ਪਾਕਿਸਤਾਨ ਨੇ ਭਾਰਤੀ ਉਡਾਣਾਂ 'ਤੇ ਪਾਬੰਦੀ 15 ਜੂਨ ਤੱਕ ਵਧਾਈ

ਪਾਕਿਸਤਾਨ ਨੇ ਭਾਰਤੀ ਉਡਾਣਾਂ 'ਤੇ ਪਾਬੰਦੀ 15 ਜੂਨ ਤੱਕ ਵਧਾਈ

ਇਸਲਾਮਾਬਾਦ: ਪਾਕਿਸਤਾਨ ਨੇ ਭਾਰਤ ਨਾਲ ਲੱਗਦੇ ਪੂਰਬੀ ਸਰਹੱਦੀ ਆਸਮਾਨ ਵਿੱਚ ਹਵਾਬਾਜ਼ੀ 'ਤੇ ਲਗਾਈਆਂ ਪਾਬੰਦੀਆਂ ਨੂੰ ਹੋਰ ਵਧਾਉਂਦਿਆਂ 15 ਜੂਨ ਤੱਕ ਅੱਗੇ ਕਰ ਦਿੱਤਾ ਹੈ। ਪਾਕਿਸਤਾਨ ਦੇ ਹਵਾਬਾਜ਼ੀ ਬਾਰੇ ਮੰਤਰਾਲੇ ਨੇ ਇਸ ਸਬੰਧੀ ਜਾਣਕਾਰੀ ਜਨਤਕ ਕੀਤੀ ਹੈ। 

ਫਰਵਰੀ ਵਿੱਚ ਭਾਰਤ ਨਾਲ ਹੋਏ ਹਵਾਈ ਟਕਰਾਅ ਤੋਂ ਬਾਅਦ ਪਾਕਿਸਤਾਨ ਨੇ ਇਹ ਪਾਬੰਦੀਆਂ ਲਾਈਆਂ ਸੀ। ਹਲਾਂਕਿ ਪਹਿਲਾਂ ਪਾਕਿਸਤਾਨ ਨੇ ਆਪਣੇ ਆਸਮਾਨ ਵਿੱਚ ਹਵਾਈ ਉਡਾਣਾਂ 'ਤੇ ਪੂਰ ਪਾਬੰਦੀ ਲਾ ਦਿੱਤੀ ਸੀ ਪਰ ਬਾਅਦ ਵਿੱਚ ਇਸ 'ਚ ਢਿੱਲ ਦਿੰਦਿਆਂ ਨਵੀਂ ਦਿੱਲੀ, ਬੈਂਗਕੋਕ ਅਤੇ ਕੁਆਲਾਲੰਪੁਰ ਦੀਆਂ ਉਡਾਣਾਂ ਨੂੰ ਛੱਡ ਕੇ ਬਾਕੀਆਂ ਲਈ ਇਹ ਪਾਬੰਦੀਆਂ ਖੋਲ੍ਹ ਦਿੱਤੀਆਂ ਗਈਆਂ ਸੀ।

15 ਮਈ ਨੂੰ ਭਾਰਤ ਲਈ ਉਡਾਣਾਂ 'ਤੇ ਰੋਕ ਨੂੰ ਪਾਕਿਸਤਾਨ ਨੇ 30 ਮਈ ਤੱਕ ਵਧਾ ਦਿੱਤਾ ਸੀ ਤੇ ਹੁਣ ਇਹ ਪਾਬੰਦੀਆਂ 15 ਜੂਨ ਤੱਕ ਜਾਰੀ ਰਹਿਣਗੀਆਂ।

ਹਲਾਂਕਿ ਇਹਨਾਂ ਪਾਬੰਦੀਆਂ ਦੌਰਾਨ ਪਾਕਿਸਤਾਨ ਨੇ ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਕਿਰਗੀਸਤਾਨ ਜਾਣ ਲਈ ਉਹਨਾਂ ਦੇ ਜਹਾਜ਼ ਨੂੰ ਪਾਕਿਸਤਾਨ ਦੇ ਅਸਮਾਨ ਵਿੱਚੋਂ ਸਿੱਧੀ ਉਡਾਣ ਭਰਨ ਦੀ ਪ੍ਰਵਾਨਗੀ ਦੇ ਦਿੱਤੀ ਸੀ ਪਰ ਬਾਕੀ ਦੀਆਂ ਉਡਾਣਾਂ 'ਤੇ ਰੋਕ ਜਾਰੀ ਹੈ।

ਪਾਕਿਸਤਾਨ ਦੇ ਹਵਾਬਾਜ਼ੀ ਮੰਤਰੀ ਗੁਲਾਮ ਸਰਵਰ ਖਾਨ ਨੇ ਕਿਹਾ ਕਿ ਭਾਰਤ ਵੱਲੋਂ ਪਾਕਿਸਤਾਨ ਨਾਲ ਬਿਗਾੜੇ ਗਏ ਰਿਸ਼ਤਿਆਂ ਨਾਲ ਭਾਰਤ ਨੂੰ ਵੱਧ ਨੁਕਸਾਨ ਹੋ ਰਿਹਾ ਹੈ ਕਿਉਂਕਿ ਯੂਰਪ ਜਾਣ ਵਾਲੀਆਂ ਭਾਰਤੀ ਉਡਾਣਾਂ ਨੂੰ ਹੁਣ ਲੰਬਾ ਸਫਰ ਤੈਅ ਕਰਕੇ ਜਾਣਾ ਪੈ ਰਿਹਾ ਹੈ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ