ਮਿਸ਼ੀਗਨ ਸਟੇਟ ਯੁਨੀਵਰਸਿਟੀ ਵਿਚ ਗੋਲੀਆਂ ਮਾਰ ਕੇ 3 ਵਿਦਿਆਰਥੀਆਂ ਦੀ ਹੱਤਿਆ ਕਰਨ ਵਾਲਾ ਸ਼ੱਕੀ ਦੋਸ਼ੀ ਦੋ ਹੋਰ ਸਕੂਲਾਂ ਨੂੰ ਨਿਸ਼ਾਨਾ ਬਣਾਉਣਾ ਚਹੁੰਦਾ ਸੀ-ਪੁਲਿਸ

ਮਿਸ਼ੀਗਨ ਸਟੇਟ ਯੁਨੀਵਰਸਿਟੀ ਵਿਚ ਗੋਲੀਆਂ ਮਾਰ ਕੇ 3 ਵਿਦਿਆਰਥੀਆਂ ਦੀ ਹੱਤਿਆ ਕਰਨ ਵਾਲਾ ਸ਼ੱਕੀ ਦੋਸ਼ੀ ਦੋ ਹੋਰ ਸਕੂਲਾਂ ਨੂੰ ਨਿਸ਼ਾਨਾ ਬਣਾਉਣਾ ਚਹੁੰਦਾ ਸੀ-ਪੁਲਿਸ
ਕੈਪਸ਼ਨ : ਐਨਥਨੀ ਡਵੇਨ ਮੈਕਰੇ ਜਿਸ ਨੇ ਅੰਧਾਧੁੰਦ ਗੋਲੀਆਂ ਚਲਾਉਣ ਉਪਰੰਤ ਖੁਦ ਨੂੰ ਖਤਮ ਕਰ ਲਿਆ ਤੇ ਮਾਰੇ ਗਏ 3 ਵਿਦਿਆਰਥੀਆਂ ਦੀਆਂ ਤਸਵੀਰਾਂ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)-ਬੰਦੂਕਧਾਰੀ ਜਿਸ ਨੇ ਮਿਸ਼ੀਗਨ ਸਟੇਟ ਯੁਨੀਵਰਸਿਟੀ ਵਿਚ ਗੋਲੀਆਂ ਚਲਾ ਕੇ 3 ਵਿਦਿਆਰਥੀਆਂ ਦੀ ਹੱਤਿਆ ਕਰ ਦਿੱਤੀ ਤੇ 5 ਹੋਰਨਾਂ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਹੈ, ਦੀ ਯੋਜਨਾ ਨਿਊਜਰਸੀ ਦੇ 2 ਹੋਰ ਸਕੂਲਾਂ ਉਪਰ ਹਮਲਾ ਕਰਨ ਦੀ ਸੀ। ਇਹ ਪ੍ਰਗਟਾਵਾ ਪੁਲਿਸ ਨੇ ਜਾਰੀ ਇਕ ਬਿਆਨ ਵਿਚ ਕੀਤਾ ਹੈ । ਮਿਸ਼ੀਗਨ ਸਟੇਟ ਯੁਨੀਵਰਸਿਟੀ ਪੁਲਿਸ ਅਨੁਸਾਰ 43 ਸਾਲਾ ਐਨਥਨੀ ਡਵੇਨ ਮੈਕਰੇ ਨੇ ਸੋਮਵਾਰ ਦੀ ਸ਼ਾਮ ਨੂੰ ਯੁਨੀਵਰਸਿਟੀ ਵਿਚ ਅੰਧਾਧੁੰਦ ਗੋਲੀਆਂ ਚਲਾਉਣ ਉਪਰੰਤ ਖੁਦ ਨੂੰ ਵੀ ਗੋਲੀ ਮਾਰ ਕੇ ਖਤਮ ਕਰ ਲਿਆ ਸੀ। ਜਦੋਂ ਪੁਲਿਸ ਨੇ ਮੈਕਰੇ ਦੀ ਤਲਾਸ਼ੀ  ਲਈ ਤਾਂ ਉਸ ਦੀ ਜੇਬ ਵਿਚੋਂ ਇਕ ਨੋਟ ਮਿਲਿਆ ਜਿਸ ਵਿਚ ਦੋ ਸਕੂਲਾਂ ਨੂੰ ਅਗਲਾ ਨਿਸ਼ਾਨਾ ਬਣਾਉਣ ਦਾ ਜਿਕਰ ਹੈ। ਜਦੋਂ ਉਸ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕੀਤੀਆਂ ਤਾਂ ਵਿਦਿਆਰਥੀਆਂ ਨੇ ਖਿੜਕੀਆਂ ਵਿਚੋਂ ਛਾਲਾਂ ਮਾਰ ਕੇ ਆਪਣੇ ਆਪ ਨੂੰ ਬਚਾਉਣ ਦਾ ਯਤਨ ਕੀਤਾ। ਮਾਰੇ ਗਏ ਵਿਦਿਆਰਥੀਆਂ ਦੀ ਪਛਾਣ ਜੂਨੀਅਰ ਅਲੈਗਜੰਡਰੀਆ ਵਰਨਰ , ਜੂਨੀਅਰ ਐਰੀਲ ਐਂਡਰਸਨ ਤੇ ਸੋਫੋਮੋਰ ਬਰੀਅਨ ਫਰੈਜਰ ਵਜੋਂ ਹੋਈ ਹੈ।