ਮਸਨੂਈ ਬੁੱਧੀ ਅਤੇ ਨੈਨੋ ਤਕਨਾਲੋਜੀ ਦਾ ਸੁਮੇਲ ਖੇਤੀਬਾੜੀ ਖੇਤਰ ਲਈ ਲਾਭਦਾਇਕ

ਮਸਨੂਈ ਬੁੱਧੀ ਅਤੇ ਨੈਨੋ ਤਕਨਾਲੋਜੀ ਦਾ ਸੁਮੇਲ ਖੇਤੀਬਾੜੀ ਖੇਤਰ ਲਈ ਲਾਭਦਾਇਕ

ਮਸਨੂਈ ਬੁੱਧੀ ਕੰਪਿਊਟਰ ਪ੍ਰਣਾਲੀ ਅਤੇ ਨੈਨੋ ਤਕਨਾਲੋਜੀ ਦਾ ਸੁਮੇਲ ਕਿਸਾਨਾਂ ਦੀਆਂ ਖੇਤੀਬਾੜੀ ਨਾਲ ਸੰਬੰਧਿਤ ਮੁਸ਼ਕਿਲਾਂ ਨੂੰ ਕਾਫੀ ਹੱਦ ਤੱਕ ਹੱਲ ਕਰਨ ਦੇ ਸਮਰੱਥ ਬਣ ਰਿਹਾ ਹੈ।

ਵਿਗਿਆਨੀਆਂ ਵਲੋਂ ਮਸਨੂਈ ਬੁੱਧੀ ਅਤੇ ਮਸ਼ੀਨ ਸਿੱਖਿਆ ਮਾਡਲਾਂ ਦੀ ਮਦਦ ਨਾਲ ਰੋਜ਼ਾਨਾ ਖੇਤੀ ਉਪਜ ਨਾਲ ਸੰਬੰਧਿਤ ਕਾਰਕਾਂ ਜਿਵੇਂ ਭੂਗੋਲਿਕ ਤਾਪਮਾਨ, ਮਿੱਟੀ ਦੀ ਸਹੀ ਪਰਖ, ਪਾਣੀ ਦੀ ਸਹੀ ਵਰਤੋਂ, ਮੌਸਮ ਦੀਆਂ ਬਦਲਦੀਆਂ ਪ੍ਰਸਥਿਤੀਆਂ ਆਦਿ ਬਾਰੇ ਹਜ਼ਾਰਾਂ ਹੀ 'ਡਾਟਾ ਪੁਆਇੰਟ' ਤਿਆਰ ਕੀਤੇ ਜਾਂਦੇ ਹਨ। ਬੀਜ ਬੀਜਣ ਲਈ ਸਹੀ ਸਮਾਂ ਚੁਣਨਾ, ਫ਼ਸਲਾਂ ਦੇ ਟਿਕਾਊ ਬਦਲਾਂ ਨੂੰ ਨਿਰਧਾਰਿਤ ਕਰਨਾ, ਵਧੇਰੇ ਉਤਪਾਦਨ/ਪੈਦਾਵਾਰ ਲਈ ਦੋਗਲੇ ਬੀਜ ਬਦਲਾਂ ਵਰਗੀਆਂ ਲਾਭਦਾਇਕ ਜਾਣਕਾਰੀਆਂ ਪ੍ਰਾਪਤ ਕਰਨ ਲਈ ਇਸ ਕੰਪਿਊਟਰ ਡਾਟੇ ਦਾ ਅਸਲ ਸਮੇਂ ਵਿਚ ਲਾਭ ਉਠਾਇਆ ਜਾਂਦਾ ਹੈ। ਮਸਨੂਈ ਬੁੱਧੀ ਪ੍ਰਣਾਲੀ ਸਮੁੱਚੀ ਖੇਤੀ ਦੀ ਪੈਦਾਵਾਰ ਦੀ ਗੁਣਵੱਤਾ ਅਤੇ ਬੀਜਣ ਵਾਲੇ ਬੀਜਾਂ ਦੀ ਸ਼ੁੱਧਤਾ ਨੂੰ ਹੋਰ ਬਿਹਤਰ ਬਣਾਉਣ ਵਿਚ ਬਹੁਤ ਮਦਦ ਕਰ ਰਹੀ ਹੈ, ਜਿਸ ਨੂੰ 'ਸ਼ੁੱਧ ਖੇਤੀ' ਵਜੋਂ ਜਾਣਿਆ ਜਾਂਦਾ ਹੈ। ਇਸ ਤੋਂ ਇਲਾਵਾ ਇਸ ਤਕਨਾਲੋਜੀ ਨਾਲ ਪੌਦਿਆਂ ਅਤੇ ਫ਼ਸਲਾਂ ਦੀਆਂ ਬਿਮਾਰੀਆਂ ਅਤੇ ਖੇਤਾਂ ਵਿਚ ਹੋਣ ਵਾਲੇ ਮਾੜੇ ਪੋਸ਼ਣ ਸੰਬੰਧੀ ਵੀ ਆਸਾਨੀ ਨਾਲ ਪਤਾ ਲਗਾਇਆ ਜਾ ਸਕਦਾ ਹੈ। ਫ਼ਸਲਾਂ, ਫ਼ਲਾਂ ਅਤੇ ਸਬਜ਼ੀਆਂ ਦੇ ਉਤਪਾਦਨ ਅਤੇ ਉਨ੍ਹਾਂ ਦੇ ਸਹੀ ਮੁੱਲ ਬਾਰੇ ਭਵਿੱਖਬਾਣੀ ਹੁਣ ਉਪਗ੍ਰਹਿ ਚਿੱਤਰਾਂ ਰਾਹੀਂ ਵੀ ਸ਼ੁਰੂ ਹੋ ਚੁੱਕੀ ਹੈ ਜੋ ਕਿ ਮਸਨੂਈ ਬੁੱਧੀ ਪ੍ਰਣਾਲੀ 'ਤੇ ਹੀ ਨਿਰਭਰ ਕਰ ਰਹੀ ਹੈ। ਦੇਸ਼ ਦੇ ਕਿਹੜੇ ਖੇਤਰ ਵਿਚ ਕਿੰਨੀ ਬਾਰਿਸ਼ ਹੋਵੇਗੀ, ਕਿੱਥੇ ਪਾਣੀ ਦੀ ਕਿੱਲਤ ਹੈ, ਕਿੱਥੇ ਕਿਹੜੀ ਫ਼ਸਲ ਬੀਜਣੀ ਹੈ ਅਤੇ ਕਦੋਂ ਬੀਜਣੀ ਹੈ, ਕੀੜੇਮਾਰ ਦਵਾਈਆਂ ਦੀ ਕਿੰਨੀ ਲੋੜ ਹੈ ਆਦਿ ਦੀ ਪੇਸ਼ੀਨਗੋਈ ਹੁਣ ਆਧੁਨਿਕ ਕੰਪਿਊਟਰ ਤਕਨੀਕਾਂ: ਬਿੱਗ ਡਾਟਾ, ਮਸਨੂਈ ਬੁੱਧੀ ਅਤੇ ਮਸ਼ੀਨ ਸਿੱਖਿਆ ਨਾਲ ਹੋਣੀ ਸ਼ੁਰੂ ਹੋ ਚੁੱਕੀ ਹੈ। ਰੱਖਿਆ ਖੇਤਰ ਤੋਂ ਬਾਅਦ ਜੇ ਦੇਖਿਆ ਜਾਵੇ ਤਾਂ ਖੇਤੀਬਾੜੀ ਖੇਤਰ ਦੂਜੀ ਵੱਡੀ ਉਦਯੋਗਿਕ ਇਕਾਈ ਹੈ, ਜਿੱਥੇ ਹੁਣ ਮਸਨੂਈ ਬੁੱਧੀ ਸਵੈਚਾਲਿਤ ਰੋਬੋਟ ਮਾਰਕੀਟ ਪ੍ਰਫੁੱਲਿਤ ਹੋ ਰਹੀ ਹੈ। 

ਮਸਨੂਈ ਬੁੱਧੀ ਅਤੇ ਖੇਤੀ : 

ਭਾਰਤ ਸਰਕਾਰ ਦੇ ਵਿੱਤ ਵਿਭਾਗ ਦੇ ਅੰਕੜਿਆਂ ਅਨੁਸਾਰ 2004-2014 ਤੱਕ ਭਾਰਤੀ ਖੇਤੀਬਾੜੀ ਵਾਧਾ ਦਰ 3.59% ਸਾਲਾਨਾ ਸੀ, ਇਹ 2020 ਤੱਕ ਮਿੱਥੀ ਹੋਈ ਸਾਲਾਨਾ ਖੇਤੀਬਾੜੀ ਵਾਧਾ ਦਰ ਤੋਂ 4% ਘੱਟ ਸੀ। 2020-21 'ਚ ਇਹ ਦਰ 3.6% ਦੀ ਸਾਲਾਨਾ ਦਰ ਦੇ ਵਾਧੇ ਨਾਲ ਦਰਜ ਕੀਤੀ ਗਈ। 2021-22 'ਚ ਇਸ ਵਿਚ 3.9% ਤੱਕ ਦਾ ਸੁਧਾਰ ਹੋਇਆ, ਜਿਸ ਨਾਲ ਸਮੁੱਚੀ ਭਾਰਤੀ ਅਰਥ ਵਿਵਸਥਾ ਦੇ ਅਸਲ ਜੀ.ਡੀ.ਪੀ. ਵਿਸਤਾਰ 'ਚ ਵਾਧਾ ਹੋਇਆ। 1991-95 ਤੱਕ ਭਾਰਤ 'ਚ ਸਾਲਾਨਾ ਪ੍ਰਤੀ ਵਿਅਕਤੀ ਅਨਾਜ ਉਤਪਾਦਨ 207 ਕਿੱਲੋਗ੍ਰਾਮ ਸੀ, ਜੋ ਕਿ 2014-17 ਤੱਕ 179 ਕਿੱਲੋਗ੍ਰਾਮ ਰਹਿ ਗਿਆ। ਸੀਮਤ ਜਲ ਅਤੇ ਜ਼ਮੀਨੀ ਸਰੋਤਾਂ ਦੇ ਨਾਲ ਅਸੀਂ ਖੇਤੀਬਾੜੀ ਦੇ ਵਿਕਾਸ ਦਾ ਟੀਚਾ ਆਧੁਨਿਕ ਤਕਨੀਕਾਂ ਦੀ ਮਦਦ ਨਾਲ (ਪ੍ਰਤੀ ਯੂਨਿਟ ਕੁਦਰਤੀ ਸਰੋਤ ਉਤਪਾਦਨ ਵਧਾਉਣ ਨਾਲ) ਅਤੇ ਖੇਤੀ ਆਮਦਨ ਵਧਾ ਕੇ ਹੀ ਪੂਰਾ ਕਰ ਸਕਦੇ ਹਾਂ। ਪਿਛਲੇ 2-3 ਸਾਲਾਂ 'ਚ ਖੇਤੀ ਉਤਪਾਦਨ ਅਤੇ ਆਮਦਨੀ 'ਚ ਲਗਾਤਾਰ ਗਿਰਾਵਟ ਆ ਰਹੀ ਹੈ। ਮਸਨੂਈ ਬੁੱਧੀ ਵਾਲੀਆਂ ਨੈਨੋ ਤਕਨੀਕਾਂ ਤੋਂ ਬਿਨਾਂ ਭਾਰਤੀ ਖੇਤੀ ਵਿਵਸਥਾ ਨੂੰ ਮਾੜੇ ਦੌਰ ਵਿਚੋਂ ਕੱਢਣਾ ਔਖਾ ਹੈ। 

ਖੇਤੀਬਾੜੀ 'ਚ ਸੁਧਾਰ 

 ਨੈਨੋ ਤਕਨਾਲੋਜੀ ਨੂੰ ਸੰਭਾਵੀ ਤਕਨੀਕਾਂ 'ਚੋਂ ਇਕ ਮਹੱਤਵਪੂਰਨ ਤਕਨੀਕ ਵਜੋਂ ਪਛਾਣਿਆ ਗਿਆ ਹੈ, ਜੋ ਖੇਤੀਬਾੜੀ ਤੇ ਭੋਜਨ ਉਦਯੋਗ ਨੂੰ ਮੁੜ ਸੁਰਜੀਤ ਕਰ ਸਕਦੀ ਹੈ। ਇਸ ਨਾਲ ਕਿਸਾਨਾਂ ਅਤੇ ਗ਼ਰੀਬ ਲੋਕਾਂ ਦੀ ਰੋਜ਼ੀ-ਰੋਟੀ ਅਤੇ ਆਮਦਨ ਵਿਚ ਵੀ ਸੁਧਾਰ ਆਵੇਗਾ। ਹਾਲਾਂਕਿ ਆਲਮੀ ਪੱਧਰ ਦੇ ਨਾਲ-ਨਾਲ ਭਾਰਤ 'ਚ ਖੇਤੀਬਾੜੀ ਤੇ ਭੋਜਨ ਪ੍ਰਣਾਲੀ ਵਿਚ ਨੈਨੋ ਤਕਨਾਲੋਜੀ ਦੀ ਵਰਤੋਂ ਅਜੇ ਸ਼ੁਰੂਆਤੀ ਪੜਾਅ ਵਿਚ ਹੈ। ਖੇਤੀਬਾੜੀ 'ਚ ਨੈਨੋ ਤਕਨਾਲੋਜੀ ਦਾ ਉਪਯੋਗ ਇਕ ਤਕੜੀ ਅਤੇ ਪ੍ਰਭਾਵਸ਼ਾਲੀ ਰੈਗੂਲੇਟਰੀ ਵਿਧੀ ਅਤੇ ਮਜ਼ਬੂਤ ਸ਼ਾਸਨ ਪ੍ਰਣਾਲੀ ਦੀ ਮੰਗ ਕਰਦਾ ਹੈ, ਬਸ਼ਰਤੇ ਇਸ ਦੇ ਉਪਯੋਗਾਂ ਵਿਚ ਸਾਰੇ ਹਿੱਸੇਦਾਰਾਂ ਦੇ ਸਮੂਹ ਸ਼ਾਮਿਲ ਹੋਣ। ਇਸ ਤਰ੍ਹਾਂ ਨੈਨੋ ਤਕਨਾਲੋਜੀ ਟਿਕਾਊ ਖੇਤੀ ਉਤਪਾਦਨ 'ਤੇ ਜ਼ੋਰ ਦੇਣ ਨਾਲ ਭਾਰਤੀ ਖੇਤੀਬਾੜੀ ਖੇਤਰ 'ਚ ਲੋੜੀਂਦੀ ਦੂਜੀ ਹਰੀ ਕ੍ਰਾਂਤੀ ਪ੍ਰਦਾਨ ਕਰ ਸਕਦੀ ਹੈ।

ਖੇਤੀਬਾੜੀ ਖੇਤਰ 'ਚ ਨੈਨੋ ਤਕਨਾਲੋਜੀ ਅਤੇ ਮਸਨੂਈ ਬੁੱਧੀ ਪ੍ਰਣਾਲੀ ਦੀ ਮਹੱਤਤਾ ਪਿਛਲੇ ਕੁਝ ਸਾਲਾਂ 'ਚ ਵਧੀ ਹੈ। ਇਨ੍ਹਾਂ ਕਾਢਾਂ ਨਾਲ ਉਤਪਾਦਨ ਵਧੇਗਾ, ਨਦੀਨ ਨਾਸ਼ਕਾਂ ਦੀ ਵਰਤੋਂ ਘਟੇਗੀ। ਪਸ਼ੂਆਂ ਅਤੇ ਪੌਦਿਆਂ ਦੀ ਨਸਲ 'ਚ ਇਨ੍ਹਾਂ ਤਕਨੀਕਾਂ ਦੀ ਮਦਦ ਨਾਲ ਨਵਾਂ ਪਰਿਵਰਤਨ ਵੀ ਆਏਗਾ। ਨੈਨੋ-ਫਿਲਟਰਾਂ ਜਾਂ ਨੈਨੋ-ਰਵਿਆਂ ਦੀ ਮਦਦ ਨਾਲ ਮੌਜੂਦਾ ਪ੍ਰਦੂਸ਼ਕਾਂ 'ਤੇ ਕੰਟਰੋਲ ਕਰਕੇ ਪ੍ਰਦੂਸ਼ਣ ਦੀ ਸਮੱਸਿਆ ਵੀ ਹੱਲ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਨੈਨੋ-ਕਣਾਂ, ਨੈਨੋ ਬੁਰਸ਼ਾਂ, ਨੈਨੋ ਝਿੱਲੀਆਂ (ਪਤਲੀਆਂ ਨੈਨੋ ਪਰਤਾਂ) ਨਾਲ ਪਾਣੀ ਅਤੇ ਮਿੱਟੀ ਨੂੰ ਵੀ ਸਾਫ਼-ਸੁਥਰਾ ਰੱਖਿਆ ਜਾ ਸਕਦਾ ਹੈ। ਇਨ੍ਹਾਂ ਤਕਨੀਕਾਂ ਨਾਲ ਮੱਛੀ ਪਾਲਣ ਵਾਲੇ ਤਲਾਬ ਸਾਫ਼-ਸੁਥਰੇ ਰੱਖੇ ਜਾ ਸਕਦੇ ਹਨ ਅਤੇ ਪੌਦਿਆਂ/ਫ਼ਸਲਾਂ ਦੇ ਬੀਜ ਵੀ ਸੁਧਾਰੇ ਜਾ ਸਕਦੇ ਹਨ। ਪੌਦਿਆਂ/ਫ਼ਸਲਾਂ ਦੀ ਸਿਹਤ ਅਤੇ ਮਿੱਟੀ ਦੀ ਗੁਣਵੱਤਾ ਵੀ ਪਰਖੀ ਜਾ ਸਕਦੀ ਹੈ। ਭੋਜਨ ਉਦਯੋਗ, ਫ਼ਸਲ ਉਤਪਾਦਨ, ਮਿੱਟੀ ਦਾ ਸੁਧਾਰ, ਪਾਣੀ ਦਾ ਸ਼ੁੱਧੀਕਰਨ, ਪੌਦਿਆਂ ਅਤੇ ਪਸ਼ੂਆਂ ਦੀਆਂ ਨਸਲਾਂ ਵਿਚ ਨੈਨੋ-ਤਕਨੀਕਾਂ ਦੀ ਮਦਦ ਨਾਲ ਕਾਫ਼ੀ ਸੁਧਾਰ ਕੀਤਾ ਜਾ ਸਕਦਾ ਹੈ। ਨੈਨੋ ਖਾਦਾਂ ਦੀ ਮਦਦ ਨਾਲ ਮਿੱਟੀ ਦੀ ਉਤਪਾਦਨ ਸ਼ਕਤੀ ਵਧਾਈ ਜਾ ਸਕਦੀ ਹੈ। ਇਸ ਨਾਲ ਵਧੀਆ ਕਿਸਮ ਦੀਆਂ ਵੱਧ ਝਾੜ ਦੇਣ ਵਾਲੀਆਂ ਫ਼ਸਲਾਂ ਉਗਾਈਆਂ ਜਾ ਸਕਦੀਆਂ ਹਨ।  ਇਸ ਹਾਲਾਤ 'ਚ ਵਾਤਾਵਰਨ ਨੂੰ ਜ਼ਹਿਰੀਲੇ ਪਦਾਰਥਾਂ ਤੋਂ ਬਚਾਉਣ ਲਈ ਨੈਨੋ ਤਕਨੀਕਾਂ ਹੀ ਸਹਾਇਕ ਹਨ। ਕਿਸਾਨਾਂ ਦੇ ਖੇਤੀ ਖਰਚੇ ਵੀ ਘੱਟ ਹੋਣਗੇ। ਵਰਜੀਨੀਆ ਤਕਨੀਕੀ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਇਕ ਸਮਾਰਟ ਸਪਰੇਅ ਪ੍ਰਣਾਲੀ ਵਾਲਾ ਯੰਤਰ ਬਣਾਇਆ ਹੈ, ਜਿਸ ਵਿਚ ਕੰਪਿਊਟਰ ਨਾਲ ਕੰਟਰੋਲ ਹੋਣ ਵਾਲੀ ਸਰਵੋ ਮੋਟਰ ਅਤੇ ਕੈਮਰਾ ਲੱਗਾ ਹੋਇਆ ਹੈ। ਇਹ ਯੰਤਰ ਸੁੱਕੇ, ਪਤਲੇ ਤੇ ਬਿਮਾਰ ਪੌਦਿਆਂ ਨੂੰ ਪਛਾਣ ਕੇ ਉਨ੍ਹਾਂ ਦੇ ਆਕਾਰ, ਬਣਤਰ ਅਤੇ ਰੰਗ-ਰੂਪ ਦਾ ਵਿਸ਼ਲੇਸ਼ਣ ਕਰਦਾ ਹੈ ਅਤੇ ਸਿਰਫ਼ ਉਨ੍ਹਾਂ ਨੂੰ ਹੀ ਬਿਮਾਰੀਆਂ ਅਤੇ ਨਦੀਨਾਂ ਤੋਂ ਬਚਾਉਣ ਲਈ ਨਿਸ਼ਾਨਾ ਬਣਾ ਕੇ ਸਪਰੇਅ ਕਰਦਾ ਹੈ। ਅਜਿਹੀ ਮਸਨੂਈ ਬੁੱਧੀ ਪ੍ਰਣਾਲੀ ਨੈਨੋ ਸੈਂਸਰਾਂ ਦੀ ਮਦਦ ਨਾਲ ਕਿਸਾਨਾਂ ਦੀ ਪ੍ਰੇਸ਼ਾਨੀ ਨੂੰ ਘੱਟ ਕਰੇਗੀ। ਪਰ ਇਸ ਸਭ ਦੇ ਨਾਲ-ਨਾਲ ਕਿਸਾਨਾਂ ਨੂੰ ਅਜਿਹੀਆਂ ਵਿਧੀਆਂ/ ਤਕਨੀਕਾਂ ਦੀ ਸਿੱਖਿਆ ਦੇਣੀ ਵੀ ਬਹੁਤ ਜ਼ਰੂਰੀ ਹੋਵੇਗੀ। ਤਕਨੀਕੀ ਖੇਤੀਬਾੜੀ ਦਾ ਭਵਿੱਖ : ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਫ਼ਸਲਾਂ ਦੀ ਪੈਦਾਵਾਰ, ਗੁਣਵੱਤਾ ਅਤੇ ਕਿਸਾਨਾਂ ਦਾ ਮਿਹਨਤ ਅਭਿਆਸ ਪਿਛਲੇ ਸਮਿਆਂ ਨਾਲੋਂ ਕੁਝ ਵਧੇਰੇ ਕੁਸ਼ਲ ਹੋਇਆ ਹੈ। ਧਰਤੀ 'ਤੇ ਵਿਸ਼ਵਵਿਆਪੀ ਆਬਾਦੀ ਸੰਨ 2050 ਤੱਕ 9.9 ਬਿਲੀਅਨ ਤੱਕ ਹੋਰ ਵਧ ਜਾਵੇਗੀ। ਇਸ ਨਾਲ ਭੋਜਨ ਦੀ ਮੰਗ ਹੋਰ ਵੀ ਬਹੁਤ ਜ਼ਿਆਦਾ (ਤਕਰੀਬਨ 35%-56% ਤੱਕ) ਵਧ ਜਾਵੇਗੀ। ਵਾਤਾਵਰਨ ਤੇ ਜਲਵਾਯੂ ਤਬਦੀਲੀਆਂ ਨਾਲ ਕੁਦਰਤੀ ਸਰੋਤਾਂ 'ਤੇ ਵੀ ਅਸਰ ਹੋਵੇਗਾ। ਅਜਿਹੇ ਸਮੇਂ 'ਚ ਮਸਨੂਈ ਬੁੱਧੀ ਵਾਲੀਆਂ ਮਸ਼ੀਨਾਂ ਹੀ ਇਕ ਅਜਿਹਾ ਹੱਲ ਹੋਣਗੀਆਂ ਜੋ ਕਿ ਸਭ 'ਤੇ ਕੰਟਰੋਲ ਕਰ ਸਕਦੀਆਂ ਹਨ। ਵਿਸ਼ਵ ਪੱਧਰ 'ਤੇ ਸੰਨ 2025 ਤੱਕ ਸਮਾਰਟ ਖੇਤੀਬਾੜੀ 'ਤੇ 46 ਬਿਲੀਅਨ ਡਾਲਰ ਖਰਚ ਕੀਤੇ ਜਾਣਗੇ। 

ਖੇਤੀਬਾੜੀ ਖੇਤਰ 'ਚ ਮਸਨੂਈ ਬੁੱਧੀ ਵਿਕਾਸ ਦੇ ਬਾਜ਼ਾਰ ਦਾ ਆਕਾਰ 20% ਮਿਸ਼ਰਿਤ ਸਾਲਾਨਾ ਵਿਕਾਸ ਦੀ ਦਰ ਨਾਲ ਵਧੇਗਾ। ਵਿਕਾਸ ਦਰ ਦਾ ਇਹ ਆਕਾਰ ਸੰਨ 2026 ਤੱਕ ਵਧ ਕੇ 2.5 ਬਿਲੀਅਨ ਡਾਲਰ ਤੱਕ ਪੁੱਜ ਜਾਵੇਗਾ। ਕਿਸਾਨ ਭਰਾਵਾਂ ਦੀਆਂ ਖੇਤੀ ਨਾਲ ਸੰਬੰਧਿਤ ਵੱਡੀਆਂ ਮੁਸ਼ਕਿਲਾਂ ਹੱਲ ਹੋਣਗੀਆਂ। ਮਿੱਟੀ ਅਤੇ ਫ਼ਸਲਾਂ ਦੀਆਂ ਹਾਲਤਾਂ ਦਾ ਜਾਇਜ਼ਾ ਲੈਣ ਲਈ ਨਵੀਂ ਕਿਸਮ ਦੇ ਡਰੋਨ ਵੀ ਵਰਤੇ ਜਾਣਗੇ, ਜੋ ਕਿ ਉਚਾਈ ਤੋਂ ਫ਼ਸਲਾਂ ਦੇ ਚਿੱਤਰ ਵਗੈਰਾ ਲੈ ਕੇ ਡਾਟੇ ਨੂੰ ਕੰਪਿਊਟਰ ਵਿਜ਼ਨ ਮਾਡਲਾਂ ਤੱਕ ਭੇਜ ਕੇ ਇਹ ਪਤਾ ਕਰਨਗੇ ਕਿ ਫ਼ਸਲਾਂ ਦੇ ਬੂਟਿਆਂ ਦਾ ਆਕਾਰ ਕੀ ਹੈ, ਕੀ ਕੋਈ ਬਿਮਾਰੀ ਤਾਂ ਨਹੀਂ ਲੱਗੀ, ਕੀ ਪੱਤੇ ਸੁੱਕੇ ਹੋਏ ਤਾਂ ਨਹੀਂ ਹਨ। ਇਨ੍ਹਾਂ ਜਾਣਕਾਰੀਆਂ ਦੇ ਆਧਾਰ 'ਤੇ ਫ਼ਸਲਾਂ ਦੀ ਸਿਹਤ ਦੀ ਸੰਭਾਲ ਕੀਤੀ ਜਾ ਸਕਦੀ ਹੈ। ਹੋਣ ਵਾਲੀ ਪੈਦਾਵਾਰ ਅਤੇ ਕੁੱਲ ਉਤਪਾਦਨ ਦੀ ਭਵਿੱਖਬਾਣੀ ਵੀ ਕੀਤੀ ਜਾ ਸਕਦੀ ਹੈ ਕਿ ਪ੍ਰਤੀ ਏਕੜ ਕਿੰਨਾ ਝਾੜ ਨਿਕਲੇਗਾ। ਅਜਿਹੇ ਮਸਨੂਈ ਬੁੱਧੀ ਵਾਲੇ ਮਾਡਲਾਂ ਦੀ ਸਹਾਇਤਾ ਨਾਲ ਫ਼ਸਲਾਂ ਨੂੰ ਹੋਣ ਵਾਲੇ ਸੰਭਾਵੀ ਖ਼ਤਰਿਆਂ ਸੰਬੰਧੀ ਕਿਸਾਨਾਂ ਨੂੰ ਅਗਾਊਂ ਸੂਚਨਾ ਵੀ ਦਿੱਤੀ ਜਾ ਸਕਦੀ ਹੈ ਅਤੇ ਬਚਾਅ ਦੇ ਯਤਨ ਵੀ ਕੀਤੇ ਜਾ ਸਕਦੇ ਹਨ। ਜ਼ਮੀਨ 'ਚ ਪਾਣੀ ਦੇ ਘੱਟ ਹੋ ਰਹੇ ਪੱਧਰ ਦੀ ਜਾਣਕਾਰੀ ਵੀ ਮਸਨੂਈ ਬੁੱਧੀ ਵਾਲੇ ਮਾਡਲਾਂ ਰਾਹੀਂ ਸਾਂਝੀ ਕੀਤੀ ਜਾ ਸਕਦੀ ਹੈ। ਭੂਮੀ ਦੇ ਕਿਸ ਹਿੱਸੇ 'ਚ ਦੂਸ਼ਿਤ ਪਾਣੀ ਦਾ ਵਹਾਅ ਹੋ ਰਿਹਾ ਹੈ, ਫੈਕਟਰੀਆਂ ਅਤੇ ਉਦਯੋਗਿਕ ਇਕਾਈਆਂ ਵਲੋਂ ਕਿਸ ਪੱਧਰ ਦੇ ਜ਼ਹਿਰੀਲੇ ਰਸਾਇਣ ਨਦੀਆਂ, ਨਾਲਿਆਂ, ਨਹਿਰਾਂ ਵਿਚ ਅਤੇ ਭੂਮੀ ਦੇ ਅੰਦਰ ਟੋਏ ਪੱਟ ਕੇ ਛੱਡੇ ਜਾ ਰਹੇ ਹਨ, ਬਾਰੇ ਵੀ ਆਸਾਨੀ ਨਾਲ ਪਤਾ ਲਗਾਇਆ ਜਾ ਸਕਦਾ ਹੈ। ਪਿੰਡਾਂ, ਸ਼ਹਿਰਾਂ ਵਿਚ ਕੂੜੇ ਦੇ ਲੱਗੇ ਢੇਰ, ਫੈਕਟਰੀਆਂ ਦੇ ਪ੍ਰਦੂਸ਼ਣ, ਪਰਾਲੀ ਸਾੜਨ ਆਦਿ ਦਾ ਵਾਤਾਵਰਨ 'ਤੇ ਕੀ ਪ੍ਰਭਾਵ ਪੈ ਰਿਹਾ ਹੈ, ਬਾਰੇ ਵੀ ਬਹੁਤ ਕੁਝ ਨਵਾਂ ਪਤਾ ਲਗਾਇਆ ਜਾ ਸਕਦਾ ਹੈ। ਇਨ੍ਹਾਂ ਤੋਂ ਵਾਤਾਵਰਨ ਨੂੰ ਕਿਵੇਂ ਬਚਾਉਣਾ ਹੈ, ਰਾਜ ਸਰਕਾਰਾਂ ਇਸ ਬਾਰੇ ਪਾਇਲਟ ਪ੍ਰਾਜੈਕਟ ਵੀ ਸ਼ੁਰੂ ਕਰ ਸਕਦੀਆਂ ਹਨ। ਪਰਾਲੀ ਨੂੰ ਅੱਗ ਲਗਾਉਣ ਦੀ ਸਮੱਸਿਆ ਤੋਂ ਛੁਟਕਾਰਾ ਵੀ ਮਿਲ ਜਾਵੇਗਾ। ਪਰਾਲੀ ਨੂੰ ਵਧੀਆ ਕਿਸਮ ਦੇ ਕਾਗਜ਼ ਬਣਾਉਣ ਲਈ ਵਰਤਿਆ ਜਾ ਸਕਦਾ ਹੈ। ਕੂੜੇ 'ਚੋਂ ਪਲਾਸਟਿਕ ਨੂੰ ਬਾਹਰ ਕੱਢ ਕੇ, ਸੁਕਾ ਕੇ ਅਤੇ ਪਿਘਲਾ ਕੇ ਰਸਾਇਣਿਕ ਕਿਰਿਆਵਾਂ ਦੀ ਮਦਦ ਨਾਲ ਸੜਕਾਂ ਦੇ ਨਿਰਮਾਣ ਵਿਚ ਵੀ ਵਰਤਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਮਸਨੂਈ ਬੁੱਧੀ ਵਾਲੇ ਵਿਕਸਿਤ ਮਾਡਲ ਫਲਾਂ ਤੇ ਸਬਜ਼ੀਆਂ ਨੂੰ ਖਰਾਬ ਕਰਨ ਵਾਲੇ ਨਦੀਨਾਂ, ਮੱਖੀਆਂ, ਮੱਛਰਾਂ ਤੇ ਹੋਰ ਕੀਟ ਪਤੰਗਿਆਂ ਦੀ ਪਹਿਚਾਣ 95% ਤੱਕ ਸਹੀ ਕਰ ਪਾਉਣਗੇ। ਮਿੱਟੀ ਦੀ ਪਰਖ ਕਰਨ ਉਪਰੰਤ ਇਹ ਮਾਡਲ ਇਹ ਵੀ ਦੱਸੇਗਾ ਕਿ ਕਿਹੜੀ ਮਿੱਟੀ ਵਿਚ ਕਿਹੜੀ ਫ਼ਸਲ ਬੀਜਣੀ ਲਾਭਦਾਇਕ ਰਹੇਗੀ ਅਤੇ ਉਸ ਦੀ ਕਿੰਨੀ ਪੈਦਾਵਾਰ ਹੋਵੇਗੀ। ਕਿਸਾਨਾਂ ਦੇ ਖੇਤੀਬਾੜੀ ਵਿਭਾਗ ਦੇ ਦਫਤਰਾਂ ਦੇ ਫੇਰੇ ਵੀ ਘੱਟ ਲਗਣਗੇ। ਦੇਖਣ 'ਚ ਆਇਆ ਹੈ ਕਿ ਉਨ੍ਹਾਂ ਦਾ ਆਮ ਕਿਸਾਨਾਂ ਨਾਲ ਰਾਬਤਾ ਵੀ ਘੱਟ ਹੋ ਰਿਹਾ ਹੈ।

ਮਸਨੂਈ ਬੁੱਧੀ ਖੇਤਰ 'ਚ ਕਿਸਾਨਾਂ ਨੂੰ ਵੀ ਬਹੁਤ ਕੁਸ਼ਲ ਹੋਣਾ ਪਵੇਗਾ। ਕਿਸਾਨ ਹੀ ਮਸਨੂਈ ਬੁੱਧੀ ਇੰਜੀਨੀਅਰ ਬਣਨਗੇ। 

ਕੁਝ ਜ਼ਰੂਰੀ ਕਾਰਕ : ਸਾਡੇ ਜਲਵਾਯੂ, ਵਾਤਾਵਰਨ ਅਤੇ ਆਲਮੀ ਪੱਧਰ 'ਤੇ ਭੋਜਨ ਅਤੇ ਖਾਧ ਪਦਾਰਥਾਂ ਦੀਆਂ ਜ਼ਰੂਰਤਾਂ ਵਿਚ ਹੋਣ ਵਾਲੀਆਂ ਤਬਦੀਲੀਆਂ ਦੇ ਨਾਲ-ਨਾਲ ਮਸਨੂਈ ਬੁੱਧੀ ਅਤੇ ਨੈਨੋ ਤਕਨਾਲੋਜੀ ਹੇਠ ਲਿਖੇ ਕਾਰਕਾਂ ਰਾਹੀਂ 21ਵੀਂ ਸਦੀ ਦੀ ਰਿਵਾਇਤੀ ਖੇਤੀ ਨੂੰ ਆਧੁਨਿਕ ਖੇਤੀ ਵਿਚ ਬਦਲਣ ਦੀ ਸਮਰੱਥਾ ਰੱਖਦੀ ਹੈ। ਸਮੇਂ, ਮਿਹਨਤ ਅਤੇ ਕੁਦਰਤੀ ਸਰੋਤਾਂ ਦੀ ਕੁਸ਼ਲਤਾ ਨੂੰ ਵਧਾਉਣਾ ਅਤੇ ਵਾਤਾਵਰਨ ਸਥਿਰਤਾ 'ਚ ਸੁਧਾਰ ਲਿਆਉਣਾ ਬੇਹੱਦ ਜ਼ਰੂਰੀ ਹੈ।

ਸਰੋਤਾਂ ਦੇ ਵਰਗੀਕਰਨ ਨੂੰ 'ਚੁਸਤ' ਬਣਾਉਣਾ ਅਤੇ ਉਤਪਾਦਾਂ/ਬੀਜਾਂ ਦੀ ਚੰਗੀ ਸਿਹਤ ਅਤੇ ਗੁਣਵੱਤਾ ਨੂੰ ਉਤਸ਼ਾਹਿਤ ਕਰਨਾ, 'ਅਸਲ ਸਮੇਂ' ਦੀ ਨਿਗਰਾਨੀ ਪ੍ਰਦਾਨ ਕਰਨਾ ਆਦਿ ਕੰਮਾਂ ਲਈ ਨਵੀਂ ਤਕਨੀਕ ਅਹਿਮ ਰੋਲ ਅਦਾ ਕਰ ਸਕਦੀ ਹੈ। ਬੇਸ਼ੱਕ, ਖੇਤੀਬਾੜੀ ਤੇ ਉਦਯੋਗਿਕ ਢਾਂਚੇ ਵਿਚ ਵੱਡੀਆਂ ਤਬਦੀਲੀਆਂ ਕਰਨ ਦੀ ਲੋੜ ਪਵੇਗੀ ਪਰ ਕਿਸਾਨ ਭਰਾਵਾਂ ਨੂੰ ਆਪਣੇ ਖੇਤੀ ਗਿਆਨ ਨੂੰ ਮਸਨੂਈ ਬੁੱਧੀ ਸਿਖਲਾਈ ਅਨੁਸਾਰ ਢਾਲਣ ਦੀ ਵੀ ਜ਼ਰੂਰਤ ਹੋਵੇਗੀ। ਇਹ ਸਭ ਕੁਝ ਖੇਤੀਬਾੜੀ ਖੇਤਰ ਦੇ ਅੰਦਰ ਤਕਨੀਕੀ ਅਤੇ ਵਿੱਦਿਅਕ ਨਿਵੇਸ਼ਾਂ 'ਤੇ ਹੀ ਨਿਰਭਰ ਕਰੇਗਾ। ਰਾਜਾਂ ਦੀਆਂ ਸਰਕਾਰਾਂ ਇਸ 'ਚ ਵੱਡੀ ਭੂਮਿਕਾ ਨਿਭਾ ਸਕਦੀਆਂ ਹਨ। 

 

ਡਾਕਟਰ ਸਤਬੀਰ ਸਿੰਘ

-ਇੰਜੀਨੀਅਰਿੰਗ ਅਤੇ ਤਕਨਾਲੋਜੀ ਵਿਭਾਗ,

ਗੁਰੂੁ ਨਾਨਕ ਦੇਵ ਯੂਨੀਵਰਸਿਟੀ, ਰਿਜਨਲ ਕੈਂਪਸ, ਗੁਰਦਾਸਪੁਰ।