ਸਮੂਹ ਪੰਥ ਸਿਖ ਕੈਲੰਡਰ ਦਾ ਸਾਂਝਾ ਹੱਲ ਲਭੇ-਼ਰਮੇਸ਼ ਸਿੰਘ ਨਾਲ ਇਕ ਮੁਲਾਕਾਤ

ਸਮੂਹ ਪੰਥ ਸਿਖ ਕੈਲੰਡਰ ਦਾ ਸਾਂਝਾ ਹੱਲ ਲਭੇ-਼ਰਮੇਸ਼ ਸਿੰਘ ਨਾਲ ਇਕ ਮੁਲਾਕਾਤ

ਕਿਹਾ ਕਿ ਪਾਕਿਸਤਾਨ ਵਿਚ ਜਲਦ ਲਾਗੂ ਹੋਵੇਗਾ ਸਿੱਖ ਮੈਰਿਜ ਐਕਟ

*ਭਾਰਤ ਪਾਕਿ  ਦੋਸਤਾਨਾ ਸੰਬੰਧਾਂ ਦੀ ਹਮਾਇਤ ਕੀਤੀ

ਪਾਕਿਸਤਾਨ ਵਿਚ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਪਾਕਿਸਤਾਨੀ ਪੰਜਾਬ ਦੇ ਪਹਿਲੇ ਸਿੱਖ ਮੰਤਰੀ ਰਮੇਸ਼ ਸਿੰਘ ਨੇ ਇਕ ਵਿਸ਼ੇਸ਼ ਇੰਟਰਵਿਊ ਵਿਚ ਕਿਹਾ ਕਿ ਪਾਕਿਸਤਾਨ ਵਿਚ ਘੱਟ ਗਿਣਤੀਆਂ ਨੂੰ ਸਤਿਕਾਰ ਅਤੇ ਬਰਾਬਰਤਾ ਦਿੱਤੀ ਜਾ ਰਹੀ ਹੈ। ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਪੰਥ ਵਿਚ ਕਲੰਡਰ ਅਤੇ ਹੋਰ ਕਈ ਦੁਬਿਧਾਵਾਂ ਦੇ ਹੱਲ ਲਈ ਸੰਸਾਰ ਭਰ ਦੀਆਂ ਸਿੱਖ ਸੰਸਥਾਵਾਂ, ਜਿਨ੍ਹਾ ਵਿਚ ਸ਼੍ਰੋਮਣੀ ਕਮੇਟੀ, ਦਿੱਲੀ ਗੁਰਦੁਆਰਾ ਕਮੇਟੀ, ਹਰਿਆਣਾ ਗੁਰਦੁਆਰਾ ਕਮੇਟੀ ਵੀ ਸ਼ਾਮਿਲ ਹੈ , ਨੂੰ ਸੱਦਾ ਦਿੰਦੀ ਹੈ ਜੇ ਇਹ ਸਿੱਖ ਸੰਸਥਾਵਾਂ ਇਨ੍ਹਾਂ ਦੁਬਿਧਾਵਾਂ ਦੇ ਸਾਂਝੇ ਹੱਲ ਲਈ ਮਿਲ ਬੈਠਣ ਲਈ ਤਿਆਰ ਹੋਣ ਤਾਂ ਉਹ ਇਸ ਮੀਟਿੰਗ ਦੀ ਮੇਜ਼ਬਾਨੀ ਕਰਨ ਲਈ ਤਿਆਰ ਹੈ।  ਉਨ੍ਹਾਂ ਕਿਹਾ ਕਿ ਪਾਕਿਸਤਾਨ ਵਿਚ ਘੱਟ ਗਿਣਤੀਆਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਰਹੀ ਹੈ।  ਪੇਸ਼ ਹੈ ਉਨ੍ਹਾਂ ਨਾਲ ਕੀਤੀ ਗਈ ਇਸ ਵਿਸ਼ੇਸ਼ ਗੱਲਬਾਤ ਦੇ ਕੁੱਝ ਅੰਸ਼-

ਸੁਆਲ-  ਜਦੋਂ ਤੁਸੀਂ ਐਮ. ਐਲ. ਏ. ਬਣੇ ਸੀ ਤਾਂ ਤੁਸੀਂ ਪਾਕਿਸਤਾਨ ਵਿਚ ਸਿੱਖ ਮੈਰਿਜ ਐਕਟ ਪਾਸ ਕਰਵਾਉਣ ਲਈ ਕੰਮ ਕੀਤਾ ਸੀ। ਪਰ ਹੁਣ ਤੱਕ ਪਾਕਿਸਤਾਨ ਵਿਚ ਇਸ ਨੂੰ ਲਾਗੂ ਨਹੀਂ ਕੀਤਾ ਗਿਆ ਅਤੇ ਨਾ ਹੀ ਨਿਯਮ-ਕਾਨੂੰਨਾਂ ਨੂੰ ਅੰਤਿਮ ਰੂਪ ਦਿੱਤਾ ਗਿਆ ਹੈ?

ਜੁਆਬ-ਮੈਂ 2013 ਵਿਚ ਪਹਿਲੀ ਵਾਰ ਲਹਿੰਦੇ ਪੰਜਾਬ ਵਿਚ ਐਮ. ਐਲ. ਏ. ਬਣਿਆ ਸਾਂ। ਇਸ ਵਿਚ ਕੋਈ ਸ਼ੱਕ ਨਹੀਂ ਕਿ ਮੈਂ 2018 ਵਿਚ ਸਿੱਖ ਮੈਰਿਜ ਐਕਟ ਦਾ ਪ੍ਰਾਈਵੇਟ ਬਿੱਲ ਪੇਸ਼ ਕੀਤਾ ਸੀ, ਜੋ ਪੰਜਾਬ ਅਸੈਂਬਲੀ ਵਿਚ ਆਮ ਸਹਿਮਤੀ ਨਾਲ ਪਾਸ ਹੋਇਆ ਸੀ। ਪਰ ਬਦਕਿਸਮਤੀ ਨਾਲ ਇਹ ਲਾਗੂ ਨਹੀਂ ਹੋ ਸਕਿਆ ਅਤੇ ਇਸ ਦੇ ਨਿਯਮ ਕਾਨੂੰਨ ਨਹੀਂ ਬਣ ਸਕੇ। ਪਰ ਹੁਣ ਮੈਂ ਮੰਤਰੀ ਬਣਦਿਆਂ ਸਾਰ ਹੀ ਪਹਿਲੀ ਹਦਾਇਤ ਇਹ ਕੀਤੀ ਹੈ ਕਿ ਸਿੱਖ ਮੈਰਿਜ ਐਕਟ, ਹਿੰਦੂ ਮੈਰਿਜ ਐਕਟ ਅਤੇ ਕ੍ਰਿਸਚੀਅਨ ਮੈਰਿਜ ਐਕਟ ਜਲਦੀ ਤੋਂ ਜਲਦੀ ਪਾਸ ਕਰਵਾ ਕੇ ਲਾਗੂ ਕੀਤੇ ਜਾਣ। ਸਿੱਖ ਮੈਰਿਜ ਐਕਟ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਿੱਖਾਂ ਦੀ ਸਲਾਹ ਨਾਲ ਜੂਨ ਤੋਂ ਪਹਿਲਾਂ ਪਹਿਲਾਂ ਲਾਗੂ ਹੋ ਜਾਵੇਗਾ ਅਤੇ ਪਾਕਿਸਤਾਨ ਦੁਨੀਆ ਦਾ ਪਹਿਲਾ ਦੇਸ਼ ਹੋਵੇਗਾ, ਜਿੱਥੇ ਸਿੱਖ ਮੈਰਿਜ ਐਕਟ ਲਾਗੂ ਹੋਵੇਗਾ।

ਸੁਆਲ- ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਦਾ ਪ੍ਰਬੰਧ ਇੱਕ ਵੱਖਰੀ ਏਜੰਸੀ ਦੇ ਅਧੀਨ ਹੈ, ਜਦੋਂ ਕਿ ਬਾਕੀ ਸਾਰੇ ਗੁਰਦੁਆਰਿਆਂ ਦਾ ਪ੍ਰਬੰਧ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਕੀਤਾ ਜਾਂਦਾ ਹੈ। ਕੀ ਤੁਹਾਨੂੰ ਨਹੀਂ ਲਗਦਾ ਕਿ ਕਰਤਾਰਪੁਰ ਸਾਹਿਬ ਦਾ ਪ੍ਰਬੰਧ ਵੀ ਗੁਰਦੁਆਰਾ ਕਮੇਟੀ ਦੇ ਅਧੀਨ ਹੋਣਾ ਚਾਹੀਦਾ ਹੈ?

ਜੁਆਬ-ਗੁਰਦੁਆਰਾ ਕਰਤਾਰਪੁਰ ਸਾਹਿਬ ਪਹਿਲੀ ਵਾਰ ਮੀਆਂ ਨਵਾਜ਼ ਸ਼ਰੀਫ਼ ਦੀ ਹਕੂਮਤ ਵੇਲੇ ਦਰਸ਼ਨਾਂ ਲਈ 1999-2000 ਵਿਚ ਖੁੱਲ੍ਹਿਆ ਸੀ। ਅਮਰੀਕਾ ਦੇ ਸਿੰਘ ਜੇ. ਬੀ. ਸਿੰਘ ਨੇ ਕਾਰ ਸੇਵਾ ਸ਼ੁਰੂ ਕੀਤੀ ਸੀ। ਮੇਰੇ ਵੱਡੇ ਭਰਾ ਜੀ ਉੱਥੇ ਪਹਿਲੀ ਵਾਰ ਮੁੱਖ ਗ੍ਰੰਥੀ ਵਜੋਂ ਉੱਥੇ ਗਏ ਸਨ। ਸੰਗਤਾਂ ਦੀ ਅਰਦਾਸ ਸੀ ਕਿ ਖੁੱਲ੍ਹੇ ਦਰਸ਼ਨ ਦੀਦਾਰ ਕੀਤੇ ਜਾਣ, ਇੱਥੇ ਜਾਣ ਦਾ ਰਸਤਾ ਬਹੁਤ ਔਖਾ ਸੀ। ਇੱਥੇ ਰਸਤੇ ਵਿਚ ਸਿਰਫ਼ ਜੰਗਲ ਹੀ ਜੰਗਲ ਸਨ। ਕੋਈ ਵਸੋਂ ਨਹੀਂ ਸੀ। ਉਸ ਵੇਲੇ ਗੁਰਦੁਆਰਾ ਸਾਹਿਬ ਤੋਂ ਟੈਲੀਫ਼ੋਨ ਕਰਨ ਲਈ ਵੀ 18 ਕਿੱਲੋਮੀਟਰ ਦੂਰ ਜਾਣਾ ਪੈਦਾ ਸੀ। ਹੁਣ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਵਾਸਤੇ ਵੱਖਰੀ ਏਜੰਸੀ ਨਹੀਂ ਹੈ। ਇਹ ਵੀ ਇਵੈਕੂਈ ਟਰੱਸਟ ਬੋਰਡ ਦੇ ਅਧੀਨ ਹੀ ਹੈ। ਇਹ ਇਕ ਪ੍ਰਾਜੈਕਟ ਮੈਨੇਜਮੈਂਟ ਹੈ। ਸਾਰਾ ਕੰਮ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ, ਇਵੈਕੂਈ ਟਰੱਸਟ ਪ੍ਰਾਪਟੀ ਬੋਰਡ ਅਤੇ ਪ੍ਰਾਜੈਕਟ ਮੈਨੇਜਮੈਂਟ ਮਿਲ ਕੇ ਕਰ ਰਹੇ ਹਨ। ਗੁਰਦੁਆਰਾ ਸਾਹਿਬ ਦੇ ਅੰਦਰ ਦੇ ਸਾਰੇ ਪ੍ਰਬੰਧ ਤੇ ਯਾਤਰੀਆਂ ਦੀ ਸੇਵਾ ਸੰਭਾਲ ਪਾਕਿਸਤਾਨ ਗੁਰਦੁਆਰਾ ਕਮੇਟੀ ਹੀ ਕਰਦੀ ਹੈ। ਸਾਰੇ ਅਦਾਰੇ ਮਿਲ ਕੇ ਹੀ ਕੰਮ ਕਰ ਰਹੇ ਹਨ।

ਸੁਆਲ-  ਸਿੰਧ ਅਤੇ ਹੋਰ ਸੂਬਿਆਂ ਵਿਚ ਨਾਬਾਲਗ ਲੜਕੀਆਂ ਦੇ ਜਬਰੀ ਧਰਮ ਪਰਿਵਰਤਨ ਅਤੇ ਅਗਵਾ ਕਰਨ ਦੀਆਂ ਘਟਨਾਵਾਂ ਵਧ ਰਹੀਆਂ ਹਨ,ਪਰ ਕੀ ਸਿੱਖ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਹੋਣ ਦੇ ਨਾਤੇ ਅਜਿਹੀਆਂ ਘਟਨਾਵਾਂ ਨੂੰ ਰੁਕਵਾਉਣ ਲਈ ਕੋਸ਼ਿਸ਼ਾਂ ਕਰੋਗੇ ? 

ਜੁਆਬ-ਰਿਆਸਤੇ ਪਾਕਿਸਤਾਨ ਦਾ ਸੰਵਿਧਾਨ ਹਰ ਪਾਕਿਸਤਾਨੀ ਨੂੰ ਉਹ ਚਾਹੇ ਕਿਸੇ ਵੀ ਧਰਮ ਦੇ ਹੋਣ, ਬਰਾਬਰੀ ਦਾ ਅਧਿਕਾਰ ਦਿੰਦਾ ਹੈ। ਸਾਡੀ ਮੁੱਖ ਮੰਤਰੀ ਮਰੀਅਮ ਨਵਾਜ਼ ਸਾਹਿਬਾ ਨੇ ਖ਼ੁਦ ਕਿਹਾ ਹੈ ਕਿ ਘੱਟ ਗਿਣਤੀਆਂ ਸਾਡੇ ਸਿਰ ਦਾ ਤਾਜ ਹਨ। ਮੈਂ ਆਪਣੀ ਪੂਰੀ ਟੀਮ ਨੂੰ ਹਦਾਇਤ ਕੀਤੀ ਹੈ ਕਿ ਕਿਸੇ ਨਾਲ ਕੋਈ ਵਿਤਕਰਾ ਨਾ ਹੋਵੇ। ਰਹੀ ਗੱਲ ਸਿੰਧ ਅਤੇ ਹੋਰ ਸੂਬਿਆਂ ਵਿਚ ਨਾਬਾਲਗਾਂ ਨਾਲ ਕੁੱਝ ਜ਼ਿਆਦਤੀ ਦੇ ਕੇਸ ਸਾਹਮਣੇ ਆਏ ਹਨ। ਪਰ ਸਰਕਾਰ ਇਸ ਮਾਮਲੇ ਵਿਚ ਕਾਨੂੰਨੀ ਕਾਰਵਾਈ ਕਰਦੀ ਹੈ ਅਤੇ ਘੱਟ ਗਿਣਤੀਆਂ ਨਾਲ ਜ਼ਿਆਦਤੀ ਕਰਨ ਦਾ ਵਾਲਿਆਂ ਖ਼ਿਲਾਫ਼ ਕਾਰਵਾਈ ਹੁੰਦੀ ਹੈ। ਮੈਂ ਇਸ ਮਾਮਲੇ ਵਿਚ ਜੋ ਕਰ ਸਕਦਾ ਹਾਂ ਜ਼ਰੂਰ ਕਰਾਂਗਾ। 

* ਕੀ ਤੁਸੀਂ ਪਾਕਿਸਤਾਨ ਵਿਚ ਰਹਿੰਦੇ ਸਿੱਖਾਂ, ਹਿੰਦੂਆਂ ਅਤੇ ਹੋਰ ਘੱਟ ਗਿਣਤੀ ਭਾਈਚਾਰਿਆਂ ਦੀ ਬਿਹਤਰੀ ਲਈ ਕੁੱਝ ਨਵਾਂ ਕਰਨ ਦੀ ਯੋਜਨਾ ਬਣਾ ਰਹੇ ਹੋ?

ਜੁਆਬ- ਮੇਰੇ ਲਈ ਇਹ ਸੱਚਮੁੱਚ ਚੁਣੌਤੀ ਪੂਰਨ ਹੈ ਕਿ ਮੈਂ ਘੱਟ ਗਿਣਤੀਆਂ ਦਾ ਮੰਤਰੀ ਹੋਣ ਦੇ ਨਾਤੇ ਘੱਟ ਗਿਣਤੀਆਂ ਲਈ ਕੀ ਕੰਮ ਕਰਾਂਗਾ। ਮੈਂ ਇਕ 5 ਸਾਲਾ ਰੋਡ ਮੈਪ ਬਣਾ ਰਿਹਾ ਹਾਂ ਜਿਸ ਵਿਚ ਸਾਰੀਆਂ ਧਿਰਾਂ ਨੂੰ ਸ਼ਾਮਿਲ ਕਰਕੇ ਘੱਟ ਗਿਣਤੀਆਂ ਦੇ ਸਾਰੇ ਮਸਲੇ ਹੱਲ ਕਰਨ ਲਈ ਕੰਮ ਕਰਾਂਗਾ। ਉਨ੍ਹਾਂ ਨੂੰ ਧਰਮ ਕਾਰਨ ਮੁਸ਼ਕਿਲ ਨਾ ਆਏ। ਉਨ੍ਹਾਂ ਨਾਲ ਕਿਤੇ ਵੀ ਧੱਕਾ ਨਾ ਹੋਵੇ, ਇਸ ਲਈ ਲੋਕਾਂ ਦੇ ਰਵੱਈਏ ਨੂੰ ਬਦਲਣਾ ਪੈਣਾ ਹੈ। ਮੇਰਾ ਮੰਤਰਾਲਾ ਇਸ ਲਈ ਸਮਰਪਿਤ ਹੈ। ਅੰਤਰ-ਧਰਮ ਸਦਭਾਵਨਾ ਸਹਿਮਤੀ ਬਣਾਉਣਾ, ਪੰਜਾਬ ਵਿਚ ਵਸਦੀਆਂ ਘੱਟ ਗਿਣਤੀਆਂ ਲਈ ਸਮਾਜਿਕ ਨਿਆਂ, ਨੌਕਰੀਆਂ ਅਤੇ ਸਕੂਲਾਂ ਕਾਲਜਾਂ ਵਿਚ ਇਕੋ ਜਿਹੇ ਬਰਾਬਰੀ ਦੇ ਮੌਕੇ ਦੇਣ ਲਈ ਅਸੀਂ 5 ਸਾਲਾਂ ਵਿਚ ਪੂਰੀ ਮਿਹਨਤ ਕਰਾਂਗੇ ਅਤੇ ਕੋਸ਼ਿਸ਼ ਕਰਾਂਗੇ ਕਿ ਇਹ ਰੋਡ ਮੈਪ ਪੱਕੇ ਤੌਰ 'ਤੇ ਲਾਗੂ ਰਹੇ।

ਸੁਆਲ-  ਕੀ ਇੱਕ ਸੱਤਾਧਾਰੀ ਪਾਰਟੀ ਦੇ ਆਗੂ ਵਜੋਂ ਭਾਰਤ ਅਤੇ ਪਾਕਿਸਤਾਨ ਦੇ ਸੰਬੰਧਾਂ ਨੂੰ ਸੁਧਾਰਨ ਵਿਚ ਤੁਸੀਂ ਕੋਈ ਭੂਮਿਕਾ ਨਿਭਾਓਗੇ  ?

ਜੁਆਬ-ਪਾਕਿਸਤਾਨ ਦੀ ਪਾਲਿਸੀ ਹੈ ਗੁਆਂਢੀ ਮੁਲਕਾਂ ਨਾਲ ਚੰਗੇ ਸੰਬੰਧ ਹੋਣ। ਸਾਡੇ ਕਾਇਦ ਨਵਾਜ਼ ਸ਼ਰੀਫ਼ ਨੇ ਵੀ ਕਈ ਵਾਰ ਕਿਹਾ ਹੈ ਕਿ ਅਸੀਂ ਗੁਆਂਢੀ ਮੁਲਕ (ਭਾਰਤ) ਨਾਲ ਚੰਗੇ ਸੰਬੰਧਾਂ ਦੇ ਹਾਮੀ ਹਾਂ, ਹੁਣ ਵਾਲੀ ਸਰਕਾਰ ਵੀ ਇਹੀ ਚਾਹੁੰਦੀ ਹੈ। ਪਰ ਇਹ ਬਰਾਬਰੀ ਦੇ ਆਧਾਰ 'ਤੇ ਹੀ ਹੋ ਸਕਦਾ ਹੈ। ਅਸੀਂ ਚਾਹੁੰਦੇ ਹਾਂ ਕਿ ਭਾਰਤ ਨਾਲ ਵਪਾਰ ਹੋਵੇ, ਲੋਕਾਂ ਦਾ ਆਉਣ ਜਾਣ ਹੋਵੇ। ਪਰ ਜੇ ਇਹ ਦੋਵਾਂ ਪਾਸਿਓਂ ਹੋਵੇ ਤਾਂ ਹੀ ਹੋ ਸਕਦਾ ਹੈ। ਖ਼ਾਸ ਕਰ ਭਾਰਤ ਤੇ ਪਾਕਿਸਤਾਨ ਲਈ ਸਭ ਤੋਂ ਵੱਡੀ ਚੁਣੌਤੀ ਗਰੀਬੀ ਹੈ ਤੇ ਇਸ ਗਰੀਬੀ ਨੂੰ ਖ਼ਤਮ ਕਰਨ ਲਈ ਦੋਸਤੀ ਦੀ ਜ਼ਰੂਰਤ ਹੈ। ਪਰ ਇਹ ਨਹੀਂ ਹੋ ਸਕਦਾ ਕਿ ਕੋਈ ਕਹੇ ਕਿ ਮੈਂ ਵੱਡਾ ਹਾਂ ਤੇ ਛੋਟੇ ਨੂੰ ਦਬਾਅ ਸਕਦਾ ਹਾਂ ਅਤੇ ਛੋਟਾ ਇਹ ਮਹਿਸੂਸ ਕਰੇ ਕਿ ਮੈਨੂੰ ਵੱਖਰਾ ਤੇ ਇਕੱਲਾ ਕਰਨ ਲਈ ਕੋਈ ਰਣਨੀਤੀ ਬਣਾਈ ਗਈ ਹੈ। ਅਸੀਂ ਸਿਰਫ਼ ਭਾਰਤ ਨਾਲ ਹੀ ਨਹੀਂ ਬਾਕੀ ਗੁਆਂਢੀ ਦੇਸ਼ਾਂ ਨਾਲ ਵੀ ਚੰਗੇ ਸੰਬੰਧਾਂ ਲਈ ਕੰਮ ਕਰ ਰਹੇ ਹਾਂ। ਮੈਂ ਜਿੰਨੀ ਕੁ ਭੂਮਿਕਾ ਨਿਭਾਅ ਸਕਦਾ ਹਾਂ, ਨਿਭਾਅ ਰਿਹਾ ਹਾਂ।

ਸੁਆਲ -ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਦੂਜੇ ਦੇਸ਼ਾਂ ਦੇ ਨਿਵਾਸੀਆਂ ਤੋਂ ਫ਼ੀਸ ਵਸੂਲਣ ਦਾ ਵਿਚਾਰ ਤਾਂ ਸਮਝ ਵਿਚ ਆਉਂਦਾ ਹੈ, ਪਰ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੇ ਪਾਕਿਸਤਾਨੀ ਨਾਗਰਿਕਾਂ ਤੋਂ ਇਹ ਕਿਉਂ?

ਜੁਆਬ -ਕਰਤਾਰਪੁਰ ਸਾਹਿਬ ਬਹੁਤ ਵੱਡਾ ਕਾਰੀਡੋਰ ਹੈ ਇਹ 175 ਏਕੜ ਦਾ ਹੈ । ਅਸੀਂ ਕੁੱਝ ਅਜਿਹੇ ਕਦਮ ਚੁੱਕੇ ਹਨ ਕਿ ਇਹ ਪ੍ਰਾਜੈਕਟ ਚਲਦਾ ਰਹੇ। ਇੱਥੇ 17 ਅਰਬ ਰੁਪਏ ਦਾ ਨਿਵੇਸ਼ ਕੀਤਾ ਗਿਆ ਹੈ। ਅਸਲ ਵਿਚ ਗੁਰਦੁਆਰਾ ਸਾਹਿਬ ਦੇ ਅੰਦਰ ਜਾਣ ਦੀ ਕੋਈ ਫ਼ੀਸ ਨਹੀਂ। ਗੁਰੂ ਦਰਬਾਰ ਸਭ ਲਈ ਸਾਂਝਾ ਹੈ, ਕਿਸੇ ਤੇ ਰੋਕ ਨਹੀਂ। ਬਾਹਰੋਂ ਵੀਜ਼ਾ ਲੈ ਕੇ ਆਉਣ ਵਾਲੇ ਸਿੱਖਾਂ ਲਈ ਇਥੇ ਆਉਣ ਦੀ ਫ਼ੀਸ ਵੀ ਖ਼ਤਮ ਕਰ ਦਿੱਤੀ ਗਈ ਹੈ। ਪਰ ਸਥਾਨਕ ਲੋਕ ਕੰਪਲੈਕਸ ਵਿਚ ਆ ਕੇ ਉੱਥੇ ਬਣੇ ਵਪਾਰਕ ਅਤੇ ਮਨੋਰੰਜਕ ਅਦਾਰਿਆਂ ਵਿਚ ਵੀ ਜਾਂਦੇ ਹਨ। ਇਹ ਫ਼ੀਸ ਉਨ੍ਹਾਂ ਕਾਰਨ ਹੀ ਲਈ ਜਾਂਦੀ ਹੈ। ਗੁਰਦੁਆਰਾ ਸਾਹਿਬ, ਤੇ ਕੋਈ ਫ਼ੀਸ ਨਹੀਂ ਹੈ।

ਸੁਆਲ- ਗੁਰਪੁਰਬ ਮਨਾਉਣ ਦੇ ਸੰਬੰਧ ਵਿਚ, ਪਾਕਿਸਤਾਨ ਗੁਰਦੁਆਰਾ ਕਮੇਟੀ ਅਤੇ ਸ਼੍ਰੋਮਣੀ ਗੁਰਦੁਆਰਾ ਕਮੇਟੀ ਅੰਮ੍ਰਿਤਸਰ ਵੱਖੋ-ਵੱਖਰੇ ਕਲੰਡਰਾਂ ਦੀ ਪਾਲਣਾ ਕਰ ਰਹੀਆਂ ਹਨ? ਕੀ ਤੁਸੀਂ ਇੱਕ ਆਮ ਸਹਿਮਤੀ ਤੱਕ ਪਹੁੰਚਣ ਲਈ ਯਤਨ ਕਰੋਗੇ?

ਜੁਆਬ-ਜਿਸ ਦਿਨ ਮੈਂ ਪਾਕਿਸਤਾਨ ਗੁਰਦੁਆਰਾ ਕਮੇਟੀ ਦਾ ਪ੍ਰਧਾਨ ਬਣਿਆ ਸੀ, ਮੈਂ ਉਸ ਦਿਨ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ, ਹਰਿਆਣਾ ਗੁਰਦੁਆਰਾ ਕਮੇਟੀ ਤੇ ਸਾਰੀ ਦੁਨੀਆ ਦੀਆਂ ਸਿੱਖ ਸੰਗਤਾਂ ਨੂੂੰ ਬੇਨਤੀ ਕੀਤੀ ਸੀ ਕਿ ਆਓ, ਬੈਠ ਕੇ ਗੱਲ ਕਰੀਏ ਤੇ ਨਿੱਕੇ ਨਿੱਕੇ ਵਖਰੇਵੇਂ ਮਿਟਾ ਲਈਏ। ਅਸੀਂ 2003 ਤੋਂ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਪ੍ਰਵਾਨਿਤ ਨਾਨਕਸ਼ਾਹੀ ਕਲੰਡਰ ਲਾਗੂ ਕੀਤਾ ਹੋਇਆ ਹੈ।