ਪੰਜਾਬੀਆਂ ਦਾ ਪੜ੍ਹਾਈ ਤੋਂ ਪੀ. ਆਰ ਤੱਕ ਦਾ ਸਫਰ 

ਪੰਜਾਬੀਆਂ ਦਾ ਪੜ੍ਹਾਈ ਤੋਂ ਪੀ. ਆਰ ਤੱਕ ਦਾ ਸਫਰ 

ਸੁਰਜੀਤ ਸਿੰਘ  ਵਿਰਕ

ਪਰਦੇਸਾਂ ਵਿੱਚ ਜਾਣਾ ਅੱਜ ਤੋਂ ਨਹੀਂ ਬਹੁਤ ਦੇਰ ਤੋਂ ਪੰਜਾਬੀਆਂ ਦੇ ਹਿੱਸੇ ਆਇਆ ਕੁਝ ਉੱਜੜ ਗਏ ਕੁਝ ਉਜਾੜ ਦਿੱਤੇ ਗਏ ਤੇ ਕੁਝ ਖ਼ੁਦ ਹੀ ਜ਼ਿੰਦਗੀ ਨੂੰ ਖ਼ੂਬਸੂਰਤ ਬਣਾਉਣ ਲਈ ਬਾਹਰਲੇ ਦੇਸ਼ਾਂ ਚ ਜਾਣ ਲੱਗੇ । ਪਹਿਲਾਂ ਮੁੰਡੇ ਜਾਂ ਮਰਦ ਆਉਂਦੇ ਸੀ । ਮਿਹਨਤ ਕਰਨੀ ਚਾਰ ਪੈਸੇ ਕਮਾਉਣੇ ਤੇ ਫੇਰ ਆਪ ਦਾ ਟੱਬਰ ਸੱਦ ਲੈਣਾ । ਬਹੁਤਿਆਂ ਨੂੰ ਕਈ ਵਾਰ ਦਹਾਕੇ ਹੀ ਲੱਗ ਗਏ ਤੇ ਹੁਣ ਵੀ ਬਹੁਤੇ ਪੰਜਾਬੀ ਮਿਡਲ ਈਸਟ ਚ ਜੋ ਕੰਮ ਕਰ ਰਹੇ ਨੇ ਉਨਾਂ ਦੇ ਪਰਿਵਾਰ ਪਿੱਛੇ ਪੰਜਾਬ ਚ ਨੇ । ਪਤਾ ਨਹੀਂ ਕੀ ਕੀ ਸੰਤਾਪ ਪੰਜਾਬੀਆਂ ਨੇ ਆਪਣੇ ਪਿੰਡੇ ਤੇ ਹੰਢਾਇਆ । ਕੁਝ ਸਮਾ ਬਦਲਿਆ ਕੁਝ ਪੱਛਮੀ ਦੇਸ਼ਾਂ ਦੀ ਪਾਲਿਸੀ ਬਦਲ਼ੀ ਤੇ ਇੰਮੀਗਰੇਸ਼ਨ ਕਨੂੰਨਾਂ ਵਿੱਚ ਤਬਦੀਲੀ ਆਈ ਤੇ ਕੁਝ ਸਾਡੀ ਸੋਚ ਬਦਲੀ ।    ਹੁਣ ਪੰਜਾਬ ਚੋ ਜਿੱਥੇ ਮੁੰਡੇ ਪੜ੍ਹਨ ਲਈ ਆ ਰਹੇ ਨੇ ਉੱਥੇ ਮੁੰਡਿਆਂ ਨਾਲ਼ੋਂ ਜ਼ਿਆਦਾ ਕੁੜੀਆਂ ਪੜ੍ਹਨ ਲਈ ਆ ਰਹੀਆਂ । ਇਹਦੇ ਬਹੁਤ ਕਾਰਨ ਨੇ ਜੋ ਇੱਥੇ ਲਿਖਣੇ ਵਾਜਿਬ ਨਹੀਂ । ਹਰ ਕੋਈ ਆਪ ਦੇ ਪਰਿਵਾਰ ਦੀ ਭਲਾਈ ਲੋੜਦਾ ਹੈ । ਹਰ ਕੋਈ ਆਪਣੀ ਉਲ਼ਾਦ ਲਈ ਕੁਰਬਾਨੀ ਕਰਦਾ ।

  ਮੇਰਾ ਇਹ ਲਿਖਣ ਦਾ ਕਾਰਨ ਹੋਰ ਹੈ । ਉਹ ਹੈ ਜਦੋਂ ਤੁਸੀਂ ਕਿਸੇ ਦੂਜੇ ਦੇਸ਼ ਵਿੱਚ ਜਾਂਦੇ ਹੋ ਤਾਂ ਉੱਥੋਂ ਦੇ ਰਹਿਣ ਸਹਿਣ ਜੀਉਣ ਦਾ ਢੰਗ ਤੇ ਲੋਕਾਂ ਨਾਲ ਸਾਂਝ ਬਣਾਉਣੀ ਆਲੇ ਦੁਆਲੇ ਦੀ ਜਾਣਕਾਰੀ ਕੱਠੀ ਕਰਦਿਆਂ ਸਾਲ ਕੁ ਦਾ ਸਮਾ ਲੱਗ ਜਾਂਦਾ । ਭਾਂਵੇ ਹੁਣ ਹਰ ਇਕ ਦੇ ਹੱਥ ਚ ਫ਼ੋਨ ਹੈ ਤੇ ਹਰ ਜਾਣਕਾਰੀ ਮਉਜੂਦ ਹੈ । ਦੂਜਾ ਪੜ੍ਹਾਈ ਕਰਨ ਦੇ ਖ਼ਰਚੇ ਦੇ ਨਾਲ ਨਾਲ ਰਹਿਣ ਦਾ ਖ਼ਰਚਾ ਰੋਟੀ ਪਾਣੀ ਤੇ ਆਉਣ ਜਾਣ ਲਈ ਬੱਸ ਗੱਡੀ ਦਾ ਖ਼ਰਚਾ ਵੀ ਚਾਹੀਦਾ ।   ਦੂਜੇ ਦੇਸ਼ਾਂ ਚੋਂ ਵੀ ਬਹੁਤ ਸਟੂਡੈਂਟ ਪੜ੍ਹਨ ਆਉਂਦੇ ਨੇ ਪਰ ਉਹ ਸਾਡੇ ਵਾਂਗ ਇੰਨਾਂ ਮਿਹਨਤ ਨਹੀਂ ਕਰਦੇ ਕਿਉਂਕਿ ਉਹ ਬਹੁਤੇ ਅਮੀਰ ਘਰਾਂ ਦੇ ਨਿਆਣੇ ਨੇ । ਖਾਸਕਰ ਚੀਨਿਆਂ ਦੇ । ਉਨਾਂ ਦੇ ਮਾਂ ਬਾਪ ਨੇ ਕਈ ਵਾਰ 20-20 ਲੱਖ ਡਾਲਰ ਦੇ ਘਰ ਲੈ ਕੇ ਦਿੱਤੇ ਹੁੰਦੇ ਨੇ । ਪਿੱਛਲੇ ਮਹੀਨੇ ਚੀਨੇ ਸਟੂਡੈਂਟ ਨੇ ਘਰ ਵੇਚਿਆ ਜੋ 3 ਕਰੋੜ ਡਾਲਰ ਤੋਂ ਉੱਪਰ ਸੀ ਜੋ ਉਹਨੇ ਡੇੜ ਕਰੋੜ ਡਾਲਰ ਦਾ ਲਿਆ ਸੀ । ਸਾਡੀ ਰੀਸ ਇੰਨਾਂ ਨਾਲ ਨਹੀਂ ਹੋ ਸਕਦੀ ।   ਦੂਜੇ ਦੇਸ਼ਾਂ ਦਾ ਪਤਾ ਨਹੀਂ ਪਰ ਕੈਨੇਡਾ ਚ ਜੋ ਬੇਸਮਿੰਟ 5-700 ਡਾਲਰ ਦੀ ਮਿਲਦੀ ਸੀ ਉਹ ਅੱਜ-ਕੱਲ੍ਹ 1500 ਤੋਂ 2000$ ਤੱਕ ਮਿਲਦੀ ਹੈ । ਪਹਿਲਾਂ ਸਟੂਡੈਂਟ ਰੋਟੀ ਪਾਣੀ ਗੁਰਦੁਆਰੇ ਖਾ ਲੈੰਦੇ ਸੀ ਹੁਣ ਬਹੁਤੇ ਗੁਰਦੁਆਰਿਆਂ ਚ ਲੰਗਰ ਵੀ ਬੰਦ ਵਰਗੇ ਨੇ  ਮੈਨੂੰ ਬੱਸ ਚ ਬਹੁਤ ਕੁੜੀਆਂ ਮਿਲਦੀਆਂ ਜੋ ਕਿਰਾਇਆ ਪਾਉਣ ਵੇਲੇ ਤਰਲੇ ਕਰਦੀਆਂ ਨੇ । ਤਿੰਨ ਡਾਲਰ ਕਿਰਾਇਆ ਤੇ ਉਹ ਕਦੀ 50 ਪੈਸੇ ਕਦੀ ਡਾਲਰ ਪਾ ਕੇ ਲੰਘ ਜਾਂਦੀਆਂ । ਮੂੰਹ ਤੇ ਮਾਸਕ ਲਾਏ ਹੋਣ ਕਰਕੇ ਸ਼ਰਮ ਘਟ ਜਾਂਦੀ ਹੈ ਨਹੀਂ ਦੂਜਿਆਂ ਦੇ ਸਾਹਮਣੇ ਬੜੀ ਸ਼ਰਮਿੰਦਗੀ ਦੀ ਗੱਲ ਹੈ ਜਦੋਂ ਡਰਾਈਵਰ ਪੂਰੇ ਪੈਸੇ ਪਾਉਣ ਲਈ ਕਹੇ ਜਾਂ ਹੋ ਸਕਦਾ ਕੋਈ ਉਹੋ ਜਿਹਾ ਥੱਲੇ ਉਤਰਨ ਲਈ ਕਹਿ ਦੇਵੇ,  ਦੂਜਾ ਕੁੜੀਆਂ ਉਹ ਬੱਸ ਪਾਸ ਲਈ ਫਿਰਦੀਆਂ ਜੋ 18 ਸਾਲ ਦੀ ਉਮਰ ਤੋਂ ਘੱਟ ਨਿਆਣਿਆਂ ਵਾਸਤੇ ਹੈ । ਬੱਸ ਚ ਬਹੁਤੀ ਵਾਰੀ ਡਰਾਈਵਰ ਨਹੀਂ ਕੁਝ ਕਹਿੰਦੇ ਪਰ ਸਕਾਈ ਟਰੇਨ ਚ ਕਈ ਵਾਰ ਪੁਲੀਸ  ਦੇ ਅੜਿੱਕੇ ਚੜ੍ਹ ਜਾਂਦੀਆਂ ਤੇ ਇਕ ਤਾਂ ਟਿਕਟ ਵੀ 150$ ਤੋਂ ਉੱਪਰ ਹੈ ਤੇ ਦੂਜਾ ਤੁਹਾਡਾ ਪੁਲੀਸ ਰਿਕਾਰਡ ਖਰਾਬ ਹੋ ਜਾਂਦਾ ।  ਕੁੜੀਆਂ ਸਵੇਰੇ ਤੜਕੇ ਚਾਰ ਵਜੇ ਕੰਮ ਤੇ ਜਾਂਦੀਆਂ ਦੇਖਦਾਂ ਤੇ ਕਦੀ ਸਵੇਰੇ ਚਾਰ ਵਜੇ ਕੰਮ ਤੋਂ ਆ ਰਹੀਆਂ ਹੁੰਦੀਆਂ ਰਾਤ ਦਾ ਕੰਮ ਕਰਕੇ  ਪੜ੍ਹਨ ਲਈ ਸਮਾਂ ਤੇ ਰੋਟੀ ਪਾਣੀ ਕਰਨਾ ਤੇ ਪੈਸੇ ਦਾ ਬੋਝ ਬਹੁਤ ਔਖਾ ਮੇਰੇ ਕੋਲ ਕਈ ਵਾਰ ਕੁੜੀਆਂ ਰੋ ਪੈਂਦੀਆਂ । ਇਕ ਕੁੜੀ ਤਾਂ ਇੱਥੋਂ ਤੱਕ ਕਹਿ ਗਈ ਕਿ ਮੈਨੂੰ ਪੈਸੇ ਪਿੱਛੇ ਨੂੰ ਵੀ ਭੇਜਣੇ ਪੈਂਦੇ ਨੇ । ਹਰ ਕਿਸੇ ਦੀ ਮਜਬੂਰੀ ਹੈ । ਮੇਰੀ ਬੇਨਤੀ ਹੈ ਮਾਪਿਆਂ ਤਾਈਂ ਕਿ ਜੇ ਕੁੜੀ ਪੜ੍ਹਨ ਲਈ ਭੇਜਣੀ ਹੈ ਫੇਰ ਬਹੁਤਾ ਨਹੀਂ ਤਾਂ ਇਕ ਸਾਲ ਦਾ ਖ਼ਰਚਾ ਦੇ ਕੇ ਤੋਰੋ । ਜੋ ਤਕਰੀਬਨ ਲੱਖ ਰੁਪਿਆ ਮਹੀਨੇ ਦਾ ਕਾਫ਼ੀ ਹੈ । ਭਾਵੇ ਮਹੀਨੇ ਦੀ ਮਹੀਨੇ ਭੇਜੋ ਚਾਹੇ ਇੱਕੋ ਵਾਰ ਦੇ ਕੇ ਤੋਰੋ । ਕੁੜੀ ਖ਼ਰਚੇ ਨ ਖ਼ਰਚੇ ਵੱਖਰੀ ਗੱਲ ਹੈ ਪਰ ਉਹਨੂੰ ਬੱਸਾਂ ਗੱਡੀਆਂ ਚ ਤਿੰਨ ਡਾਲਰ ਦੇ ਕਿਰਾਏ ਪਿੱਛੇ ਸ਼ਰਮਿੰਦਾ ਨਹੀਂ ਹੋਣਾ ਪਊ ।