ਬੈਂਕ ਕਰਿੰਦਿਆਂ ਨੇ ਬਜ਼ੁਰਗ ਕਿਸਾਨ ਨੂੰ ਕੁੱਟਮਾਰ ਕਰਕੇ ਕੀਤਾ ਜ਼ਖ਼ਮੀ, ਹਸਪਤਾਲ ਦਾਖ਼ਲ

ਬੈਂਕ ਕਰਿੰਦਿਆਂ ਨੇ ਬਜ਼ੁਰਗ ਕਿਸਾਨ ਨੂੰ ਕੁੱਟਮਾਰ ਕਰਕੇ ਕੀਤਾ ਜ਼ਖ਼ਮੀ, ਹਸਪਤਾਲ ਦਾਖ਼ਲ

ਕੈਪਸ਼ਨ-ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿਚ ਇਲਾਜ ਅਧੀਨ ਕਿਸਾਨ।
ਫ਼ਰੀਦਕੋਟ/ਬਿਊਰੋ ਨਿਊਜ਼ :
ਇਕ ਪ੍ਰਾਈਵੇਟ ਬੈਂਕ ਦੀ ਫ਼ਰੀਦਕੋਟ ਬਰਾਂਚ ਦੇ ਕਰਿੰਦਿਆਂ ਨੇ ਕਥਿਤ ਤੌਰ ‘ਤੇ ਕਰਜ਼ਾ ਉਗਰਾਹੁਣ ਲਈ ਪਿੰਡ ਕਾਬਲਵਾਲਾ ਦੇ ਕਿਸਾਨ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਪੀੜਤ ਕਿਸਾਨ ਹੁਣ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਵਿੱਚ ਦਾਖ਼ਲ ਹੈ। ਕਿਸਾਨ ਸਤਨਾਮ ਸਿੰਘ ਨੇ ਟਰੈਕਟਰ ਖਰੀਦਣ ਲਈ ਫ਼ਰੀਦਕੋਟ ਦੇ ਇਕ ਪ੍ਰਾਈਵੇਟ ਬੈਂਕ ਤੋਂ 4 ਲੱਖ 70 ਹਜ਼ਾਰ ਰੁਪਏ ਕਰਜ਼ਾ ਲਿਆ ਸੀ। ਨੋਟਬੰਦੀ ਕਾਰਨ ਸਤਨਾਮ ਸਿੰਘ ਕੁਝ ਕਿਸ਼ਤਾਂ ਅਦਾ ਨਹੀਂ ਕਰ ਸਕਿਆ ਅਤੇ ਇਸ ਸਬੰਧੀ ਬੈਂਕ ਨੇ ਅਦਾਲਤ ਵਿੱਚ ਕੇਸ ਦਾਇਰ ਕਰ ਦਿੱਤਾ। ਬੈਂਕ ਕਰਿੰਦਿਆਂ ਨੇ ਸਤਨਾਮ ਸਿੰਘ ਤੋਂ ਟਰੈਕਟਰ ਖੋਹਣ ਦੀ  ਕੋਸ਼ਿਸ਼ ਕੀਤੀ ਪਰ ਬੈਂਕ ਕਰਮਚਾਰੀ ਤੇ ਕਰਿੰਦੇ ਸਤਨਾਮ ਸਿੰਘ ਤੋਂ ਟਰੈਕਟਰ ਨਹੀਂ ਖੋਹ ਸਕੇ। ਇਸ ਦੌਰਾਨ ਉਨ੍ਹਾਂ ਸਤਨਾਮ ਸਿੰਘ ਦੇ ਪਿਤਾ ਜੀਤ ਸਿੰਘ ਨੂੰ ਰਸਤੇ ਵਿੱਚ ਘੇਰ ਕੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਬੈਂਕ ਕਰਿੰਦੇ ਕਿਸਾਨ ਦੇ ਰਿਸ਼ਤੇਦਾਰ ਦਾ ਨਵਾਂ ਮੋਟਰਸਾਈਕਲ ਵੀ ਖੋਹ ਕੇ ਲੈ ਗਏ। ਘਟਨਾ ਤੋਂ ਬਾਅਦ ਪੁਲੀਸ ਨੇ ਪੀੜਤ ਕਿਸਾਨ ਦਾ ਬਿਆਨ ਤਾਂ ਲਿਖ ਲਿਆ ਪਰ ਅਜੇ ਤੱਕ ਮੁਲਜ਼ਮਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ। ਜ਼ਿਲ੍ਹਾ ਪੁਲੀਸ ਮੁਖੀ ਡਾ. ਨਾਨਕ ਸਿੰਘ ਨੇ ਕਿਹਾ ਕਿ ਪੁਲੀਸ ਇਸ ਮਾਮਲੇ ਦੀ ਪੜਤਾਲ ਕਰ ਰਹੀ ਹੈ ਅਤੇ ਮੁਲਜ਼ਮਾਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਡਾਕਟਰਾਂ ਨੇ ਪੀੜਤ ਕਿਸਾਨ ਜੀਤ ਸਿੰਘ ਦੇ ਇਕ ਦਰਜਨ ਤੋਂ ਵੱਧ ਸੱਟਾਂ ਵੱਜਣ ਦੀ ਪੁਸ਼ਟੀ ਕੀਤੀ ਹੈ।