ਭਾਈ ਨਿੱਝਰ ਕੱਤਲ ਮਾਮਲੇ 'ਚ ਕੈਨੇਡਾ ਅੰਦਰ ਸ਼ਕੀ ਭਾਰਤੀ ਰਾਜਦੂਤਾਂ ਕੋਲੋਂ ਪੁੱਛਗਿੱਛ ਕਰਣ ਮੰਗ: ਗੁਰੂ ਨਾਨਕ ਸਿੱਖ ਗੁਰਦਵਾਰਾ ਸਰੀ ਪ੍ਰਬੰਧਕ ਕਮੇਟੀ
ਅੰਮ੍ਰਿਤਸਰ ਟਾਈਮਜ਼ ਬਿਊਰੋ
ਨਵੀਂ ਦਿੱਲੀ 7 ਮਈ (ਮਨਪ੍ਰੀਤ ਸਿੰਘ ਖਾਲਸਾ):-ਕੈਨੇਡਾ ਦੇ ਗੁਰੂ ਨਾਨਕ ਸਿੱਖ ਗੁਰਦਵਾਰਾ ਸਰੀ ਦੀ ਪ੍ਰਬੰਧਕ ਕਮੇਟੀ ਵਲੋਂ ਕੈਨੇਡਾ ਦੀ ਸਰਕਾਰ ਅਤੇ ਆਰਸੀਐਮਪੀ ਕੋਲੋਂ ਭਾਈ ਨਿੱਝਰ ਕੱਤਲ ਮਾਮਲੇ 'ਚ ਕੈਨੇਡਾ ਅੰਦਰ ਸ਼ਕੀ ਭਾਰਤੀ ਰਾਜਦੂਤਾਂ ਕੋਲੋਂ ਸਖਤੀ ਨਾਲ ਪੁੱਛਗਿੱਛ ਕਰਣ ਮੰਗ ਕੀਤੀ ਗਈ ਹੈ । ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵਲੋਂ ਕੈਨੇਡੀਅਨ ਪੁਲਿਸ ਵਲੋਂ ਤਿੰਨ ਨੌਜੁਆਨਾਂ ਨੂੰ ਗ੍ਰਿਫਤਾਰ ਕੀਤੇ ਜਾਣ ਉਪਰੰਤ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੈਨੇਡਾ ਵਿਖੇ ਭਾਰਤੀ ਰਾਜਦੂਤ ਸੰਜੇ ਵਰਮਾ ਅਤੇ ਮਨੀਸ਼ ਗੁਪਤਾ ਨੂੰ ਕੈਨੇਡੀਅਨ ਪੁਲਿਸ ਵਲੋਂ ਤੁਰੰਤ ਗ੍ਰਿਫਤਾਰ ਕਰਕੇ ਕਰੜੀ ਪੁੱਛਗਿੱਛ ਕਰਨੀ ਚਾਹੀਦੀ ਹੈ ਜਿਸ ਨਾਲ ਇਨ੍ਹਾਂ ਵਲੋਂ ਭਾਈ ਨਿੱਝਰ ਨੂੰ ਕੱਤਲ ਕਰਣ ਦੀ ਸਾਜ਼ਿਸ਼ ਦਾ ਖੁਲਾਸਾ ਹੋ ਜਾਏਗਾ । ਉਨ੍ਹਾਂ ਕਿਹਾ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀਂ ਇਸ ਮਾਮਲੇ ਅੰਦਰ ਭਾਰਤ ਦਾ ਹੱਥ ਹੋਣ ਦਾ ਕਹਿ ਰਹੇ ਹਨ ਤੇ ਕੈਨੇਡੀਅਨ ਪੁਲਿਸ ਵਲੋਂ ਮਾਮਲੇ ਅੰਦਰ ਭਾਰਤ ਦੇ ਹੱਥ ਹੋਣ ਦੀ ਗਹਿਰੀ ਜਾਂਚ ਕੀਤੀ ਜਾ ਰਹੀ ਹੈ ਜਿਸ ਨਾਲ ਸਾਨੂੰ ਵਿਸ਼ਵਾਸ ਹੈ ਕਿ ਮਾਮਲੇ ਅੰਦਰ ਭਾਰਤੀ ਰਾਜਦੁਤਾਂ ਦਾ ਹੱਥ ਜਰੂਰ ਨਿਕਲੇਗਾ । ਉਨ੍ਹਾਂ ਕਿਹਾ ਕਿ ਅਮਰੀਕਾ ਦੀ ਵਾਸ਼ੀਗਟਨ ਟਾਇਮਸ ਮੁਤਾਬਿਕ ਐਸਐਫਜੇ ਦੇ ਗੁਰਪਤਵੰਤ ਸਿੰਘ ਪੰਨੂ ਦੇ ਕੱਤਲ ਦੀ ਸਾਜ਼ਿਸ਼ ਅੰਦਰ ਇਕ ਭਾਰਤੀ ਅਫ਼ਸਰ ਦਾ ਨਾਮ ਜਾਰੀ ਕੀਤਾ ਗਿਆ ਹੈ । ਜਦਕਿ ਕੈਨੇਡਾ ਦੀ ਆਰਸੀਐਮਪੀ ਸੀਆਈਏ ਨਾਲ ਮਿਲਕੇ ਭਾਈ ਨਿੱਝਰ ਦੇ ਮਾਮਲੇ ਦੀ ਤਹਿਕੀਕਾਤ ਕਰ ਰਹੀ ਹੈ ਤੇ ਉਨ੍ਹਾਂ ਮੁਤਾਬਿਕ ਹਾਲੇ ਹੋਰ ਗ੍ਰਿਫਤਾਰੀਆਂ ਵੀਂ ਕੀਤੀਆਂ ਜਾ ਸਕਦੀਆਂ ਹਨ ।
ਗੁਰੂ ਨਾਨਕ ਸਿੱਖ ਗੁਰਦੁਆਰਾ ਦੀ ਪ੍ਰਬੰਧਕ ਕਮੇਟੀ ਨੇ ਪੰਜਾਬੀ ਸਿੱਖ ਐਮ ਪੀ ਸੁਖ ਧਾਲੀਵਾਲ ਅਤੇ ਹੋਰ ਕੈਨੇਡੀਅਨ ਨੇਤਾਵਾਂ ਦਾ ਉਚੇਚੇ ਤੌਰ ਤੇ ਧੰਨਵਾਦ ਕਰਦਿਆਂ ਕਿਹਾ ਕਿ ਭਾਈ ਨਿੱਝਰ ਮਾਮਲੇ ਅੰਦਰ ਇਨ੍ਹਾਂ ਵਲੋਂ ਕੀਤੀ ਗਈ ਮਿਹਨਤ ਸਦਕਾ ਇਹ ਗ੍ਰਿਫਤਾਰੀਆਂ ਸੰਭਵ ਹੋਈਆਂ ਹਨ ।
ਜਿਕਰਯੋਗ ਹੈ ਕਿ ਕੈਨੇਡਾ ਅੰਦਰ ਕੰਮ ਕਰ ਰਹੇ ਭਾਰਤੀ ਰਾਜਦੁਤਾਂ ਦਾ ਜਿੱਥੇ ਵੀਂ ਪ੍ਰੋਗਰਾਮ ਹੁੰਦਾ ਹੈ ਭਾਈ ਨਿੱਝਰ ਨਾਲ ਜੁੜੇ ਅਤੇ ਦਰਦਮੰਦ ਸਿੱਖ ਉੱਥੇ ਪਹੁੰਚ ਕੇ ਵੱਡਾ ਮੁਜਾਹਿਰਾ ਕਰਦਿਆਂ ਇਨ੍ਹਾਂ ਵਿਰੁੱਧ ਨਾਹਰੇਬਾਜੀ ਕਰਦਿਆਂ ਇਨ੍ਹਾਂ ਦੀਆਂ ਗ੍ਰਿਫਤਾਰੀਆਂ ਦੀ ਮੰਗ ਕਰਦੇ ਆ ਰਹੇ ਹਨ । ਇਸ ਮੌਕੇ ਭਾਈ ਅਮਨਦੀਪ ਸਿੰਘ ਜੋਹਲ, ਭਾਈ ਭੁਪਿੰਦਰ ਸਿੰਘ ਹੋਠੀ, ਭਾਈ ਗੁਰਮੀਤ ਸਿੰਘ ਗਿੱਲ, ਭਾਈ ਗੁਰਮੀਤ ਸਿੰਘ ਤੂਰ, ਭਾਈ ਨਰਿੰਦਰ ਸਿੰਘ ਖਾਲਸਾ, ਭਾਈ ਅਵਤਾਰ ਸਿੰਘ ਖਹਿਰਾ ਭਾਈ ਗੁਰਭੇਜ ਸਿੰਘ ਬਾਠ ਅਤੇ ਭਾਈ ਮਲਕੀਤ ਸਿੰਘ ਫੌਜੀ ਹਾਜਿਰ ਸਨ ।
Comments (0)