ਕੋਟਕਪੂਰਾ ਗੋਲੀਕਾਂਡ ਬਾਰੇ ਜਾਂਚ ਤੇ ਚਸ਼ਮਦੀਦ ਗਵਾਹ 

ਕੋਟਕਪੂਰਾ ਗੋਲੀਕਾਂਡ ਬਾਰੇ ਜਾਂਚ ਤੇ ਚਸ਼ਮਦੀਦ ਗਵਾਹ 

 ਪੰਜਾਬ ਦੀ ਰਾਜਨੀਤੀ ਦੀ ਤਸਵੀਰ ਅਜੇ ਤਕ ਪੂਰੀ ਤਰਾਂ ਸਪਸ਼ਟ ਨਹੀਂ

 ਫਰੀਦਕੋਟ ਜ਼ਿਲ੍ਹੇ 'ਚ ਸ੍ਰੀ ਗੁਰੂ ਗ੍ੰਥ ਸਾਹਿਬ ਜੀ ਦੀ ਬੇਅਦਬੀ ਤੋਂ ਬਾਅਦ ਵਾਪਰੇ ਕੋਟਕਪੂਰਾ ਗੋਲੀਕਾਂਡ ਮਾਮਲੇ ਦੀ ਜਾਂਚ ਕਰ ਰਹੀ ਸਿੱਟ ਦੇ ਮੁਖੀ ਏਡੀਜੀਪੀ ਐੱਲ.ਕੇ. ਯਾਦਵ ਅਤੇ ਆਈਜੀ ਰਾਕੇਸ਼ ਅਗਰਵਾਲ ਦੀ ਅਗਵਾਈ ਹੇਠ ਸਥਾਨਕ ਰੈਸਟ ਹਾਊਸ ਵਿਖੇ ਬੀਤੇ ਹਫਤੇ  14 ਅਕਤੂਬਰ 2015 ਨੂੰ ਕੋਟਕਪੂਰਾ ਚੌਕ ਵਿਖੇ ਵਾਪਰੇ ਘਟਨਾਕ੍ਮ ਦੇ ਚਸ਼ਮਦੀਦਾਂ ਕਰਮ ਸਿੰਘ ਕੋਟਲੀ ਅਬਲੂ ਮੁਕਤਸਰ ਸਾਹਿਬ (ਜੋ ਉਸ ਸਮੇਂ ਗੰਭੀਰ ਫੱਟੜ ਹੋਇਆ ਸੀ) ਤੇ ਰੋਮੀ ਛਾਬੜਾ ਕੋਟਕਪੂਰਾ (ਐਬੂਲੈਂਸ ਡਰਾਈਵਰ, ਜਿਸ ਨੇ ਜ਼ਖ਼ਮੀ ਵਿਅਕਤੀਆਂ ਨੂੰ ਹਸਪਤਾਲ ਪਹੁੰਚਾਇਆ ਸੀ) ਆਦਿਨੇ ਗਵਾਹੀ ਦਰਜ ਕਰਵਾਈ। ਇਨ੍ਹਾਂ 'ਚ  ਨੇ ਜਾਂਚ ਟੀਮ ਨੂੰ ਆਪਣੇ ਬਿਆਨ ਕਲਮਬੰਧ ਕਰਵਾਏ।ਗਵਾਹਾਂ ਅਨੁਸਾਰ 14 ਅਕਤੂਬਰ 2015 ਦੀ ਸਵੇਰ ਵੇਲੇ ਜਦ ਸੰਗਤਾਂ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰ ਰਹੀਆਂ ਸਨ ਤਾਂ ਇਕਦਮ ਵੱਡੀ ਗਿਣਤੀ 'ਚ ਪਹੁੰਚੇ ਪੁਲਿਸ ਮੁਲਾਜ਼ਮਾਂ ਨੇ ਲੋਕਾਂ ਨੂੰ ਘੇਰਾ ਪਾ ਲਿਆ ਅਤੇ ਧਰਨਾ ਸਥਾਨ ਤੋਂ ਹਟਾਉਣ ਲਈ ਗੰਦੇ ਪਾਣੀ ਦੀਆਂ ਬੁਛਾੜਾਂ, ਅੱਥਰੂ ਗੈਸ ਦੇ ਗੋਲੇ ਅਤੇ ਲਾਠੀਚਾਰਜ ਕਰਨ ਤੋਂ ਬਾਅਦ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸੁਰੂ ਕਰ ਦਿੱਤੀਆਂ।ਇਸ ਕਾਰਵਾਈ ਕਾਰਨ ਅਨੇਕਾ ਸੰਗਤਾਂ ਗੰਭੀਰ ਫੱਟੜ ਹੋ ਗਈਆਂ ਜਿਨ੍ਹਾਂ ਨੂੰ ਬਾਅਦ ਵਿੱਚ ਹਸਪਤਾਲ ਪਹੁੰਚਾਇਆ ਗਿਆ। ਇਸ ਤੋਂ ਪਹਿਲਾ ਜ਼ਖਮੀਆਂ ਸਮੇਤ ਲੋਕਾਂ ਨੂੰ ਪੁਲਿਸ ਨੇ ਆਪਣੀਆਂ ਗੱਡੀਆਂ ਵਿੱਚ ਬਿਠਾ ਕੇ ਦੂਰ-ਦੁਰਾਡੇ ਪਿੰਡਾ ਵਿੱਚ ਛੱਡ ਆਂਦਾ ਤਾਂ ਜੋ ਧਰਨਕਾਰੀ ਮੁੜ ਇਕੱਠੇ ਨਾ ਹੋ ਸਕਣ। ਅਨੇਕਾਂ ਲੋਕਾਂ ਨੂੰ ਪੁਲਿਸ ਨੇ ਅਧਮੋਏ ਕਰ ਕੇ ਸੁੱਟ ਦਿੱਤਾ ਜਿਨ੍ਹਾਂ ਦੀਆਂ ਬਾਹਾਂ, ਹੱਥਾਂ, ਲੱਤਾਂ ਅਤੇ ਸਿਰ ਵਿੱਚ ਗੰਭੀਰ ਸੱਟਾਂ ਵੱਜੀਆਂ ਸਨ। ਹਰ ਪਾਸੇ ਰੌਲਾ ਪੈ ਰਿਹਾ ਹੋਣ ਦੇ ਬਾਵਜੂਦ ਪੁਲਿਸ ਨੇ ਲੋਕਾਂ 'ਤੇ ਅੰਨ੍ਹਾ ਤਸ਼ੱਸਦ ਢਾਇਆ। ਇਸ ਮੌਕੇ ਪਿੱਪਲ ਸਿੰਘ ਏਐੱਸਆਈ ਅਤੇ ਅਮਨਦੀਪ ਸਿੰਘ ਸਿਪਾਹੀ ਆਦਿ ਨੇ 14 ਅਕਤੂਬਰ ਨੂੰ ਵਾਪਰੇ ਘਟਨਾਕ੍ਮ ਦੌਰਾਨ ਜ਼ਖਮੀ ਹੋਏ ਪੁਲਿਸ ਮੁਲਾਜ਼ਮਾਂ ਬਾਰੇ ਆਪਣੀ ਗਵਾਹੀ ਦਰਜ ਕਰਵਾਈ ਤਾਂ ਜੋ ਮਾਮਲੇ ਨੂੰ ਸੁਲਝਾਇਆ ਜਾ ਸਕੇ।ਬੇਸ਼ੱਕ ਪਿਛਲੇ ਛੇ ਸਾਲਾਂ ਦੇ ਵਕਫੇ ਦੌਰਾਨ ਜਸਟਿਸ ਜੋਰਾ ਸਿੰਘ ਕਮਿਸ਼ਨ, ਜਸਟਿਸ ਰਣਜੀਤ ਸਿੰਘ ਕਮਿਸ਼ਨ, ਡੀਆਈਜੀ ਰਣਧੀਰ ਸਿੰਘ ਖੱਟੜਾ ਅਤੇ ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਵਾਲੀ ਸਿੱਟ ਵੱਲੋਂ ਸਾਰੇ ਮਾਮਲੇ ਨੂੰ ਗਰਾਊਂਡ ਪੱਧਰ 'ਤੇ ਖੰਗਾਲਿਆ ਗਿਆ ਅਤੇ ਇਕ-ਦੋ ਨਹੀਂ ਵੱਡੀ ਗਿਣਤੀ ਵਿੱਚ ਲੋਕਾਂ ਨੇ ਉਸ ਸਮੇਂ ਵੀ ਬਿਆਨ ਕਲਮਬੰਧ ਇਸ ਉਮੀਦ ਨਾਲ ਕਰਵਾਏ ਸਨ ਕਿ ਦੋਸ਼ੀਆਂ ਖਿਲਾਫ ਕਾਨੂੰਨ ਮੁਤਾਬਕ ਢੁੱਕਵੀਂ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ ਪਰ ਅਜੇ ਤਕ ਜਾਂਚ ਤੇ ਜਾਂਚ ਜਿਉਂ ਦੀ ਤਿਉਂ ਜਾਰੀ ਹੈ। ਹੁਣੇ ਜਿਹੇ ਵਡੇ ਬਾਦਲ ਨੂੰ ਵੀ ਇਸ ਬਾਰੇ ਨੋਟਿਸ ਦਿਤਾ ਹੈ ,ਪਰ ਉਹਨਾਂ ਦੀ ਸਿਹਤ ਢਿਲੀ ਹੋਣ ਕਾਰਣ ਉਹ ਸਿਟ ਸਾਹਮਣੇ ਪੇਸ਼ ਨਹੀਂ ਹੋ ਸਕਣਗੇ।ਪਰ ਸਿਟ ਦੀ ਜਾਂਚ ਅਤਿਅੰਤ ਢਿਲੀ ਹੈ ਕਿਉਂਕਿ ਹਾਲੇ ਤਕ ਸਾਬਕਾ ਡੀਜੀਪੀ ਸੈਣੀ ਤੇ ਸੌਦਾ ਸਾਧ ਨੂੰ ਜਾਂਚ ਦੇ ਘੇਰੇ ਵਿਚ ਨਾ ਲਿਆਕੇ ਜਾਂਚ  ਨੂੰ ਸ਼ਕੀ ਬਣਾਇਆ ਹੈ। ਕੈਪਟਨ ਸਰਕਾਰ ਜੇਕਰ ਇਹਨਾਂ ਨੁਕਤਿਆਂ ਬਾਰੇ ਵਿਚਾਰ ਕਰਕੇ ਇਨਸਾਫ ਨਹੀਂ ਕਰੇਗੀ ਤਾਂ ਉਸਨੂੰ ਸਿਆਸੀ ਨੁਕਸਾਨ ਉਠਾਉਣਾ ਪਵੇਗਾ।

ਪੰਜਾਬ ਦੀ ਰਾਜਨੀਤੀ ਕਿਧਰ ਨੂੰ ਜਾਵੇਗੀ

 ਪੰਜਾਬ ਦੀ ਰਾਜਨੀਤੀ ਦੀ ਤਸਵੀਰ ਅਜੇ ਤਕ ਪੂਰੀ ਤਰਾਂ ਸਪਸ਼ਟ ਨਹੀਂ ਹੈ। ਪੰਜਾਬੀ  ਅਜੋਕੀ ਰਾਜਨੀਤੀ ਤੋਂ ਉਦਾਸ ਹਨ। ਇਸ ਵੇਲੇ ਪੰਜਾਬ ਵਿਚ ਕਾਂਗਰਸ, ਅਕਾਲੀ ਦਲ ਅਤੇ ਆਪ ਪਾਰਟੀ ਤੋਂ ਇਲਾਵਾ ਕੋਈ ਚੌਥਾ ਬਦਲ ਨਜ਼ਰ ਨਹੀਂ ਆ ਰਿਹਾ। ਪਰ ਇਨ੍ਹਾਂ ਤਿੰਨਾਂ ਧਿਰਾਂ ਦੀ ਹਾਲਤ ਜੇਤੂ ਸਥਿਤੀ ਵਾਲੀ ਨਹੀਂ ਜਾਪਦੀ।ਬੇਸ਼ੱਕ ਕਾਂਗਰਸ ਤੋਂ ਵੀ ਲੋਕ ਪ੍ਰੇਸ਼ਾਨ ਹਨ, ਸਥਾਪਤੀ ਵਿਰੋਧੀ ਰੁਝਾਨ ਵੀ ਹੈ, ਕਾਂਗਰਸ ਦੀ ਪਿਛਲੇ ਸਵਾ 4 ਸਾਲ ਦੌਰਾਨ ਚੋਣ ਦੌਰਾਨ ਕੀਤੇ ਵਾਅਦੇ ਪੂਰੇ ਨਹੀਂ ਕਰ ਸਕੀ। ਪਰ ਇਸ ਦੇ ਬਾਵਜੂਦ ਕੁਝ ਮਹੀਨੇ ਪਹਿਲਾਂ ਤੱਕ ਤਾਂ ਇਹੀ ਪ੍ਰਭਾਵ ਸੀ ਕਿ ਅਕਾਲੀ ਦਲ ਤੇ ਆਪ ਦੀ ਖਰਾਬ ਰਾਜਨੀਤਕ ਸਥਿਤੀ ਕਾਰਣ  ਕਾਂਗਰਸ  ਜੇਤੂ ਸਥਿਤੀ ਵਿਚ ਹੈ। ਪਰ ਅਜੋਕੇ ਹਾਲਾਤ ਇਹ ਹਨ ਕਿ ਕਾਂਗਰਸ ਆਪਣੀ ਫੁਟ ਕਾਰਣ ਬੁਰੀ ਤਰਾਂ ਕਮਜੋਰ ਹੈ।ਬੇਸ਼ੱਕ ਪੰਜਾਬ ਕਾਂਗਰਸ ਵਿਚ ਫੁੱਟ ਵਧੀ ਹੈ ਅਤੇ ਬੇਅਦਬੀ ਦੇ ਮਾਮਲੇ ਵਿਚ ਸਰਕਾਰ ਦੀ ਕਾਰਗੁਜ਼ਾਰੀ, ਅਫ਼ਸਰਸ਼ਾਹੀ ਦੀ ਮਨਮਰਜ਼ੀ, ਮੁੱਖ ਮੰਤਰੀ ਦਾ ਅਕਾਲੀਆਂ ਪ੍ਰਤੀ ਰਵੱਈਆ, ਮਾਫ਼ੀਆ ਰਾਜ ਦਾ ਜਾਰੀ ਰਹਿਣਾ ਆਦਿ ਮਾਮਲਿਆਂ 'ਤੇ ਮੁੱਖ ਮੰਤਰੀ ਦਾ ਵਿਰੋਧ ਵਧਿਆ ਹੈ। ਖਬਰਾਂ ਅਨੁਸਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹਾਈ ਕਮਾਨ ਦੀ ਕਮੇਟੀ ਕੋਲ ਕਰੀਬ 3 ਦਰਜਨ ਕਾਂਗਰਸੀ ਵਿਧਾਇਕਾਂ ਦੇ ਕਥਿਤ ਕਾਲੇ ਕੰਮਾਂ ਦੀਆਂ ਫਾਈਲਾਂ ਲੈ ਕੇ ਪੁੱਜੇ ਸਨ, ਨਾਲ ਵੀ ਨਾਰਾਜ਼ਗੀ ਪੈਦਾ ਹੋ ਸਕਦੀ ਹੈ। ਕੁਝ ਕਾਂਗਰਸੀ ਵਿਧਾਇਕਾਂ ਨੇ ਇਹ ਸਵਾਲ ਵੀ ਉਠਾਇਆ ਹੈ ਕਿ ਮੁੱਖ ਮੰਤਰੀ ਨੇ ਆਪਣੇ ਵਿਧਾਇਕਾਂ ਦੇ ਕੰਮਾਂ ਦੀਆਂ ਫਾਈਲਾਂ ਤਾਂ ਤਿਆਰ ਕੀਤੀਆਂ ਹਨ ਪਰ ਉਸ ਤੋਂ ਪਹਿਲਾਂ 10 ਸਾਲ ਦੇ ਅਕਾਲੀ-ਭਾਜਪਾ ਰਾਜ ਦੇ ਵਿਧਾਇਕਾਂ ਦੀਆਂ ਫਾਈਲਾਂ ਕਿਉਂ ਨਹੀਂ ਬਣਾਈਆਂ? ਬਲਕਿ ਉਨ੍ਹਾਂ ਖਿਲਾਫ਼ ਕੋਈ ਕਾਰਵਾਈ ਕਿਉਂ ਨਹੀਂ ਕੀਤੀ? ਇਥੇ ਇਕ ਸਵਾਲ ਲੋਕਾਂ ਦਾ ਵੀ ਹੈ ਕਿ ਜੇਕਰ ਮੁੱਖ ਮੰਤਰੀ ਨੂੰ ਪਤਾ ਹੈ ਕਿ ਉਨ੍ਹਾਂ ਦੇ ਕਰੀਬ 3 ਦਰਜਨ ਵਿਧਾਇਕ ਗ਼ਲਤ ਕੰਮਾਂ ਵਿਚ ਲੱਗੇ ਹੋਏ ਹਨ ਤਾਂ ਉਹ ਮੁੱਖ ਮੰਤਰੀ ਕਾਹਦੇ ਹਨ ਜੇ ਉਨ੍ਹਾਂ ਦੇ ਖਿਲਾਫ਼ ਕੋਈ ਕਾਰਵਾਈ ਨਹੀਂ ਕਰਦੇ ਤੇ ਉਨ੍ਹਾਂ ਨੂੰ ਨਹੀਂ ਰੋਕਦੇ? ਰਾਜਨੀਤਕ ਮਾਹਿਰਾਂ ਅਨੁਸਾਰ ਇਸਦੇ ਬਾਵਜੂਦ ਮੁੱਖ ਮੰਤਰੀ ਦੀ ਕੁਰਸੀ ਨੂੰ ਕੋਈ ਖ਼ਤਰਾ ਨਹੀਂ ਹੈ। ਕਿਉਂਕਿ ਕਾਂਗਰਸ ਹਾਈ ਕਮਾਨ ਵਿਚ ਏਨਾ ਦਮ ਹੀ ਨਹੀਂ ਕਿ ਉਹ ਮੁੱਖ ਮੰਤਰੀ ਨੂੰ ਬਦਲਣ ਬਾਰੇ ਸੋਚੇ।  ਚਰਚਾ ਇਹ ਵੀ ਹੈ ਕਿ ਇਸ ਵਾਰੀ ਚੋਣਾਂ ਵਿਚ ਕਾਂਗਰਸ ਹਾਈ ਕਮਾਨ ਕੈਪਟਨ ਪਖੀ ਵਿਧਾਇਕਾਂ ਦੀਆਂ ਟਿਕਟਾਂ ਕੱਟ ਕੇ ਨਵੇਂ ਚਿਹਰੇ ਲਿਆਵੇਗੀ। ਕਾਂਗਰਸ ਹਾਈ ਕਮਾਨ ਵਲੋਂ ਪੰਜਾਬ ਕਾਂਗਰਸ ਦੇ ਆਪਸੀ ਝਗੜੇ ਸਬੰਧੀ ਬਣਾਈ ਉੱਚ ਪੱਧਰੀ ਕਮੇਟੀ ਦੀ ਰਿਪੋਰਟ ਬਾਰੇ ਜੋ ਚਰਚਾ ਸਾਹਮਣੇ ਆਈ ਹੈ, ਉਸ ਅਨੁਸਾਰ ਨਵਜੋਤ ਸਿੰਘ ਸਿੱਧੂ ਨੂੰ ਕੋਈ ਵੱਡਾ ਅਹੁਦਾ ਮਿਲਣ ਦੀ ਸੰਭਾਵਨਾ  ਹੈ। ਪੰਜਾਬ ਦੀ ਕਾਂਗਰਸ ਸਰਕਾਰ ਵਿਚ ਵੱਡੇ ਪੱਧਰ 'ਤੇ ਰੱਦੋਬਦਲ ਹੋਣ ਦੀ ਆਸ ਹੈ। ਜਾਣਕਾਰੀ ਇਹ ਹੈ ਕਿ ਕਾਂਗਰਸ ਹਾਈਕਮਾਂਡ ਕੈਪਟਨ ਦੇ 70 ਫ਼ੀਸਦੀ ਵਿਧਾਇਕਾਂ ਨੂੰ ਕੰਟਰੋਲ ਕਰ ਚੁਕੀ ਹੈ। ਜਲਦੀ ਇਸ ਬਾਰੇ ਫੈਸਲਾ ਆਉਣ ਦੀ ਸੰਭਾਵਨਾ ਹੈ। ਅਕਾਲੀ ਦਲ ਤੋਂ ਤੋੜ ਵਿਛੋੜੇ ਤੋਂ ਬਾਅਦ ਕਿਸਾਨੀ ਅੰਦੋਲਨ ਕਾਰਣ ਪੰਜਾਬ ਭਾਜਪਾ ਜਾਮ ਹੋ ਚੁਕੀ ਹੈ।ਕਿਸਾਨਾਂ ਨੇ ਪੰਜਾਬ ਵਿਚ ਉਸਦੀਆਂ ਸਿਆਸੀ ਗਤੀਵਿਧੀਆਂ ਉਪਰ ਰੋਕ ਲਗਾਈ ਹੋਈ ਹੈ। ਇਸ ਵੇਲੇ ਪੰਜਾਬ ਰਾਜਨੀਤਕ  ਰਾਜਨੀਤਕ ਖਲਾਅ ਵਿਚ ਹੈ। ਸਾਰੀਆਂ ਪਾਰਟੀਆਂ ਤੋਂ ਪੰਜਾਬੀ ਨਿਰਾਸ਼ ਹਨ।  ਸੰਭਾਵਨਾ ਦਿਖਾਈ ਦਿੰਦੀ ਹੈ ਕਿ ਕਿਸਾਨਾਂ ਵਿਚੋਂ  ਰਾਜਨੀਤਕ ਲਹਿਰ ਉਭਰ ਕੇ ਚੌਥਾ ਬਦਲ ਬਣੇ। ਇਹ ਗਲ ਜਰੂਰ ਹੈ ਕਿ ਕਿਸਾਨ ਅੰਦੋਲਨ ਪੰਜਾਬ ਦੀ ਰਾਜਨੀਤੀ 'ਤੇ ਕੋਈ ਅਸਰ ਪਾਏਗਾ।ਇਸ ਵੇਲੇ ਅਕਾਲੀ ਦਲ ਦੀ ਰਣਨੀਤੀ ਪੰਜਾਬੀ ਤੇ ਨਿਰਪਖ ਪਾਰਟੀ ਤੋਂ ਵਾਪਸ   ਸਿੱਖ ਹਿਤਾਂ ਲਈ ਲੜਨ ਵਾਲੀ ਪਾਰਟੀ ਬਣਨ ਵਲ ਵਧ ਰਹੀ ਹੈ।ਪਰ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਦਾ ਮਸਲਾ ਹਲ ਕੀਤੇ ਬਿਨਾਂ ਰਾਜਨੀਤੀ ਵਿਚ ਉਸਦੀ ਗਲ ਬਣਨੀ ਨਹੀਂ।ਬਸਪਾ ਨਾਲ ਉਸਦਾ ਗਠਜੋੜ ਹੋ ਚੁਕਾ ਹੈ। ਖੱਬੀਆਂ ਪਾਰਟੀਆਂ ਨਾਲ ਸਮਝੌਤਾ ਕਰਨ ਦੇ ਯਤਨਾਂ ਵਿਚ ਵੀ ਹੈ। ਜਿਥੋਂ ਤੱਕ ਅਕਾਲੀ ਦਲ ਦੇ ਖੱਬੇ ਪੱਖੀ ਪਾਰਟੀਆਂ ਨਾਲ ਸਮਝੌਤੇ ਦੀ ਗੱਲ ਹੈ, ਅਕਾਲੀ ਦਲ ਸੀ.ਪੀ.ਆਈ. ਤੇ ਸੀ.ਪੀ.ਐਮ. ਲਈ ਕੁੱਲ 5 ਸੀਟਾਂ ਛੱਡਣ ਲਈ ਤਿਆਰ ਦੱਸਿਆ ਜਾਂਦਾ ਹੈ। ਬੇਸ਼ੱਕ ਖੱਬੀਆਂ ਧਿਰਾਂ ਦੀ ਹਾਲਤ ਪੰਜਾਬ ਵਿਚ ਬਹੁਤ ਪਤਲੀ ਪੈ ਗਈ ਸੀ ਪਰ ਕਿਸਾਨ ਮੋਰਚੇ ਕਾਰਨ ਖੱਬੇ ਪੱਖੀ ਤਾਕਤਾਂ ਪਹਿਲਾਂ ਨਾਲੋਂ ਕਾਫੀ ਮਜ਼ਬੂਤ  ਹਨ। ਦਸਿਆ ਜਾਂਦਾ ਹੈ ਕਿ ਆਪ  ਇਸ ਵਾਰ ਮੁੱਖ ਮੰਤਰੀ ਪਦ ਦਾ ਉਮੀਦਵਾਰ ਐਲਾਨ ਕੇ ਮੈਦਾਨ ਵਿਚ ਉਤਰੇਗੀ। ਆਪ ਕਿਸਾਨ ਜਥੇਬੰਦੀਆਂ ਦੇ ਕਿਸੇ ਹਿੱਸੇ ਨਾਲ ਜਾਂ ਸੁਖਦੇਵ ਸਿੰਘ ਢੀਂਡਸਾ ਵਾਲੇ ਅਕਾਲੀ ਦਲ ਨਾਲ ਚੋਣ ਸਮਝੌਤਾ ਵੀ ਕਰ ਸਕਦੀ ਹੈ। ਇਕਲਿਆਂਂ ਚੋਣ ਲੜਨਾ ਉਸ ਦੇ ਵਸ ਦੀ ਗਲ ਨਹੀਂ।  ਆਪ ਲਈ ਇਸ ਵੇਲੇ ਸਭ ਤੋਂ ਵੱਡੀ ਮੁਸ਼ਕਲ ਇਹ ਹੈ ਕਿ ਉਸ ਕੋਲ  ਮੁੱਖ ਮੰਤਰੀ ਦਾ ਚਿਹਰਾ ਵੀ ਨਹੀਂ ਹੈ। 

 ਭਾਰਤ ਨੂੰ ਚੀਨ ਤੋਂ ਖਤਰਾ

ਭਾਰਤ ਨਾਲ ਚੱਲ ਰਹੇ ਸਰਹੱਦੀ ਵਿਵਾਦ ਦੇ ਵਿਚਕਾਰ, ਚੀਨ ਨੇ ਲੱਦਾਖ ਨੇੜੇ ਆਪਣੇ ਕਬਜ਼ੇ ਵਾਲੇ ਖੇਤਰ ਵਿਚ ਸਟੀਲਥ ਬਾਮਬਰ ਜੈੱਟ ਐਚ-20 ਦੀਆਂ ਯੋਗਤਾਵਾਂ ਦੀ ਪਰਖ ਕੀਤੀ ਹੈ। ਦੱਸਿਆ ਗਿਆ ਹੈ ਕਿ ਉਹ ਆਪਣੇ ਸ਼ਿਆਨ ਐਚ-20 ਲੜਾਕੂ ਜਹਾਜ਼ਾਂ ਦੀ ਅੰਤਮ ਟੈਸਟਿੰਗ ਦੀ ਪ੍ਰਕਿਰਿਆ ਨੂੰ ਪੂਰਾ ਕਰ ਰਹੀ ਹੈ। ਚੀਨ ਇਹ ਟੈਸਟ ਹੋਟਨ ਏਅਰਬੇਸ ਤੋਂ ਕਰ ਰਿਹਾ ਹੈ। ਇਕ ਸਟੀਲਥ ਜਹਾਜ਼ ਉਹ ਹੈ ਜੋ ਰਡਾਰ ਦੁਆਰਾ ਫੜੇ ਬਿਨਾਂ ਦੁਸ਼ਮਣ ਦੇ ਖੇਤਰ ਵਿਚ ਜਾ ਕੇ ਬੰਬਾਰੀ ਕਰ ਸਕਦਾ ਹੈ।ਰੱਖਿਆ ਮਾਹਿਰਾਂ ਦੇ ਅਨੁਸਾਰ, ਭਾਰਤੀ ਹਵਾਈ ਸੈਨਾ ਵਿਚ ਫ੍ਰੈਂਚ ਰਾਫੇਲ ਲੜਾਕੂ ਜਹਾਜ਼ਾਂ ਦੇ ਸ਼ਾਮਲ ਹੋਣ ਤੋਂ ਬਾਅਦ, ਚੀਨ ਨੇ ਐਚ-20 ਜਹਾਜ਼ਾਂ ਦੀ ਜਾਂਚ ਪ੍ਰਕਿਰਿਆ ਵਿਚ ਤੇਜ਼ੀ ਲਿਆ ਦਿੱਤੀ ਹੈ। ਇਹ ਟੈਸਟਿੰਗ ਪ੍ਰਕਿਰਿਆ 8 ਜੂਨ ਤੋਂ ਸ਼ੁਰੂ ਹੋ ਗਈ ਹੈ ਅਤੇ 22 ਜੂਨ ਨੂੰ ਮੁਕੰਮਲ ਹੋਵੇਗੀ। 22 ਜੂਨ ਨੂੰ ਚੀਨ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ ਦੀ ਸਥਾਪਨਾ ਦੀ 100 ਵੀਂ ਵਰ੍ਹੇਗੰਢ ਹੈ। ਸ਼ਾਇਦ ਉਸ ਦਿਨ ਇਕ ਵੱਡੀ ਘੋਸ਼ਣਾ ਦੇ ਰੂਪ ਵਿਚ, ਚੀਨ ਆਪਣੀ ਹਵਾਈ ਸੈਨਾ ਵਿਚ ਸਟੀਲਥ ਲੜਾਕੂ ਜਹਾਜ਼ਾਂ ਨੂੰ ਸ਼ਾਮਲ ਕਰਨ ਬਾਰੇ ਰਸਮੀ ਜਾਣਕਾਰੀ ਦੇ ਸਕਦਾ ਹੈ।ਐੱਚ-20 ਜਹਾਜ਼ ਇਕ ਲੜਾਕੂ ਜਹਾਜ਼ ਹੈ ਜੋ ਕਈ ਸਮਰੱਥਾਵਾਂ ਨਾਲ ਲੈਸ ਹੈ। ਇਹ ਲੰਬੀ ਦੂਰੀ ਤਕ ਜਾ ਕੇ ਕੰਮ ਕਰ ਸਕਦਾ ਹੈ। ਇਹ ਵਧੇਰੇ ਭਾਰ ਚੁੱਕਣ ਵਿਚ ਵੀ ਸਮਰੱਥ ਹੈ। ਇਹ ਦੁਸ਼ਮਣ ਦੇ ਰਡਾਰ ਨੂੰ ਚਕਮਾ ਦੇ ਕੇ ਆ ਅਤੇ ਜਾ ਸਕਦਾ ਹੈ। ਚੀਨ ਨੇ ਅਜੇ ਇਹ ਸਪੱਸ਼ਟ ਨਹੀਂ ਕੀਤਾ ਹੈ ਕਿ ਉਸਦਾ ਨਵਾਂ ਬਣਾਇਆ ਲੜਾਕੂ ਜਹਾਜ਼ ਪਰਮਾਣੂ ਹਥਿਆਰ ਨਾਲ ਹਮਲਾ ਕਰਨ ਦੇ ਸਮਰੱਥ ਹੈ ਜਾਂ ਨਹੀਂ। ਅਮਰੀਕਾ ਦੇ ਸਾਰੇ ਆਧੁਨਿਕ ਬੰਬ ਪ੍ਰਮਾਣੂ ਹਮਲੇ ਕਰਨ ਦੇ ਸਮਰੱਥ ਹਨ। ਚੀਨ ਭਾਰਤ ਲਈ ਖਤਰਾ ਬਣਿਆ ਹੈ।ਭਾਰਤ ਨੂੰ ਯੋਜਨਾਬੰਦੀ ਤੋਂ ਕੰਮ ਲੈਣਾ ਪਵੇਗਾ।

 

ਰਜਿੰਦਰ ਸਿੰਘ ਪੁਰੇਵਾਲ