ਭਾਈ ਨਿੱਝਰ ਕਤਲ ਕਾਂਡ ਦੀ ਜਾਂਚ ਮੋਦੀ ਸਰਕਾਰ ਲਈ ਬਣੀ ਵੱਡੀ ਸਿਰਦਰਦੀ,ਕੈਨੇਡਾ ਨਾਲ ਭੇੜ ਹੋਈ ਤਿੱਖੀ

ਭਾਈ ਨਿੱਝਰ ਕਤਲ ਕਾਂਡ ਦੀ ਜਾਂਚ ਮੋਦੀ ਸਰਕਾਰ ਲਈ ਬਣੀ ਵੱਡੀ ਸਿਰਦਰਦੀ,ਕੈਨੇਡਾ ਨਾਲ ਭੇੜ ਹੋਈ ਤਿੱਖੀ

ਕੈਨੇਡੀਅਨ ਅਧਿਕਾਰੀਆਂ ਅਨੁਸਾਰ ਦੋਸ਼ੀ ਭਾਰਤੀ ਏਜੰਸੀਆਂ ਦੇ ਨੈਟਵਰਕ ਦਾ ਹਿੱਸਾ,ਲਾਰੈਂਸ ਗੈਂਗ ਨਾਲ ਜੁੜੇ ਤਾਰ

*ਟਰੂਡੋ ਨੇ ਕਿਹਾ ਕਿ ਹੋਰ ਗ੍ਰਿਫਤਾਰੀਆਂ ਹੋ ਸਕਦੀਆਂ ਨੇ

 *ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਖਾਲਿਸਤਾਨੀਆਂ ਨੂੰ ਉਤਸ਼ਾਹਿਤ ਕਰ ਰਿਹੈ ਹੈ ਕੈਨੇਡਾ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਓਨਟਾਰੀਓ: ਖਾਲਿਸਤਾਨੀ ਹਰਦੀਪ ਸਿੰਘ ਨਿੱਝਰ ਕਤਲ ਕਾਂਡ ਵਿਚ 3 ਪੰਜਾਬੀ ਮੂਲ ਦੇ ਭਾਰਤੀਆਂ 22 ਸਾਲਾ ਕਰਨ ਬਰਾੜ ਫ਼ਰੀਦਕੋਟ , 26 ਸਾਲਾ ਕਰਨਪ੍ਰੀਤ ਸਿੰਘ ਗੁਰਦਾਸਪੁਰ ਅਤੇ 22 ਸਾਲਾ ਕਮਲਪ੍ਰੀਤ ਸਿੰਘ ਜਲੰਧਰ ਦੀ ਗ੍ਰਿਫਤਾਰੀ ਤੋਂ ਬਾਅਦ ਭਾਰਤ ਤੇ ਕੈਨੇਡਾ ਵਿਚਾਲੇ ਤਣਾਅ ਵਧ ਗਿਆ ਹੈ। ਇਨ੍ਹਾਂ ਦੋਸ਼ੀਆਂ ਨੂੰ ਕੈਨੇਡਾ ਦੇ ਸ਼ਹਿਰ ਐਡਮਿੰਟਨ ਤੋਂ ਹਿਰਾਸਤ ਵਿੱਚ ਲਿਆ ਗਿਆ ਸੀ।ਹੁਣ ਕੈਨੇਡੀਅਨ ਪੁਲਿਸ ਵਲੋਂ ਇਸ ਘਟਨਾ ਨਾਲ ਤਿੰਨ ਹੋਰ ਕਤਲਾਂ ਨੂੰ ਜੋੜ ਕੇ ਜਾਂਚ ਨੂੰ ਅੱਗੇ ਵਧਾਉਣ ਦਾ ਐਲਾਨ ਕੀਤਾ ਗਿਆ ਹੈ। ਇਹ ਵੀ ਸੰਕੇਤ ਮਿਲੇ ਹਨ ਕਿ ਜਲਦੀ ਹੀ ਕੁਝ ਹੋਰ ਗ੍ਰਿਫਤਾਰੀਆਂ ਵੀ ਹੋ ਸਕਦੀਆਂ ਹਨ। 

ਆਈਐੱਚਆਈਟੀ ਦੇ ਇੰਚਾਰਜ ਅਫ਼ਸਰ ਸੁਪਰਟੈਂਨਡੇਂਟ ਮਨਦੀਪ ਮੂਕਰ ਅਨੁਸਾਰ ਇਹ ਜਾਂਚ ਅਜੇ ਜਾਰੀ ਹੈ। ਅਸੀਂ ਜਾਣਦੇ ਹਾਂ ਕਿ ਇਸ ਕਤਲਕਾਂਡ ਵਿੱਚ ਕਈ ਹੋਰ ਲੋਕਾਂ ਨੇ ਵੀ ਭੂਮਿਕਾ ਨਿਭਾਈ ਹੋ ਸਕਦੀ ਹੈ। ਅਸੀਂ ਉਨ੍ਹਾਂ ਲੋਕਾਂ ਨੂੰ ਪਛਾਨਣ ਅਤੇ ਗਿ੍ਫਤਾਰ ਕਰਨ ਤੱਕ ਜਾਂਚ ਜਾਰੀ ਰਖਾਂਗੇ।ਉਨ੍ਹਾਂ ਨੇ ਕਿਹਾ ਕਿ ਇਹ ਤਿੰਨੇ,ਕਥਿਤ ਦੋਸ਼ੀ ਐਡਮਿੰਟਨ, ਐਲਬਰਟਾ ਵਿੱਚ ਰਹਿ ਰਹੇ ਸਨ, ਜਿੱਥੋਂ ਇਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।

ਇੱਕ ਗੈਰ ਰਸਮੀ ਬ੍ਰੀਫਿੰਗ ਵਿੱਚ, ਕੈਨੇਡੀਅਨ ਅਧਿਕਾਰੀਆਂ ਨੇ ਟਿੱਪਣੀ ਕੀਤੀ ਸੀ ਕਿ ਤਿੰਨੇ ਦੋਸ਼ੀ "ਇੱਕ ਸੰਗਠਿਤ ਅਪਰਾਧਿਕ ਨੈਟਵਰਕ ਦਾ ਹਿੱਸਾ ਸਨ ਜੋ ਭਾਰਤ ਸਰਕਾਰ ਅਤੇ ਇਸਦੀਆਂ ਖੁਫੀਆ ਏਜੰਸੀਆਂ ਵਲੋਂ ਕੰਮ ਕਰ ਰਿਹਾ ਸੀ।

ਪੁਲਿਸ ਦੇ ਅਸਿਸਟੈਂਟ ਕਮਿਸ਼ਨਰ ਡੇਵਿਡ ਟੇਬੁਲ ਅਨੁਸਾਰ ਤਿੰਨੇ ਜਣੇ ਤਿੰਨ ਤੋਂ ਪੰਜ ਸਾਲ ਤੋਂ ਕੈਨੇਡਾ ਵਿੱਚ ਰਹਿ ਰਹੇ ਸਨ।ਜਾਂਚ ਜਾਰੀ ਹੈ, ਜਿਸ ਵਿੱਚ ਇਨ੍ਹਾਂ ਦੇ “ਭਾਰਤ ਸਰਕਾਰ ਨਾਲ ਸੰਬੰਧ” ਹੋਣ ਦਾ ਪਹਿਲੂ ਵੀ ਸ਼ਾਮਲ ਹੈ।ਉਨ੍ਹਾਂ ਨੇ ਕਿਹਾ ਭਾਰਤ ਇਸ ਬਾਰੇ ਸਹਿਯੋਗ ਨਹੀਂ ਦੇ ਰਿਹਾ।

 ਸੂਤਰਾਂ ਨੇ ਦੱਸਿਆ ਕਿ ਜਾਂਚਕਰਤਾਵਾਂ ਨੇ ਕੁਝ ਮਹੀਨੇ ਪਹਿਲਾਂ ਼

ਕੈਨੇਡੀਅਨ ਮੀਡੀਆ ਵਿੱਚ ਛਪੀਆਂ ਰਿਪੋਰਟਾਂ ਤੇ ਕੈਨੇਡੀਅਨ ਏਜੰਸੀਆਂ ਦੇ ਸ਼ੱਕ ਮੁਤਾਬਕ ਗ੍ਰਿਫ਼ਤਾਰ ਕੀਤੇ ਤਿੰਨੇ ਨੌਜਵਾਨ ਤਿਹਾੜ ਜੇਲ ਵਿਚ ਬੰਦ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਦੋਸ਼ੀ ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧਤ ਹਨ। ਪੁਲਿਸ ਨੂੰ ਇਨ੍ਹਾਂ ਸ਼ੱਕੀਆਂ ਦਾ ਨਿੱਝਰ ਹੱਤਿਆ ਕਾਂਡ ਤੋਂ ਇਲਾਵਾ ਵਿੰਨੀਪੈਗ ਵਿਖੇ ਸਤੰਬਰ 2023 ਵਿਚ ਇਕ ਗੈਂਗਸਟਰ ਸੁਖਦੂਲ ਗਿੱਲ ਉਰਫ ਸੁੱਖਾ ਦੁੰਨੇਕੇ ਤੇ ਐਡਮਿੰਟਨ ਵਿਖੇ 2023 ਵਿਚ ਬਿਜ਼ਨਸਮੈਨ ਹਰਪ੍ਰੀਤ ਉੱਪਲ ਤੇ ਉਸ ਦੇ 11 ਸਾਲਾ ਪੁੱਤਰ ਦੀ ਹੱਤਿਆ ਦੇ ਮਾਮਲੇ ਵਿਚ ਵੀ ਸ਼ਾਮਿਲ ਹੋਣ ਦਾ ਸ਼ੱਕ ਹੈ ।ਗੈਂਗਸਟਰ ਸੁੱਖਾ ਦੁੰਨੇਕੇ ਪੰਜਾਬ ਵਿਚ ਗੈਂਗਸਟਰ ਬੰਬੀਹਾ ਗਰੁੱਪ ਦਾ ਮੈਂਬਰ ਸੀ, ਜੋ 2017 ਦੌਰਾਨ ਜਾਅਲੀ ਪਾਸਪੋਰਟ 'ਤੇ ਕੈਨੇਡਾ ਪੁੱਜਾ ਸੀ।

ਕਾਬਿਲੇਗੌਰ ਹੈ ਕਿ ਓਨਟਾਰੀਓ ਵਿੱਚ ਸਿੱਖ ਫਾਊਂਡੇਸ਼ਨ ਆਫ ਕੈਨੇਡਾ ਦੇ ਸ਼ਤਾਬਦੀ ਸਮਾਗਮ ਵਿੱਚ ਟਰੂਡੋ ਨੇ ਕਿਹਾ ਸੀ ਕਿ ਕੈਨੇਡਾ ਇੱਕ ਕਾਨੂੰਨ ਦੀ ਪਾਲਣਾ ਕਰਨ ਵਾਲਾ ਦੇਸ਼ ਹੈ। ਨਿੱਝਰ ਦੇ ਕਤਲ ਤੋਂ ਬਾਅਦ ਕੈਨੇਡਾ ਵਿਚ ਰਹਿੰਦੇ ਸਿੱਖ ਭਾਈਚਾਰੇ ਦੇ ਲੋਕ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਸਨ। ਇੱਥੇ ਹਰ ਵਿਅਕਤੀ ਨੂੰ ਵਿਤਕਰੇ ਅਤੇ ਹਿੰਸਾ ਤੋਂ ਸੁਰੱਖਿਅਤ ਰਹਿਣ ਦਾ ਮੌਲਿਕ ਅਧਿਕਾਰ ਹੈ।

ਯਾਦ ਰਹੇ ਕਿ ਖਾਲਿਸਤਾਨੀ ਲੀਡਰ ਹਰਦੀਪ ਸਿੰਘ ਨਿੱਝਰ ਦੀ ਪਿਛਲੇ ਸਾਲ ਜੂਨ ਵਿੱਚ ਸਰੀ ਦੇ ਗੁਰੂ ਨਾਨਕ ਸਿੱਖ ਗੁਰਦੁਆਰੇ ਦੇ ਬਾਹਰ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਮਗਰੋਂ ਕੈਨੇਡਾ ਨੇ ਇਸ ਹੱਤਿਆ ਪਿੱਛੇ ਭਾਰਤੀ ਏਜੰਸੀਆਂ ਦਾ ਹੱਥ ਦੱਸਿਆ ਸੀ।

ਭਾਰਤ ਸਰਕਾਰ ਦਾ ਪ੍ਰਤੀਕਰਮ

ਦੂਜੇ ਪਾਸੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਕਟਕ ਵਿੱਚ ਕਿਹਾ ਸੀ ਕਿ ਭਾਰਤ ਕੈਨੇਡੀਅਨ ਪੁਲਿਸ ਵੱਲੋਂ ਫੜੇ ਗਏ ਤਿੰਨ ਭਾਰਤੀ ਨਾਗਰਿਕਾਂ ਬਾਰੇ ਜਾਣਕਾਰੀ ਸਾਂਝੀ ਕੀਤੇ ਜਾਣ ਦੀ ਉਡੀਕ ਕਰੇਗਾ।ਵਿਦੇਸ਼ਾਂ ਵਿੱਚ ਸਾਡੇ ਦੂਤਾਵਾਸਾਂ ਨੂੰ ਧਮਕੀਆਂ ਮਿਲਦੀਆਂ ਹਨ। ਇਸ ਸਮੇਂ ਕੈਨੇਡਾ ਸਰਕਾਰ ਨੇ ਆਪਣੇ ਦੇਸ਼ ਵਿੱਚ ਵੱਖਵਾਦ ਅਤੇ ਹਿੰਸਾ ਦਾ ਸਮਰਥਨ ਕਰਨ ਵਾਲਿਆਂ ਨੂੰ ਪ੍ਰਗਟਾਵੇ ਦੀ ਆਜ਼ਾਦੀ ਦਿੱਤੀ ਹੈ। ਵਿਦੇਸ਼ ਮੰਤਰੀ ਅਨੁਸਾਰ ਭਾਈ ਨਿੱਝਰ ਖਾਲਿਸਤਾਨ ਟਾਈਗਰ ਫੋਰਸ ਦੇ ਮੁਖੀ ਸੀ ਅਤੇ ਖਾਲਿਸਤਾਨ ਟਾਈਗਰ ਫੋਰਸ ਦੇ ਮਾਡਿਊਲ ਮੈਂਬਰਾਂ ਨੂੰ ਸੰਚਾਲਨ, ਨੈੱਟਵਰਕਿੰਗ, ਸਿਖਲਾਈ ਅਤੇ ਵਿੱਤੀ ਮਦਦ ਪ੍ਰਦਾਨ ਕਰਨ ਵਿੱਚ ਸਰਗਰਮੀ ਨਾਲ ਸ਼ਾਮਲ ਸੀ।ਕੌਮੀ ਜਾਂਚ ਏਜੰਸੀ ਵਲੋਂ ਭਾਈ ਨਿੱਝਰ ਦੀ ਕੁੱਲ 11 ਕਨਾਲ 13.5 ਮਰਲੇ ਜ਼ਮੀਨ ਜਲੰਧਰ ਦੇ ਫਿਲੌਰ ਸਬ-ਡਿਵੀਜ਼ਨ ਵਿੱਚ ਉਨ੍ਹਾਂ ਦੇ ਜੱਦੀ ਪਿੰਡ ਭਾਰਾ ਸਿੰਘਪੁਰਾ ਵਿੱਚ ਜ਼ਬਤ ਕੀਤੀ ਗਈ ਸੀ।

ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਕਿਹਾ ਕਿ ਦੁਨੀਆ ਇਕਪਾਸੜ ਨਹੀਂ, ਕੁਝ ਹੋਇਆ ਤਾਂ ਵਿਰੋਧ ਹੋਵੇਗਾ। ਕੈਨੇਡਾ ਦੇ ਦਾਅਵੇ 'ਤੇ ਜੈਸ਼ੰਕਰ ਨੇ ਕਿਹਾ ਕਿ ਭਾਰਤ 'ਤੇ ਦੋਸ਼ ਲਗਾਉਣਾ ਕੈਨੇਡਾ ਦੀ ਸਿਆਸੀ ਮਜਬੂਰੀ ਹੈ। ਉੱਥੇ ਅਗਲੇ ਸਾਲ ਚੋਣਾਂ ਹੋਣੀਆਂ ਹਨ, ਇਸ ਲਈ ਦੇਸ਼ ਵਿੱਚ ਵੋਟ ਬੈਂਕ ਦੀ ਖਾਲਿਸਤਾਨੀ ਰਾਜਨੀਤੀ ਚੱਲ ਰਹੀ ਹੈ। ਇਸ ਕਾਂਡ ਦਾ ਭਾਰਤ ਨਾਲ ਕੋਈ ਸਬੰਧ ਨਹੀਂ ਹੈ।

ਯਾਦ ਰਹੇ ਕਿ ਭਾਈ ਨਿਝਰ ਦੇ ਕਤਲ ਨੂੰ ਲੈਕੇ ਕੈਨੇਡਾ ਤੇ ਭਾਰਤ ਸਰਕਾਰ ਵਿਚਾਲੇ ਸੰਬੰਧ ਹੁਣ ਤਕ ਵਿਗੜੇ ਹੋਏ ਹਨ। ਅਕਤੂਬਰ 2023 ਵਿੱਚ ਭਾਰਤ ਨੇ 40 ਕੈਨੇਡੀਅਨ ਕੂਟਨੀਤਿਕਾਂ ਦੀ ਡਿਪਲੋਮੈਟਿਕ ਇਮਿਊਨਿਟੀ ਰੱਦ ਕਰ ਦਿੱਤੀ ਸੀ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਮਿਲੀ ਸੁਰੱਖਿਆ ਖ਼ਤਮ ਕਰਕੇ ਵਾਪਸ ਬੁਲਾਉਣ ਲਈ ਕਿਹਾ ਸੀ।ਇਸ ਕਾਰਨ ਕੈਨੇਡੀਅਨ ਸਫਾਰਤਖਾਨੇ ਦੇ ਕਰੀਬ ਦੋ ਤਿਹਾਈ ਅਮਲੇ ਨੂੰ ਭਾਰਤ ਛੱਡ ਕੇ ਵਾਪਸ ਜਾਣਾ ਪਿਆ ਸੀ।

 ਕੈਨੇਡਾ ਦੇ ਹੱਕ ਵਿਚ ਅਮਰੀਕਾ

ਭਾਈ ਨਿਝਰ ਦੇ ਮਸਲੇ ਬਾਰੇ ਕੈਨੇਡਾ ਦਾ ਹਮਾਇਤੀ ਅਮਰੀਕਾ ਵੀ ਹੈ। ਦਰਅਸਲ ਇਨ੍ਹਾਂ ਦੋਹਾਂ ਦੇਸ਼ਾਂ ਤੋਂ ਇਲਾਵਾ ਬ੍ਰਿਟੇਨ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿਚਾਲੇ ਖੁਫੀਆ ਜਾਣਕਾਰੀ ਸਾਂਝੀ ਕਰਨ ਲਈ ਫਾਈਵ ਆਈਜ਼ ਨਾਂ ਦਾ ਸਮਝੌਤਾ ਹੋਇਆ ਹੈ। ਸਮਝਿਆ ਜਾਂਦਾ ਹੈ ਕਿ ਸਾਰੇ ਪੰਜ ਦੇਸ਼ ਅਜਿਹੇ ਸੰਵੇਦਨਸ਼ੀਲ ਮਾਮਲਿਆਂ 'ਤੇ ਸਹਿਮਤ ਹਨ। ਅਮਰੀਕਾ ਵਿਚ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜਿਸ਼ ਦੇ ਮਾਮਲੇ ਸੰਬੰਧੀ ਖੁਲਾਸੇ ਤੋਂ ਬਾਅਦ ਅਮਰੀਕਾ ਨੇ ਵੀ ਭਾਰਤ ਸਰਕਾਰ 'ਤੇ ਕਾਫੀ ਦਬਾਅ ਪਾਇਆ ਹੈ। ਜ਼ਾਹਿਰ ਹੈ ਕਿ ਇਨ੍ਹਾਂ ਘਟਨਾਵਾਂ ਨੇ ਭਾਰਤੀ ਵਿਦੇਸ਼ ਨੀਤੀ ਲਈ ਗੰਭੀਰ ਚੁਣੌਤੀ ਖੜ੍ਹੀ ਕਰ ਦਿੱਤੀ ਹੈ। ਮੌਜੂਦਾ ਭਾਰਤ ਸਰਕਾਰ ਨੇ ਅਮਰੀਕੀ ਧੁਰੇ ਨਾਲ ਸਬੰਧਾਂ ਨੂੰ ਚੰਗੇਰਾ ਕਰਨ ਲਈ ਸਭ ਤੋਂ ਵੱਧ ਤਰਜੀਹ ਦਿੱਤੀ ਹੈ। ਪਰ ਇਨ੍ਹਾਂ ਮਾਮਲਿਆਂ ਕਾਰਣ ਅਮਰੀਕਾ ਅਤੇ ਉਸ ਦੇ ਭਾਈਵਾਲ ਦੇਸ਼ ਭਾਰਤ ਵਿਚ ਲਗਾਤਾਰ ਅਵਿਸ਼ਵਾਸ ਪ੍ਰਗਟ ਕਰ ਰਹੇ ਹਨ। ਇਹ ਸੋਚਣ ਦਾ ਵਿਸ਼ਾ ਹੈ ਕਿ ਅਜਿਹਾ ਕਿਉਂ ਹੋਇਆ – ਖਾਸ ਤੌਰ ‘ਤੇ ਅਜਿਹੇ ਸਮੇਂ ਜਦੋਂ ਉਹ ਇਹ ਪੱਛਮੀ ਦੇਸ਼ ਚੀਨ ਨੂੰ ਘੇਰਨ ਲਈ ਭਾਰਤ ਦਾ ਸਹਿਯੋਗ ਲੈਣ ਲਈ ਉਤਾਵਲੇ ਸਨ? ਇਸ ਤੋਂ ਸਪਸ਼ਟ ਹੈ ਕਿ ਕੈਨੇਡਾ ,ਅਮਰੀਕਾ ਸਮੇਤ ਫਾਈਵ ਆਈਜ਼ ਦੇਸ ਭਾਰਤ ਦੇ ਇਸ ਵਰਤਾਰੇ ਤੇ ਪ੍ਰਭਸਤਾ ਦੀ ਉਲੰਘਣਾ ਸਹਿਣ ਨੂੰ ਤਿਆਰ ਨਹੀਂ।

ਕੋਣ ਨੇ ਕਥਿਤ ਕਾਤਲ

ਗ੍ਰਿਫ਼ਤਾਰ ਕੀਤੇ ਤਿੰਨੋਂ ਦੋਸ਼ੀ ਪੰਜਾਬ ਨਾਲ ਸਬੰਧਿਤ ਹਨ।ਜਾਣਕਾਰੀ ਮੁਤਾਬਕ ਦੋਸ਼ੀ ਕਰਨ ਦੇ ਦਾਦਾ ਬਲਬੀਰ ਸਿੰਘ ਬਰਾੜ ‘ਕਰਨ ਬਿਸਤਰ ਭੰਡਾਰ’ ਨਾਮ ਦਾ ਇੱਕ ਸਥਾਨਕ ਕਾਰੋਬਾਰ ਚਲਾਉਂਦੇ ਹਨ।ਕਰਨ ਮਾਪਿਆਂ ਦਾ ਇਕਲੌਤਾ ਪੁੱਤ ਹੈ। ਕਰਨ ਬਰਾੜ ਦੀ ਮਾਤਾ ਰਮਨ ਕੌਰ ਬਰਾੜ ਅੱਜਕੱਲ ਸਿੰਗਾਪੁਰ ਵਿੱਚ ਰਹਿੰਦੇ ਹਨ, ਉੱਥੇ ਉਹ ਨੌਕਰੀ ਕਰਦੇ ਹਨ।ਕਰਨ ਦੇ ਪਿਤਾ ਮਨਦੀਪ ਸਿੰਘ ਦੀ ਬੀਤੇ ਮਹੀਨੇ 18 ਅਪ੍ਰੈਲ ਨੂੰ ਮੌਤ ਹੋ ਗਈ ਸੀ, ਜਿਸ ਕਰਕੇ ਕਰਨ ਦੀ ਮਾਤਾ ਭਾਰਤ ਵੀ ਆਏ ਹੋਏ ਸਨ।ਕਰਨ ਦੀ ਕੈਨੇਡਾ ਵਿਚ ਗਿ੍ਫਤਾਰੀ ਦੀ ਘਟਨਾ ਤੋਂ ਬਾਅਦ ਕਰਨ ਦੇ ਘਰ ਨੂੰ ਤਾਲਾ ਲੱਗਿਆ ਹੋਇਆ ਸੀ। ਕਰਨ ਬਰਾੜ ਕਰੀਬ ਸਾਢੇ ਚਾਰ ਸਾਲ ਪਹਿਲਾਂ ਕੈਨੇਡਾ ਗਿਆ ਸੀ।

ਫਰੀਦਕੋਟ ਦੇ ਐਸਪੀ ਜਸਮੀਤ ਸਿੰਘ ਨੇ ਕਿਹਾ ਕਿ ਕਰਨ ਬਰਾੜ ਦਾ ਕੋਈ ਵੀ ਪੁਰਾਣਾ ਅਪਰਾਧਕ ਰਿਕਾਰਡ ਨਹੀਂ ਹੈ।

ਦੂਸਰੇ ਦੋਸ਼ੀ ਕਰਨਪ੍ਰੀਤ ਸਿੰਘ ਪਿੰਡ ਸੁੰਡਲ ਗੁਰਦਾਸਪੁਰ ਸਾਧਾਰਨ ਕਿਸਾਨ ਪਰਿਵਾਰ ਨਾਲ ਸਬੰਧ ਰੱਖਦਾ ਹੈ। ਉਨ੍ਹਾਂ ਦੇ ਪਿਤਾ ਦੁਬਈ ਵਿੱਚ ਟਰੱਕ ਵੀ ਚਲਾਉਂਦੇ ਰਹੇ ਹਨ। ਕਰਨਪ੍ਰੀਤ ਆਪਣੀ ਮੁੱਢਲੀ ਪੜ੍ਹਾਈ ਪੂਰੀ ਕਰਨ ਮਗਰੋਂ 2016 ਵਿੱਚ ਦੁਬਈ ਚਲਾ ਗਿਆ ਸੀ, ਜਿੱਥੇ ਉਸ ਨੇ ਆਪਣੇ ਪਿਤਾ ਨਾਲ ਕਰੀਬ ਚਾਰ ਸਾਲ ਟਰੱਕ ਡਰਾਈਵਰ ਵਜੋਂ ਕੰਮ ਕੀਤਾ।ਕਰਨਪ੍ਰੀਤ ਵਰਕ ਪਰਮਿਟ ਉੱਤੇ ਕੈਨੇਡਾ ਗਿਆ ਸੀ। ਕਰਨਪ੍ਰੀਤ ਪਿਛਲੇ ਕਰੀਬ ਤਿੰਨ ਸਾਲਾਂ ਤੋਂ ਕੈਨੇਡਾ ਵਿੱਚ ਟਰੱਕ ਚਲਾਉਂਦਾ ਸੀ।ਕਰਨਪ੍ਰੀਤ ਦੇ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਗੱਲ ਉੱਤੇ ਯਕੀਨ ਨਹੀਂ ਹੋ ਰਿਹਾ ਕਿ ਉਨ੍ਹਾਂ ਦੇ ਪੁੱਤਰ ਦੀ ਅਜਿਹੇ ਕਿਸੇ ਜੁਰਮ ਵਿੱਚ ਸ਼ਮੂਲੀਅਤ ਹੋ ਸਕਦੀ ਹੈ।ਕਰਨਪ੍ਰੀਤ ਦੀਆਂ ਦੋ ਭੈਣਾਂ ਹਨ, ਦੋਵੇਂ ਵਿਆਹੀਆਂ ਹੋਈਆਂ ਹਨ।ਪਰਿਵਾਰਕ ਮੈਂਬਰਾਂ ਅਨੁਸਾਰ ਉਨ੍ਹਾਂ ਨੇ ਕਰਨਪ੍ਰੀਤ ਨੂੰ ਕਰਜ਼ਾ ਚੁੱਕ ਕੇ ਕੈਨੇਡਾ ਭੇਜਣ ਦਾ ਪ੍ਰਬੰਧ ਕੀਤਾ ਸੀ।

ਤੀਜਾ ਦੋਸ਼ੀ ਕਮਲਪ੍ਰੀਤ ਸਿੰਘ, ਜਲੰਧਰ ਜ਼ਿਲ੍ਹੇ ਦੇ ਨਕੋਦਰ ਸਬ ਡਵੀਜ਼ਨ ਦੇ ਪਿੰਡ ਚੱਕ ਕਲਾਂ ਨਾਲ ਸਬੰਧਤ ਹੈ।ਕਮਲਪ੍ਰੀਤ ਸਿੰਘ ਨੇ ਨਕੋਦਰ ਦੇ ਇੱਕ ਪ੍ਰਾਈਵੇਟ ਸਕੂਲ ਵਿੱਚ ਪੜ੍ਹਾਈ ਕੀਤੀ ਅਤੇ ਸਾਲ 2019 ਵਿੱਚ ਆਪਣੀ +2 ਪੂਰੀ ਕੀਤੀ। ਉਸ ਤੋਂ ਬਾਅਦ ਉਹ ਐਡਮਿੰਟਨ ਵਿੱਚ ਸਟੱਡੀ ਪਰਮਿਟ 'ਤੇ ਕੈਨੇਡਾ ਚਲਾ ਗਿਆ ਸੀ।

ਕਮਲਪ੍ਰੀਤ ਦਾ ਪਰਿਵਾਰ ਆਰਥਿਕ ਪੱਖੋਂ ਮਜ਼ਬੂਤ ਹੈ ਕਿਉਂਕਿ ਉਸਦੇ ਪਿਤਾ ਸਤਨਾਮ ਸਿੰਘ ਦਾ ਆੜ੍ਹਤ ਦਾ ਕੰਮ ਹੈ ਤੇ ਨਾਲ ਹੀ ਉਨ੍ਹਾਂ ਕੋਲ ਪਿੰਡ ਵਿੱਚ ਚੰਗੀ ਜ਼ਮੀਨ ਵੀ ਹੈ। ਕਮਲਪ੍ਰੀਤ ਦੀ ਭੈਣ ਵੀ ਕੈਨੇਡਾ ਵਿੱਚ ਰਹਿੰਦੀ ਹੈ ।ਜਲੰਧਰ ਦਿਹਾਤੀ ਦੇ ਸੀਨੀਅਰ ਪੁਲਿਸ ਕਪਤਾਨ, ਅੰਕੁਰ ਗੁਪਤਾ ਅਨੁਸਾਰ ਕਮਲਪ੍ਰੀਤ ਸਿੰਘ ਦਾ ਜਲੰਧਰ ਜ਼ਿਲ੍ਹੇ ਵਿੱਚ ਕੋਈ ਵੀ ਅਪਰਾਧਿਕ ਰਿਕਾਰਡ ਨਹੀਂ ਹੈ।

ਨਿੱਝਰ ਦਾ ਕਤਲ ਭਾਰਤ ਨੇ ਕਰਵਾਇਆ: ਜਗਮੀਤ ਸਿੰਘ ਦਾ ਦੋਸ਼

ਕੈਨੇਡਾ ਦੇ ਵੱਡੇ ਸਿੱਖ ਨੇਤਾ ਜਗਮੀਤ ਸਿੰਘ ਨੇ ਦੋਸ਼ ਲਾਇਆ ਹੈ ਕਿ ਹਰਦੀਪ ਸਿੰਘ ਨਿੱਝਰ ਦਾ ਕਤਲ ਭਾਰਤ ਨੇ ਕਰਵਾਇਆ ਹੈ। ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਪੋਸਟ ਵਿਚ ਜਗਮੀਤ ਸਿੰਘ ਨੇ ਲਿਖਿਆ,‘ਭਾਰਤ ਸਰਕਾਰ ਨੇ ਕਾਤਲਾਂ ਦੀ ਮਦਦ ਨਾਲ ਕੈਨੇਡੀਅਨ ਨਾਗਰਿਕ ਦਾ ਕੈਨੇਡਾ ਦੀ ਧਰਤੀ 'ਤੇ ਕਤਲ ਕਰਵਾ ਦਿੱਤਾ, ਉਹ ਵੀ ਧਾਰਮਿਕ ਸਥਾਨ ’ਤੇ।ਇਸ ਮਾਮਲੇ ਵਿੱਚ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਜੇ ਕੋਈ ਭਾਰਤੀ ਏਜੰਟ ਜਾਂ ਭਾਰਤ ਸਰਕਾਰ ਦਾ ਵਿਅਕਤੀ ਇਸ ਮਾਮਲੇ ਵਿੱਚ ਸ਼ਾਮਲ ਹੋਇਆ ਤਾਂ ਉਸ ਵਿਰੁੱਧ ਕੈਨੇਡਾ ਦੇ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇ। ਹਰਦੀਪ ਸਿੰਘ ਨਿੱਝਰ ਨੂੰ ਕੈਨੇਡਾ ਵਿੱਚ ਜਮਹੂਰੀਅਤ ਅਤੇ ਪ੍ਰਗਟਾਵੇ ਦੀ ਆਜ਼ਾਦੀ ਲਈ ਇਨਸਾਫ਼ ਮਿਲਣਾ ਜ਼ਰੂਰੀ ਹੈ।