ਹਿੰਦੁਤਵੀ ਨਾਅਰਿਆਂ ਦੀ ਰਾਜਸ਼ਾਹੀ ਦਾ ਗਵਾਹ ਬਣਿਆ ਭਾਰਤੀ ਸਾਂਸਦਾਂ ਦਾ ਸੋਂਹ ਚੁੱਕ ਸਮਾਗਮ
ਨਵੀਂ ਦਿੱਲੀ, (ਅੰਮ੍ਰਿਤਸਰ ਟਾਈਮਜ਼): ਭਾਰਤ ਦੀ 17ਵੀਂ ਲੋਕ ਸਭਾ ਦੀ ਚੋਣ ਮਗਰੋਂ ਅੱਜ ਪਹਿਲੇ ਦਿਨ ਭਾਰਤੀ ਸੰਸਦ ਮੈਂਬਰਾਂ ਦਾ ਸੰਸਦ ਵਿੱਚ ਇਕੱਠ ਹੋਇਆ ਤੇ ਸਾਂਸਦਾਂ ਨੇ ਭਾਰਤੀ ਸੰਵਿਧਾਨ ਮੁਤਾਬਿਕ ਆਪਣੀਆਂ ਸੇਵਾਵਾਂ ਨਿਭਾਉਣ ਦੀ ਸੋਂਹ ਚੁੱਕੀ। ਹਿੰਦੁਤਵ ਰਾਜਨੀਤੀ ਦੀ ਅਲੰਬਰਦਾਰ ਪਾਰਟੀ ਭਾਜਪਾ ਦੇ ਵੱਡੀ ਬਹੁਮਤ ਦੇ ਦਬਦਬੇ ਦਾ ਝਲਕਾਰਾ ਅੱਜ ਦੇ ਇਸ ਸੋਂਹ ਚੁੱਕ ਸਮਾਗਮ ਵਿੱਚ ਦੇਖਣ ਨੂੰ ਹੀ ਮਿਲ ਗਿਆ ਜਦੋਂ ਮੁਸਲਮਾਨ ਸਾਂਸਦਾਂ ਦੇ ਸੋਂਹ ਚੁੱਕੇ ਜਾਣ ਮੌਕੇ ਸੰਸਦ ਵਿੱਚ ਜੈ ਸ੍ਰੀ ਰਾਮ, ਵੰਦੇ ਮਾਤਰਮ ਦੇ ਨਾਅਰੇ ਮਾਰ ਕੇ ਇਹਨਾਂ ਸਾਂਸਦਾਂ ਨੂੰ ਚਿੜਾਉਣ ਦੀ ਕੋਸ਼ਿਸ਼ ਕੀਤੀ ਗਈ।
ਏਆਈਐੱਮਆਈਐੱਮ ਪਾਰਟੀ ਦੇ ਸਾਂਸਦ ਅਸਾਦੁਦੀਨ ਓਵੈਸੀ ਜਦੋਂ ਸੋਂਹ ਚੁੱਕਣ ਲਈ ਅੱਗੇ ਗਏ ਤਾਂ ਭਾਜਪਾ ਦੇ ਸਾਂਸਦਾਂ ਨੇ "ਜੈ ਸ੍ਰੀ ਰਾਮ", "ਭਾਰਤ ਮਾਤਾ ਦੀ ਜੈ" ਅਤੇ "ਵੰਦੇ ਮਾਤਰਮ" ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ ਜਿਸ ਦੇ ਜਵਾਬ ਵਿੱਚ ਓਵੈਸੀ ਨੇ "ਜੈ ਭੀਮ, ਜੈ ਮੀਮ, ਤਕਬੀਰ ਅੱਲਾਹ ਹੂ ਅਕਬਰ, ਜੈ ਹਿੰਦ" ਦਾ ਨਾਅਰਾ ਲਾਇਆ।
ਇਸ ਨਾਅਰੇਬਾਜ਼ੀ ਦਾ ਮੁੱਢ ਉਦੋਂ ਬੱਝਿਆ ਜਦੋਂ ਭਾਜਪਾ ਦੀ ਵਿਰੋਧੀ ਮਮਤਾ ਬੈਨਰਜੀ ਦੀ ਅਗਵਾਈ ਵਾਲੀ ਤ੍ਰਿਣਮੁੱਲ ਕਾਂਗਰਸ ਪਾਰਟੀ ਦੇ ਸਾਂਸਦ ਸੋਂਹ ਚੁੱਕਣ ਲੱਗੇ ਤੇ ਸੱਤਾਧਾਰੀ ਧਿਰ ਦੇ ਕਬਜ਼ੇ ਹੇਠਲੇ ਮੋਹਰਲੀ ਕਤਾਰ ਦੇ ਮੇਜਾਂ ਤੋਂ ਸਾਂਸਦਾਂ ਨੇ "ਜੈ ਸ਼੍ਰੀ ਰਾਮ" ਦੇ ਨਾਅਰੇ ਲਾਉਣੇ ਸ਼ੁਰੂ ਕੀਤੇ। ਇਸ ਦੇ ਜਵਾਬ ਵਿੱਚ ਤ੍ਰਿਣਮੁੱਲ ਕਾਂਗਰਸ ਪਾਰਟੀ ਦੇ ਆਗੂ ਨੇ "ਜੈ ਹਿੰਦ", "ਜੈ ਬੰਗਾਲ", "ਜੈ ਮਾਂ ਦੁਰਗਾ" ਅਤੇ "ਜੈ ਮਮਤਾ" ਦੇ ਨਾਅਰੇ ਲਾ ਦਿੱਤੇ।
ਭਾਜਪਾ ਦੇ ਸਾਂਸਦ ਦੇਵੇਂਦਰ ਸਿੰਘ ਭੋਲੇ ਨੇ ਆਪਣੀ ਸੋਂਹ "ਓਮ ਨਮਹ ਸ਼ਿਵਾਏ" ਕਹਿ ਕੇ ਪੜ੍ਹਨੀ ਸ਼ੁਰੂ ਕੀਤੀ। ਭਾਜਪਾ ਦੇ ਸਾਂਸਦ ਰਵੀ ਕਿਸ਼ਨ ਨੇ "ਹਰ ਹਰ ਮਹਾਦੇਵ" ਦਾ ਨਾਅਰਾ ਲਾ ਕੇ ਆਪਣੀ ਸੋਂਹ ਪੂਰੀ ਕੀਤੀ। ਭਾਜਪਾ ਸਾਂਸਦ ਹੇਮਾ ਮਾਲਿਨੀ ਨੇ "ਰਾਧੇ ਰਾਧੇ" ਕਹਿ ਕੇ ਆਪਣੀ ਸੋਂਹ ਪੂਰੀ ਕੀਤੀ। ਇਸੇ ਤਰ੍ਹਾਂ ਕਈ ਭਾਜਪਾ ਸਾਂਸਦਾਂ ਨੇ ਆਪਣੀ ਸੋਂਹ ਦੌਰਾਨ "ਭਾਰਤ ਮਾਤਾ ਦੀ ਜੈ" ਅਤੇ "ਜੈ ਸ਼੍ਰੀ ਰਾਮ" ਦੇ ਨਾਅਰੇ ਲਾਏ ਤਾਂ ਉੱਥੇ ਸਮਾਜਵਾਦੀ ਪਾਰਟੀ ਨਾਲ ਸਬੰਧਿਤ ਸਾਂਸਦ ਸ਼ਫੀਕੁਰ ਰਹਿਮਾਨ ਬਰਕ ਨੇ "ਵੰਦੇ ਮਾਤਰਮ" ਦੇ ਨਾਅਰੇ 'ਤੇ ਸਵਾਲ ਚੁੱਕਦਿਆਂ ਕਿਹਾ ਕਿ ਇਹ ਇਸਲਾਮ ਵਿਰੋਧੀ ਹੈ ਜਿਸ ਦੇ ਖਿਲਾਫ ਭਾਜਪਾ ਦੇ ਸਾਂਸਦਾਂ ਨੇ ਨਾਅਰੇਬਾਜ਼ੀ ਕੀਤੀ ਤੇ ਮੁਆਫੀ ਦੀ ਮੰਗ ਕੀਤੀ।
ਸਮਾਜਵਾਦੀ ਪਾਰਟੀ ਦੇ ਸਾਂਸਦ ਸ਼ਿਆਮ ਸਿੰਘ ਯਾਦਵ ਨੇ ਆਪਣੀ ਸੋਂਹ "ਜੈ ਭੀਮ, ਜੈ ਭਾਰਤ ਅਤੇ ਜੈ ਸਮਾਜਵਾਦ" ਦਾ ਨਾਅਰਾ ਮਾਰ ਕੇ ਪੂਰੀ ਕੀਤੀ।
ਜਦੋਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਸੋਂਹ ਚੁੱਕਣ ਲਈ ਆਏ ਤਾਂ ਭਾਜਪਾ ਦੇ ਸਾਂਸਦ ਅਰੁਨ ਕੁਮਾਰ ਸਾਗਰ ਵੱਲੋਂ "ਭਾਰਤ ਮਾਤਾ ਦੀ ਜੈ" ਦਾ ਨਾਅਰੇ ਲਾਏ ਜਾਣ 'ਤੇ ਉਨ੍ਹਾਂ ਨੂੰ ਟੌਂਟ ਮਾਰਦਿਆਂ ਕਿਹਾ ਕਿ ਇਕ ਵਾਰ ਫੇਰ ਇਹ ਨਾਅਰਾ ਮਾਰੋ। ਇਸ ਤੋਂ ਬਾਅਦ ਭਾਜਪਾ ਦੇ ਇੱਕ ਹੋਰ ਸਾਂਸਦ ਅਜੇ ਕੁਮਾਰ ਨੇ ਇਹ ਨਾਅਰਾ ਮਾਰਿਆ ਤੇ ਰਾਹੁਲ ਗਾਂਧੀ ਨੇ ਉਹਨਾਂ ਨੂੰ ਵੀ ਇੱਕ ਵਾਰ ਫੇਰ ਨਾਅਰਾ ਦੁਹਰਾਉਣ ਲਈ ਕਿਹਾ। ਇਸ 'ਤੇ ਅਜੇ ਕੁਮਾਰ ਨੇ ਕਿਹਾ ਕਿ ਉਹ ਨਾਅਰਾ ਤਾਂ ਦੁਹਰਾਉਣਗੇ ਜੇ ਗਾਂਧੀ ਉਹਨਾਂ ਦੇ ਨਾਲ ਜੈ ਬੋਲਣਗੇ ਤਾਂ ਰਾਹੁਲ ਗਾਂਧੀ ਨੇ "ਜੈ ਹਿੰਦ" ਦਾ ਨਾਅਰਾ ਲਾਇਆ ਜਿਸ ਨੂੰ ਕਾਂਗਰਸੀ ਸਾਂਸਦਾਂ ਨੇ ਦੁਹਰਾਇਆ।
ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ
Comments (0)