ਭਾਰਤ ਨੇ ਟੀ-20 ਵਿਚ 75 ਦੌੜਾਂ ਨਾਲ ਜਿੱਤ ਦਰਜ ਕੀਤੀ
ਕੋਹਲੀ ਸਿੱਖ ਰਿਹੈ ਧੋਨੀ ਤੋਂ ਕਪਤਾਨੀ ਦੇ ਗੁਰ
ਬੰਗਲੁਰੂ/ਬਿਊਰੋ ਨਿਊਜ਼ :
ਭਾਰਤ ਨੇ ਤੀਜੇ ਅਤੇ ਆਖਰੀ ਟੀ-20 ਵਿਚ 75 ਦੌੜਾਂ ਨਾਲ ਜਿੱਤ ਦਰਜ ਕਰਨ ਮਗਰੋਂ ਟੀ-20 ਸੀਰੀਜ਼ ਆਪਣੇ ਨਾਂ ਕੀਤੀ।
ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਕਿਹਾ ਕਿ ਉਸ ਨੂੰ ਸੀਮਤ ਓਵਰਾਂ ਦੀ ਵੰਨਗੀ ਵਿਚ ਫੈਸਲੇ ਲੈਣ ‘ਚ ਮਹਿੰਦਰ ਸਿੰਘ ਧੋਨੀ ਦੇ ਵੱਡੇ ਤਜਰਬੇ ਦਾ ਫਾਇਦਾ ਮਿਲ ਰਿਹਾ ਹੈ। ਕੋਹਲੀ ਅਜੇ ਸੀਮਤ ਓਵਰਾਂ ਦੇ ਕ੍ਰਿਕਟ ਵਿਚ ਕਪਤਾਨੀ ਦੇ ਮਾਇਨੇ ਵਿਚ ਕਾਫੀ ਨਵਾਂ ਹੈ। ਕੋਹਲੀ ਨੇ ਕਿਹਾ, ‘ਹਾਲਾਂਕਿ ਮੈਂ ਟੈਸਟ ਮੈਚਾਂ ਵਿਚ ਕਪਤਾਨੀ ਕਰ ਰਿਹਾ ਸੀ, ਪਰ ਇੱਕ ਰੋਜ਼ਾ ਤੇ ਟੀ-20 ਮੈਚ ਕਾਫੀ ਤੇਜ਼ ਹੁੰਦੇ ਹਨ। ਇਸ ਲਈ ਅਜਿਹੇ ਵਿਅਕਤੀ (ਧੋਨੀ) ਤੋਂ ਅਹਿਮ ਮੌਕਿਆਂ ‘ਤੇ ਸਲਾਹ ਲੈਣਾ, ਜਿਸ ਨੇ ਇਸ ਪੱਧਰ ਦੇ ਕ੍ਰਿਕਟ ਵਿਚ ਟੀਮ ਦੀ ਕਾਫੀ ਲੰਮਾ ਸਮਾਂ ਕਪਤਾਨੀ ਕੀਤੀ ਹੋਵੇ ਅਤੇ ਉਹ ਖੇਡ ਨੂੰ ਵੀ ਚੰਗੀ ਤਰ੍ਹਾਂ ਸਮਝਦਾ ਹੋਵੇ ਕੋਈ ਮਾੜਾ ਵਿਚਾਰ ਨਹੀਂ ਹੈ।’ ਇਸ ਨੌਜਵਾਨ ਕਪਤਾਨ ਨੇ ਖੁਲਾਸਾ ਕੀਤਾ ਕਿ ਯੁਜਵਿੰਦਰ ਚਾਹਲ ਦੀ ਗੇਂਦਬਾਜ਼ੀ ਦਾ ਕੋਟਾ ਮੁੱਕਣ ਮਗਰੋਂ ਉਹ ਹਾਰਦਿਕ ਪਾਂਡਿਆ ਤੋਂ ਗੇਂਦਬਾਜ਼ੀ ਕਰਾਉਣਾ ਚਾਹੁੰਦਾ ਸੀ, ਪਰ ਧੋਨੀ ਤੇ ਆਸ਼ੀਸ਼ ਨਹਿਰਾ ਨੇ ਗੇਂਦ ਜਸਪ੍ਰੀਤ ਬਮਰਾਹ ਨੂੰ ਦੇਣ ਦੀ ਸਲਾਹ ਦਿੱਤੀ ਜਿਸ ਨੇ ਤਿੰਨ ਗੇਂਦਾਂ ਵਿਚ ਦੋ ਵਿਕਟਾਂ ਲੈ ਕੇ ਮੈਚ ਖ਼ਤਮ ਕੀਤਾ। ਉਸ ਨੇ ਕਿਹਾ ਕਿ ਜਦੋਂ ਤੁਸੀਂ ਸੀਮਤ ਓਵਰਾਂ ਦੀ ਵੰਨਗੀ ਵਿਚ ਨਵੇਂ ਕਪਤਾਨ ਹੋਵੋ ਤਾਂ ਅਜਿਹੀਆਂ ਚੀਜ਼ਾਂ ਬਹੁਤ ਮਦਦ ਕਰਦੀਆਂ ਹਨ।
ਕੋਹਲੀ ਨੇ ਕਿਹਾ ਕਿ ਉਹ ਕਪਤਾਨੀ ਲਈ ਨਵਾਂ ਨਹੀਂ ਹੈ, ਪਰ ਸੀਮਤ ਓਵਰ ਦੀਆਂ ਵੰਨਗੀਆਂ ਵਿਚ ਅਗਵਾਈ ਲਈ ਜਿਸ ਤਰ੍ਹਾਂ ਦੇ ਕੌਸ਼ਲ ਦੀ ਜ਼ਰੂਰਤ ਹੁੰਦੀ ਹੈ, ਉਸ ਨੂੰ ਸਮਝਣ ਲਈ ਸੰਤੁਲਣ ਹੋਣਾ ਚਾਹੀਦਾ ਹੈ। ਮਹਿੰਦਰ ਸਿੰਘ ਧੋਨੀ ਇਸ ਵਿਚ ਕਾਫੀ ਮਦਦਗਾਰ ਰਿਹਾ ਹੈ। ਉਸ ਨੇ ਕਿਹਾ ਕਿ ਭਾਰਤੀ ਟੀਮ ਨੇ ਕਾਫੀ ਤੇਜ਼ੀ ਨਾਲ ਤਰੱਕੀ ਕੀਤੀ ਹੈ, ਜਿਸ ਵਿਚ ਕਾਫੀ ਨੌਜਵਾਨ ਖ਼ਿਡਾਰੀ ਮੌਜੂਦ ਹਨ। ਉਸ ਨੇ ਕਿਹਾ ਕਿ ਟੈਸਟ ਟੀਮ ਵੀ ਉਨੀ ਹੀ ਚੰਗੀ ਹੈ। ਇੱਕ ਰੋਜ਼ਾ ਵਿਚ ਵੀ ਤਿੰਨ-ਚਾਰ ਤਜਰਬੇਕਾਰ ਖ਼ਿਡਾਰੀ ਹਨ, ਪਰ ਬਾਕੀ ਸਾਰੇ ਖਿਡਾਰੀ ਜਿਨ੍ਹਾਂ ਚੰਗਾ ਪ੍ਰਦਰਸ਼ਨ ਕੀਤਾ ਹੈ, ਨੌਜਵਾਨ ਹਨ ਅਤੇ ਇਹ ਭਾਰਤੀ ਕ੍ਰਿਕਟ ਲਈ ਉਤਸ਼ਾਹ ਵਧਾਉਣ ਵਾਲੀ ਗੱਲ ਹੈ।
ਚਾਹਲ ਨੇ ਕਿਹਾ-ਸਟੰਪ ਤੋਂ ਬਾਹਰ ਗੇਂਦਬਾਜ਼ੀ ਦਾ ਮਿਲਿਆ ਲਾਭ :
ਇੰਗਲੈਂਡ ਖ਼ਿਲਾਫ਼ ਤੀਜੇ ਤੇ ਆਖਰੀ ਟੀ-20 ਮੈਚ ਦੀ ਜਿੱਤ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਭਾਰਤੀ ਸਪਿੰਨਰ ਯੁਜਵਿੰਦਰ ਚਾਹਲ ਨੇ ਕਿਹਾ ਕਿ ਉਸ ਨੇ ਲਗਾਤਾਰ ਸਟੰਪ ਲਾਈਨ ਤੋਂ ਬਾਹਰ ਗੇਂਦਬਾਜ਼ੀ ਕਰਨ ਦਾ ਫਾਇਦਾ ਮਿਲਿਆ। ਚਾਹਲ ਨੇ ਟੀ-20 ਕ੍ਰਿਕਟ ਵਿਚ ਆਪਣਾ ਸਰਵੋਤਮ ਪ੍ਰਦਰਸ਼ਨ ਕਰਦਿਆਂ 25 ਦੌੜਾਂ ਦੇ ਕੇ ਛੇ ਵਿਕਟਾਂ ਹਾਸਲ ਕੀਤੀਆਂ, ਜੋ ਕਿਸੇ ਭਾਰਤੀ ਦਾ ਸਰਵੋਤਮ ਪ੍ਰਦਰਸ਼ਨ ਹੈ। ਉਸ ਨੂੰ ਮੈਨ ਆਫ ਦਿ ਮੈਚ ਵੀ ਚੁਣਿਆ ਗਿਆ। ਉਸ ਨੇ ਕਿਹਾ ਕਿ ਜਦੋਂ ਜੋਅ ਰੂਟ ਤੇ ਮੋਰਗਨ ਬੱਲੇਬਾਜ਼ੀ ਕਰ ਰਹੇ ਸਨ ਤਾਂ ਉਸ ਨੇ ਧੋਨੀ ਤੇ ਕੋਹਲੀ ਨਾਲ ਸਲਾਹ ਕਰਨ ਮਗਰੋਂ ਆਫ ਸਾਈਡ ‘ਤੇ ਗੇਂਦਬਾਜ਼ੀ ਕਰਨ ਦੀ ਯੋਜਨਾ ਬਣਾਈ, ਜਿਸ ਦਾ ਉਸ ਨੂੰ ਕਾਫੀ ਫਾਇਦਾ ਮਿਲਿਆ।
ਮੋਰਗਨ ਬੋਲੇ-ਸਾਡੀ ਬੱਲੇਬਾਜ਼ੀ ਖ਼ਰਾਬ ਸੀ :
ਇੰਗਲੈਂਡ ਦੇ ਕਪਤਾਨ ਇਓਨ ਮੋਰਗਨ ਨੇ ਬੱਲੇਬਾਜ਼ੀ ਢਹਿਣ ਕਾਰਨ ਭਾਰਤ ਖ਼ਿਲਾਫ਼ ਤੀਜਾ ਤੇ ਆਖਰੀ ਟੀ-20 ਮੈਚ ਹਾਰ ਕੇ ਸੀਰੀਜ਼ ਗਵਾਉਣ ਮਗਰੋਂ ਆਪਣੀ ਟੀਮ ਦੇ ਬੱਲੇਬਾਜ਼ੀ ਪ੍ਰਦਰਸ਼ਨ ਨੂੰ ਪਿਛਲੇ ਦੋ ਸਾਲਾਂ ਦਾ ਸਭ ਤੋਂ ਖਰਾਬ ਪ੍ਰਦਰਸ਼ਨ ਕਰਾਰ ਦਿੱਤਾ। ਮੋਰਗਨ ਨੇ ਕਿਹਾ ਕਿ ਇਹ ਕਾਫੀ ਨਿਰਾਸ਼ਾਜਨਕ ਸੀ। ਉਹ ਮੈਚ ਵਿਚ 60 ਫੀਸਦੀ ਤੱਕ ਮੁਕਾਬਲੇ ਵਿਚ ਸੀ, ਪਰ ਅੰਤ ਵਿਚ ਕਾਫੀ ਬੁਰੀ ਤਰ੍ਹਾਂ ਹਾਰ ਗਏ। ਉਨ੍ਹਾਂ ਇੱਕ ਓਵਰ ਵਿਚ ਫਾਰਮ ਵਿਚ ਚੱਲ ਰਹੇ ਦੋ ਖਿਡਾਰੀਆਂ ਦੀਆਂ ਵਿਕਟਾਂ ਗੁਆ ਦਿੱਤੀਆਂ, ਜਿਸ ਨਾਲ ਭਾਰਤ ਨੂੰ ਥੋੜਾ ਦਬਾਅ ਬਣਾਉਣ ਦਾ ਮੌਕਾ ਮਿਲ ਗਿਆ ਤੇ ਉਨ੍ਹਾਂ ਆਪਣੀਆਂ ਵਿਕਟਾਂ ਲਗਾਤਾਰ ਗੁਆ ਦਿੱਤੀਆਂ।
Comments (0)