ਕੀ ਦਿੱਲੀ ਦੀ ਬਹੁਗਿਣਤੀ ਨੇ ਭਾਰਤ 'ਤੇ ਹਿੰਦੁਤਵੀ ਸੱਤਾ ਨੂੰ ਰੱਦ ਕੀਤਾ?

ਕੀ ਦਿੱਲੀ ਦੀ ਬਹੁਗਿਣਤੀ ਨੇ ਭਾਰਤ 'ਤੇ ਹਿੰਦੁਤਵੀ ਸੱਤਾ ਨੂੰ ਰੱਦ ਕੀਤਾ?

ਨਵੀਂ ਦਿੱਲੀ: ਦਿੱਲੀ ਦੀਆਂ ਵੋਟਾਂ ਵਿਚ ਅਰਵਿੰਦਰ ਕੇਜਰੀਵਾਲ ਦੀ ਨਰਿੰਦਰ ਮੋਦੀ ਉੱਤੇ ਜਿੱਤ ਦੇ ਕਈ ਮਤਲਬ ਕੱਢੇ ਜਾ ਰਹੇ ਹਨ। ਸਭ ਤੋਂ ਵੱਡੇ ਪੱਧਰ 'ਤੇ ਇਹ ਗੱਲ ਪ੍ਰਚਾਰੀ ਜਾ ਰਹੀ ਹੈ ਕਿ ਦਿੱਲੀ ਦੇ ਲੋਕਾਂ ਨੇ ਮੋਦੀ ਦੀ ਹਿੰਦੁਤਵੀ ਅਤੇ ਹਿੰਸਕ ਰਾਜਨੀਤੀ ਨੂੰ ਹਰਾ ਕੇ ਕੇਜਰੀਵਾਲ ਦੀ ਵਿਕਾਸ ਦੀ ਰਾਜਨੀਤੀ ਨੂੰ ਚੁਣਿਆ ਹੈ। ਪਰ ਵੋਟ ਪ੍ਰਤੀਸ਼ਤ ਦੇ ਤੌਰ 'ਤੇ ਭਾਜਪਾ ਦਾ ਪਿਛਲੀ ਵਾਰ ਨਾਲੋਂ ਪੱਧਰ ਉੱਤੇ ਗਿਆ ਹੈ। 

ਪਰ ਵੱਖ-ਵੱਖ ਖਬਰੀ ਅਦਾਰਿਆਂ ਨਾਲ ਗੱਲਬਾਤ ਵਿਚ ਦਿੱਲੀ ਦਾ ਇਹ ਮੂਡ ਸਾਹਮਣੇ ਆਇਆ ਹੈ ਕਿ ਦਿੱਲੀ ਕੇਂਦਰ ਵਿਚ ਮੋਦੀ ਅਤੇ ਦਿੱਲੀ ਵਿਚ ਕੇਜਰੀਵਾਲ ਨੂੰ ਰੱਖਣਾ ਚਾਹੁੰਦੀ ਹੈ। ਇਸ ਬਾਰੇ ਕਈ ਟਿੱਪਣੀ ਕਾਰਾਂ ਦਾ ਕਹਿਣਾ ਹੈ ਕਿ ਦਿੱਲੀ ਦੀ ਬਹੁਗਿਣਤੀ (ਜਿਹੜੀ ਹਿੰਦੂ ਪ੍ਰਭਾਵ ਵਾਲੀ ਹੈ) ਕੇਂਦਰ ਵਿਚ ਸਖਤ ਹਿੰਦੁਤਵੀ ਮੋਦੀ ਅਤੇ ਦਿੱਲੀ ਵਿਚ ਨਰਮ ਹਿੰਦੁਤਵੀ ਕੇਜਰੀਵਾਲ ਨਾਲ ਖੁਸ਼ ਹੈ। 

50 ਸਾਲਾ ਵਪਾਰੀ ਰਾਜੇਸ਼ ਕੁਮਾਰ ਦਾ ਕਹਿਣਾ ਹੈ, "ਰਾਸ਼ਟਰੀ ਚੋਣਾਂ 'ਚ ਅਸੀਂ ਮੋਦੀ ਅਤੇ ਭਾਜਪਾ ਨੂੰ ਚੁਣਿਆ ਸੀ, ਪਰ ਅਸੀਂ ਚਾਹੁੰਦੇ ਹਾਂ ਕਿ ਸਥਾਨਕ ਪੱਧਰ (ਦਿੱਲੀ ਵਿਚ) 'ਤੇ ਕੇਜਰੀਵਾਲ ਸਾਡੇ ਲਈ ਕੰਮ ਕਰੇ। ਉਸਨੇ ਬਹੁਤ ਚੰਗਾ ਕੰਮ ਕੀਤਾ ਹੈ ਅਤੇ ਇਸ ਲਈ ਅਸੀਂ ਉਸਨੂੰ ਵੋਟਾਂ ਪਾਈਆਂ ਹਨ। ਕੇਜਰੀਵਾਲ ਵੱਲੋਂ ਦਿੱਤੀ ਜਾ ਰਹੀ ਬਿਜਲੀ-ਪਾਣੀ ਸਬਸਿਡੀ, ਔਰਤਾਂ ਲਈ ਮੁਫਤ ਬਸ ਸੇਵਾ ਨਾਲ ਲੋਕਾਂ ਨੂੰ ਬਹੁਤ ਫਾਇਦਾ ਹੋਇਆ ਹੈ।"

ਅੰਕੜਿਆਂ ਮੁਤਾਬਕ ਭਾਰਤੀ ਪਾਰਲੀਮੈਂਟ ਦੀਆਂ 2019 'ਚ ਪਈਆਂ ਵੋਟਾਂ ਅੰਦਰ ਦਿੱਲੀ ਤੋਂ ਮੋਦੀ ਦੀ ਭਾਜਪਾ ਨੂੰ 57.14 ਫੀਸਦੀ ਵੋਟਾਂ ਮਿਲੀਆਂ ਸਨ ਤੇ ਆਪ ਨੂੰ ਮਹਿਜ਼ 18 ਫੀਸਦੀ ਵੋਟਾਂ ਪਈਆਂ ਸਨ ਜਦਕਿ ਹੁਣ ਮਹਿਜ਼ 9 ਮਹੀਨਿਆਂ ਬਾਅਦ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਆਪ ਨੂੰ 53 ਫੀਸਦੀ ਵੋਟਾਂ ਮਿਲੀਆਂ ਹਨ ਤੇ ਭਾਜਪਾ ਨੂੰ 40 ਫੀਸਦੀ ਦੇ ਕਰੀਬ ਵੋਟਾਂ ਪਈਆਂ ਹਨ। 

45 ਸਾਲਾ ਘਰੇਲੂ ਔਰਤ ਵਿਜੇਂਦਰੀ ਨੇ ਵੀ ਵਪਾਰੀ ਰਾਜੇਸ਼ ਵਾਂਗ ਕਿਹਾ, "ਅਸੀਂ 2019 ਚੋਣਾਂ ਵਿਚ ਮੋਦੀ ਨੂੰ ਵੋਟਾਂ ਪਾਈਆਂ ਸੀ ਪਰ ਹੁਣ ਕੇਜਰੀਵਾਲ ਨੂੰ ਵੋਟਾਂ ਪਾਈਆਂ ਹਨ ਕਿਉਂਕਿ ਉਹ ਗਰੀਬਾਂ ਲਈ ਕੰਮ ਕਰਦਾ ਹੈ। ਉਸਨੇ ਸਿਹਤ ਅਤੇ ਸਕੂਲਾਂ ਨੂੰ ਵਧੀਆ ਬਣਾਉਣ ਲਈ ਬਹੁਤ ਕੰਮ ਕੀਤਾ ਹੈ। 

ਇਸ ਸਮੇਂ ਦਿੱਲੀ ਵਿਚ ਸ਼ਾਹੀਨ ਬਾਗ ਘੱਟਗਿਣਤੀਆਂ ਦੇ ਹੱਕਾਂ ਲਈ ਸੰਘਰਸ਼ ਦਾ ਇਕ ਅਹਿਮ ਕੇਂਦਰ ਬਣ ਚੁੱਕਿਆ ਹੈ। ਪਰ ਆਪ ਨੇ ਸ਼ਾਹੀਨ ਬਾਗ ਅਤੇ ਸੀਏਏ ਖਿਲਾਫ ਪ੍ਰਦਰਸ਼ਨਾਂ ਤੋਂ ਇਕ ਦਿਸਦੀ ਦੂਰੀ ਬਣਾਈ ਰੱਖੀ। ਇਸ ਤੋਂ ਇਲਾਵਾ ਕੇਜਰੀਵਾਲ ਵੱਲੋਂ ਰਾਮ ਮੰਦਿਰ ਦੇ ਮੁਕਾਬਲੇ ਹਨੂੰਮਾਨ ਮੰਦਿਰ ਦਾ ਸਹਾਰਾ ਲਿਆ ਗਿਆ। ਸਿਆਸੀ ਮਾਹਰਾਂ ਦਾ ਕਹਿਣਾ ਹੈ ਕਿ ਕੇਜਰੀਵਾਲ ਨੇ ਇਕ ਚੰਗੇ ਪ੍ਰਸ਼ਾਸਕ ਦੇ ਨਾਲ-ਨਾਲ ਨਰਮ ਹਿੰਦੁਤਵ ਦਾ ਚੋਲਾ ਵੀ ਧਾਰਨ ਕੀਤਾ ਜਿਸ ਨਾਲ ਉਹ ਭਾਜਪਾ ਦੀ ਹਿੰਦੁਤਵੀ ਲਹਿਰ 'ਚ ਵੀ ਹਿੰਦੂ ਵੋਟਰਾਂ ਦੇ ਵੱਡੇ ਹਿੱਸੇ ਨੂੰ ਆਪਣੇ ਨਾਲ ਜੋੜੀ ਰੱਖਣ 'ਚ ਕਾਮਯਾਬ ਰਿਹਾ। ਘੱਟਗਿਣਤੀਆਂ ਮੁਸਲਮਾਨ ਅਤੇ ਸਿੱਖਾਂ ਦੀ ਪ੍ਰਭਾਵਸ਼ਾਲੀ ਵੋਟ ਲਗਭਗ ਪੂਰੀ ਤਰ੍ਹਾਂ ਭਾਜਪਾ ਦੇ ਵਿਰੁੱਧ ਚਲਦਿਆਂ ਆਪ ਨੂੰ ਭੁਗਤੀ। 

ਹੁਣ ਅਹਿਮ ਗੱਲ ਇਹ ਹੋਵੇਗੀ ਕਿ ਨਾਗਰਿਕਤਾ ਸੋਧ ਕਾਨੂੰਨ ਖਿਲਾਫ ਇਤਿਹਾਸਕ ਧਰਨੇ ਦਾ ਰੂਪ ਧਾਰਦੇ ਜਾ ਰਹੇ ਸ਼ਾਹੀਨ ਬਾਗ ਪ੍ਰਤੀ ਕੇਜਰੀਵਾਲ ਕੀ ਪਹੁੰਚ ਅਪਣਾਉਣਗੇ।