ਬਾਬਰੀ ਮਸਜਿਦ ਢਾਹ ਕੇ ਬਣਾਏ ਆਰਜ਼ੀ ਮੰਦਿਰ 'ਤੇ ਹਮਲਾ ਕਰਨ ਵਾਲੇ ਮੁਸਲਮਾਨਾਂ ਨੂੰ ਉਮਰ ਕੇਦ ਦੀ ਸਜ਼ਾ

ਬਾਬਰੀ ਮਸਜਿਦ ਢਾਹ ਕੇ ਬਣਾਏ ਆਰਜ਼ੀ ਮੰਦਿਰ 'ਤੇ ਹਮਲਾ ਕਰਨ ਵਾਲੇ ਮੁਸਲਮਾਨਾਂ ਨੂੰ ਉਮਰ ਕੇਦ ਦੀ ਸਜ਼ਾ
ਬਾਬਰੀ ਮਸਜਿਦ ਨੂੰ ਢਾਹੁਣ ਲਈ ਉਸਦੇ ਗੁੰਬਦਾਂ 'ਤੇ ਚੜ੍ਹੀਆਂ ਹਿੰਦੁਤਵੀ ਭੀੜਾਂ

ਲਖਨਊ: ਉੱਤਰ ਪ੍ਰਦੇਸ਼ ਦੇ ਪਰਿਆਗਰਾਜ ਵਿੱਚ ਸਥਾਪਿਤ ਕੀਤੀ ਗਈ ਖਾਸ ਅਦਾਲਤ ਨੇ 2005 ਵਿੱਚ ਅਯੁੱਧਿਆ ਵਿੱਚ ਬਾਬਰੀ ਮਸਜਿਰ ਗਲਿਆਰੇ ਅੰਦਰ ਮਸਜਿਦ ਨੂੰ ਢਾਹ ਕੇ ਬਣਾਏ ਗਏ ਰਾਮ ਮੰਦਿਰ 'ਤੇ ਹਮਲੇ ਦੇ ਮਾਮਲੇ 'ਚ ਚਾਰ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਜਦਕਿ ਇੱਕ ਨੂੰ ਸਬੂਤਾਂ ਦੀ ਘਾਟ ਦੇ ਅਧਾਰ 'ਤੇ ਬਰੀ ਕੀਤਾ ਹੈ। 

ਜ਼ਿਕਰਯੋਗ ਹੈ ਕਿ 2005 ਵਿੱਚ ਹੋਏ ਇਸ ਹਮਲੇ 'ਚ ਦੋ ਆਮ ਨਾਗਰਿਕਾਂ ਦੀ ਮੌਤ ਹੋਈ ਸੀ ਜਦਕਿ 7 ਸੀਆਰਪੀਐੱਫ ਜਵਾਨ ਜ਼ਖਮੀ ਹੋਏ ਸਨ। 

ਜੱਜ ਦਿਨੇਸ਼ ਚੰਦਰਾ ਨੇ ਇਹ ਫੈਂਸਲਾ ਸੁਣਾਉਂਦਿਆਂ ਚਾਰੇ ਦੋਸ਼ੀਆਂ ਨੂੰ 2.4 ਲੱਖ ਰੁਪਏ ਜ਼ੁਰਮਾਨੇ ਦੀ ਸਜ਼ਾ ਵੀ ਸੁਣਾਈ ਹੈ। ਜਿਨ੍ਹਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਉਹਨਾਂ ਵਿੱਚ ਡਾਕਟਰ ਇਰਫਾਨ, ਸ਼ਕੀਲ ਅਹਿਮਦ, ਆਸੀਫ ਇਕਬਾਲ ਅਤੇ ਮੋਹੱਮਦ ਨਸੀਮ ਦੇ ਨਾਂ ਸ਼ਾਮਿਲ ਹਨ ਜਦਕਿ ਮੋਹੱਮਦ ਅਜ਼ੀਜ਼ ਨੂੰ ਬਰੀ ਕਰ ਦਿੱਤਾ ਗਿਆ ਹੈ। 

ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਇਸ ਫੈਂਸਲੇ ਦਾ ਸਵਾਗਤ ਕੀਤਾ ਹੈ ਤੇ ਕਿਹਾ ਕਿ ਅਦਾਲਤ ਵੱਲੋਂ ਬਰੀ ਕੀਤੇ ਗਏ ਸਖਸ਼ ਨੂੰ ਸਜ਼ਾ ਦਵਾਉਣ ਲਈ ਸੂਬਾ ਸਰਕਾਰ ਜ਼ਰੂਰੀ ਕਦਮ ਚੁੱਕੇਗੀ। 

ਦੱਸ ਦਈਏ ਕਿ 1992 ਵਿੱਚ ਹਿੰਦੁਤਵੀ ਭੀੜਾਂ ਨੇ ਮੁਸਲਮਾਨਾਂ ਦੇ ਧਾਰਮਿਕ ਸਥਾਨ ਬਾਬਰੀ ਮਸਜਿਦ ਨੂੰ ਜਬਰਦਤੀ ਢਾਹ ਦਿੱਤਾ ਸੀ ਤੇ ਉੱਥੇ ਰਾਮ ਮੰਦਿਰ ਹੋਣ ਦਾ ਦਾਅਵਾ ਕਰਕੇ ਰਾਮ ਦੀ ਮੂਰਤੀ ਸਥਾਪਿਤ ਕਰ ਦਿੱਤੀ ਸੀ। ਉਸ ਸਮੇਂ ਤੋਂ ਹੀ ਅਯੁਧਿਆ ਵਿੱਚ ਬਾਬਰੀ ਮਸਜਿਦ ਵਾਲੀ ਥਾਂ ਦਾ ਵਿਵਾਦ ਚੱਲ ਰਿਹਾ ਹੈ ਜੋ ਹੁਣ ਅਦਾਲਤ ਵਿੱਚ ਹੈ। ਬਾਬਰੀ ਮਸਜਿਦ ਨੂੰ ਢਾਹੁਣ ਵਾਲੀ ਘਟਨਾ ਵਿੱਚ ਭਾਜਪਾ ਦੀ ਮੁੱਖ ਸ਼ਮੂਲੀਅਤ ਸੀ ਤੇ ਇਸ ਅਧਾਰ 'ਤੇ ਭਾਜਪਾ ਨੇ ਬਾਰਤ ਦੇ ਹਿੰਦੂ ਬਹੁਗਿਣਤੀ ਵਾਲੇ ਹਿੰਦੀ ਖੇਤਰ ਵਿੱਚ ਆਪਣੀ ਰਾਜਸੀ ਪਕੜ ਮਜ਼ਬੂਤ ਕਰਨ ਵਿੱਚ ਕਾਮਯਾਬੀ ਹਾਸਿਲ ਕੀਤੀ। ਬਾਬਰੀ ਮਸਜ਼ਿਦ ਨੂੰ ਢਾਹੇ ਜਾਣ ਨੇ ਮੁਸਲਮਾਨਾਂ ਦੀਆਂ ਧਾਰਮਿਕ ਭਾਵਨਾਵਾਂ 'ਤੇ ਵੱਡੀ ਸੱਟ ਮਾਰੀ ਸੀ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ