਖਦੇ ਹਨ । ਮੌਤ ਦੇ ਖੂਨਖਾਰ ਰਾਹਾਂ ਤੇ ਚੱਲਣ ਵੇਲੇ ਬਾਬਾ ਬੰਦਾ ਸਿੰਘ ਬਹਾਦਰ ਨੇ ਗੁਰੂ ਬਖਸ਼ਸ਼ ਹਾਸਲ ਕਰਨ ਤੋਂ ਬਾਅਦ ਗੁਰੂ ਪਿਆਰ ਨੂੰ ਅੱਖੌ ਪਰੋਖੇ ਨਹੀਂ ਸੀ ਕੀਤਾ ਅਤੇ ਤਾਅ ਉਮਰ ਗੁਰੂ ਲਿਵ ਨਾਲ ਇਕਸਾਰ ਜੁੜਿਆ ਰਿਹਾ । ਹਿਰਦੇ ਤੋਂ ਗੁਰੂ ਨੇੜਤਾ ਬਣਾਈ ਰੱਖੀ ਸੀ। ਗੁਰੂ ਦੀ ਅਜ਼ਮਤ ਤੇ ਰਹੱਸਮਈ ਵਰਤਾਰਿਆਂ ਸਦਕਾ ਬਾਬਾ ਬੰਦਾ ਮਿੱਥ ਬਣ ਗਿਆ ਤੇ ਬੰਦਾ ਰੂਹਾਨੀ ਬਲ ਦੀ ਬੁਲੰਦੀ ‘ਤੇ ਜਾ ਪਹੁੰਚਿਆ। ਉਸ ਨੇ ਮੁਗਲ ਸਾਮਰਾਜ ਨਾਲ ਸਿੱਧੀ ਟੱਕਰ ਲਈ ਤੇ ਪੰਜਾਬ ਦੇ ਵਿਸ਼ਾਲ ਹਿੱਸੇ ‘ਤੇ ਕਾਬਜ਼ ਹੋ ਗਿਆ। ਓੜਕ ਨੁੰ ਸ਼ਹਾਦਤ ਪਾ ਕੇ ਉਸ ਨੇ ਸਾਬਤ ਕਰ ਦਿਤਾ –ਉਹ ਸੱਚਮੁਚ ਗੁਰੂ ਦਾ ਬੰਦਾ ਹੈ-। ਉਸੇ ਤਰ੍ਹਾਂ ਜੂਨ ਚੁਰਾਸੀ ਵੇਲੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਵੀ ੳਸੇ ਗੁਰੂ ਸੰਕਲਪ ਦੇ ਧਾਰਨੀ ਲੱਗੇ ।ਇਨ੍ਹਾਂ ਦੇ ਦੌਰ ਵਿਚ ਅਜ਼ਮਤੀ ਰਹੱਸ ਵਰਤੇ । ਗੁਰੂ ਸਾਹਿਬਾਨ ਦੀ ਕਹਿਣੀ- ਕਰਨੀ ਅਤੇ ਸਿੱਖੀ ਦੀ ਸ਼੍ਰੇਸ਼ਟ ਮਰਯਾਦਾ ਵਿਚ ਰਹਿ ਕੇ ਬਾਬੇ ਬੰਦੇ ਜੀ ਦੀ ਤਰਾਂ ਹੀ ਸੰਤਾਂ ਨੇ ਨਿਰਛਲ ਨਿਰਲੇਪ ਰੂਪ ਵਿਚ ਸ਼ਹਾਦਤ ਦਾ ਮੁਰਾਤਬਾ ਹਾਸਲ ਕਰ ਕੇ ਉਚੇ ਦਰਜਾਤ ਬੁਲੰਦ ਕਰ ਲਏ । ਜਿਵੇਂ ਬਾਬਾ ਬੰਦਾ ਜੀ ਤੇ ਉਨਾਂ ਦੇ ਸਾਥੀ ਸਿੰਘਾਂ ਵਿਚ ਗੁਰਦਾਸ ਨੰਗਲ ਦੇ ਘੇਰੇ ਵੇਲੇ ਗੁਰੂ ਨੇੜਤਾ ਦਾ ਉਤਸ਼ਾਹ ਸਿਖਰਾਂ ਤੇ ਸੀ , ਬਿਲਕੁਲ ਉਸੇ ਸਮਾਨਅੰਤਰ ਸੰਤ ਜਰਨੈਲ ਸਿੰਘ ਖਾਲਸਾ ਅਤੇ ਉਸਦੇ ਸਾਥੀਆਂ ਦੇ ਹਿਰਦਿਆਂ ਅੰਦਰ ਵੀ ਉਹੀ ਗੁਰੂ ਭਾਵਨਾ ਤੇ ਗੁਰੂ ਉਮੰਗ ਪੂਰੀ ਤਰ੍ਹਾਂ ਪ੍ਰਬਲ ਰਹੀ। ਜਿਸ ਤਰਾਂ ਇਕਸੁਰਤਾ ਦਾ ਮੰਜ਼ਰ ਬਾਬਾ ਬੰਦਾ ਸਿੰਘ ਬਹਾਦਰ ਅਤੇ ਉਨ੍ਹਾਂ ਦੇ ਸਿੰਘਾਂ ਵਿਚਕਾਰ ਆਖਰੀ ਸ਼ਹਾਦਤ ਤਕ ਬਣਿਆ ਰਿਹਾ , ਉਹੀ ਇਕਜੁਟਤਾ ਦਾ ਸੰਤਾਂ ਅਤੇ ਸਿੱਖ ਖਾੜਕੂਆਂ ਵਿਚਕਾਰ ਤਾਲਮੇਲ ਅੰਤਮ ਸਵਾਸ ਤਕ ਪੂਰੀ ਤਰਾਂ ਕਾਇਮ ਵੇਖਣ ਨੂੰ ਮਿਲਿਆ।
ਜੂਨ ਚੁਰਾਸੀ ਦੇ ਸਿੰਘ ਜੂਝਾਰੂਆਂ ਨੇ ਹਰ ਪਲ-ਛਿਨ ਗੁਰੂ ਨੂੰ ਅੰਗ ਸੰਗ ਜਾਣ , ਆਪਣੀਆਂ ਜਾਨਾਂ ਤਲੀਆਂ ‘ਤੇ ਰੱਖ ਕੇ ਆਰਮੀ ਨੂੰ ਤਗੜੀ ਲੰਮੇਰੀ ਫਾਈਟ ਦਿੱਤੀ। ਉਨ੍ਹਾਂ , ਗੁਰੂ ਜੀਵਨ ਨੂੰ ਆਪਣਾ ਰੋਲ ਮਾਡਲ ਮੰਨ ਕੇ ,ਸਭ ਦੁਨਿਆਵੀ ਪਦਾਰਥਾਂ ਨੂੰ ਤਿਆਗ ਕੇ ਤਮਾਮ ਸ਼ੋਹਰਤਾਂ ਸਰਦਾਰੀਆਂ ਨੂੰ ਇਕ ਪਾਸੇ ਰੱਖ ਕੇ ਦੀਨ ਹਿਤ ਮਰ-ਮਿਟਣ ਦਾ ਤਹੱਈਆ ਕਰ ਲਿਆ ਸੀ । ਸੂਰਮਿਆਂ ਨੇ ਇਕ ਤਰ੍ਹਾਂ ਦੁਨੀਆਵੀ ਸੁੱਖਾਂ ਦੀ ਪਰਵਾਹ ਨਾ ਕਰਦਿਆਂ ਗੁਰੂ-ਪਿਆਰ ਦੇ ਵਲਵਲੇ ਅਧੀਨ ਸ਼ਹਾਦਤ ਦਾ ਰਾਹ ਅਖਤਿਆਰ ਕੀਤਾ ਅਤੇ ਸਬਰ- ਸਿਦਕ ਦੇ ਬਲ ਸਦਕਾ ਆਖਰੀ ਸੁਆਸ ਤੱਕ ਆਪਣੇ ਆਪ ਨੂੰ ਵੱਡੀ ਅਜ਼ਮਾਇਸ਼ ਵਿੱਚ ਪਾ ਕੇ ਤਨ ਦੇਹੀਆਂ ਕੁਰਬਾਨ ਕਰਨ ਵਿਚ ਸਫਲ ਹੋ ਗਏ ।ਭਾਰਤੀ ਆਰਮੀ ਜਿਸ ਦਾ ਕੋਈ ਸਾਨੀ ਨਹੀਂ ,ਉਹ ਪੱਕੇ ਪੈਰੀਂ ਹੋ ਕੇ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਵਿਚ ਹਮਲਾਵਰ ਹੋ ਕੇ ਪਹੁੰਚੀ ਸੀ। ਸੰਤਾਂ ਤੇ ਸਿੱਖ ਜੂਝਾਰੂਆਂ ਨੇ ਸਿਰ ਨਾ ਝੁਕਾਉਦਿਆਂ , ਖਹਿਵੀਂ ਟੱਕਰ ਦਿੱਤੀ ਤੇ ਸਿੰਘ ਨਾਦ ਦੀ ਗਰਜ਼ ਤੇ ਗੂੰਜ ਨੂੰ ਵਿਸ਼ਵ ਦੇ ਕੋਨੇ ਕੋਨੇ ਤਕ ਪਹੁੰਚਾ ਦਿੱਤਾ।ਰੱਬੀ ਰਹੱਸਾਂ ਨੂੰ ਕੌਣ ਜਾਣੇ ਕਿ ਆਤਮਕ ਬਲਾਂ ਦੁਆਰਾ ਲੜੀਆਂ ਗਈਆਂ ਲੜਾਈਆਂ ਦੇ ਅਰਥ ਮਾਨਵੀ ਸੋਚਾਂ ਤੋਂ ਨਵੇਕਲੇ , ਅਦੁੱਤੀ ਅਤੇ ਬਹੁਤ ਹੀ ਅਤਿਕਥਨੇ ਸਾਬਤ ਹੁੰਦੇ ਹਨ। ਜੰਗਾਂ ਯੁੱਧਾਂ ਦੇ ਰਹੱਸਾਂ ਦੇ ਭੇਦਾਂ ਬਾਰੇ ਅਗਮ ਅਗਾਧੀ ਉਚ ਮੰਡਲਾਂ ਦੇ ਵਾਸੀ ਹੀ ਲੱਖਣਾ ਲਾ ਸਕਦੇ ਹਨ ।ਦਸਵੇਂ ਪਾਤਸ਼ਾਹ ਲੱਖੀ ਜੰਗਲ ਨੂੰ ਰੰਗ ਭਾਗ ਲਾ ਕੇ ਜਦ ਤਲਵੰਡੀ ਸਾਬੋ ਦੇ ਕੋਲ ਚਲੇ ਗਏ ਤਾਂ ਉੱਥੋਂ ਦਾ ਸਿਧੂ ਜੱਟ ਸਰਦਾਰ ਭਾਈ ਡੱਲਾ ਗੁਰੂ ਜੀ ਦੀ ਖ਼ਿਦਮਤ ਲਈ ਆ ਪਹੁੰਚਿਆ। ਗੁਰ ਪ੍ਰਤਾਪ ਸੂਰਜ ਗ੍ਰੰਥ ਵਿਚ ਭਾਈ ਸੰਤੋਖ ਸਿੰਘ ਲਿਖਦੇ ਹਨ ਕਿ ਸੇਵਾ ਹਿਤ ਉਹ ਰੋਜ਼ਾਨਾ ਗੁਰੂ ਸਾਹਿਬ ਕੋਲ ,ਡੇਰੇ ਤੇ ਆਉਂਦਾ । ਉਸ ਦੇ ਨਾਲ ਸੌ ਦੇ ਕਰੀਬ ਉੱਚੀ ਡੀਲ ਡੌਲ ਵਾਲੇ ਘੋੜ ਸਵਾਰ ਹੋਇਆ ਕਰਦੇ। ਭਾਈ ਡੱਲਾ ਸਿੱਖੀ ਦੀਆਂ ਰਹੁ ਰੀਤਾਂ ਤੋਂ ਅਣਜਾਣ, ਸੰਸਾਰੀ ਪਦਾਰਥਾਂ ਨੂੰ ਮੁਹੱਬਤ ਕਰਨ ਵਾਲਾ ਸੀ। ਉਹ ਬਹੁਤ ਹੀ ਭੋਲਾ , ਅਧਿਆਤਮਕ ਰਮਜ਼ਾਂ ਤੋਂ ਦੂਰ ਸੀ। ਇਕ ਦਿਨ ਗੁਰੂ ਸਾਹਿਬ ਨਾਲ ਬੀਤੇ ਹੋਏ ਸਮੇਂ ਦੀਆਂ ਗੱਲਾਂ ਕਰਦਾ ਹੋਇਆ ਕਹਿਣ ਲੱਗਾ – ਗੁਰੂ ਜੀ ! ਦੁਸ਼ਟਾਂ ਨੇ ਆਪ ਨਾਲ ਬਹੁਤ ਕਪਟ ਕਮਾਇਆ ।ਘਮਸਾਨ ਦੇ ਯੁੱਧ ਹੋਏ। ਵਿਸ਼ਾਲ ਸ਼ਾਹੀ ਫੌਜ ਦੇ ਮੁਕਾਬਲੇ ਆਪ ਜੀ ਕੋਲ ਕੁਝ ਕੁ ਉਤਸ਼ਾਹੀ ਯੋਧੇ ਸਨ। ਅਨੰਦਪੁਰ ਨੁੰ ਤਿਆਗਣ ਵੇਲੇ ਤੇ ਫਿਰ ਚਮਕੌਰ ਸਾਹਿਬ ਦੀ ਜੰਗ ਵਿੱਚ ਅਨੇਕ ਸਿੰਘ ਤੇ ਸਾਹਿਬਜ਼ਾਦੇ ਸ਼ਹੀਦੀਆ ਪਾ ਗਏ ,ਕਿੰਨਾ ਨੁਕਸਾਨ ਝੱਲਣਾ ਪਿਆ -।
ਉਹ ਆਪਣੀ ਮਗਰੂਰੀ ‘ਚ ਕਹਿਣ ਲੱਗਾ - ਗੁਰੂ ਜੀ ! ਉਸ ਵੇਲੇ ਜਦ ਤੁਹਾਡੇ ‘ਤੇ ਭਾਰੀ ਭੀੜ ਪਈ ਹੋਈ ਸੀ ਤੇ ਆਪ ਨੂੰ ਅਨੰਦਪੁਰ ਵਿਖੇ ,ਚੌਹਾਂ ਪਾਸਿਆਂ ਤੋਂ ਘੇਰਿਆ ਹੋਇਆ ਸੀ। ਉਸ ਵੇਲੇ ਕਿਤੇ ਤੁਸੀਂ ਮੈਨੂੰ ਯਾਦ ਕੀਤਾ ਹੁੰਦਾ, ਮੈਨੂੰ ਬੁਲਾ ਲਿਆ ਹੁੰਦਾ , ਮੈਂ ਆਪਣੇ ਕੱਦਾਵਾਰ ਘੋੜ ਸਵਾਰ ਲੈ ਕੇ ਪਹੁੰਚਦਾ ਤਾਂ ਅਨੰਦਪੁਰ ਦੀਆਂ ਜੰਗਾਂ ਵਿੱਚ ਸਿੰਘਾਂ ਦਾ ਆਹ ਬੁਰਾ ਹਾਲ ਨਾ ਹੁੰਦਾ -। ਆਪ ਮੈਨੂੰ ਛੋਟਾ ਜੇਹਾ ਰੁੱਕਾ ਹੀ ਲਿਖ ਕੇ ਭੇਜ ਦਿੰਦੇ , ਐਨੇ ਵਿਘਨ ਪੈਣੇ ਹੀ ਨਹੀਂ ਸਨ । ਮੇਰੇ ਤਾਕਤਵਰ ਸੂਰਮਿਆਂ ਨੇ ਜੰਗ ਦਾ ਰੁਖ ਹੀ ਮੋੜ ਦੇਣਾ ਸੀ ~। ਭਾਈ ਡੱਲਾ ਜਦ ਚੁੱਪ ਹੀ ਨਾ ਹੋਇਆ ਤਾਂ ਗੁਰੂ ਸਾਹਿਬ ਨੇ ਕਿਹਾ -ਜੇ ਤੈਨੂੰ ਐਨਾ ਹੀ ਮਾਣ ਹੈ ਤਾਂ ਆਪਣੇ ਦੋ ਬੰਦਿਆਂ ਨੂੰ ਭੇਜ । ਅਸੀਂ ਭੇਟ ਕੀਤੀ ਹੋਈ ਬੰਦੂਕ ਦੀ ਪਰਖ ਕਰਨੀ ਹੈ ,ਕਿੰਨੀ ਕੁ ਦੂਰੋਂ ਮਾਰ ਸਕਦੀ ਹੈ -। ਸੁਣ ਕੇ ਉਸ ਦੇ ਸਾਰੇ ਸੂਰਮੇ ਡਰ ਕੇ ਖਿਸਕ ਗਏ । ਭਾਈ ਡੱਲਾ ਵੀ ਸੁਣ ਕੇ ਸੁੰਨ-ਮਸੁੰਨ ਜੇਹਾ ਹੋ ਗਿਆ। ਉਧਰ ਜਦ ਗੁਰੂ ਦੇ ਆਪਣੇ ਸਿੰਘਾਂ ਨੂੰ ਪਤਾ ਲੱਗਾ ਤਾਂ ਦੋ ਰੰਘਰੇਟੇ ਸਿੰਘ ਹੁਕਮ ਸੁਣ ਕੇ ਭੱਜੇ ਆਏ । ਤਦ ਗੁਰੂ ਜੀ ਨੇ ਫਰਮਾਇਆ - ਓ ਭੋਲਿਆ ਡੱਲਿਆ ! ਇਹ ਜੋ ਜੰਗਾਂ ਹੁੰਦੀਆਂ ਹਨ ,ਇਹ ਜਿਸਮਾਨੀ ਬਲਾਂ ਤੇ ਭਾਰੀ ਭਰਕਮ ਡੌਲਿਆਂ ਦੇ ਜ਼ੋਰ ਨਾਲ ਨਹੀਂ ਲੜੀਆਂ ਜਾਂਦੀਆਂ । ਬਾਦਸ਼ਾਹੀਆਂ , ਸਰੀਰਕ ਜੋਰਾਂ ਤੋਂ ਨਹੀਂ ਡਰਦੀਆਂ; ਦ੍ਰਿੜ ਇਰਾਦੇ ਅਤੇ ਰੂਹ ਦੇ ਜ਼ੋਰ ਨਾਲ ਲੜੀਆਂ ਗਈਆਂ ਲੜਾਈਆਂ ਹੀ ਬਾਦਸ਼ਾਹੀਆਂ ਨੂੰ ਕੰਬਣੀ ਛੇੜਿਆ ਕਰਦੀਆਂ।ਜੂਨ ਚੁਰਾਸੀ ਦੇ ਸਾਕੇ ਉਪਰ ਦਸਵੇਂ ਪਾਤਸ਼ਾਹ ਦਾ ਜੰਗਾਂ ਦੇ ਰਹੱਸਾਂ ਬਾਰੇ ਭਾਈ ਡੱਲੇ ਨੂੰ ਫਰਮਾਇਆ ਹੋਇਆ ਉਪਰੋਕਤ ਕਥਨ, ਪੂਰੀ ਤਰਾਂ ਸੱਚ ਹੋਇਆ ਪਰਗਟ ਹੁੰਦਾ ਹੈ । ਇਸ ਅਸਾਵੀਂ ਜੰਗ ਵੇਲੇ ਸਿੱਖ ਨੌਜਵਾਨਾਂ ਕੋਲ ਫੌਜ ਦੇ ਮੁਕਾਬਲੇ ਨਾ ਤਾਂ ਠੋਸ ਨਫਰੀ ਸੀ ਤੇ ਨਾ ਹੀ ਉਨ੍ਹਾਂ ਕੋਲ ਸਾਹਮਣਾ ਕਰਨ ਲਈ ਆਹਲਾ ਅਸਲਾ , ਗੋਲੀ ਸਿੱਕਾ ਤੇ ਖਾਧ ਖੁਰਾਕ। ਜਦ ਕਿ ਦੂਜੇ ਪਾਸੇ ਦੁਨੀਆ ਦੀ ਮੰਨੀ ਹੋਈ ਅਤਿਅਧੁਨਿਕ ਹਥਿਆਰਾਂ ਨਾਲ ਲੈਸ ਭਾਰਤੀ ਸੈਨਾ । ਬੱਸ ਸਿੱਖ ਨੌਜਵਾਨਾਂ ਕੋਲ ਜੇ ਕੁਝ ਸੀ ਤਾਂ ਉਹ ਸੀ ਗੁਰੂ ਦੇ ਰੂਹਾਨੀ ਮੰਡਲ ਦਾ ਓਟ ਆਸਰਾ। ਗੁਰੂ ਪ੍ਰਤੀ ਵਚਨਬੱਧਤਾ ।
ਇਤਿਹਾਸ ਵਿਚ ਕਦੇ ਵੀ ਨਾ ਭੁੱਲੀਂ ਜਾਣ ਵਾਲੀ ਇਹ ਜੂਨ ਚੁਰਾਸੀ ਦੀ ਜੰਗ ਵਿੱਚ ਸਿੰਘਾਂ ਉੱਪਰ ਰਹੱਸਮਈ ਥਾਪੜਾ ਤਾਂ ਹੈ ਹੀ ਸੀ ਪਰ ਇਸ ਦੇ ਨਾਲ ਨਾਲ ਮੁਕੱਦਸ ਸਥਾਨਾਂ ਸ੍ਰੀ ਹਰਿਮੰਦਰ ਸਾਹਿਬ , ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਅੰਮ੍ਰਿਤ ਸਰੋਵਰ ਦੇ ਦੈਵੀ ਪ੍ਰਕਾਸ਼ ਦੀ ਬਖਸ਼ਿਸ਼ ਵੀ ਭਲੀ ਪ੍ਰਕਾਰ ਛਾਈ ਜਾਪਦੀ ਸੀ । ਅੰਮ੍ਰਿਤ ਸਰੋਵਰ ਦੀ ਸ਼ਕਤੀ ਸੰਬੰਧੀ ਇਤਿਹਾਸ ਦੇ ਪੰਨਿਆ ‘ਤੇ ਜ਼ਕਰੀਆ ਖ਼ਾਨ ਦਾ ਬਿਆਨ ਲਿਖਿਆ ਮਿਲਦਾ ਹੈ ਜਿਥੇ ਉਹ ਕਹਿੰਦਾ- ਸਿੱਖਾਂ ਦਾ ਜੋ ਅੰਮ੍ਰਿਤ ਸਰੋਵਰ ਹੈ ਉਸ ਵਿਚ ਕੋਈ ਆਬੇ ਹਯਾਤ ਵਰਗੀ ਉਭਰਦੀ ਸ਼ਕਤੀ ਹੈ ਜੋ ਸਿੰਘਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਚ ਜੂਝਣ ਲਈ ਉਤਸ਼ਾਹਤ ਕਰਦੀ ਹੈ ।ਜਿਸ ਤਰ੍ਹਾਂ ਬਹੁਤ ਹੀ ਅਸਾਵੀਂ ਜੰਗ ਵਿਚ ਖਾੜਕੂ ਸਿੰਘਾਂ ਦੁਆਰਾ ਮਰ ਮਿਟਣ ਦਾ ਜਜ਼ਬਾ ਵੇਖਣ ਨੂੰ ਮਿਲਿਆ ਸੱਚਮੁਚ ਰੂਹਾਨੀ ਸ਼ਕਤੀ ਦੇ ਸੋਮਿਆਂ ਦਾ ਪ੍ਰਤਾਪ ਸੀ । ਆਤਮਕ ਬਲ ਦੇ ਪਾਵਰ ਹਾਊਸ ਸ੍ਰੀ ਹਰਿਮੰਦਿਰ ਸਾਹਿਬ ਦੀ ਰੁਹਾਨੀ ਬਖਸ਼ਸ਼ ਦੇ ਨਾਲ ਨਾਲ ਉਚ ਮੰਡਲਾਂ ਦੇ ਸੁਆਮੀ ਛੇਵੇਂ ਪਾਤਸ਼ਾਹ ਦੁਆਰਾ ਤਾਮੀਰ ਕੀਤਾ ਸ੍ਰੀ ਅਕਾਲ ਤਖ਼ਤ ਜੋ ਸਿੱਖਾਂ ਲਈ ਸ਼ਕਤੀ ਦਾ ਵਗਦਾ ਦਰਿਆ ਜਾਣਿਆ ਜਾਂਦਾ ਉਸ ਦੀ ਰੂਹਾਨੀ ਰੌਸ਼ਨੀ ਦਾ ਵਹਾਅ ਸੀ :ਖਾੜਕੂ ਸਿੰਘਾਂ ਅੰਦਰ ਪੈਦਾ ਹੋਈ ਲੜਨ ਦੀ ਹਿੰਮਤ ,ਦਲੇਰੀ ਤੇ ਹੌਂਸਲਾ ਕੋਈ ਦੈਵੀ ਪ੍ਰਕਾਸ਼ ਸੀ।ਬਿਨ-ਸੰਦੇਹ ਜੂਨ ਚੁਰਾਸੀ ਦਾ ਕਾਲ ਸਮਾਂ ਹੁਕਮਰਾਨ ਨੂੰ ਹੱਥਾਂ ਪੈਰਾਂ ਦੀ ਪਾਉਣ ਵਾਲਾ ਇਕ ਰਹੱਸਮਈ ਵਰਤਾਰਾ ਹੀ ਸੀ ; ਕੁਝ ਘੰਟਿਆਂ ‘ਚ ਸਿਮਟਣ ਵਾਲੀ ਲੜਾਈ ਅਮੁੱਕ ਹੁੰਦੀ ਲੱਗੀ ,ਲੰਮੇਰੀ ਹੋ ਗਈ ਸੀ । ਗੁਰਦਾਸ ਨੰਗਲ, ਵੱਡੇ ਛੋਟੇ ਘੱਲੂਘਾਰੇ ਅਤੇ ਸਾਰਾਗੜ੍ਹੀ ਆਦਿ ਵਰਗੇ ਤਾਰੀਖੀ ਜੁੱਧਾਂ ਵਾਂਗ ਜੂਨ ਚੁਰਾਸੀ ਵੀ ਲੋਕ ਮਨਾਂ ਦੇ ਚੇਤਿਆਂ ਵਿਚ ਸਦਾ ਲਈ ਸਮਾ ਗਈ, ਵੀਹਵੀਂ ਸਦੀ ਦੀ ਅਭੁੱਲ ਯਾਦ ਵਜੋਂ ਭਾਰਤੀ ਤਾਰੀਖ ਵਿਚ ਅਮਿਟ ਨਾਮ ਦਰਜ ਕਰਵਾ ਗਈ ।
ਸੰਪਰਕ ਨੰ. 99151 06449
# 3076 ਸੈਕਟਰ 44 ਡੀ ਚੰਡੀਗੜ੍ਹ
( ਲੇਖਕ ਗੁਰੂ ਇਤਿਹਾਸ ਦਾ ਰਿਸਰਚਰ ਹੈ )
Comments (0)