ਸਾਈਕਲ ਮੁਰੰਮਤ ਕਰਨ ਵਾਲੇ ਦੀ ਬੇਟੀ ਬਣੀ ਪੰਜਾਬ ਦੀ ਪਹਿਲੀ ਮੁਟਿਆਰ ਡ੍ਰੋਨ ਇੰਸਟ੍ਰਕਟਰ

ਸਾਈਕਲ ਮੁਰੰਮਤ ਕਰਨ ਵਾਲੇ ਦੀ ਬੇਟੀ ਬਣੀ ਪੰਜਾਬ ਦੀ ਪਹਿਲੀ ਮੁਟਿਆਰ ਡ੍ਰੋਨ ਇੰਸਟ੍ਰਕਟਰ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਅਮਲੋਹ-ਅਮਲੋਹ ਦੇ ਵਾਰਡ ਨੰਬਰ-12 ਦੀ ਮਨਪ੍ਰੀਤ ਕੌਰ ਪੁੱਤਰੀ ਬਲਜੀਤ ਸਿੰਘ ਨੇ ਪੰਜਾਬ ਦੀ ਪਹਿਲੀ ਡ੍ਰੋਨ ਇੰਸਟ੍ਰਕਟਰ ਬਣਨ ਦਾ ਮਾਣ ਹਾਸਲ ਕੀਤਾ ਹੈ। ਉਸ ਦੇ ਪਿਤਾ ਬਲਜੀਤ ਸਿੰਘ ਸਾਈਕਲ ਰਿਪੇਅਰ ਦਾ ਕੰਮ ਕਰਦੇ ਹਨ ਜਿਸ ਨੇ ਸਖ਼ਤ ਮਿਹਨਤ ਕਰ ਕੇ ਆਪਣੀ ਬੇਟੀ ਦੀ ਪੜ੍ਹਾਈ ਵਿੱਚ ਕਮੀ ਨਹੀਂ ਆਉਣ ਦਿੱਤੀ ਜਦੋਂਕਿ ਉਸ ਦੀ ਹੋਣਹਾਰ ਬੇਟੀ ਨੇ ਕੁਝ ਬਣ ਕੇ ਦਿਖਾਉਣ ਦੀ ਇੱਛਾ ਤੇ ਜਜ਼ਬੇ ਨਾਲ ਇਹ ਮੁਕਾਮ ਹਾਸਲ ਕੀਤਾ। ਉਸ ਦੇ ਅਮਲੋਹ ਪਹੁੰਚਣ ’ਤੇ ਮੁਹੱਲਾ ਵਾਸੀਆਂ ਵੱਲੋਂ ਉਸ ਦਾ ਸਨਮਾਨ ਕੀਤਾ ਗਿਆ ਅਤੇ ਲੱਡੂ ਵੰਡੇ ਗਏ।ਮਨਪ੍ਰੀਤ ਨੇ ਦੱਸਿਆ ਕਿ ਉਹ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ ਵਿਚੋਂ ਪ੍ਰੀਖਿਆ ਪਾਸ ਕਰ ਕੇ ਡ੍ਰੋਨ ਇੰਸਟ੍ਰਕਟਰ ਬਣੀ ਹੈ ਅਤੇ ਹੁਣ ਉਹ ਪੁਣੇ ਦੀ ਇਕ ਕੰਪਨੀ ਵਿਚ ਡ੍ਰੋਨ ਇੰਸਟਰਕਟਰ ਵਜੋਂ ਕੰਮ ਕਰ ਰਹੀ ਹੈ, ਜਿਸ ਦੇ ਨਾਲ ਉਹ ਵਿਦਿਆਰਥੀਆਂ ਨੂੰ ਡ੍ਰੋਨ ਪਾਇਲਟ ਦੀ ਸਿਖਲਾਈ ਵੀ ਦਿੰਦੀ ਹੈ।

ਉਸ ਨੇ ਆਪਣੇ ਮਾਪਿਆਂ ਵਲੋਂ ਦਿੱਤੇ ਸਹਿਯੋਗ ਲਈ ਧੰਨਵਾਦ ਕਰਦਿਆਂ ਕਿਹਾ ਕਿ ਉਹ ਉਨ੍ਹਾਂ ਦੀ ਬਦੌਲਤ ਹੀ ਇਥੇ ਤੱਕ ਪਹੁੰਚੀ ਹੈ ਅਤੇ ਭਵਿੱਖ ਵਿਚ ਵੀ ਇਸੇ ਤਰ੍ਹਾਂ ਮਿਹਨਤ ਅਤੇ ਇਮਾਨਦਾਰੀ ਨਾਲ ਆਪਣਾ ਕੰਮ ਜਾਰੀ ਰੱਖੇਗੀ।