ਦਰਬਾਰ ਸਾਹਿਬ ਚੌਗਿਰਦੇ 'ਚ ਵਰਟੀਕਲ ਗਾਰਡਨ ”ਦੇ ਮਾਅਨੇ

ਦਰਬਾਰ ਸਾਹਿਬ ਚੌਗਿਰਦੇ 'ਚ ਵਰਟੀਕਲ ਗਾਰਡਨ ”ਦੇ ਮਾਅਨੇ

ਅੰਮ੍ਰਿਤਸਰ ਸਾਹਿਬ/ਏਟੀ ਨਿਊਜ਼ :
ਗੁਰੂ ਸਾਹਿਬ ਵੱਲੋਂ ਦਰਬਾਰ ਸਾਹਿਬ ਤੇ ਇਸ ਦਾ ਆਲਾ-ਦੁਆਲਾ ਕੁਦਰਤੀ ਮਾਹੌਲ ਵਾਲਾ ਸਿਰਜਿਆ ਗਿਆ ਸੀ। ਦਰਬਾਰ ਸਾਹਿਬ ਭਵਨ-ਸਮੂਹ ਵਿਚ ਅੱਜ ਵੀ ਮੌਜੂਦ ਸਦੀਆਂ ਪੁਰਾਣੇ ਬੇਰੀਆਂ ਦੇ ਰੁੱਖ ਇਸੇ ਗੱਲ ਦੀ ਦੱਸ ਪਾਉਂਦੇ ਹਨ। ਸਮੇਂ ਦੀ ਤਬਦੀਲੀ ਨਾਲ ਦਰਬਾਰ ਸਾਹਿਬ ਦਾ ਆਲਾ ਦੁਆਲਾ ਕਾਫੀ ਤਬਦੀਲ ਹੋਇਆ ਹੈ। ਦਰਬਾਰ ਸਾਹਿਬ ਭਵਨ-ਸਮੂਹ ਦੁਆਲੇ ਹਾਲ ਵਿਚ ਵੀ ਵੱਡੀ ਤਬਦੀਲੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਤੇ ਤਤਕਾਲੀ ਉੱਪ-ਮੁੱਖ ਮੰਤਰੀ ਪੰਜਾਬ ਦੇ ਹੁਕਮਾਂ ਤਹਿਤ ਹੋਈ ਜਿਸ ਤਹਿਤ ਸੁੰਦਰੀਕਰਨ ਦੇ ਨਾਂ ਹੇਠ ਦਰਬਾਰ ਸਾਹਿਬ ਦੇ ਬਾਹਰਵਾਰ ਵਾਲੀ ਥਾਂ ਦੀਆਂ ਇਮਾਰਤਾਂ ਵਿਚ ਤਬਦੀਲੀ ਕੀਤੀ ਗਈ ਹੈ। ਕਾਫੀ ਖੁੱਲ੍ਹੇ ਥਾਂ ਵਿਚ ਸੰਗਮਰਮਰ ਮੜ੍ਹ ਦਿੱਤਾ ਗਿਆ ਹੈ। ਕਈ ਸ਼ਰਧਾਲੂਆਂ ਦਾ ਇਹ ਵੀ ਇਤਰਾਜ਼ ਹੈ ਕਿ ਇਹਨਾਂ ਤਬਦੀਲੀਆਂ ਨਾਲ ਦਰਬਾਰ ਸਾਹਿਬ ਦੇ ਆਲੇ-ਦੁਆਲੇ ਨੂੰ ਸ਼ੈਰ-ਗਾਹ ਦੀ ਦਿੱਖ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਂਝ ਜਾਣਕਾਰ ਦੱਸਦੇ ਹਨ ਕਿ ਦਰਬਾਰ ਸਾਹਿਬ ਭਵਨ-ਸਮੂਹ ਦੇ ਆਲੇ ਦੁਆਲੇ ਨੂੰ ਖੁੱਲ੍ਹਾ ਕਰਨ ਦੀ ਵਿਓਂਤ ਭਾਰਤ ਸਰਕਾਰ ਨੇ ਜੂਨ 1984 ਦੇ ਹਮਲੇ ਤੋਂ ਬਾਅਦ ਹੀ ਹੋਂਦ ਵਿਚ ਲੈ ਆਂਦੀ ਸੀ ਜਿਸ ਤਹਿਤ ਅਕਾਲ ਤਖਤ ਸਾਹਿਬ ਤੇ ਦਰਬਾਰ ਸਾਹਿਬ ਤਕ ਪਹੁੰਚਣ ਦੇ ਰਾਹ ਖੁੱਲ੍ਹੇ ਕੀਤੇ ਜਾਣੇ ਸਨ।
ਹੁਣ ਦੀ ਹਾਲਤ ਇਹ ਹੈ ਕਿ ਹਾਲੀਆਂ ਤਬਦੀਲੀਆਂ ਨੇ ਦਰਬਾਰ ਸਾਹਿਬ ਦੇ ਆਲੇ-ਦੁਆਲੇ ਨੂੰ ਬਹੁਤ ਹੀ ਗੈਰ-ਕੁਦਰਤੀ ਬਣਾ ਦਿੱਤਾ ਹੈ ਜਿੱਥੇ ਸੰਗਮਰਮਰੀ ਮੈਦਾਨ ਤਾਂ ਨਜ਼ਰ ਆਉਂਦੇ ਹਨ ਪਰ ਕੁਦਰਤ ਦੀ ਕਿਧਰੇ ਵੀ ਭਾਹ ਨਹੀਂ ਮਿਲਦੀ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸ਼ਾਇਦ ਇਹ ਮੰਨਣਾ ਹੈ ਕਿ ਗਮਲਿਆਂ ਤੇ ਬੋਤਲਾਂ ਵਿਚ ਵੇਲ-ਬੂਟੇ ਲਾ ਕੇ ਇਸ ਹਾਲਤ ਵਿਚ ਸੁਧਾਰ ਲਿਆਂਦਾ ਜਾ ਸਕਦਾ ਹੈ। ਸ਼੍ਰੋ.ਗੁ.ਪ੍ਰ.ਕ. ਵਲੋਂ ਉਕਤ ਸੰਗਮਰਮਰੀ ਮੈਦਾਨ ਵਿਚ ਬੀਤੇ ਸਮੇਂ ਦੌਰਾਨ ਬੂਟਿਆਂ ਵਾਲੇ ਗਮਲੇ ਰੱਖੇ ਗਏ ਸਨ ਜਿਹੜੇ ਨਾ ਤਾਂ ਕਿਸੇ ਜੀਅ ਨੂੰ ਧੁੱਪ-ਗਰਮੀ ਤੋਂ ਰਾਹਤ ਦੇ ਸਕਦੇ ਹਨ ਤੇ ਨਾ ਹੀ ਆਪਣੇ ਆਲੇ-ਦੁਆਲੇ ਦੇ ਮਹੌਲ ਨੂੰ ਸਹੀ ਅਰਥਾਂ ਵਿਚ ਕੁਦਰਤੀ ਬਣਾ ਸਕਦੇ ਹਨ। ਉਂਝ ਜੇ ਕਿਸੇ ਨੇ ਖੁਸ਼ਫਹਿਮੀ 'ਚ ਹੀ ਰਹਿਣਾ ਹੈ ਤਾਂ ਜੀਅ ਸਕਦੇ ਰਹਿ ਸਕਦਾ ਹੈ।
ਹੁਣ ਸ਼੍ਰੋ.ਗੁ.ਪ੍ਰ.ਕ. ਨੇ ਦਰਬਾਰ ਸਾਹਿਬ ਭਵਨ ਸਮੂਹ ਵਿਖੇ ਬੋਤਲਾਂ ਵਿਚ ਵੇਲ-ਬੂਟੀਆਂ ਭਰ ਕੇ ਕੰਧਾਂ ਨਾਲ ਟੰਗਣ ਦੀ ਮੁਹਿੰਮ ਵਿੱਢੀ ਹੈ। ਸ਼੍ਰੋ.ਗੁ.ਪ੍ਰ.ਕ. ਦਾ ਕਹਿਣਾ ਹੈ ਕਿ ਇਹ “ਖੜ੍ਹਵੇਂ ਬਾਗ”(ਵਰਟੀਕਲ ਗਾਰਡਨ) ਦਰਬਾਰ ਸਾਹਿਬ ਦੇ ਭਵਨ ਸਮੂਹ ਨੂੰ ਕੁਦਰਤੀ ਦਿੱਖ ਅਤੇ ਮਹੌਲ ਦੇਣਗੇ।
ਅਜਿਹੇ ਵਰਟੀਕਲ ਗਾਰਡਨ ਪਹਿਲਾਂ ਦਰਬਾਰ ਸਾਹਿਬ ਤੋਂ ਕੁਝ ਵਿੱਥ ਉੱਤੇ ਗੱਡੀਆਂ ਖੜ੍ਹੀਆਂ ਕਰਨ ਵਾਲੀ ਇਮਾਰਤ (ਪਾਰਕਿੰਗ) ਦੇ ਬਾਹਰ ਬਣੇ ਪੁਲ ਦੇ ਥਮਲਿਆਂ ਨਾਲ ਵੀ ਬਣਾਏ ਗਏ ਸਨ ਜਿਹੜੇ ਉਸੇ ਥਾਂ ਲੱਗੇ ਸੜ-ਸੁੱਕ ਗਏ ਸਨ। ਹੁਣ ਵਾਲਿਆਂ ਦਾ ਕੀ ਬਣੇਗਾ ਇਹ ਤਾਂ ਆਉਂਦੇ ਦਿਨਾਂ ਵਿਚ ਹੀ ਪਤਾ ਲੱਗੇਗਾ ਪਰ ਉਂਝ ਇਹ ਅੰਦਾਜਾ ਲਾਉਣਾ ਕੁਥਾਵਾਂ ਨਹੀਂ ਹੋਵੇਗਾ ਕਿ ਹਸ਼ਰ ਇਨ੍ਹਾਂ ਦਾ ਵੀ ਉਸ “ਵਰਟੀਕਲ ਗਾਰਡਨ ਵਾਲਾ ਹੀ ਹੋਵੇਗਾ। ਇਹ ਅੰਦਾਜਾ ਲਾਉਣ ਦੇ ਕਾਰਨ ਇਹ ਹਨ ਕਿ ਇਕ ਤਾਂ ਪੰਜਾਬ ਵਿਚ ਸਾਲ ਦੇ ਜ਼ਿਆਦਾ ਮਹੀਨੇ ਗਰਮੀ ਪੈਂਦੀ ਹੈ। ਦੂਜਾ ਦਰਬਾਰ ਸਾਹਿਬ ਭਵਨ-ਸਮੂਹ ਦੇ ਆਲੇ-ਦੁਆਲੇ ਬੇਤਹਾਸ਼ਾ ਸੰਗਮਰਮਰ ਲੱਗਿਆ ਹੋਣ ਕਾਰਨ ਗਰਮੀ ਆਮ ਨਾਲੋਂ ਵੱਧ ਹੁੰਦੀ ਹੈ ਕਿਉਂਕਿ ਸੰਗਮਰਮਰ ਵੱਧ ਤਪਦਾ ਹੈ ਤੇ ਧੁੱਪ ਵਿਚ ਆਮ ਨਾਲੋਂ ਵੱਧ ਗਰਮੀ ਪੈਦਾ ਕਰ ਦਿੰਦਾ ਹੈ। ਤੀਜਾ ਜਿਨ੍ਹਾਂ ਬੋਲਤਾਂ ਵਿਚ ਇਹ ਵੇਲ-ਬੂਟੀਆਂ ਲਾਈਆਂ ਜਾ ਰਹੀਆਂ ਹਨ ਉਹ ਬਹੁਤ ਛੋਟੀਆਂ ਹਨ, ਇਸ ਲਈ ਉਨ੍ਹਾਂ ਨੂੰ ਇਕ ਵਾਰ ਵਿਚ ਸੀਮਤ ਪਾਣੀ ਹੀ ਲਾਇਆ ਜਾ ਸਕਦਾ ਹੈ। ਇਸ ਕਰਕੇ ਗਰਮੀ ਵਿਚ ਇਹਨਾਂ ਨੂੰ ਵੱਧ ਨੇਮ ਨਾਲ ਤੇ ਵੱਧ ਵਾਰ ਪਾਣੀ ਦੇਣ ਦੀ ਲੋੜ ਪਵੇਗੀ। ਇਹ ਕਿਸੇ ਵੀ ਹਾਲਤ ਵਿਚ ਧਰਤੀ ਵਿਚ ਲੱਗਣ ਵਾਲੇ ਵੇਲ ਬੂਟਿਆਂ ਦਾ ਬਦਲ ਨਹੀਂ ਬਣ ਸਕਦੇ। ਜੇਕਰ ਬਹੁਤ ਨੇਮ ਤੇ ਮਿਹਨਤ ਨਾਲ ਇਨ੍ਹਾਂ ਨੂੰ ਸੁੱਕਣੋਂ ਬਚਾ ਵੀ ਲਿਆ ਜਾਵੇ ਤਾਂ ਵੀ, ਨਾ ਤਾਂ ਇਹ ਗਰਮੀ ਨੂੰ ਘਟਾਉਣ ਵਿਚ ਬਹੁਤੀ ਮਦਦ ਕਰ ਸਕਦੇ ਹਨ ਤੇ ਨਾ ਹੀ ਕਿਸੇ ਚਿੜੀ ਜਨੌਰ ਨੂੰ ਗਰਮੀ ਤੋਂ ਰਾਹਤ ਦੇਣ ਦਾ ਵਸੀਲਾ ਬਣ ਸਕਦੇ ਹਨ, ਬੰਦੇ ਦੀ ਗੱਲ ਤਾਂ ਦੂਰ ਰਹੀ।
ਅਜਿਹੇ ਵਿਚ ਸ਼੍ਰੋ.ਗੁ.ਪ੍ਰ.ਕ. ਵਲੋਂ ਕੀਤੀ ਜਾ ਰਹੀ ਕਾਰਵਾਈ ਨੂੰ ਭਾਵੇਂ ਸੁਹਿਰਦਤਾ ਵੱਸ ਕੀਤੀ ਜਾ ਰਹੀ ਕਾਰਵਾਈ ਹੀ ਮੰਨ ਲੱਈਏ ਫਿਰ ਵੀ ਇਹ ਕਿਸੇ ਵੀ ਪੱਖੋਂ ਦਰਬਾਰ ਸਾਹਿਬ ਦੇ ਮਾਹੌਲ ਨੂੰ ਕੁਦਰਤੀ ਛੋਹ ਦੇਣ ਦੇ ਯੋਗ ਨਹੀਂ ਹੋ ਸਕੇਗੀ ਕਿਉਂਕਿ ਦਰਬਾਰ ਸਾਹਿਬ ਦੇ ਆਲੇ-ਦੁਆਲੇ ਪ੍ਰਤੀ ਸ਼੍ਰੋ.ਗੁ.ਪ੍ਰ.ਕ. ਤੇ ਇਸ ਦੇ ਸਿਆਸੀ ਆਕਾਵਾਂ ਵਲੋਂ ਅਪਣਾਈ ਜਾ ਰਹੀ ਪਹੁੰਚ ਵਿਚੋਂ ਹੀ ਕੁਦਰਤ ਵਾਲਾ ਤੱਤ ਗਾਇਬ ਹੈ। ਜਦੋਂ ਉਸ ਪਹੁੰਚ ਵਿਚ ਵਿਖਾਵੇਬਾਜ਼ੀ ਪ੍ਰਧਾਨ ਹੈ ਤਾਂ ਉਸ ਵਿਚੋਂ ਨਿਕਲਣ ਵਾਲੇ ਸਾਕਾਰਤਾਮਕ”ਕਦਮਾਂ ਵਿਚੋਂ ਵੀ ਵਧੇਰੇ ਵਿਖਾਵੇਬਾਜ਼ੀ ਹੀ ਨਿਕਲਣੀ ਹੈ। ਲੋੜ ਗੁਰੂ ਆਸ਼ੇ ਮੁਤਾਬਕ ਕੁਦਰਤੀ ਪਹੁੰਚ ਅਪਣਾਅ ਕੇ ਧਰਤੀ ਨੂੰ ਬਾਗ ਵਿਚ ਬਦਲਣ ਦੀ ਹੈ ਤੇ ਫਿਰ ਬੋਤਲਾਂ ਵਿਚ ਪਾ ਕੇ ਬੂਟੇ ਕੰਧਾਂ ਨਾਲ ਟੰਗਣ ਦੀ ਲੋੜ ਹੀ ਨਹੀਂ ਰਹਿਣੀ।