ਸਰਬ ਸਾਂਝੀਵਾਲਤਾ ਦਾ ਕੇਂਦਰ ਮਜ਼ਾਰ ਸਾਈਂ ਮੀਆਂ ਮੀਰ (ਲਾਹੌਰ)

ਸਰਬ ਸਾਂਝੀਵਾਲਤਾ ਦਾ ਕੇਂਦਰ ਮਜ਼ਾਰ ਸਾਈਂ ਮੀਆਂ ਮੀਰ (ਲਾਹੌਰ)

ਬੂਟਾ ਸਿੰਘ ਭੰਦੋਹਲ

ਹਜ਼ਰਤ ਮੀਆਂ ਮੀਰ ਇੱਕ ਪ੍ਰਸਿੱਧ ਸੂਫ਼ੀ ਸੰਤ ਹੋਏ ਹਨ। ਉਨ੍ਹਾਂ ਦਾ ਜਨਮ 11 ਅਗਸਤ 1550 ਈਸਵੀ ਨੂੰ ਸਿੰਧ ਨੇੜੇ ਸੇਵਾਸਤਨ (ਸਿਸਤਨ) ਅੱਜ ਕੱਲ੍ਹ ਪਾਕਿਸਤਾਨ ਵਿੱਚ, ਮਾਤਾ ਬੀਬੀ ਫ਼ਾਤਿਮਾ ਦੀ ਕੁੱਖੋਂ ਹੋਇਆ। ਆਪ ਦੇ ਪਿਤਾ ਦਾ ਨਾਮ ਕਾਜ਼ੀ ਸਾਈਂ ਦਿੱਤਾ ਸੀ ਜੋ ਕਿ ਕਾਜ਼ੀ ਕਲੰਦਰ ਫ਼ਾਰੂਕੀ ਦਾ ਪੁੱਤਰ ਸੀ। ਆਪ ਦਾ ਪਰਿਵਾਰ ਸੂਫ਼ੀਆਂ ਦੇ ਕਾਦਰੀ ਫ਼ਿਰਕੇ ਨਾਲ ਸਬੰਧ ਰੱਖਦਾ ਸੀ। ਸਾਈਂ ਜੀ ਦੇ ਚਾਰ ਭਰਾ ਕਾਜ਼ੀ ਬੋਲਾਂ,ਕਾਜ਼ੀ ਮੁਹੰਮਦ ਉਸਮਾਨ, ਕਾਜ਼ੀ ਤਾਹਿਰ ਅਤੇ ਕਾਜ਼ੀ ਮੁਹੰਮਦ ਸਨ ਅਤੇ ਆਪ ਦੀਆਂ ਦੋ ਭੈਣਾਂ ਬੀਬੀ ਜਾਮਲ ਖਾਤੂਨ ਤੇ ਬੀਬੀ ਹਾਦੀਆ ਸਨ। ਸੱਤ ਸਾਲ ਦੀ ਉਮਰ ਵਿੱਚ ਹੀ ਆਪ ਦੇ ਸਿਰ ਤੋਂ ਪਿਤਾ ਦਾ ਸਾਇਆ ਉੱਠ ਗਿਆ। ਆਪ ਦੀ ਮਾਤਾ ਬੀਬੀ ਫ਼ਾਤਿਮਾ ਬਹੁਤ ਹੀ ਧਾਰਮਿਕ ਅਕੀਦੇ ਵਾਲੀ ਔਰਤ ਸੀ ਜਿਸ ਨੇ ਸਾਈਂ ਜੀ ਨੂੰ ਬਚਪਨ ਵਿੱਚ ਹੀ ਧਾਰਮਿਕ ਲਿਆਕਤ ਪ੍ਰਦਾਨ ਕੀਤੀ। ਆਪ ਦੀ ਮਾਤਾ ਦੀ ਧਾਰਮਿਕ ਸਿੱਖਿਆ ਅਤੇ ਆਪ ਉੱਤੇ ਖ਼ੁਦਾਬੰਦ ਕਰੀਮ ਦੀ ਰਹਿਮਤ ਸਦਕਾ ਆਪ ਦਾ ਮਨ ਦੁਨੀਆ ਤੋਂ ਉਪਰਾਮ ਹੋ ਗਿਆ ਅਤੇ ਆਪਣੀ ਮਾਤਾ ਤੋਂ ਆਗਿਆ ਲੈ ਕੇ ਇਨ੍ਹਾਂ ਨੇ ਘਰ ਬਾਰ ਤਿਆਗ ਦਿੱਤਾ ਅਤੇ ਸੱਚ ਦੀ ਖ਼ੋਜ ਲਈ ਨਿਕਲ ਪਏ। ਕਾਫ਼ੀ ਭਾਲ ਤੋਂ ਬਾਅਦ ਆਪ ਹਜ਼ਰਤ ਸ਼ੇਖ਼ ਖ਼ਿਜ਼ਰ ਦੇ ਚੇਲੇ ਬਣ ਗਏ ਜੋ ਕਿ ਸੂਫ਼ੀਆਂ ਦੇ ਕਾਦਰੀ ਫ਼ਿਰਕੇ ਨਾਲ ਸਬੰਧਤ ਸਨ। ਹਜ਼ਰਤ ਸ਼ੇਖ਼ ਖ਼ਿਜ਼ਰ ਦੀ ਸੰਗਤ ਦੌਰਾਨ ਸਾਈਂ ਮੀਆਂ ਮੀਰ  ਨੇ ਬਹੁਤ ਸਾਰੀ ਧਾਰਮਿਕ ਸਿੱਖਿਆ ਗ੍ਰਹਿਣ ਕੀਤੀ ਅਤੇ ਇੱਕ ਦਿਨ ਹਜ਼ਰਤ ਸ਼ੇਖ਼ ਖ਼ਿਜ਼ਰ ਨੇ ਆਪ ਨੂੰ ਕਿਹਾ ਕਿ ਹੁਣ ਤੁਹਾਡੀ ਧਾਰਮਿਕ ਤਾਲੀਮ ਪੂਰੀ ਹੋ ਚੁੱਕੀ ਹੈ, ਜਿੱਥੇ ਕਿਤੇ ਜੀਅ ਕਰਦਾ ਹੈ ਜਾਉ ਤੇ ਲੋਕਾਂ ਨੂੰ ਸੱਚ ਅਤੇ ਸੱਚੇ ਪਰਵਦਗਾਰ ਦੇ ਲੜ ਲਾਉ। ਉਸ ਵਕਤ ਆਪ ਦੀ ਉਮਰ ਪੱਚੀ ਸਾਲ ਸੀ ਅਤੇ ਆਪ ਆਪਣੇ ਮੁਰਸ਼ਦ ਦੀ ਆਗਿਆ ਦਾ ਪਾਲਣ ਕਰਦੇ ਹੋਏ ਲਾਹੌਰ ਆ ਗਏ। ਇੱਥੇ ਆਪ ਨੇ ਮੌਲਾਨਾ ਸਾਦਉੱਲਾ ਦੇ ਮਦਰੱਸੇ ਵਿੱਚੋਂ ਸਾਦਉੱਲਾ ਅਤੇ ਉਸ ਦੇ ਸ਼ਾਗਿਰਦ ਨਿਆਮਤ ਉੱਲਾ ਪਾਸੋਂ ਵਿੱਦਿਆ ਗ੍ਰਹਿਣ ਕੀਤੀ। ਆਪ ਨੇ ਲਾਹੌਰ ਦੇ ਦੱਖਣ ਪੂਰਬ ਵੱਲ ਪਿੰਡ ਹਾਸਿਮਪੁਰ ਵਿੱਚ ਡੇਰਾ ਲਾ ਲਿਆ। ਸਾਈਂ ਜੀ ਲੋਕਾਂ ਨੂੰ ਬਹੁਤ ਘੱਟ ਮਿਲਿਆ ਕਰਦੇ ਸਨ ਅਤੇ ਆਪ ਰੁੱਖਾਂ ਦੇ ਹੇਠਾਂ ਅਤੇ ਦਰਿਆਵਾਂ ਦੇ ਕੰਢੇ ਇਕਾਂਤ ਥਾਵਾਂ 'ਤੇ ਬੈਠ ਕੇ ਅੱਲਾ ਦੀ ਬੰਦਗੀ ਕਰਦੇ ਰਹਿੰਦੇ ਸਨ। ਉਹ ਨਹੀਂ ਸਨ ਚਾਹੁੰਦੇ ਕਿ ਰਾਜੇ,ਬਾਦਸ਼ਾਹ ਆਪਣੇ ਕਾਫ਼ਲਿਆਂ ਅਤੇ ਫ਼ੌਜਾਂ ਸਮੇਤ ਉਨ੍ਹਾਂ ਕੋਲ ਆਉਣ। ਆਪ ਬਹੁਤ ਹੀ ਘੱਟ ਬੋਲਦੇ ਸਨ ਅਤੇ ਕਈ ਕਈ ਰਾਤਾਂ ਆਪਣਾ ਧਿਆਨ ਅੱਲਾ ਤਾਲਾ ਦੇ ਚਰਨਾਂ ਵਿੱਚ ਜੋੜ ਕੇ ਅਹਿੱਲ ਬੈਠੇ ਰਹਿੰਦੇ ਸਨ।

ਸਾਈਂ ਜੀ ਸਿੱਖਾਂ ਦੇ ਪੰਜਵੇ ਗੁਰੁ ਸ੍ਰੀ ਗੁਰੁ ਅਰਜਨ ਦੇਵ ਜੀ ਦੇ ਗੂੜ੍ਹੇ ਮਿੱਤਰ ਸਨ ਕਿਉਂ ਕਿ ਦੋਵਾਂ ਵਿੱਚ ਵਿਚਾਰਧਾਰਕ ਅਤੇ ਸਿਧਾਂਤਕ ਸਾਂਝ ਸੀ ਅਤੇ ਦੋਵੇਂ ਇੱਕ ਹੀ ਮੰਜ਼ਿਲ ਦੇ ਪਾਂਧੀ ਸਨ। ਜਦੋਂ ਕਦੇ ਵੀ ਗੁਰੁ ਜੀ ਲਾਹੌਰ ਜਾਂਦੇ ਜਾਂ ਸਾਈਂ ਜੀ ਅੰਮ੍ਰਿਤਸਰ ਆਉਂਦੇ ਤਾਂ ਦੋਵੇਂ ਇੱਕ ਦੂਜੇ ਨੂੰ ਮਿਲੇ ਬਿਨਾਂ ਵਾਪਸ ਨਹੀਂ ਸਨ ਆਉਂਦੇ। ਸਰਬ ਧਰਮ ਸਾਂਝੀਵਾਲਤਾ ਦੇ ਸਿਧਾਂਤ ਨੂੰ ਹੋਰ ਪ੍ਰਪੱਕ ਕਰਦਿਆਂ ਹੋਇਆਂ ਸ੍ਰੀ ਗੁਰੁ ਅਰਜਨ ਦੇਵ ਜੀ ਨੇ ਉਚੇਚੇ ਤੌਰ 'ਤੇ ਸੁਨੇਹਾ ਭੇਜ ਕੇ ਦਰਵੇਸ ਸੂਫ਼ੀ ਸੰਤ ਸਾਈਂ ਮੀਆਂ ਮੀਰ ਜੀ ਨੂੰ ਅੰਮ੍ਰਿਤਸਰ ਬੁਲਾਇਆ ਅਤੇ ਸ੍ਰੀ ਗੁਰੁ ਰਾਮਦਾਸ ਜੀ ਦੁਆਰਾ ਖੁਦਵਾਏ ਗਏ ਸਰੋਵਰ ਵਿਚਕਾਰ ਉਸਾਰੇ ਜਾਣ ਵਾਲੇ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ 1 ਮਾਘ ਸੰਮਤ 1647 ਯਾਨੀ ਕਿ 3 ਜਨਵਰੀ 1588 ਈਸਵੀ ਨੂੰ ਸਾਈਂ ਮੀਆਂ ਮੀਰ ਜੀ ਦੇ ਹੱਥੋਂ ਰਖਵਾਈ। ਕਾਫ਼ੀ ਸਮੇਂ ਬਾਅਦ ਦੀਵਾਨ ਚੰਦੂ ਮੱਲ ਦੀਆਂ ਕੋਝੀਆਂ ਚਾਲਾਂ ਅਤੇ ਗੱਲਾਂ ਵਿੱਚ ਆ ਕੇ ਬਾਦਸ਼ਾਹ ਜਹਾਂਗੀਰ ਨੇ ਸ੍ਰੀ ਗੁਰੁ ਅਰਜਨ ਦੇਵ ਜੀ ਨੂੰ ਕੈਦ ਕਰ ਲਿਆ ਅਤੇ ਲਾਹੌਰ ਵਿੱਚ ਗੁਰੁ ਜੀ ਨੂੰ ਬਹੁਤ ਤਸੀਹੇ ਦਿੱਤੇ ਗਏ। ਤਵੀ ਹੇਠਾਂ ਅੱਗ ਬਾਲ ਕੇ ਤਪਦੀ ਤਵੀ ੳੇੱਤੇ ਜੇਠ ਮਹੀਨੇ ਦੀ ਤਪਦੀ ਦੁਪਹਿਰ ਨੂੰ ਗੁਰੁ ਜੀ ਨੂੰ ਬਿਠਾਇਆ ਗਿਆ ਅਤੇ ਸਿਰ ਵਿੱਚ ਗਰਮ ਰੇਤ ਦੇ ਕੜਛੇ ਭਰ-ਭਰ ਕੇ ਪਾਏ ਗਏ। ਜਦੋਂ ਇਸ ਗੱਲ ਦਾ ਪਤਾ ਸਾਈਂ ਮੀਆਂ ਮੀਰ ਜੀ ਨੂੰ ਲੱਗਾ ਤਾਂ ਆਪ ਦਾ ਹਿਰਦਾ ਵਲੂੰਧਰਿਆ ਗਿਆ ਅਤੇ ਆਪ ਤੁਰੰਤ ਸਤਿਗੁਰਾਂ ਕੋਲ ਆਏ ਅਤੇ ਤੱਤੀ ਤਵੀ 'ਤੇ ਬੈਠ ਕੇ ਤਸੀਹੇ ਝੱਲਦੇ ਗੁਰੁ ਜੀ ਨੂੰ ਵੇਖ ਕੇ ਆਪ ਨੇ ਕਿਹਾ ਕਿ ਇੱਕ ਵਾਰੀ ਹੁਕਮ ਕਰ ਦਿਉ, ਮੈਂ ਦਿੱਲੀ ਦਰਬਾਰ ਅਤੇ ਲਾਹੌਰ ਦੀ ਇੱਟ ਨਾਲ ਇੱਟ ਖੜਕਾ ਦਿੰਦਾ ਹਾਂ ਅਤੇ ਜ਼ਾਲਮ ਤੇ ਜ਼ੁਲਮ ਦਾ ਨਾਸ਼ ਕਰ ਦਿੰਦਾ ਹਾਂ। ਇਸ 'ਤੇ ਸ਼ਾਂਤ ਚਿੱਤ ਗੁਰੁ ਜੀ ਨੇ ਸਾਈਂ ਜੀ ਨੂੰ ਸ਼ਾਤ ਹੋਣ ਲਈ ਕਿਹਾ ਅਤੇ ਉਪਦੇਸ਼ ਦਿੱਤਾ ਕਿ ਇਹ ਸਭ ਕੁੱਝ ਅਕਾਲ ਦੇ ਭਾਣੇ ਅਨੁਸਾਰ ਹੀ ਹੋ ਰਿਹਾ ਹੈ। ਪ੍ਰਸਿੱਧ ਕਵੀਸ਼ਰ ਜੋਗਾ ਸਿੰਘ ਜੋਗੀ ਨੇ ਇਸ ਤਰ੍ਹਾਂ ਲਿਖਿਆ ਹੈ:

ਓ ਸਾਈਂ ਮੀਆਂ ਮੀਰ,
ਤੂੰ ਮੇਰੇ ਦਿਲ ਦੀ ਬੁੱਝੀ ਨੀ,
ਮੈਂ ਬੁੱਝਲੀ ਤੇਰੇ ਅੰਦਰ ਦੀ
ਓ ਧਰਨੀਆਂ ਸੀ ਦੋ ਨੀਹਾਂ,
ਇੱਕ ਸਿਦਕੀ ਇੱਕ ਹਰਿਮੰਦਰ ਦੀ
ਉਹ ਤੂੰ ਧਰੀ ਇਹ ਮੈਂ ਧਰਾਂ,
ਰਾਇ ਰਲਜੇ ਦੋਹਾਂ ਫ਼ਕੀਰਾਂ ਦੀ
ਵਿੱਥ ਅਸਾਂ ਵਿੱਚ ਕੋਈ ਨਹੀਂ ਐ,
ਐਵੇਂ ਦਿਖਦੀ ਐ ਵਿੱਥ ਸਰੀਰਾਂ ਦੀ।

ਸਾਈਂ ਮੀਆਂ ਮੀਰ ਗੁਰੁ ਜੀ ਦਾ ਉਪਦੇਸ਼ ਸੁਣ ਕੇ ਵਾਪਸ ਆ ਗਏ ਅਤੇ ਉਪਦੇਸ਼ ਦੇ ਕੇ ਲੋਕਾਂ ਨੂੰ ਸਿੱਧੇ ਰਸਤੇ ਪਾਉਂਦੇ ਰਹੇ ਅਤੇ ਖ਼ੁਦਾਬੰਦ ਕਰੀਮ ਦੇ ਲੜ ਲਾਉਂਦੇ ਰਹੇ। ਪਚਾਸੀ ਸਾਲਾਂ ਦੀ ਆਯੂ ਭੋਗ ਕੇ ਇਸਲਾਮਿਕ ਕੈਲੰਡਰ ਮੁਤਾਬਕ 7ਵੀਂ ਰਬੀ ਉਲ ਅੱਵਲ 1045 ਜਾਂ 22 ਅਗਸਤ 1635 ਈਸਵੀ ਨੂੰ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਪਿੰਡ ਹਾਸਿਮਪੁਰ ਜੋ ਕਿ ਹੁਣ ਬਸਤੀ ਮੀਆਂ ਮੀਰ ਦੇ ਨਾਮ ਨਾਲ ਪ੍ਰਸਿੱਧ ਹੈ ਅਤੇ ਅੱਜ ਕੱਲ੍ਹ ਲਾਹੌਰ ਦਾ ਹੀ ਹਿੱਸਾ ਹੈ ਵਿਖੇ ਆਪ ਜੀ ਦੀ ਕਬਰ ਉੱਪਰ ਬਹੁਤ ਖ਼ੂਬਸੂਰਤ ਮਕਬਰਾ ਬਣਿਆ ਹੋਇਆ ਹੈ।

ਮੁਗਲ ਬਾਦਸ਼ਾਹ ਸ਼ਾਹ ਜਹਾਂ ਦਾ ਸਹਿਜ਼ਾਦਾ ਦਾਰਾ ਸ਼ਿਕੋਹ ਸਾਈਂ ਮੀਆਂ ਮੀਰ ਦਾ ਮੁਰੀਦ ਅਤੇ ਅਥਾਹ ਸ਼ਰਧਾਵਾਨ ਸੀ। ਉਸ ਨੇ ਸਾਈ ਜੀ ਦੀ ਕਬਰ ਉੱਪਰ ਇੱਕ ਬਹੁਤ ਹੀ ਖ਼ੂਬਸੂਰਤ ਮਕਬਰੇ ਦੀ ਉਸਾਰੀ ਕਰਵਾਈ ਅਤੇ ਇਸ ਉੱਤੇ ਲਾਉਣ ਲਈ ਸੁੰਦਰ ਲਾਲ ਪੱਥਰ ਦੀ ਖਰੀਦ ਕੀਤੀ ਪ੍ਰੰਤੂ ਉਸ ਦੇ ਭਰਾ ਔਰੰਗਜ਼ੇਬ ਨੇ ਉਸ ਦਾ ਕਤਲ ਕਰ ਦਿੱਤਾ ਅਤੇ ਰਾਜ ਭਾਗ ਸੰਭਾਲ ਲਿਆ। ਸਾਈਂ ਮੀਆਂ ਮੀਰ ਦੇ ਮਕਬਰੇ 'ਤੇ ਲਾਉਣ ਲਈ ਮੰਗਵਾਇਆ ਗਿਆ ਲਾਲ ਪੱਥਰ ਲਾਹੌਰ ਵਿਖੇ ਹੀ ਸ਼ਾਹੀ ਕਿਲੇ ਦੇ ਸਾਹਮਣੇ ਬਣੀ ਬਾਦਸ਼ਾਹੀ ਮਸਜਿਦ ਉੱਪਰ ਲਗਵਾ ਦਿੱਤਾ ਗਿਆ। ਇਸ ਤਰ੍ਹਾਂ ਇਸ ਮਕਬਰੇ ਦੀ ਦਿੱਖ ਦਾਰਾ ਸ਼ਿਕੋਹ ਦੀ ਇੱਛਾ ਅਨੁਸਾਰ ਨਾ ਬਣ ਸਕੀ। ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਕਾਲ ਦੌਰਾਨ ਇਸ ਮਕਬਰੇ ਦੀ ਮੁਰੰਮਤ ਕਰਵਾਈ ਅਤੇ ਪੰਜ ਸੌ ਰੁਪਏ ਪ੍ਰਤੀ ਮਹੀਨੇ ਦੇ ਹਿਸਾਬ ਨਾਲ ਛੇ ਹਜ਼ਾਰ ਰੁਪਏ ਸਾਲਾਨਾ ਜਾਗੀਰ ਇਸ ਮਕਬਰੇ ਦੇ ਨਾਮ ਲਗਵਾ ਦਿੱਤੀ ਜੋ ਕਿ ਅੰਗਰੇਜ਼ਾਂ ਦਾ ਰਾਜ ਕਾਲ ਸ਼ੁਰੂ ਹੋਣ ਤੱਕ ਲੱਗੀ ਰਹੀ ਸੀ। ਅੱਜ ਵੀ ਹਰ ਸਾਲ ਇਸਲਾਮਿਕ ਕੈਲੰਡਰ ਮੁਤਾਬਕ 24ਵੀਂ ਸਫ਼ਰ ਉਰ ਮੁਰੱਜ਼ਬ ਨੂੰ ਮਕਬਰੇ ਦੇ ਅੰਦਰ ਸਾਈਂ ਮੀਆਂ ਮੀਰ ਦੀ ਕਬਰ ਨੂੰ ਗੁਲਾਬ ਦੇ ਅਰਕ ਨਾਲ ਇਸ਼ਨਾਨ ਕਰਵਾਇਆ ਜਾਂਦਾ ਹੈ ਤੇ 7ਵੀਂ ਰਬੀ ਉਲ ਅੱਵਲ ਨੂੰ ਸਾਲਾਨਾ ਉਰਸ ਹੁੰਦਾ ਹੈ ਜਿਸ ਵਿੱਚ ਸਮੁੱਚੇ ਪਾਕਿਸਤਾਨ ਵਿੱਚੋਂ ਹੀ ਨਹੀਂ ਬਲਕਿ ਸੰਸਾਰ ਭਰ ਤੋਂ ਮੁਸਲਮਾਨ ਭਾਈਚਾਰੇ ਤੋਂ ਇਲਾਵਾ ਹੋਰ ਬਹੁਤ ਸਾਰੇ ਧਰਮਾਂ ਦੇ ਲੋਕ ਸ਼ਰਧਾਲੂਆਂ ਦੇ ਰੂਪ ਵਿੱਚ ਸਾਈਂ ਜੀ ਦੀ ਕਬਰ 'ਤੇ ਨਤਮਸਤਕ ਹੁੰਦੇ ਹਨ। ਨਮਕ ਦਾ ਪ੍ਰਸ਼ਾਦ ਲੈ ਕੇ ਸਾਈਂ ਮੀਆਂ ਮੀਰ ਦੀਆਂ ਖ਼ੁਸ਼ੀਆਂ ਪ੍ਰਾਪਤ ਕਰਦੇ ਹਨ ਅਤੇ ਪੂਰੇ ਦਿਨ ਰਾਤ ਕੱਵਾਲੀਆਂ ਦਾ ਦੌਰ ਚਲਦਾ ਰਹਿੰਦਾ ਹੈ ਅਤੇ ਲੋਕ ਮਜ਼ਾਰ 'ਤੇ ਦੀਵੇ ਬਾਲ ਕੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕਰਦੇ ਹਨ। ਇਸ ਮਜ਼ਾਰ ਦਾ ਵਿਹੜਾ ਬਹੁਤ ਖੁੱਲ੍ਹਾ ਹੈ ਅਤੇ ਸ਼ਰਧਾਲੂਆਂ ਦੇ ਠਹਿਰਨ ਲਈ ਕਮਰਿਆਂ ਦੀ ਉਸਾਰੀ ਵੀ ਕੀਤੀ ਗਈ ਹੈ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ