ਬਲਰਾਜ ਸਿੰਘ 'ਸਿੱਧੂ' ਦੁਆਰਾ ਲਿਖ਼ਤ ਨਾਵਲ ਸਰਕਾਰ-ਏ-ਖ਼ਾਲਸਾ ਬੰਦਾ ਸਿੰਘ ਬਹਾਦੁਰ ਦਾ ਆਲੋਚਨਾਤਮਿਕ ਅਧਿਐਨ
ਇਤਿਹਾਸਕ ਨਾਵਲ, ਨਾਵਲ ਸਾਹਿੱਤ ਦੀ ਉਹ ਵਿਧਾ ਹੈ, ਜਿਸ ਵਿਚ ਕਿਸੇ ਵਿਸ਼ੇਸ਼ ਕਾਲ-ਖੰਡ ਦੀ ਪ੍ਰਸਿੱਧ ਕਥਾ ਦਾ ਚਿੱਤਰਨ ਕੀਤਾ ਗਿਆ ਹੁੰਦਾ ਹੈ। ਉਂਝ ਤਾਂ ਅਸੀਂ ਇਹ ਵੀ ਆਖ ਸਕਦੇ ਹਾਂ ਕਿ ਕਿਸੇ ਵੀ ਕਾਲ-ਖੰਡ ਵਿਸ਼ੇਸ਼ ਦਾ ਚਿੱਤਰਨ ਇਤਿਹਾਸਕ ਨਾਵਲ ਹੋ ਸਕਦਾ ਹੈ, ਪਰ ਫਿਰ ਵੀ ਇਤਿਹਾਸਕ ਨਾਵਲ ਹੋਣ ਦੇ ਲਈ ਵਿਦਵਾਨਾਂ ਦੁਆਰਾ ਇਕ ਮੁੱਢਲੀ ਸ਼ਰਤ ਉਸ ਅੰਦਰਲੀ ਕਥਾ ਦਾ ਪਹਿਲਾਂ ਤੋਂ ਹੀ ਲੋਕ-ਮਨਾਂ ਅੰਦਰ ਵਾਸ ਹੋਣਾ ਸਵੀਕਾਰਿਆ ਗਿਆ ਹੈ। ਇਸ ਪੱਖ ਤੋਂ ਆਖਿਆ ਜਾ ਸਕਦਾ ਹੈ ਕਿ ਇਤਿਹਾਸਕ ਨਾਵਲ ਉਹ ਰਚਨਾ ਹੁੰਦੀ ਹੈ, ਜਿਹੜੀ ਕਿ ਕਿਸੇ ਇਤਿਹਾਸਕ ਵਿਅਕਤੀ ਜਾਂ ਘਟਨਾ ਆਦਿ ਦੀ ਪੇਸ਼ਕਾਰੀ ਨੂੰ ਗਲਪੀ ਜੁਗਤਾਂ ਦੇ ਰਾਹੀਂ ਸ਼ੁੱਧ ਇਤਿਹਾਸਕ ਬਿਰਤਾਂਤ ਨਾ ਬਣਾਉਂਦੀ ਹੋਈ, ਉਸ ਅੰਦਰਲੀ ਇਤਿਹਾਸਕਤਾ ਨੂੰ ਕਾਇਮ ਰੱਖਣ ਦਾ ਭਰਪੂਰ ਯਤਨ ਕਰਦੀ ਹੈ, ਪਰ ਅਕਸਰ ਦੇਖਿਆ ਜਾਂਦਾ ਹੈ ਕਿ ਇਤਿਹਾਸਕ ਨਾਵਲ ਲਿਖਣ ਲੱਗਿਆਂ ਨਾਵਲਕਾਰ ਜ਼ਿਆਦਾਤਰ ਉਨ੍ਹਾਂ ਘਟਨਾਵਾਂ ਨੂੰ ਵਿਸ਼ੇਸ਼ ਤਰਜੀਹ ਦੇ ਕੇ ਉਭਾਰਨ ਦਾ ਯਤਨ ਕਰਦੇ ਹਨ, ਜਿਨ੍ਹਾਂ ਘਟਨਾਵਾਂ ਰਾਹੀਂ ਇਤਿਹਾਸਕਤਾ ਦੀ ਥਾਂ, ਉਨ੍ਹਾਂ ਦੇ ਆਪਣੇ ਨਿੱਜੀ ਹਿਤਾਂ ਦੀ ਪੂਰਤੀ ਵਧੇਰੇ ਸੰਭਵ ਹੁੰਦੀ ਹੈ। ਪੰਜਾਬੀ ਨਾਵਲ ਜਗਤ ਅੰਦਰ ਬਲਰਾਜ ਸਿੰਘ ਸਿੱਧੂ (U.K.)ਅਜਿਹੀ ਹੀ ਪ੍ਰਵਿਰਤੀ ਦਾ ਧਾਰਨੀ ਨਾਵਲਕਾਰ ਹੈ, ਜਿਸ ਦੀਆਂ ਲਿਖ਼ਤਾਂ ਵਿਚ ਸਾਨੂੰ ਇਤਿਹਾਸ ਦੀ ਇਕ ਵਡੇਰੀ ਕਰੂਪਤਾ ਨੂੰ ਗਲਪੀ ਰੂਪ ਵਿਚ ਪ੍ਰਸਤੁਤ ਕਰਨ ਦੀਆਂ ਕਈ ਅਹਿਮ ਉਦਾਹਰਨਾਂ ਹਾਸਲ ਹੁੰਦੀਆਂ ਹਨ। ਉਸ ਦੀ ਨਵੀਂ ਰਚਨਾ “ਸਰਕਾਰ-ਏ-ਖ਼ਾਲਸਾ ਬੰਦਾ ਸਿੰਘ ਬਹਾਦੁਰ” ਅਜਿਹੀ ਹੀ ਇਕ ਮਹੱਤਵਪੂਰਨ ਉਦਾਹਰਨ ਹੈ।
ਬਾਬਾ ਬੰਦਾ ਸਿੰਘ ਬਹਾਦੁਰ ਪੰਜਾਬ ਹੀ ਨਹੀਂ, ਸਗੋਂ ਸੰਸਾਰ ਭਰ ਦੀ ਇਕ ਬੇਹੱਦ ਨਾਮਵਰ ਰਾਜਸੀ ਅਤੇ ਧਾਰਮਿਕ ਪ੍ਰਸਿੱਧੀ ਵਾਲੀ ਸ਼ਖ਼ਸੀਅਤ ਹੋਈ ਹੈ। ਬੰਦਾ ਸਿੰਘ ਬਹਾਦੁਰ ਸੰਬੰਧੀ ਹੁਣ ਤੱਕ ਸਾਨੂੰ ਅਨੇਕਾਂ ਰਚਨਾਵਾਂ ਦੀ ਪ੍ਰਾਪਤੀ ਹੁੰਦੀ ਹੈ, ਜਿਨ੍ਹਾਂ ਸੰਬੰਧੀ ਨਿਰਵਿਵਾਦ ਰੂਪ ਵਿਚ ਸਿੱਖ ਇਤਿਹਾਸਕਾਰਾਂ ਅਤੇ ਵਿਦਵਾਨਾਂ ਦਾ ਇਕ ਵੱਡਾ ਤਬਕਾ ਇਹ ਮੰਨ ਕੇ ਚੱਲਦਾ ਹੈ ਕਿ ਇਨ੍ਹਾਂ ਲਿਖ਼ਤਾਂ ਅੰਦਰ ਬਾਬਾ ਬੰਦਾ ਸਿੰਘ ਬਹਾਦੁਰ ਦਾ ਉਹ ਸਰੂਪ ਆਪਣੇ ਮੌਲਿਕ ਰੂਪ ਵਿਚ ਉੱਘੜਣ ਤੋਂ ਅਸਮਰੱਥ ਰਿਹਾ ਹੈ, ਜਿਸ ਦੀਆਂ ਨਿਸ਼ਾਨਦੇਹੀਆਂ ਪੰਜਾਬ ਸਮੇਤ ਭਾਰਤ ਦੇ ਹੋਰਨਾਂ ਕਈ ਅਹਿਮ ਇਲਾਕਿਆਂ ਅੰਦਰ ਬਾਬਾ ਬੰਦਾ ਸਿੰਘ ਬਹਾਦੁਰ ਨੇ ਸਥਾਪਿਤ ਕੀਤੀਆਂ ਸਨ। ਇਸ ਦਾ ਇਕ ਵੱਡਾ ਕਾਰਨ ਇਹ ਹੈ ਕਿ ਬੰਦਾ ਸਿੰਘ ਬਹਾਦੁਰ ਨਾਲ ਸੰਬੰਧਿਤ ਮੁੱਢਲੀਆਂ ਲਿਖ਼ਤਾਂ ਸਿੱਖ ਲੇਖਕਾਂ ਦੀ ਬਜਾਏ ਉਨ੍ਹਾਂ ਮੁਸਲਿਮ ਲਿਖਾਰੀਆਂ ਨੇ ਲਿਖੀਆਂ ਸਨ, ਜਿਹੜੇ ਕਿ ਜਾਂ ਤਾਂ ਮੁਗ਼ਲ ਦਰਬਾਰ ਅੰਦਰ ਕਿਸੇ ਨਾ ਕਿਸੇ ਰੂਪ ਵਿਚ ਕਾਰਜਸ਼ੀਲ ਸਨ ਤੇ ਜਾਂ ਫ਼ਿਰ ਉਨ੍ਹਾਂ ਦੀ ਹਮਦਰਦੀ ਸਿੱਧੇ ਰੂਪ ਵਿਚ ਮੁਗ਼ਲ ਸੱਤਾ ਨਾਲ ਜੁੜੀ ਹੋਈ ਸੀ। ਇਸ ਤੋਂ ਇਲਾਵਾ ਜਿਹੜੀਆਂ ਲਿਖ਼ਤਾਂ ਅੰਗਰੇਜ਼ ਲੇਖਕਾਂ ਦੁਆਰਾ ਲਿਖੀਆਂ ਗਈਆਂ ਹਨ, ਉਨ੍ਹਾਂ ਦੀ ਵੱਡੀ ਸਮੱਸਿਆ ਇਹ ਹੈ ਕਿ ਉਹ ਸਿੱਖ ਧਰਮ ਅਤੇ ਰਾਜਨੀਤੀ ਬਾਰੇ ਬੇਹੱਦ ਸਤਹੀ ਪੱਧਰ ਦੀ ਜਾਣਕਾਰੀ ਰੱਖਦੇ ਸਨ, ਇਸ ਲਈ ਉਨ੍ਹਾਂ ਨੇ ਜੋ ਕੁਝ ਆਲ਼ੇ-ਦੁਆਲ਼ੇ ਤੋਂ ਇਕੱਠਾ ਕੀਤਾ, ਉਹੀ ਉਨ੍ਹਾਂ ਦੁਆਰਾ ਆਪਣੀਆਂ ਲਿਖ਼ਤਾਂ ਦਾ ਪ੍ਰਮੁੱਖ ਆਧਾਰ ਬਣਾਇਆ ਗਿਆ। ਜਿੱਥੋਂ ਤੱਕ ਸਿੱਖ ਲਿਖਾਰੀਆਂ ਦੁਆਰਾ ਬੰਦਾ ਸਿੰਘ ਬਹਾਦੁਰ ਬਾਰੇ ਲਿਖਣ ਦੀ ਗੱਲ ਹੈ, ਉਸ ਬਾਬਤ ਕਿਹਾ ਜਾ ਸਕਦਾ ਹੈ ਕਿ ਮੁੱਢਲੇ ਸਿੱਖ ਇਤਿਹਾਸਕਾਰਾਂ ਤੇ ਲੇਖਕਾਂ ਦੁਆਰਾ ਬੰਦਾ ਸਿੰਘ ਬਹਾਦੁਰ ਨਾਲ ਪੂਰੀ ਤਰ੍ਹਾਂ ਬੇਇਨਸਾਫ਼ੀ ਕੀਤੀ ਗਈ ਹੈ। ਇਨ੍ਹਾਂ ਸਿੱਖ ਲੇਖਕਾਂ ਨੇ ਬੰਦਾ ਸਿੰਘ ਬਹਾਦੁਰ ਬਾਰੇ ਜੋ ਕੁਝ ਲਿਖਿਆ ਹੈ, ਉਸ ਨੂੰ ਖ਼ੁਦ ਸਿੱਖ ਪਾਠਕਾਂ ਅਤੇ ਵਿਦਵਾਨਾਂ ਦਾ ਵੱਡਾ ਹਿੱਸਾ ਮੁੱਢੋਂ ਹੀ ਗ਼ਲਤ ਰਾਹ ਦਾ ਧਾਰਨੀ ਸਵੀਕਾਰ ਕੇ ਚੱਲਦਾ ਹੈ। ਇਸ ਦੀ ਬਜਾਏ ਉਨ੍ਹਾਂ ਦਾ ਮੰਨਣਾ ਹੈ ਕਿ ਬੰਦਾ ਸਿੰਘ ਬਹਾਦੁਰ ਬਾਰੇ ਮੁਗ਼ਲ ਤੇ ਅੰਗਰੇਜ਼ ਲਿਖਾਰੀਆਂ ਦੇ ਹਵਾਲੇ ਅਤਿ ਦਰਜ਼ੇ ਦੀ ਘ੍ਰਿਣਾ ਨਾਲ ਭਰੇ ਹੋਣ ਦੇ ਬਾਵਜੂਦ ਵੀ ਸਿੱਖ ਲੇਖਕਾਂ ਨਾਲੋਂ ਜ਼ਿਆਦਾ ਮਹੱਤਵਪੂਰਨ ਸਮਝੇ ਜਾ ਸਕਦੇ ਹਨ। ਇਸ ਬਿੰਦੂ ’ਤੇ ਆ ਕੇ ਆਖਿਆ ਜਾ ਸਕਦਾ ਹੈ ਕਿ ਬਾਬਾ ਬੰਦਾ ਸਿੰਘ ਬਹਾਦੁਰ ਬਾਰੇ ਲਿਖਣ ਲਈ ਆਧੁਨਿਕ ਲਿਖਾਰੀਆਂ ਨੂੰ ਬੇਹੱਦ ਕਠਨਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਕਿਉਂਕਿ ਬੰਦਾ ਸਿੰਘ ਬਹਾਦੁਰ ਨੂੰ ਸਿੱਖ ਪ੍ਰਸੰਗ ਵਿਚ ਰੱਖ ਕੇ ਉਸ ਦਾ ਇਤਿਹਾਸਕ ਵਿਸ਼ਲੇਸ਼ਣ ਕਰਨਾ ਇਕ ਬੇਹੱਦ ਜ਼ਿੰਮੇਵਾਰੀ ਅਤੇ ਮੁਸ਼ਕਲ ਭਰਿਆ ਕਾਰਜ ਹੈ। ਬਲਰਾਜ ਸਿੰਘ ਸਿੱਧੂ ਆਪਣੇ ਉਕਤ ਨਾਵਲ ਅੰਦਰ ਇਸੇ ਕਠਨਾਈ ਦਾ ਸ਼ਿਕਾਰ ਹੁੰਦੇ ਹੋਏ, ਆਪਣੀ ਜ਼ਿੰਮੇਵਾਰੀ ਨੂੰ ਨਿਭਾਉਣ ਵਿਚ ਪੂਰੀ ਤਰ੍ਹਾਂ ਅਸਫ਼ਲ ਹੋਇਆ ਹੈ।
ਆਪਣੇ ਇਸ ਨਾਵਲ ਅੰਦਰ ਨਾਵਲਕਾਰ ਨੇ ਬੰਦਾ ਸਿੰਘ ਬਹਾਦੁਰ ਦੇ ਜੀਵਨ ਘਟਨਾਕ੍ਰਮ ਦੀ ਪੇਸ਼ਕਾਰੀ ਕਰਨ ਹਿਤ ਉੱਤਮ ਪੁਰਖੀ ਸ਼ੈਲੀ ਦੀ ਵਰਤੋਂ ਕੀਤੀ ਹੈ, ਜਿਹੜੀ ਕਿ ਇਸ ਤਰ੍ਹਾਂ ਦੇ ਇਤਿਹਾਸਕ ਨਾਵਲਾਂ ਦੀ ਪੇਸ਼ਕਾਰੀ ਕਰਨ ਹਿਤ ਸਭ ਤੋਂ ਵੱਧ ਹਲਕੀ ਕਿਸਮ ਦੀ ਸ਼ੈਲੀ ਸਵੀਕਾਰੀ ਜਾਂਦੀ ਹੈ, ਕਿਉਂਕਿ ਇਸ ਸ਼ੈਲੀ ਦੇ ਰਾਹੀਂ ਇਤਿਹਾਸਕ ਪਾਤਰ ਦੇ ਮੁੱਖ ਵਿਚੋਂ ਹੀ ਸਾਰੀਆਂ ਘਟਨਾਵਾਂ ਅਤੇ ਬਿਆਨਾਂ ਨੂੰ ਹੂਬਹੂ ਪੇਸ਼ ਕਰਨ ਦਾ ਯਤਨ ਕੀਤਾ ਜਾਂਦਾ ਹੈ, ਜਿਹੜਾ ਕਿ ਨਾ ਤਾਂ ਇਤਿਹਾਸਕ ਰੂਪ ਵਿਚ ਸਹੀ ਸਿੱਧ ਹੋ ਸਕਦਾ ਹੈ ਅਤੇ ਨਾ ਹੀ ਇਸ ਨੂੰ ਇਤਿਹਾਸਕ ਸਮਝ ਕਦੀ ਨਿਰਪੱਖ ਸਵੀਕਾਰ ਕਰ ਕੇ ਚੱਲ ਸਕਦੀ ਹੈ। ਉਦਾਹਰਨ ਵਜੋਂ ਨਾਵਲਕਾਰ ਬਾਬਾ ਬੰਦਾ ਸਿੰਘ ਬਹਾਦੁਰ ਦੇ ਮੁੱਖ ਵਿਚੋਂ ਇਹ ਅਖਵਾਉਂਦਾ ਹੈ ਕਿ, “ਕਦੇ ਮੈਂ ਵੀ ਤੁਹਾਡੇ ਵਾਂਗ ਹੱਡ ਮਾਸ ਭਾਵ ਕਿ ਅਗਨੀ, ਵਾਯੂ, ਪ੍ਰਿਥਵੀ, ਆਕਾਸ਼ ਤੇ ਜਲ ਦੇ ਮਿਸ਼ਰਨ, ਪੰਜ ਤੱਤਾਂ ਦਾ ਬਣਿਆ ਇਨਸਾਨ ਹੁੰਦਾ ਸੀ। ਅਸਲ ਵਿਚ ਹੁਣ ਮੈਂ ਸਰੀਰਕ ਜਾਮਾ ਤਿਆਗ ਚੁੱਕੀ ਇਕ ਆਜ਼ਾਦ ਰੂਹ ਹਾਂ।” ਜਦੋਂਕਿ ਸਿੱਖ ਸਿਧਾਂਤ ਤੇ ਇਤਿਹਾਸ ਦਾ ਹਰ ਇਕ ਵਿਦਿਆਰਥੀ ਇਸ ਗੱਲ ਨੂੰ ਭਲੀਭਾਂਤ ਜਾਣਦਾ ਹੈ ਕਿ ਸਿੱਖ ਧਰਮ ਅੰਦਰ ਮੌਤ ਤੋਂ ਬਾਅਦ ਮਨੁੱਖ ਦੁਆਰਾ ਦਿੱਤੇ ਜਾਣ ਵਾਲੇ ਕਿਸੇ ਵੀ ਪ੍ਰਕਾਰ ਦੇ ਕੋਈ ਬਿਆਨ ਆਦਿ ਦੀ ਕਿਸੇ ਹੋਂਦ ਨੂੰ ਪੂਰੀ ਤਰ੍ਹਾਂ ਅਸਵੀਕਾਰ ਕੀਤਾ ਗਿਆ ਹੈ। ਇਸ ਦੇ ਨਾਲ ਹੀ ਆਤਮਾ ਦੀ ਸਰੀਰ ਅੰਦਰ ਗ਼ੁਲਾਮੀ ਅਤੇ ਸਰੀਰ ਤੋਂ ਬਾਹਰ ਆਜ਼ਾਦੀ ਦੀ ਗੱਲ ਨੂੰ ਵੀ ਕੋਈ ਅਹਿਮੀਅਤ ਪ੍ਰਦਾਨ ਨਹੀਂ ਕੀਤੀ ਗਈ ਹੈ। ਸਿਧਾਂਤਕ ਤੌਰ ’ਤੇ ਕਿਸੇ ਪ੍ਰਕਾਰ ਦੇ ਇਤਿਹਾਸਕ ਬਿਰਤਾਂਤ ਦੀ ਇਸ ਤਰ੍ਹਾਂ ਪੇਸ਼ਕਾਰੀ ਕਰਨਾ ਹੀ ਗ਼ਲਤ ਮੰਨਿਆ ਜਾ ਸਕਦਾ ਹੈ। ਇਸੇ ਗ਼ਲਤੀ ਕਾਰਨ ਸਮੁੱਚੇ ਨਾਵਲ ਅੰਦਰ ਬੇਇੰਤਹਾ ਅਜਿਹੀਆਂ ਸਮੱਸਿਆਵਾਂ ਭਰੀਆਂ ਪਈਆਂ ਹਨ, ਜਿਨ੍ਹਾਂ ਦਾ ਜ਼ਿਕਰ ਅਸੀਂ ਅੱਗ ਚੱਲ ਕੇ ਵਿਸਥਾਰ ਸਹਿਤ ਕਰਨ ਦਾ ਯਤਨ ਕਰਾਂਗੇ।
ਨਾਵਲ ਦੀ ਆਰੰਭਤਾ ਕਰਦੇ ਹੋਏ ਨਾਵਲਕਾਰ ਬਾਬਾ ਬੰਦਾ ਸਿੰਘ ਬਹਾਦੁਰ ਬਾਰੇ ਕਈ ਅਜਿਹੇ ਵੇਰਵੇ ਦਰਜ਼ ਕਰਦਾ ਹੈ, ਜਿਨ੍ਹਾਂ ਦੀ ਇਤਿਹਾਸਕ ਰੂਪ ਵਿਚ ਅਜੇ ਤੱਕ ਕੋਈ ਪਛਾਣ ਨਹੀਂ ਕੀਤੀ ਗਈ। ਲੇਖਕ ਇਸ ਗੱਲੋਂ ਖ਼ੁਦ ਵੀ ਪੂਰੀ ਤਰ੍ਹਾਂ ਜਾਣੂੰ ਹੈ ਕਿ ਬੰਦਾ ਸਿੰਘ ਬਹਾਦੁਰ ਦੇ ਮੁੱਢਲੇ ਜੀਵਨ ਬਾਰੇ ਸਾਨੂੰ ਕੋਈ ਇਤਿਹਾਸਕ ਪ੍ਰਮਾਣ ਹਾਸਲ ਨਹੀਂ ਹੁੰਦਾ, ਫਿਰ ਵੀ ਉਹ ਕਈ ਅਜਿਹੀਆਂ ਘਟਨਾਵਾਂ ਨੂੰ ‘ਇਤਿਹਾਸਕਤਾ’ ਦਾ ਜਾਮਾ ਪਹਿਣਾਉਣ ਦਾ ਯਤਨ ਕਰਦਾ ਹੈ, ਜਿਨ੍ਹਾਂ ਨੂੰ ਬੰਦਾ ਸਿੰਘ ਬਹਾਦੁਰ ਬਾਰੇ ਹੁਣ ਤੱਕ ਲਿਖੀਆਂ ਗਈਆਂ ਮਹੱਤਵਪੂਰ ਪੁਸਤਕਾਂ ਅੰਦਰ ਕੋਈ ਥਾਂ ਨਹੀਂ ਦਿੱਤੀ ਗਈ। ਜਿਵੇਂਕਿ ਬੰਦਾ ਸਿੰਘ ਬਹਾਦੁਰ ਦਾ ਨਿੱਕੀ ਉਮਰੇ ਹੀ ਪਹਿਲਵਾਨੀ, ਘੋੜਸਵਾਰੀ, ਤਲਵਾਰਬਾਜ਼ੀ ਅਤੇ ਤੀਰ-ਅੰਦਾਜ਼ੀ ਕਰਦੇ ਹੋਏ, ਆਪਣੇ ਸਾਥੀਆਂ ਅੰਦਰ ਇਸ ਕਦਰ ਪ੍ਰਸਿੱਧ ਹੋ ਜਾਣਾ ਕਿ ਉਸੇ ਉਮਰੇ ਉਸ ਦੁਆਰਾ ਇਹ ਸੋਚ ਲੈਣਾ ਕੇ ਮੈਂ ਬੱਸ ‘ਸਾਰੇ ਮੁਗ਼ਲਾਂ ਨੂੰ ਮਾਰ ਦੇਣਾ ਚਾਹੁੰਦਾ ਹਾਂ।” ਅਜਿਹਾ ਉਹ ਆਪਣੇ ਪਿਤਾ ਦੀ ਮੌਤ ਅਤੇ ਪਿੰਡ ਵਾਸੀਆਂ ਦੇ ਕਤਲ ਦਾ ਬਦਲਾ ਲੈਣ ਲਈ ਆਖਦਾ ਹੈ, ਜਦੋਂਕਿ ਇਸ ਸੰਬੰਧੀ ਸਾਰੇ ਇਤਿਹਾਸਕਾਰ ਇਕਮੱਤ ਹਨ ਕਿ ਬੰਦਾ ਸਿੰਘ ਬਹਾਦੁਰ ਦੇ ਮੁੱਢਲੇ ਜੀਵਨ ਦਾ ਸਾਡੇ ਕੋਈ ਵੀ ਪ੍ਰਮਾਣ ਨਹੀਂ ਹੈ,ਫਿਰ ਵੀ ਮੁਗ਼ਲਾਂ ਪਾਸੋਂ ਬਦਲਾ ਲੈਣ ਵਾਲੀਆਂ ‘ਕਥਿਤ’ ਸੰਕਲਪਨਾਵਾਂ ਨੂੰ ਬੰਦਾ ਸਿੰਘ ਬਹਾਦੁਰ ਦੇ ਮੂੰਹੋਂ ਕਢਵਾ ਕੇ ਨਾਵਲਕਾਰ ਆਪਣੇ ਕਿਹੜੇ ਉਦੇਸ਼ਾਂ ਦੀ ਪੂਰਤੀ ਕਰਨੀ ਚਾਹੁੰਦਾ ਹੈ, ਇਸ ਦਾ ਪਤਾ ਸਾਨੂੰ ਨਾਵਲ ਅੰਦਰ ਅੱਗੇ ਵੱਧਦੇ ਹੋਏ ਖ਼ੁਦ-ਬ-ਖ਼ੁਦ ਲੱਗ ਜਾਂਦਾ ਹੈ।
ਇਸ ਨਾਵਲ ਵਿਚ ਲੇਖਕ ਨੇ ਬੰਦਾ ਸਿੰਘ ਬਹਾਦੁਰ ਨੂੰ ਨਿੱਕੀ ਉਮਰੇ ਹੀ ਪੰਜਾਬ ਦੇ ਲੋਕ ਗੀਤਾਂ ਅਤੇ ਸਭਿਆਚਾਰ ਦਾ ਜਾਣਕਾਰ ਦਰਸਾਇਆ ਹੈ, ਜਦੋਂਕਿ ਇਹ ਗੱਲ ਕੋਈ ਵੀ ਇਨਸਾਨ ਆਸਾਨੀ ਨਾਲ ਸਮਝ ਸਕਦਾ ਹੈ ਕਿ ਜਿਸ ਕਾਲ ਅਤੇ ਸਥਾਨ ਅੰਦਰ ਬਾਬਾ ਬੰਦਾ ਸਿੰਘ ਬਹਾਦੁਰ ਰਹਿ ਰਹੇ ਸਨ, ਉਸ ਸਥਾਨ ਤੇ ਸਮੇਂ ਵਿਚ ‘ਸੁੰਦਰ ਮੁੰਦਰੀਏ ਤੇਰਾ ਕੌਣ ਵਿਚਾਰਾ’ ਜਿਹੇ ਲੋਕ ਗੀਤ ਉਨ੍ਹਾਂ ਤੱਕ ਪੁੱਜਣੇ ਤੇ ਉਨ੍ਹਾਂ ਦਾ ਬੰਦਾ ਸਿੰਘ ਬਹਾਦੁਰ ਦੁਆਰਾ ਗਾਇਨ ਕਰਨਾ ਪੂਰੀ ਤਰ੍ਹਾਂ ਅਸੰਭਵ ਜਾਪਦਾ ਹੈ। ਇਸ ਗੱਲ ਨੂੰ ਅਸੀਂ ਅੱਜ ਆਪਣੇ ਉੱਪਰ ਢੁਕਾ ਕੇ ਆਸਾਨੀ ਨਾਲ ਸਮਝ ਸਕਦੇ ਹਾਂ। ਸਾਡੇ ਆਲ਼ੇ-ਦੁਆਲੇ ਹੁਸ਼ਿਆਰ ਤੋਂ ਹੁਸ਼ਿਆਰ ਬੱਚੇ ਜਾਂ ਜਵਾਨ ਤੱਕ ਨੂੰ ਜੰਮੂ-ਕਸ਼ਮੀਰ ਜਾਂ ਹੋਰਨਾਂ ਰਾਜਾਂ ਦੇ ਲੋਕ ਗੀਤਾਂ ਦਾ ਜ਼ੁਬਾਨੀ ਪਾਠ ਯਾਦ ਨਹੀਂ ਹੁੰਦਾ, ਜਦੋਂਕਿ ਸਾਡੇ ਪਾਸ ਅੱਜ ਹਰ ਪ੍ਰਕਾਰ ਸੰਚਾਰ ਸਾਧਨਾਂ ਦੀ ਬਹੁਤਾਤ ਵੀ ਮੌਜੂਦ ਹੈ। ਅਜਿਹੇ ਮੌਕੇ ਜਦੋਂ ਇਕ ਰਾਜ ਦੇ ਲੋਕਾਂ ਦਾ ਦੂਜੇ ਰਾਜ ਦੇ ਲੋਕਾਂ ਨਾਲ ਕੋਈ ਸਿੱਧਾ ਸੰਬੰਧ ਨਹੀਂ ਹੁੰਦਾ ਸੀ, ਉਸ ਮੌਕੇ ਬੰਦਾ ਸਿੰਘ ਬਹਾਦੁਰ ਦੁਆਰਾ ਆਪਣੇ ਬਚਪਨ ਵਿਚ ਆਪਣੇ ਹੀ ਮੂੰਹੋਂ ਇਹ ਆਖਣਾ ਕੇ ਮੈਂ ਸੁੰਦਰ ਮੁੰਦਰੀਏ ਜਿਹੇ ਗੀਤ ਸੁਣ ਕੇ ਮਾਨਸਿਕ ਰੂਪ ਵਿਚ ਭਟਕਣ ਲੱਗ ਜਾਂਦਾ ਸੀ, ਆਪਣੇ-ਆਪ ਵਿਚ ਬੇਹੱਦ ਹੋਛੀ ਜਿਹੀ ਗੱਲ ਜਾਪਦੀ ਹੈ। ਅਜਿਹਾ ਹੀ ਹੋਛਾਪਣ ਲੇਖਕ ਉਸ ਮੌਕੇ ਪ੍ਰਗਟ ਕਰਦਾ ਹੈ, ਜਦੋਂ ਉਹ ਮਰਾਠਾ ਗੁਰੂ ਰਾਮਦਾਸ ਦੇ ਮੁੱਖ ਵਿਚੋਂ ਬੰਦਾ ਸਿੰਘ ਬਹਾਦੁਰ ਨੂੰ ਚੜ੍ਹਦੀ ਉਮਰੇ ਇਹ ਉਪਦੇਸ਼ ਦਿੰਦੇ ਹੋਏ ਦਿਖਾਉਂਦਾ ਹੈ ਕਿ, ਮੁਗ਼ਲ ਬਘਿਆੜਾਂ ਨੂੰ ਮਾਰਨਾ ਭਾਰਤ ਮਾਤਾ ਦੇ ਸੂਰਬੀਰ ਯੋਧਿਆਂ ਦਾ ਫ਼ਰਜ਼ ਹੈ, ਇਸ ਨੂੰ ਗ਼ੁਨਾਹ ਨਹੀਂ ਆਖਦੇ।” ਇੱਥੇ ਲੇਖਕ ਸ਼ਾਇਦ ਇਹ ਭੁੱਲ ਜਾਂਦਾ ਹੈ ਕਿ ‘ਭਾਰਤ ਮਾਤਾ’ ਨੂੰ ਬਚਾਉਣ ਦੀ ਜਿਹੜੀ ਗੱਲ ਉਹ ਗੁਰੂ ਰਾਮਦਾਸ ਦੇ ਹਵਾਲੇ ਨਾਲ ਬੰਦਾ ਬਹਾਦੁਰ ਦੇ ਮੂੰਹ ਵਿਚੋਂ ਕਢਵਾ ਰਿਹਾ ਹੈ, ਉਹ ਵੀਹਵੀਂ ਸਦੀ ਦੌਰਾਨ ਉੱਭਰਨ ਵਾਲੀ ਇਕ ਸੰਕੀਰਨ ਰਾਜਸੀ ਸੰਕਲਪਨਾ ਤੋਂ ਵੱਧ ਹੋਰ ਕੁਝ ਨਹੀਂ ਹੈ। ਜਿਸ ਮੌਕੇ ਬੰਦਾ ਸਿੰਘ ਬਹਾਦੁਰ ਇਸ ਸੰਸਾਰ ਵਿਚ ਵਿਚਰ ਰਹੇ ਸਨ, ਉਸ ਦੌਰਾਨ ਭਾਰਤ ਮਾਤਾ ਜਿਹੀ ਕਿਸੇ ਵੀ ਗੱਲ ਦਾ ਹੋਂਦ ਵਿਚ ਹੋਣਾ ਸਵੀਕਾਰ ਕਰਨਾ ਹੀ ਕਿਸੇ ਲੇਖਕ ਦੀ ਇਤਿਹਾਸਕ ਸਮਝ ਉੱਪਰ ਵੱਡਾ ਸਵਾਲੀਆ ਚਿੰਨ੍ਹ ਲਗਾਉਂਦਾ ਹੈ।
ਸਭ ਤੋਂ ਵੱਡੀ ਤੇ ਅਹਿਮ ਗੱਲ ਇਸ ਨਾਵਲ ਦੀ ਇਹ ਵੀ ਹੈ ਕਿ ਨਾਵਲਕਾਰ ਨੇ ਬਗ਼ੈਰ ਕਿਸੇ ਇਤਿਹਾਸਕ ਪ੍ਰਮਾਣ ਦੇ ਇਸ ਗੱਲ ਨੂੰ ਬੰਦਾ ਸਿੰਘ ਬਹਾਦੁਰ ਦੇ ਮੁੱਖ ਤੋਂ ਕਢਵਾਇਆ ਹੈ ਕਿ ਉਹ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲਣ ਤੋਂ ਪਹਿਲਾਂ ਮਰਾਠਾ ਫ਼ੌਜ਼ ਵਿਚ ਇਕ ਨਾਮਵਾਰ ਲੜਾਕੂ ਦੇ ਰੂਪ ਵਿਚ ਸ਼ਾਮਲ ਹੋ ਚੁੱਕਾ ਸੀ। ਆਪਣੀ ਇਸ ਗ਼ੈਰ-ਇਤਿਹਾਸਕ ਕਲਪਨਾ ਨੂੰ ਇਤਿਹਾਸਕਤਾ ਦਾ ਜਾਮਾ ਪਹਿਨਾਉਣ ਦੀ ਕੋਸ਼ਿਸ਼ ਕਰਦਾ ਹੋਇਆ ਨਾਵਲਕਾਰ ਇਹ ਦਾਅਵਾ ਕਰਦਾ ਹੈ ਕਿ ਉਸ ਨੇ ਮਰਾਠਾ ਸਾਹਿੱਤ ਦੇ ਅਧਿਐਨ ਦੌਰਾਨ ਇਹ ਗੱਲ ਮਹਿਸੂਸ ਕੀਤੀ ਸੀ ਕਿ ਬੰਦਾ ਸਿੰਘ ਬਹਾਦੁਰ ਜ਼ਰੂਰ ਮਰਾਠਾ ਫ਼ੌਜ਼ ਦਾ ਇਕ ਅੰਗ ਰਿਹਾ ਹੋਵੇਗਾ, ਹਾਲਾਂਕਿ ਇਸ ਗੱਲ ਦਾ ਕੋਈ ਵੀ ਇਤਿਹਾਸਕ ਹਵਾਲਾ ਸਾਨੂੰ ਅੱਜ ਤੱਕ ਨਹੀਂ ਮਿਲਦਾ ਕੇ ਵਾਕਈ ਕਦੀ ਅਜਿਹਾ ਵਾਪਰਿਆ ਸੀ, ਪਰ ਕਿਉਂਕਿ ਨਾਵਲਕਾਰ ਨੇ ਆਪਣੀਆਂ ਮਨਘੜਤ ਸਥਾਪਨਾਵਾਂ ਨੂੰ ਇਤਿਹਾਸਕਤਾ ਦਾ ਜਾਮਾ ਪਹਿਨਾਉਣ ਦੀ ਠਾਣੀ ਹੋਈ ਹੈ, ਇਸ ਲਈ ਉਹ ਬੰਦਾ ਸਿੰਘ ਬਹਾਦੁਰ ਦੇ ਰਾਹੀਂ ਹੀ ਇਸ ਗੱਲ ਨੂੰ ਉਭਾਰਨ ਦਾ ਯਤਨ ਕਰਦਾ ਹੈ ਕਿ ਉਸ ਨੂੰ ਮਰਾਠਾ ਸਰਦਾਰਾਂ ਨੇ ਇਕ ਨਿਪੁੰਨ ਤੇ ਸਰਵ-ਸ਼੍ਰੇਸ਼ਠ ਜੰਗਜੂ ਦੀ ਮਾਨਤਾ ਦਿੱਤੀ ਹੋਈ ਸੀ, ਜਿਸ ਦਾ ਆਦਰਸ਼ ਮਹਾਰਾਣਾ ਪ੍ਰਤਾਪ ਸੀ। ਇਸ ਲਈ ਇਸੇ ਮਾਨਤਾ ਦੇ ਕਾਰਨ ਹੀ ਉਸ ਨੇ ਪੰਜਾਬ ਵਿਚ ਆ ਕੇ ਆਪਣੀਆਂ ਮਹੱਤਵਪੂਰਨ ਜਿੱਤਾਂ ਹਾਸਲ ਕੀਤੀਆਂ ਸਨ।
ਜਿਸ ਸਮੇਂ ਬੰਦਾ ਸਿੰਘ ਬਹਾਦੁਰ ਗੁਰੂ ਗੋਬਿੰਦ ਸਿੰਘ ਜੀ ਨੂੰ ਨਾਂਦੇੜ ਵਿਖੇ ਮਿਲਦੇ ਹਨ, ਉਸ ਮੌਕੇ ਦਾ ਕੋਈ ਵੀ ਸਮਕਾਲੀ ਇਤਿਹਾਸਕ ਹਵਾਲਾ ਸਾਡੇ ਪਾਸ ਨਾ ਹੋਣ ਦੇ ਬਾਵਜੂਦ ਵੀ ਨਾਵਲਕਾਰ ਇਹ ਦਾਅਵਾ ਕਰਦਾ ਹੈ ਕਿ ਭਾਈ ਦਇਆ ਸਿੰਘ ਅਤੇ ਭਾਈ ਧਰਮ ਸਿੰਘ ਦੇ ਰਾਹੀਂ ਖ਼ੁਦ ਗੁਰੂ ਗੋਬਿੰਦ ਸਿੰਘ ਜੀ ਨੇ ਬੰਦਾ ਸਿੰਘ ਬਹਾਦੁਰ ਨੂੰ ਆਪਣੇ ਕੋਲ ਬੁਲਾਇਆ ਸੀ। ਇਸ ਦਾ ਕਾਰਨ ਬਿਆਨਦੇ ਹੋਏ ਉਹ ਬੰਦਾ ਸਿੰਘ ਬਹਾਦੁਰ ਦੇ ਰਾਹੀਂ ਆਖਦਾ ਹੈ ਕਿ ਰਾਜਪੂਤਾਂ ਤੋਂ ਮਾਯੂਸ ਹੋ ਕੇ ਮੇਰੇ ਬਾਰੇ ਜਾਣਨ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣੇ ਮਕਸਦ ਦੀ ਪੂਰਤੀ ਦੀ ਆਸ ਮੁੜ ਬੱਝੀ ਸੀ। ਉਹ ਆਪਣੇ ਜਾਨੀ ਦੁਸ਼ਮਣ ਸਰਹਿੰਦ ਦੇ ਫ਼ੌਜਦਾਰ ਵਜ਼ੀਰ ਖਾਨ ਨੂੰ ਸਜ਼ਾ ਦੇਣੀ ਚਾਹੁੰਦੇ ਸਨ ਤੇ ਇਸ ਕੰਮ ਲਈ ਉਨ੍ਹਾਂ ਨੂੰ ਮੇਰੀ ਸਹਾਇਤਾ ਦੀ ਲੋੜ ਸੀ। ਇਸ ਲੋੜ ਦੇ ਕਾਰਨ ਹੀ ਗੁਰੂ ਗੋਬਿੰਦ ਸਿੰਘ ਨਾਂਦੇੜ ਵਿਖੇ ਅਨੇਕਾਂ ਵਾਰ ਬਿਨਾਂ ਕਿਸੇ ਕਾਰਨ ਦੇ ਉਤੇਜਨਾ ਤੇ ਗ਼ੁੱਸੇ ਵਿਚ ਆਉਂਦੇ ਹੋਏ ਮੈਂ ਕਈ ਵਾਰ ਦੇਖੇ ਸਨ, ਅਜਿਹਾ ਦਾਅਵਾ ਵੀ ਨਾਵਲਕਾਰ ਬੰਦਾ ਸਿੰਘ ਬਹਾਦੁਰ ਦੇ ਰਾਹੀਂ ਕਰਵਾਉਂਦਾ ਸਾਹਮਣੇ ਆਉਂਦਾ ਹੈ। ਉਸ ਦਾ ਇਹ ਵੀ ਦਾਅਵਾ ਹੈ ਕਿ ਬਹੁਤੇ ਸਿੱਖ ਗੁਰੂ ਗੋਬਿੰਦ ਸਿੰਘ ਜੀ ਨੂੰ ਕਰਾਮਾਤੀ ਅਤੇ ਚਮਤਕਾਰੀ ਸਮਝ ਕੇ ਉਨ੍ਹਾਂ ਨਾਲ ਜੁੜੇ ਸਨ ਤੇ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਗੁਰੂ ਕੋਈ ਸ਼ਕਤੀ ਨਹੀਂ ਹੈ ਤਾਂ ਉਹ ਉਨ੍ਹਾਂ ਤੋਂ ਕਿਨਾਰਾ ਕਰ ਗਏ। ਨਾਵਲਕਾਰ ਦਾ ਆਖਣਾ ਹੈ ਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਇਲਮ ਹੋਇਆ ਕਿ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਸਰਕਾਰੀ ਦਬਾਅ ਵੱਧਦਾ ਜਾ ਰਿਹਾ ਸੀ ਤਾਂ ਉਹ ਰਾਜਪੂਤਾਨੇ ਤੋਂ ਦੱਖਣ ਵੱਲ ਖ਼ੁਦ ਹੀ ਔਰੰਗਜ਼ੇਬ ਨੂੰ ਮਿਲਣ ਲਈ ਤੁਰ ਪਏ ਸਨ। ਉਨ੍ਹਾਂ ਕੋਲ ਹੋਰ ਕੋਈ ਚਾਰਾ ਵੀ ਨਹੀਂ ਸੀ। ਗੁਰੂ ਗੋਬਿੰਦ ਸਿੰਘ ਜੀ ਦਾ ਖ਼ਿਆਲ ਸੀ ਕਿ ਔਰਗੰਜ਼ੇਬ ਕੋਲ ਗ੍ਰਿਫ਼ਤਾਰੀ ਤੋਂ ਪਹਿਲਾਂ ਪੇਸ਼ ਹੋ ਕੇ ਸ਼ਾਇਦ ਕੋਈ ਸਮੱਸਿਆ ਦਾ ਹੱਲ ਕੱਢਿਆ ਜਾ ਸਕੇ ਤੇ ਬਾਦਸ਼ਾਹ ਦੇ ਕ੍ਰੋਧ ਨੂੰ ਸ਼ਾਂਤ ਕੀਤਾ ਜਾ ਸਕੇ। ਨਾਵਲਕਾਰ ਨੇ ਔਰੰਗਜ਼ੇਬ ਦੀ ਮੌਤ ਤੋਂ ਬਾਅਦ ਉਸ ਦੇ ਪੁੱਤਰ ਮੁਅੱਜ਼ਮ ਪਾਸ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣੇ ਪੁੱਤਰਾਂ ਦੇ ਕਾਤਲ ਵਜ਼ੀਰ ਖ਼ਾਨ ਖ਼ਿਲਾਫ਼ ਕੋਈ ਕਾਰਵਾਈ ਕਰਨ ਲਈ ਅਨੇਕਾਂ ਵਾਰ ਤਰਲੇ ਜਿਹੇ ਕਰਦਾ ਹੋਇਆ ਵੀ ਦਿਖਾਇਆ ਹੈ। ਉਸ ਦਾ ਕਹਿਣਾ ਹੈ ਕਿ ਇਸ ਮੰਗ ਲਈ ਉਹ ਮੁਅੱਜ਼ਮ ਦੇ ਨਾਲ-ਨਾਲ ਹੀ ਜਿੱਧਰ ਉਹ ਜਾਂਦਾ ਸੀ, ਉੱਧਰ ਚੱਲਦੇ ਰਹਿੰਦੇ ਸਨ ਤੇ ਜਿੱਥੇ ਵੀ ਮੌਕਾ ਮਿਲਦਾ ਆਪਣੀ ਮੰਗ ਰੱਖ ਦਿੰਦੇ। ਉਸ ਮੁਤਾਬਿਕ ਗੁਰੂ ਗੋਬਿੰਦ ਸਿੰਘ ਜੀ ਦੇ ਇਸ ਵਿਵਹਾਰ ਕਾਰਨ ਹੀ ਬਾਦਸ਼ਾਹ ਨੇ ਸਰਹਿੰਦ ਦੇ ਫ਼ੌਜ਼ਦਾਰ ਪਾਸੋਂ ਉਨ੍ਹਾਂ ਲਈ ਘੋੜਸਵਾਰਾਂ ਦੀ ਮਦਦ ਹਿਤ ਜਾਗੀਰ ਲਗਵਾ ਦਿੱਤੀ ਤੇ ਨਾਲ ਹੀ ਵਜ਼ੀਰ ਖ਼ਾਨ ਨੂੰ ਹੁਕਮ ਕੀਤਾ ਕਿ ਉਹ ਗੁਰੂ ਗੋਬਿੰਦ ਸਿੰਘ ਨੂੰ 300 ਰੁਪਏ ਮਹੀਨਾ ਡੰਨ ਭਰਿਆ ਕਰੇਗਾ। ਇਹੀ ਨਹੀਂ ਨਾਵਲਕਾਰ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਦੀਵਾਨ ਸੁੱਚਾ ਨੰਦ, ਜਾਨੀ ਖਾਨ, ਮਾਨੀ ਖਾਨ, ਬਜਵਾੜੇ ਦੇ ਸ਼ਮਸ ਖਾਨ, ਜਲੰਧਰ ਦੇ ਮਕੱਰਰਮ ਖਾਨ ਤੇ ਲਾਹੌਰ ਦੇ ਦਿਵਾਨ ਖਾਨ ਆਦਿ ਆਪਣੇ ਹੋਰਨਾਂ ਵੈਰੀਆਂ ਖ਼ਿਲਾਫ਼ ਵੀ ਬਾਦਸ਼ਾਹ ਪਾਸੋਂ ਕਾਰਵਾਈ ਕਰਨ ਦੀ ਮੰਗ ਕਰਿਆ ਕਰਦੇ ਸੀ। ਇਸ ਮੌਕੇ ਗੁਰੂ ਗੋਬਿੰਦ ਸਿੰਘ ਜੀ ਦੀ ਹਾਲਤ ਏਨੀ ਮਾੜੀ ਹੋ ਚੁੱਕੀ ਸੀ ਕਿ ਉਹ ਮਰਹੱਟਿਆਂ ਨਾਲ ਵੀ ਦੁਸ਼ਮਣੀ ਨਹੀਂ ਲੈਣੀ ਚਾਹੁੰਦੇ ਸਨ। ਇਸ ਲਈ ਨਾਵਲਕਾਰ ਦਾ ਮੰਨਣਾ ਹੈ ਕਿ ਗੁਰੂ ਸਾਹਿਬ ਬਾਦਸ਼ਾਹ ਦੀ ਜਾਗੀਰ ਲੈ ਕੇ ਉਸ ਦੇ ਨੌਕਰ ਹੋ ਗਏ ਸੀ।
ਜਿਸ ਵਕਤ ਗੁਰੂ ਸਾਹਿਬ ਨਾਲ ਆਪਣੀਆਂ ਰਣਨੀਤੀਆਂ ਸੰਬੰਧੀ ਬੰਦਾ ਸਿੰਘ ਬਹਾਦੁਰ ਦੀ ਮੁਲਾਕਾਤ ਹੁੰਦੀ ਹੈ, ਉਸ ਘਟਨਾ ਦਾ ਜ਼ਿਕਰ ਕਰਦੇ ਹੋਏ ਨਾਵਲਕਾਰ ਦੇ ਸ਼ਬਦਾਂ ਨੂੰ ਬੰਦਾ ਸਿੰਘ ਬਹਾਦੁਰ ਦੇ ਮੂੰਹੋਂ ਇਸ ਪ੍ਰਕਾਰ ਕਢਵਾਇਆ ਗਿਆ ਹੈ:
“ਮਾਫ਼ ਕਰਨਾ! ਇਸ ਵਿਚ ਮੈਂ ਤੁਹਾਡੀ ਕੋਈ ਮਦਦ ਨਹੀਂ ਕਰ ਸਕਦਾ। ਨਾ ਹੀ ਮੇਰੇ ਕੋਲ ਚੇਲਿਆਂ ਦੀ ਐਨੀ ਫ਼ੌਜ਼ ਹੈ ਕਿ ਉਹ ਮੈਂ ਬਾਦਸ਼ਾਹ ਨਾਲ ਟੱਕਰ ਲੈ ਸਕਾਂ…ਵੈਸੇ ਵੀ ਇਹ ਤੁਹਾਡੀ ਨਿੱਜੀ ਦੁਸ਼ਮਣੀ ਹੈ। ਤੁਸੀਂ ਇਸ ਨਾਲ ਆਪ ਹੀ ਨਜਿੱਠੋ। ਮੈਨੂੰ ਇਸ ਅੱਗ ਵਿਚ ਕਿਉਂ ਝੋਕਦੇ ਹੋ?”
ਇਸੇ ਗੱਲ ਨੂੰ ਅੱਗੇ ਤੋਰਦੇ ਉਹ ਆਖਦਾ ਹੈ ਕਿ ਜੇਕਰ ਮੈਂ (ਬੰਦਾ ਸਿੰਘ ਬਹਾਦੁਰ) ਗੁਰੂ ਗੋਬਿੰਦ ਸਿੰਘ ਦਾ ਸਾਥ ਦਿੰਦਾ ਤਾਂ ਇਸ ਵਿਚ ਮੇਰਾ ਹੀ ਨੁਕਸਾਨ ਸੀ। ਇੱਥੇ ਹੀ ਬੱਸ ਨਹੀਂ ਉਹ ਇਹ ਵੀ ਦਾਅਵਾ ਕਰਦਾ ਹੈ ਕਿ ਨਾਂਦੇੜ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖਾਂ ਨੂੰ ਗ਼ਲਤ ਸ਼ਸਤਰ ਚਲਾਉਂਦੇ ਹੋਏ ਦੇਖ ਕੇ ਮੈਨੂੰ ਬਹੁਤ ਦੁੱਖ ਹੁੰਦਾ ਤੇ ਕਦੀ-ਕਦੀ ਮੈਂ ਉਨ੍ਹਾਂ ਨੂੰ ਸਹੀ ਹਥਿਆਰ ਚਲਾਉਣ ਦੀ ਸਿੱਖਿਆ ਵੀ ਦਿੰਦਾ ਸੀ।
ਆਪਣੀ ਇਸ ਰਚਨਾ ਅੰਦਰ ਨਾਵਲਕਾਰ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਮੁੱਖ ਤੋਂ ਵੀ ਇਹ ਅਖਵਾਇਆ ਹੈ ਕਿ, “ਮੈਂ ਮੁਗ਼ਲਾਂ ਤੋਂ ਆਜ਼ਾਦੀ ਚਾਹੁੰਦਾ ਹਾਂ।” ਇਸ ਦੇ ਨਾਲ ਹੀ ਇਹ ਵੀ ਬਿਆਨ ਕੀਤਾ ਗਿਆ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਮੇਰੇ ਬਾਰੇ ਸਭ ਕੁਝ ਜਾਣਦੇ ਹੋਏ ਇਹ ਆਖਿਆ ਸੀ ਕਿ, “ਜੇਕਰ ਇਹ ਬੰਦਾ ਸਿੱਖ ਕੌਮ ਨੂੰ ਮਿਲ ਜਾਵੇ ਤਾਂ ਹਿੰਦੁਸਤਾਨ ਦਾ ਇਤਿਹਾਸ ਬਦਲ ਜਾਵੇਗਾ।” ਹਾਲਾਂਕਿ ਨਾਵਲਕਾਰ ਦਾ ਕਹਿਣਾ ਹੈ ਕਿ ਬੰਦਾ ਸਿੰਘ ਬਹਾਦੁਰ ਇਸ ਮੌਕੇ ਗੁਰੂ ਸਾਹਿਬ ਨੂੰ ਇੰਝ ਆਖਦਾ ਸੀ ਕਿ, “ਮੈਨੂੰ ਤੁਹਾਡੀ ਮਿੱਤਰਤਾ ਦੀ ਕੋਈ ਜ਼ਰੂਰਤ ਨਹੀਂ। ਤੁਸੀਂ ਮੈਨੂੰ ਮੁਗ਼ਲ ਹਕੂਮਤ ਖ਼ਿਲਾਫ਼ ਭੜਕਾ ਰਹੇ ਹੋ ਤੇ ਖ਼ੁਦ ਤੁਸੀਂ ਮੁਗ਼ਲ ਬਾਦਸ਼ਾਹ ਦਾ ਜੰਗ ਵਿਚ ਸਾਥ ਦਿੱਤਾ ਹੈ ਤੇ ਹੁਣ ਦੱਖਣੀ ਤਾਕਤਾਂ ਦੀ ਬਗ਼ਾਵਤ ਨੂੰ ਦਬਾਉਣ ਲਈ ਉਸ ਨਾਲ ਇੱਥੇ ਨਾਂਦੇੜ ਤੱਕ ਆਏ ਹੋ!...ਮਿਹਰਬਾਨੀ ਕਰਕੇ ਤੁਸੀਂ ਚਲੇ ਜਾਓ ਤੇ ਮੁੜ ਕੇ ਮੇਰੇ ਮੱਠ ਦੀ ਅਮਨ-ਸ਼ਾਂਤੀ ਭੰਗ ਕਰਨ ਕਦਾਚਿੱਤ ਇੱਧਰ ਨਾ ਆਉਣ।” ਨਾਵਲਕਾਰ ਮੁਤਾਬਿਕ ਬੰਦਾ ਸਿੰਘ ਬਹਾਦੁਰ ਆਖਦਾ ਹੈ ਕਿ ਮੇਰੀ ਇਹ ਗੱਲ ਸੁਣ ਕੇ ਗੁਰੂ ਗੋਬਿੰਦ ਸਿੰਘ ਜੀ ਇਕ ਵਾਰ ਮੁੜ ਨਿਰਾਂਸ ਹੋ ਕੇ ਉੱਥੋਂ ਚਲੇ ਗਏ, ਪਰ ਉਨ੍ਹਾਂ ਦਾ ਆਉਣਾ ਬੰਦ ਨਾ ਹੋਇਆ। ਇਕ ਦਿਨ ਉਹ ਫਿਰ ਆਏ ਤੇ ਉਨ੍ਹਾਂ ਕਿਹਾ ਕਿ, ਜੇਕਰ ਤੂੰ ਇਸ ਸਮੇਂ ਇਸ ਜੰਗ ਦਾ ਮੋਹਰੀ ਬਣ ਗਿਆ ਤਾਂ ਇਤਿਹਾਸ ਵਿਚ ਤੇਰਾ ਨਾਮ ਸੁਨਿਹਰੀ ਅੱਖਰਾਂ ਨਾਲ ਲਿਖਿਆ ਜਾਵੇਗਾ।” ਅਜਿਹਾ ਆਖਣ ਦੀ ਵਜ੍ਹਾ ਦੱਸਦੇ ਹੋਏ ਲਿਖਿਆ ਗਿਆ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਮੰਨਣਾ ਸੀ ਕਿ ਤੁਹਾਨੂੰ ਮਰਾਠਿਆਂ ਨਾਲ ਰਹਿ ਕੇ ਜੰਗਾਂ ਲੜਨ ਦਾ ਕਾਫ਼ੀ ਤਜ਼ਰਬਾ ਹੈ ਤੇ ਅਸੀਂ ਤੁਹਾਡੇ ਤਜ਼ਰਬੇ ਦਾ ਲਾਹਾ ਖੱਟਣਾ ਚਾਹੁੰਦੇ ਹਾਂ।…ਜੇਕਰ ਤੁਸੀਂ ਅਜਿਹਾ ਕਰਦੇ ਹੋ ਤਾਂ ਖ਼ਾਲਸਾ ਰਾਜ ਦੇ ਪਹਿਲੇ ਬਾਦਸ਼ਾਹ ਤੁਸੀਂ ਹੋਵੋਗੇ। ਰਾਜ ਕਰੇਗਾ ਖ਼ਾਲਸਾ, ਆਕੀ ਰਹੇ ਨਾ ਕੋਇ।” ਇੱਥੇ ਆ ਕੇ ਨਾਵਲਕਾਰ ਆਪਣੀ ਕੱਚ-ਘਰੜ ਲੇਖਣੀ ਦੀ ਇਕ ਹੋਰ ਪੁਖ਼ਤਗੀ ਪ੍ਰਦਾਨ ਕਰਦਾ ਹੋਇਆ, ਗੁਰੂ ਗੋਬਿੰਦ ਸਿੰਘ ਜੀ ਦੀ ਮੌਤ ਤੋਂ ਬਾਅਦ ਲਿਖੀਆਂ ਗਈਆਂ ਪੰਕਤੀਆਂ ਨੂੰ, ਗੁਰੂ ਗੋਬਿੰਦ ਸਿੰਘ ਜੀ ਦੇ ਮੂੰਹੋਂ ਹੀ ਕਢਵਾਉਂਦਾ ਹੈ।
ਨਾਵਲਕਾਰ ਸਿਰਫ਼ ਗ਼ਲਤ ਇਤਿਹਾਸ ਹੀ ਨਹੀਂ ਦਰਜ ਕਰ ਰਿਹਾ, ਬਲਕਿ ਉਹ ਸਿੱਖ ਇਤਿਹਾਸ ਦਾ ਮਜ਼ਾਕ ਵੀ ਬੜੀ ਬੇਸ਼ਰਮੀ ਨਾਲ ਬਣਾਉਂਦਾ ਹੋਇਆ ਸਾਹਮਣੇ ਆਉਂਦਾ ਹੈ। ਉਸ ਮੁਤਾਬਿਕ ਜਿਸ ਮੌਕੇ ਗੁਰੂ ਗੋਬਿੰਦ ਸਿੰਘ ਜੀ ਬੰਦਾ ਸਿੰਘ ਬਹਾਦੁਰ ਨੂੰ ਅੰਮਿਤ ਛਕਾਉਣ ਦੀ ਤਿਆਰੀ ਕਰ ਰਹੇ ਸਨ, ਉਸ ਸਮੇਂ ਉਨ੍ਹਾਂ ਅਤੇ ਦਰਬਾਰੀ ਕਵੀ ਸੈਨਾਪਤਿ ਦਰਮਿਆਨ ਇਸ ਤਰ੍ਹਾਂ ਗੱਲਬਾਤ ਹੋਈ ਸੀ:
ਸੈਨਾਪਤਿ ਜੀ, ਮੈਨੂੰ ਤਾਂ ਨੀ ਲੱਗਦਾ ਅੰਮਿਤਧਾਰੀ ਸਿੱਖਾਂ ’ਤੇ ਪਤਾਸਿਆਂ ਦਾ ਕੋਈ ਅਸਰ ਹੁੰਦਾ ਹੋਵੇਗਾ?” ਮੈਂ (ਬੰਦਾ ਸਿੰਘ ਬਹਾਦੁਰ) ਨੇ ਵਿਅੰਗ ਕਸਿਆ।
ਸੈਨਾਪਤਿ ਮੇਰੇ ਵੱਲ ਹੈਰਾਨੀ ਨਾਲ ਝਾਕਿਆ- “ਕੀ ਮਤਲਬ ਹੈ ਤੁਹਾਡਾ?”
“ਪਤਾਸੇ ਛੱਡ ਗੁੜ ਦੀਆਂ ਭੇਲੀਆਂ ਪਾ ਲਓ। ਸਿੱਖਾਂ ਨੇ ਕਦੇ ਆਪਸ ਵਿਚ ਲੜਨੋਂ ਨਹੀਂ ਹੱਟਣਾ।” ਬੰਦਾ ਸਿੰਘ ਬਹਾਦੁਰ ਨੇ ਕਿਹਾ।
ਇਸ ਦੇ ਨਾਲ ਹੀ ਬੰਦਾ ਸਿੰਘ ਬਹਾਦੁਰ ਨੂੰ ਇਹ ਮੰਨਦੇ ਹੋਏ ਦਿਖਾਇਆ ਗਿਆ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਭਲੀਭਾਂਤ ਜਾਣਦੇ ਸਨ ਕਿ ਪੰਜਾਬ ਵਿਚ ਸਿੱਖਾਂ ਦੀ ਮਾਰ ਦਾ ਕਾਰਨ ਉਨ੍ਹਾਂ ਦੀ ਘੱਟ-ਗਿਣਤੀ ਸੀ ਤੇ ਹਾਰ ਦੀ ਵਜ੍ਹਾ ਉਨ੍ਹਾਂ ਦਾ ਸ਼ਸਤਰ ਵਿੱਦਿਆ ਵਿਚ ਅਣਸਿੱਖਿਅਤ ਹੋਣਾ ਸੀ।
ਇਤਿਹਾਸਕ ਰੂਪ ਵਿਚ ਇਹ ਗੱਲ ਪ੍ਰਮਾਣਿਤ ਹੁੰਦੀ ਹੈ ਕਿ ਜਿਸ ਵਕਤ ਬਾਬਾ ਬੰਦਾ ਸਿੰਘ ਬਹਾਦੁਰ ਨਾਂਦੇੜ ਤੋਂ ਪੰਜਾਬ ਵੱਲ ਤੁਰਦੇ ਹਨ ਤਾਂ ਰਾਹ ਵਿਚ ਉਨ੍ਹਾਂ ਨਾਲ ਇਕ ਥਾਂ’ਤੇ ਕੁਝ ਲੁਟੇਰੀ ਬਿਰਤੀ ਵਾਲੇ ਵਿਅਕਤੀ ਇਸ ਉਦੇਸ਼ ਨਾਲ ਰਲ਼ ਜਾਂਦੇ ਹਨ ਕਿ ਉਨ੍ਹਾਂ ਨੂੰ ਲੁੱਟਣ ਵਿਚ ਹੁਣ ਸਰਲਤਾ ਪ੍ਰਾਪਤ ਹੋਵੇਗੀ, ਪਰ ਜਿਉਂ ਹੀ ਬੰਦਾ ਸਿੰਘ ਬਹਾਦੁਰ ਨੂੰ ਇਨ੍ਹਾਂ ਲੋਕਾਂ ਬਾਰੇ ਪਤਾ ਲੱਗਦਾ ਹੈ, ਉਹ ਆਪਣੇ ਦਲ ਵਿਚੋਂ ਇਨ੍ਹਾਂ ਨੂੰ ਸਖ਼ਤੀ ਨਾਲ ਬਾਹਰ ਕੱਢ ਦਿੰਦੇ ਹਨ, ਪਰ ਇਸ ਨਾਵਲ ਵਿਚ ਨਾਵਲਕਾਰ ਖ਼ੁਦ ਬੰਦਾ ਸਿੰਘ ਬਹਾਦੁਰ ਦੇ ਰਾਹੀਂ ਇਹ ਸਥਾਪਨਾ ਕਰਦਾ ਹੈ ਕਿ ਸਾਨੂੰ ਇਕੱਤਰ ਹੋਈ ਫ਼ੌਜ਼ ਲਈ ਲੰਗਰ ਦਾ ਪ੍ਰਬੰਧ ਕਰਨ ਖ਼ਾਤਰ ਕਿਧਰੇ ਨਾ ਕਿਧਰੇ ਲੁੱਟਮਾਰ ਤਾਂ ਕਰਨੀ ਹੀ ਪੈਣੀ ਸੀ। ਜਿਸ ਦਾ ਸਪਸ਼ਟ ਅਰਥ ਇਹ ਨਿੱਕਲਦਾ ਹੈ ਕਿ ਬੰਦਾ ਸਿੰਘ ਬਹਾਦੁਰ ਆਪਣੀ ਭੌਤਿਕ ਲੋੜਾਂ ਦੀ ਪੂਰਤੀ ਲਈ ਲੁੱਟਾਂ-ਖੋਹਾਂ ਦਾ ਤਰੀਕਾ ਅਪਣਾਉਂਦਾ ਸੀ, ਜਦੋਂ ਕਿ ਅਸਲੀਅਤ ਇਸ ਤੋਂ ਕੋਹਾਂ ਦੂਰ ਹੈ।
ਇਹੀ ਨਹੀਂ, ਬੰਦਾ ਸਿੰਘ ਬਹਾਦੁਰ ਦੀ ਜ਼ੁਬਾਨੀ ਨਾਵਲਕਾਰ ਵਜ਼ੀਰ ਖ਼ਾਨ ਦੇ ਸ਼ਬਦਾਂ ਨੂੰ ਵੀ ਇਸ ਤਰ੍ਹਾਂ ਬਿਆਨ ਕਰਦਾ ਹੈ- ਜਿਵੇਂ ਤੁਹਾਡੇ ਗੁਰੂ ਨੂੰ ਪੰਜਾਬ ਵਿਚੋਂ ਭਜਾਇਆ ਸੀ, ਉਵੇਂ ਸਾਧਾ ਤੈਨੂੰ ਭਜਾਉਂ।” ਇਸ ਗੱਲ ਨੂੰ ਕੋਈ ਵੀ ਸਾਧਾਰਨ ਇਨਸਾਨ ਬਾਖ਼ੂਬੀ ਸਮਝ ਸਕਦਾ ਹੈ ਕਿ ਜਦੋਂ ਅਸੀਂ ਕਿਸੇ ਵਿਅਕਤੀ ਦੇ ਕਥਨ ਨੂੰ ਹੂਬਹੂ ਉਸੇ ਪ੍ਰਕਾਰ ਦਰਜ਼ ਕਰਨਾ ਹੋਵੇ, ਜਿਵੇਂ ਉਹ ਆਖਿਆ ਗਿਆ ਸੀ ਤਾਂ ਲਿਖ਼ਤ ਅੰਦਰ ‘ਇਨਵਰਟਡ’ ਕੌਮਿਆਂ ਦੀ ਵਰਤੋਂ ਕੀਤੀ ਜਾਂਦੀ ਹੈ, ਜਦੋਂ ਕਥਨ ਅੰਦਰ ਲੇਖਕ ਆਪਣੇ ਵਿਚਾਰ ਦਰਜ ਕਰਦਾ ਹੈ ਤਾਂ ਇਸ ਤਰ੍ਹਾਂ ਦੀ ਕੋਈ ਨਿਯਮਾਂਵਲੀ ਨਹੀਂ ਅਪਣਾਈ ਜਾਂਦੀ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਨਾਵਲਕਾਰ ਪਾਸ ਆਪਣੇ ਪਾਤਰਾਂ ਦੇ ਮੂੰਹੋਂ ਕਢਵਾਈਆਂ ਜਾ ਰਹੀਆਂ ਇਨ੍ਹਾਂ ਗੱਲਾਂ ਦਾ ਇਤਿਹਾਸਕ ਪ੍ਰਮਾਣ ਕੀ ਹੈ? ਧਿਆਨ ਦੇਣਾ ਨਾਵਲਕਾਰ ਨੇ ਸਮੁੱਚੇ ਨਾਵਲ ਅੰਦਰ ਆਪਣੇ ਪਾਤਰਾਂ ਦੇ ਮੂੰਹੋਂ ਨਿੱਕਲਣ ਵਾਲੀਆਂ ਗੱਲਾਂ ਨੂੰ ‘ਇਨਵਰਟਡ’ ਕੌਮਿਆਂ ਵਿਚ ਹੀ ਰੱਖਿਆ ਹੈ, ਜਿਸ ਦਾ ਅਰਥ ਇਹ ਹੈ ਕਿ ਇਹ ਗੱਲਾਂ ਹੂਬਹੂ ਉਸੇ ਰੂਪ ਵਿਚ ਦਰਜ਼ ਕੀਤੀਆਂ ਜਾ ਰਹੀਆਂ ਹਨ, ਜਿਵੇਂਕਿ ਇਨ੍ਹਾਂ ਅੱਜ ਤੋਂ ਸੈਂਕੜੇ ਸਾਲ ਪਹਿਲਾਂ ਆਖਿਆ ਗਿਆ ਸੀ। ਹਾਲਾਂਕਿ ਸਚਾਈ ਇਹ ਹੈ ਕਿ ਇਨ੍ਹਾਂ ਗੱਲਾਂ ਕੋਈ ਵੀ ਲਿਖ਼ਤੀ ਜਾਂ ਹੋਰ ਕਿਸਮ ਦਾ ਠੋਸ ਇਤਿਹਾਸਕ ਸਬੂਤ ਸਾਡੇ ਕੋਲ ਨਹੀਂ ਹੈ। ਲੇਖਕ ਨੇ ਇਸ ਨਿਯਮਾਂਵਲੀ ਨੂੰ ਭੰਨ੍ਹਦੇ ਹੋਏ, ਇਸ ਨੂੰ ਆਪਣੇ ਹਿਤ ਸਾਧਨ ਲਈ ਬੜੀ ਬੇਸ਼ਰਮੀ ਨਾਲ ਵਰਤਿਆ ਹੈ।
ਬੰਦਾ ਸਿੰਘ ਬਹਾਦੁਰ ਦੀਆਂ ਲੜਾਈਆਂ ਦੌਰਾਨ ਉਪਜੇ ਹਾਲਾਤਾਂ ਨੂੰ ਅਸੀਂ ਵੇਖਦੇ ਹਾਂ ਕਿ ਮੁਸਲਿਮ, ਸਿੱਖ ਅਤੇ ਅੰਗਰੇਜ ਲਿਖਾਰੀਆਂ ਨੇ ਆਪਣੇ-ਆਪਣੇ ਤਰੀਕੇ ਨਾਲ ਲਿਖਿਆ ਹੈ, ਪਰ ਨਾਵਲਕਾਰ ਨੇ ਉਨ੍ਹਾਂ ਹੀ ਲਿਖ਼ਤਾਂ ਨੂੰ ਪ੍ਰਮਾਣਿਕ ਬਣਾਉਣ ਹਿਤ ਬੰਦਾ ਸਿੰਘ ਬਹਾਦੁਰ ਦੀ ਵਰਤੋਂ ਕੀਤੀ ਹੈ, ਜਿਹੜੀਆਂ ਲਿਖ਼ਤਾਂ ਇਤਿਹਾਸਕ ਰੂਪ ਵਿਚ ਜਾਂ ਤਾਂ ਰੱਦ ਹੋ ਚੁੱਕੀਆਂ ਹਨ, ਜਾਂ ਜਿਨ੍ਹਾਂ ਨੂੰ ਆਪਣੇ ਤੁਅੱਸਬੀ ਸੁਭਾਅ ਕਾਰਨ ਕੁਝ ਲਿਖਾਰੀਆਂ ਨੇ ਜਾਣ-ਬੁੱਝ ਕੇ ਕਾਫ਼ੀ ਵਧਾ-ਚੜ੍ਹਾ ਕੇ ਲਿਖਿਆ ਸੀ। ਬੰਦਾ ਸਿੰਘ ਬਹਾਦੁਰ ਸੰਬੰਧੀ ਲਿਖਣ ਵਾਲੇ ਇਕ ਸਮਕਾਲੀ ਲੇਖਕ ਖ਼ਾਫ਼ੀ ਖਾਨ (ਜਿਸ ਨੂੰ ਨਾਵਲਕਾਰ ਖ਼ੁਦ ਸਿੰਘਾਂ ਦੇ ਹੱਥੋਂ ਮਰਨ ਤੋਂ ਬਚਾਉਂਦਾ ਹੈ। ਹੋਣਾ ਤਾਂ ਇਹ ਚਾਹੀਦਾ ਸੀ ਕਿ ਜਿਸ ਵਿਅਕਤੀ ਨੂੰ ਕੋਈ ਇਨਸਾਨ ਮਰਨ ਤੋਂ ਬਚਾਉਂਦਾ ਹੈ, ਉਹ ਉਸ ਦਾ ਹਮੇਸ਼ਾ ਲਈ ਕਦਰਦਾਨ ਹੋ ਜਾਂਦਾ ਹੈ, ਪਰ ਇੱਥੇ ਉਲਟੀ ਗੰਗਾ ਇਹ ਵਹੀ ਹੈ ਕਿ ਜਿਸ ਖ਼ਾਫ਼ੀ ਖ਼ਾਨ ਨੂੰ ਬੰਦਾ ਸਿੰਘ ਦੀ ਫੌਜ ਇਤਿਹਾਸਕਾਰ ਜਾਣ ਕੇ ਜਿਊਂਦਾ ਛੱਡ ਦਿੰਦੀ ਹੈ, ਉਹੀ ਖ਼ਾਫ਼ੀ ਖ਼ਾਨ ਬੰਦਾ ਸਿੰਘ ਬਹਾਦੁਰ ਬਾਰੇ ਬੇਇੰਤਹਾ ਗ਼ਲਤ ਬਿਆਨ-ਬਾਜ਼ੀਆਂ ਕਰਦਾ ਹੈ। ਇਸ ਤਰ੍ਹਾਂ ਖ਼ੁਦ ਨਾਵਲਕਾਰ ਦੇ ਮੁਤਾਬਿਕ ਹੀ ਉਹ ਇਕ ਅਕ੍ਰਿਤਘਣ ਲੇਖਕ ਸਾਬਤ ਹੁੰਦਾ ਹੈ) ਦੁਆਰਾ ਦਰਜ਼ ਕੀਤੇ ਗਏ ਇਕ ਬਿਆਨ ਨੂੰ ਨਾਵਲਕਾਰ ਨੇ ਬੰਦਾ ਸਿੰਘ ਬਹਾਦੁਰ ਦੇ ਮੁੱਖ ਤੋਂ ਇੰਝ ਕਢਵਾਇਆ ਹੈ:
ਸਿੱਖਾਂ ਦੇ ਧਾਰਮਿਕ ਕ੍ਰੋਧ ਤੋਂ ਨਿਹੱਥੀਆਂ ਇਸਤਰੀਆਂ ਅਤੇ ਮਾਸੂਮ ਬੱਚੇ ਵੀ ਨਹੀਂ ਬਚ ਸਕੇ। ਵੈਰ ਦੀ ਭਾਵਨਾ ਇਸ ਕਦਰ ਪ੍ਰਬਲ ਹੋ ਗਈ ਸੀ ਕਿ ਸਿੱਖ ਵਹਿਸ਼ੀਆਨਾਂ ਹਰਕਤਾਂ ਅਤੇ ਨਿਰਦੈਅਤਾ ਉੱਪਰ ਉੱਤਰ ਆਏ ਸਨ। ਉਨ੍ਹਾਂ ਨੇ ਗਰਭਵਤੀ ਔਰਤਾਂ ਦੇ ਪੇਟ ਚਾਕ ਕਰ ਕੇ ਉਨ੍ਹਾਂ ਦੀਆਂ ਕੁੱਖਾਂ ਵਿਚ ਪਲ਼ਦੇ ਮੁਸਲਮਾਨਾਂ ਦਾ ਬੀਜ਼-ਨਾਸ਼ ਕਰ ਦਿੱਤਾ ਸੀ। ਛੋਟੇ ਬੱਚਿਆਂ ਨੂੰ ਸਿੱਖ ਫ਼ੌਜ਼ ਦਾ ਇਕ ਸਿਪਾਹੀ ਵਗਾਹ ਕੇ ਉੱਪਰ ਆਸਮਾਨ ਵੱਲ ਸੁੱਟਦਾ ਤੇ ਹੇਠਾਂ ਡਿੱਗਦੇ ਨੂੰ ਦੂਜਾ ਸਿਪਾਹੀ ਆਪਣੇ ਨੇਜ਼ੇ ਉੱਪਰ ਬੋਚ ਲੈਨਦਾ ਸੀ। ਗਾਜ਼ਰਾਂ-ਮੂਲੀਆਂ ਵਾਂਗ ਮਰਦਾਂ ਦੇ ਸਿਰ ਧੜਾਂ ਤੋਂ ਅਲੱਗ ਕਰ ਦਿੱਤੇ ਗਏ ਸਨ ਤੇ ਕੁਝ ਕਾਮੀ ਸਿੱਖਾਂ ਵੱਲੋਂ ਮੁਸਲਮਾਨ ਔਰਤਾਂ ਦੀ ਜ਼ਬਰ-ਜਿਨਾਹ ਕਰ ਕੇ ਬੇਪੱਤੀ ਵੀ ਕੀਤੀ ਗਈ ਸੀ। ਕਈ ਸਿੱਖ ਨੌਜਵਾਨਾਂ ਨੇ ਮਾਸੂਮ ਤੇ ਅਬਲਾ ਮੁਸਲਮਾਨ ਲੜਕੀਆਂ ਆਪਣੀ ਕਾਮ ਪੂਰਤੀ ਲਈ ਧੱਕੇ ਨਾਲ ਰਖੇਲਾਂ ਬਣਾ ਕੇ ਆਪਣੇ ਕੋਲ ਰੱਖ ਲਈਆਂ ਸਨ। ਪੂਰੀ ਸਰਹਿੰਦ ਨਗਰੀ ਗਿੱਲੇ ਗੋਹੇ ਦੀ ਅੱਗ ਵਾਂਗ ਧੁੱਖ ਰਹੀ ਸੀ ਤੇ ਸਾਰਾ ਆਸਮਾਨ ਧੂੰਏਂ ਨਾਲ ਕਾਲਾ ਹੋਇਆ ਪਿਆ ਸੀ।
ਖ਼ਾਫ਼ੀ ਖ਼ਾਨ ਦੁਆਰਾ ਲਿਖਤ ਇਹ ਬਿਰਤਾਂਤ ਜਿਸ ਪ੍ਰਕਾਰ ਇਤਿਹਾਸਕ ਰੂਪ ਵਿਚ ਸਹੀ ਸਾਬਤ ਕਰਨ ਲਈ ਨਾਵਲਕਾਰ ਨੇ ਜਿਸ ਪ੍ਰਕਾਰ ਇਸ ਨੂੰ ਬੰਦਾ ਸਿੰਘ ਬਹਾਦੁਰ ਦੀ ਜ਼ੁਬਾਨੀ ਅਖਵਾਇਆ ਹੈ, ਉਹ ਮਾਤਰ ਗ਼ਲਤ ਹੀ ਨਹੀਂ, ਸਗੋਂ ਪੂਰੀ ਤਰ੍ਹਾਂ ਬੇਈਮਾਨਾ ਵੀ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਸਰਹਿੰਦ ਜਿੱਤ ਤੋਂ ਬਾਅਦ ਜਿਸ ਉਪਰੋਕਤ ਬਿਆਨ ਨੂੰ ਖ਼ਾਫ਼ੀ ਖ਼ਾਨ ਜਿਹੇ ਲੇਖਕਾਂ ਨੇ ਦਰਜ਼ ਕੀਤਾ ਹੈ, ਉਸ ਨੂੰ ਇਤਿਹਾਸਕਾਰਾਂ ਨੇ ਪੂਰੀ ਤਰ੍ਹਾਂ ਗ਼ਲਤ ਸਾਬਤ ਕੀਤਾ ਹੋਇਆ ਹੈ। ਇਸ ਦੇ ਨਾਲ ਹੀ ਇਹ ਬਿਆਨ ਸਾਨੂੰ ਬੰਦਾ ਸਿੰਘ ਬਹਾਦੁਰ ਦੀ ਮੌਤ ਤੋਂ ਬਾਅਦ ਮਿਲਣ ਵਾਲੀਆਂ ਕਿਤਾਬਾਂ ਵਿਚ ਪ੍ਰਾਪਤ ਹੁੰਦਾ ਹੈ। ਇਸ ਲਈ ਉਹ ਬਿਆਨ ਜਿਹੜੇ ਬਾਅਦ ਦੀਆਂ ਲਿਖ਼ਤਾਂ ਵਿਚ ਸ਼ਾਮਲ ਕੀਤੇ ਗਏ ਹਨ, ਉਨ੍ਹਾਂ ਨੂੰ ਬੰਦਾ ਸਿੰਘ ਬਹਾਦੁਰ ਦੀ ਜ਼ੁਬਾਨੀ ਅਖਵਾਉਣਾ ਹੀ ਲੇਖਕ ਦੀ ਇਮਾਨਦਾਰੀ ਉੱਪਰ ਸਵਾਲ ਖੜ੍ਹੇ ਕਰਦਾ ਹੈ। ਇਸ ਤੋਂ ਇਲਾਵਾ ਨਾਵਲਕਾਰ ਨੇ ਸਰਹਿੰਦ ਜਿੱਤ ਤੋਂ ਬਾਅਦ ਸਿੱਖਾਂ ਦੁਆਰਾ ਕੀਤੇ ਗਏ ਵਰਤਾਅ ਦੀ ਜੋ ਗੱਲ ਕੀਤੀ ਹੈ, ਉਹ ਵੀ ਉਸ ਨੂੰ ਪੱਖਪਾਤੀ ਸਾਬਤ ਕਰਦੀ ਹੈ, ਕਿਉਂਕਿ ਬਹੁਤ ਸਾਰੇ ਲੇਖਕਾਂ ਨੇ ਅਜਿਹੀਆਂ ਕੋਝੀਆਂ ਹਰਕਤਾਂ ਦਾ ਸਿੱਖਾਂ ਦੁਆਰਾ ਅਮਲ ਵਿਚ ਲਿਆਉਣਾ ਸਵੀਕਾਰ ਨਹੀਂ ਕੀਤਾ ਹੈ। ਉਨ੍ਹਾਂ ਲੇਖਕਾਂ ਨੂੰ ਛੱਡ ਕੇ ਇਕ ਅਜਿਹੇ ਲੇਖਕ ਦਾ ਬਿਆਨ ਦਰਜ਼ ਕਰਨਾ ਜਿਹੜਾ ਗ਼ਲਤ ਸਾਬਤ ਹੋ ਚੁੱਕਾ ਹੈ, ਨਾਵਲਕਾਰ ਦੀ ਮੰਸ਼ਾ ਨੂੰ ਸ਼ਰੇਆਮ ਨੰਗਾ ਕਰਦਾ ਹੈ।
ਆਪਣੀ ਇਸ ਲਿਖ਼ਤ ਅੰਦਰ ਨਾਵਲਕਾਰ ਸਿਰਫ਼ ਗ਼ਲਤ ਇਤਿਹਾਸਕ ਵੇਰਵੇ ਹੀ ਦਰਜ਼ ਨਹੀਂ ਕਰਦਾ, ਸਗੋਂ ਉਹ ਸਿੱਖ ਜਰਨੈਲਾਂ ਅਤੇ ਯੋਧਿਆਂ ਦੀ ਭਰਪੂਰ ਕਿਰਦਾਰਕੁਸ਼ੀ ਕਰਦਾ ਹੋਇਆ, ਉਨ੍ਹਾਂ ਨੂੰ ਸਿੱਖ ਆਚਰਣ ਤੋਂ ਡਿੱਗੇ ਹੋਏ ਸਾਬਤ ਕਰਨ ਲਈ ਹਰ ਸੰਭਵ ਯਤਨ ਕਰਦਾ ਹੈ। ਉਦਾਹਰਨ ਵਜੋਂ, ਜਿਸ ਵਕਤ ਸਿੰਘਾਂ ਦੁਆਰਾ ਬਾਬਾ ਬੰਦਾ ਸਿੰਘ ਬਹਾਦੁਰ ਨੂੰ ਵਿਆਹ ਕਰਵਾਉਣ ਦੀ ਗੱਲ ਆਖੀ ਜਾਂਦੀ ਹੈ, ਉਸ ਮੌਕੇ ਦੇ ਵਾਰਤਾਲਾਪ ਨੂੰ ਨਾਵਲਕਾਰ ਨੇ ਇੰਝ ਬਿਆਨ ਕੀਤਾ ਹੈ:
“…ਵਿਆਹ?”
“ਪਰ…ਮੈਂ (ਬੰਦਾ ਸਿੰਘ ਬਹਾਦੁਰ) ਤਾਂ ਕਦੇ ਆਪਣੇ ਵਿਆਹ ਬਾਰੇ ਸੋਚਿਆ ਹੀ ਨਹੀਂ।” ਮੈਂ ਸਭ ਨੂੰ ਟਾਲ਼ਣ ਦੇ ਮਕਸਦ ਨਾਲ ਕਿਹਾ।
ਮੇਰੀ ਗੱਲ ਸੁਣ ਕੇ ਤੋਪਚੀ ਸ਼ਾਹਬਾਜ਼ ਸਿੰਘ ਹੱਸਿਆ, “ਨਹੀਂ ਸੋਚਿਆ ਤਾਂ ਹੁਣ ਸੋਚ ਲਓ। ਹੁਣ ਕਿਹੜਾ ਤੁਹਾਡਾ ਬਾਰੂਦ-ਸਿੱਕਾ ਮੁੱਕ ਗਿਐ।”
ਸ਼ਾਹਬਾਜ ਸਿੰਘ ਦੀ ਗੱਲ ਸੁਣ ਕੇ ਸਾਰੇ ਹੱਸ ਪਏ।
ਇਹ ਵਾਰਤਾਲਾਪ ਗ਼ੈਰ-ਇਤਿਹਾਸਕ ਤਾਂ ਹੈ ਹੀ, ਨਾਲ ਹੀ ਨਾਲ ਇਹ ਨਾਵਲਕਾਰ ਦੀ ਭ੍ਰਸ਼ਟ ਬੁੱਧੀ ਦਾ ਪ੍ਰਗਟਾਵਾ ਵੀ ਕਰਦੀ ਹੈ। ਜਿਸ ਦੀ ਇਕ ਹੋਰ ਅਹਿਮ ਉਦਾਹਰਨ ਦਿੰਦੇ ਹੋਏ, ਉਹ ਇਕ ਥਾਂ ਇੰਝ ਲਿਖਦਾ ਹੈ।
ਗ਼ੁਲਾਬ ਨਗਰ ਕੁਝ ਦਿਨ ਵਿਸ਼ਰਾਮ ਕਰ ਕੇ ਅਸੀਂ ਸਹਾਰਨਪੁਰ ’ਤੇ ਹਮਲਾ ਕਰਨ ਦੀ ਤਿਆਰੀ ਕੀਤੀ ਤਾਂ ਮੈਂ ਆਪਣੇ ਸਾਥੀਆਂ ਨੂੰ ਹੱਲਾਸ਼ੇਰੀ ਦੇਣ ਲਈ ਕਿਹਾ ਸੀ, “ਖ਼ਾਲਸਾ ਜੀ ਸਹਾਰਨਪੁਰ ਚੌਲਾਂ ਤੇ ਅੰਬਾਂ ਦੀ ਖ਼ੇਤੀ ਲਈ ਮਸ਼ਹੂਰ ਹੈ। ਆਪਾਂ ਵੀ ਬੱਸ ਸਹਾਰਨਪੁਰੀਆਂ ਦੇ ਚੌਲਾਂ ਵਾਂਗ ਫੱਕੇ ਮਾਰਨੇ ਹਨ।”
“ਮਰਦਾਂ ਦੇ ਚੌਲ਼ਾਂ ਵਾਂਗ ਫੱਕੇ ਤੁਸੀਂ ਮਾਰੀ ਜਾਇਓ, ਮੈਨੂੰ ਤਾਂ ਸੁਨੱਖੀਆਂ ਜਿਹੀਆਂ ਪੰਜ-ਸੱਤ ਜਨਾਨੀਆਂ ਦੇ ਦਿਓ, ਮੈਂ ਅੰਬਾਂ ਵਾਂਗ ਚੂਪੀ ਚੱਲੂੰ।”
ਸਾਡੀ ਫ਼ੌਜ਼ ਵਿਚ ਸੱਜਰੇ ਭਰਤੀ ਹੋਏ ਇਕ ਨੌਜਵਾਨ ਲੱਖਾ ਸਿੰਘ ਨੇ ਇਹ ਕਿਹਾ ਤਾਂ ਮੈਨੂੰ ਗੁੱਸਾ ਆ ਗਿਆ।
ਇੱਥੇ ਅਸੀਂ ਸਰਹਿੰਦ ਅੰਦਰਲੀ ਸਿੱਖ ਫੌਜ਼ ਦੇ ਵਿਵਹਾਰ ਦੀ ਜੋ ਗਾਥਾ ਉੱਪਰ ਪੜ੍ਹ ਆਏ ਹਾਂ, ਉਸ ਨੂੰ ਰੱਦ ਕਰਦਾ ਹੋਇਆ ਖ਼ੁਦ ਹੀ ਲੇਖਕ ਇਹ ਆਖਦਾ ਹੈ ਕਿ ਮੈਂ ਲੱਖਾ ਸਿੰਘ ਦੀ ਗੱਲ ਸੁਣ ਕੇ ਉਸ ਨੂੰ ਘੂਰਿਆ, ਖ਼ਬਰਦਾਰ ਜੇ ਕਿਸੇ ਔਰਤ ਵੱਲ ਮਾੜੀ ਅੱਖ ਨਾ ਵੇਖਿਆ ਤਾਂ ਮੈਂ ਤੇਰੀਆਂ ਅੱਖਾਂ ਕੱਢ ਦਿਊਂ, ਤੀਵੀਂ ਭਾਵੇਂ ਦੁਸ਼ਮਣ ਦੀ ਹੋਵੇ, ਖ਼ਾਲਸਾ ਉਸ ਦਾ ਸਤਿਕਾਰ ਕਰੇਗਾ।” ਇਹ ਬਿਆਨ ਪੜ੍ਹ ਕੇ ਪਾਠਕ ਆਪ ਹੀ ਅੰਦਾਜ਼ਾ ਲਗਾ ਸਕਦੇ ਹਨ ਕਿ ਨਾਵਲਕਾਰ ਕਿੱਥੇ ਸਹੀ ਤੇ ਕਿੱਥੇ ਗ਼ਲਤ ਹੈ। ਜਿਹੜਾ ਬੰਦਾ ਸਿੰਘ ਬਹਾਦੁਰ ਸਹਾਰਨਪੁਰ ਜਾਂਦਿਆਂ ਆਪਣੇ ਸੈਨਿਕਾਂ ਨੂੰ ਗ਼ੈਰ ਧਰਮ ਦੀਆਂ ਔਰਤਾਂ ਨਾਲ ਵੀ ਸਤਿਕਾਰ ਸਹਿਤ ਪੇਸ਼ ਆਉਣ ਦੀ ਗੱਲ ਕਰਦਾ ਹੈ, ਕੀ ਉਹ ਸਰਹਿੰਦ ਵਿਚ ਉਸ ਤਰ੍ਹਾਂ ਆਪਣੇ ਸੈਨਿਕਾਂ ਨੂੰ ਵਿਵਹਾਰ ਕਰਨ ਦੇ ਸਕਦਾ ਹੈ, ਜਿਸ ਤਰ੍ਹਾਂ ਨਾਵਲਕਾਰ ਨੇ ਸਰਹਿੰਦ ਸੰਬੰਧੀ ਲਿਖਦੇ ਹੋਏ, ਬਿਆਨ ਕੀਤਾ? ਇਹ ਗੱਲ ਅਸੀਂ ਪਾਠਕਾਂ ਉੱਪਰ ਛੱਡਦੇ ਹੋਏ ਨਾਵਲਕਾਰ ਦੀ ਕਾਮੀ ਬਿਰਤੀ ਨੂੰ ਪ੍ਰਦਰਸ਼ਿਤ ਕਰਨ ਵਾਲੇ ਘਟਨਾਕ੍ਰਮਾਂ ਦੀ ਅਗਲੀ ਕੜੀ ਵੱਲ ਲੈ ਕੇ ਜਾਣ ਦੀ ਕੋਸ਼ਿਸ਼ ਕਰਦੇ ਹਾਂ।
ਨਾਵਲਕਾਰ ਮੰਡੀ ਸ਼ਹਿਰ ਵਿਚ ਰਹਿੰਦੀ ਇਕ ਸੁਨੱਖੀ ਵੇਸਵਾ ਮ੍ਰਿਥੂਲਾ ਸੰਬੰਧੀ ਲਿਖਦੇ ਬੰਦਾ ਸਿੰਘ ਬਹਾਦੁਰ ਦੇ ਮੁੱਖ ਤੋਂ ਇਹ ਅਖਵਾਉਂਦਾ ਹੈ:
ਉਹ ਵੇਸਵਾ ਸੁੰਦਰ ਅਤੇ ਭਰ ਜਵਾਨ ਸੀ। ਉਸ ਦਾ ਠਾਠਾਂ ਮਾਰਦਾ ਹੁਸਨ ਦੇਖ ਕੇ ਕਿਸੇ ਦਾ ਵੀ ਮਨ ਡੋਲ ਸਕਦਾ ਸੀ। ਮੈਂ ਵੀ ਇਕ ਮਰਦ ਸੀ ਤੇ ਸੱਚ ਜਾਣਿਓਂ ਇਕ ਪਲ ਲਈ ਤਾਂ ਮੇਰੇ ਅੰਦਰ ਵੀ ਕਾਮ ਤਰੰਗਾਂ ਉਤਪੰਨ ਹੋ ਗਈਆਂ ਸਨ। ਮੈਨੂੰ ਇਹ ਗੱਲ ਦੱਸਣ ਵਿਚ ਕੋਈ ਹਿਚਕਚਾਹਟ ਨਹੀਂ ਕਿ ਉਸ ਪ੍ਰਤੀ ਇਕ ਪਲ ਲਈ ਆਕਰਸ਼ਿਤ ਤਾਂ ਮੈਂ ਵੀ ਹੋਇਆ ਸੀ, ਪਰ ਖ਼ਾਲਸਾ ਪੰਥ ਨੇ ਇਕ ਕੰਜਰੀ ਨਾਲ ਮੇਰੇ ਸੰਬੰਧਾਂ ਨੂੰ ਬਿਲਕੁਲ ਵੀ ਕਬੂਲ ਨਹੀਂ ਸੀ ਕਰਨਾ ਤੇ ਪੰਥ ਵਿਰੋਧੀ ਹਰਕਤ ਕਰ ਕੇ ਮੈਂ ਆਪਣਾ ਇੱਜਤ-ਮਾਣ ਨਹੀਂ ਗਵਾਉਣਾ ਚਾਹੁੰਦਾ। ਮੈਨੂੰ ਆਪਣੇ ਮਾਣ-ਸਨਮਾਨ ਤੇ ਰੁਤਬੇ ਦੀ ਚਿੰਤਾ ਸੀ। ਇਸ ਲਈ ਅਗਲੇ ਹੀ ਪਲ ਮੈਂ ਆਪਣੇ ਡੋਲਦੇ ਇਮਾਨ ਨੂੰ ਨੱਥ ਪਾ ਲਈ, ਪਰ ਮੈਨੂੰ ਉਸ ਵੇਸਵਾ ਮ੍ਰਿਥੂਲਾ ਉੱਪਰ ਤਰਸ ਵੀ ਆਇਆ।…(ਮੈਂ ਉਸ ਨੂੰ ਆਖਿਆ) ਉਹ ਮੇਰੀ ਸ਼ਰਨ ਵਿਚ ਰਹਿ ਸਕਦੀ ਹੈ ਤੇ ਉਸ ਨੂੰ ਐਸ਼ੋ-ਆਰਾਮ ਦੇ ਹਰ ਸਾਧਨ ਮੁਹੱਈਆ ਕਰਵਾਏ ਜਾਣਗੇ ਤੇ ਸਰਕਾਰ-ਏ-ਖ਼ਾਲਸਾ ਤੋਂ ਖ਼ਰਚ ਮਿਲਦਾ ਰਹੇਗਾ।
ਇਹੀ ਨਹੀਂ, ਜਿਸ ਵਕਤ ਬੰਦਾ ਸਿੰਘ ਬਹਾਦੁਰ ਚੰਬੇ ਦੀ ਰਾਜਕੁਮਾਰੀ ਰਤਨਾ (ਜਿਸ ਨਾਲ ਉਨ੍ਹਾਂ ਦਾ ਵਿਆਹ ਹੋਇਆ ਸੀ) ਨੂੰ ਪਹਿਲੀ ਵਾਰ ਦੇਖਦੇ ਹਨ ਤਾਂ ਉਸ ਮੌਕੇ ਦਾ ਘਟਨਾਕ੍ਰਮ ਬਿਆਨਦੇ ਹੋਏ ਉਨ੍ਹਾਂ ਦੀ ਜ਼ੁਬਾਨੀ ਕਿਹਾ ਗਿਆ ਹੈ ਕਿ:
ਮੇਰੀ ਬਿਰਤੀ (ਰਤਨਾ ਦਾ ਹੁਸਨ ਵੇਖ ਕੇ) ਅਚਾਨਕ ਭੰਗ ਹੋ ਚੁੱਕੀ ਸੀ। ਮੈਂ ਬਾਣੀ ਪੜ੍ਹਨੀ ਪਲ ਕੁ ਭਰ ਲਈ ਤਾਂ ਭੁੱਲ ਹੀ ਗਿਆ।…ਮੈਂ ਅੱਖਾਂ ਬੰਦ ਕਰ ਕੇ ਬਾਕੀ ਬਚਦਾ ਪਾਠ ਕਰਨ ਲੱਗ ਗਿਆ ਸੀ (ਜਿਹੜਾ ਕਿ ਬੰਦਾ ਸਿੰਘ ਬਹਾਦੁਰ ਆਖਦਾ ਹੈ ਕਿ ਮੈਂ ਰਤਨਾ ਦੇ ਹੁਸਨ ਤੋਂ ਆਪਣਾ ਮਨ ਦੂਜੇ ਪਾਸੇ ਲਗਵਾਉਣ ਦੇ ਉਦੇਸ਼ ਲਈ ਕਰ ਰਿਹਾ ਸੀ), ਪਰ ਮੇਰਾ ਧਿਆਨ ਬਾਣੀ ਵਿਚ ਨਹੀਂ ਲੱਗ ਰਿਹਾ ਸੀ, ਸਗੋਂ ਮੇਰਾ ਦਿਲ ਵਾਰ-ਵਾਰ ਉਸ ਸੁੰਦਰ ਮੁੱਖੜੇ ਨੂੰ ਦੇਖਣ ਲਈ ਕਰ ਰਿਹਾ ਸੀ।
ਨਾਵਲਕਾਰ ਅਨੁਸਾਰ ਇਸ ਸਮੇਂ ਬੰਦਾ ਸਿੰਘ ਬਹਾਦੁਰ ਰਾਜਕੁਮਾਰੀ ਰਤਨਾ ਦੇ ਹੁਸਨ ’ਤੇ ਏਨਾ ਡੁੱਲ੍ਹ ਗਿਆ ਸੀ ਕਿ ਉਸ ਨੇ ਉਸ ਨਾਲ ਵਿਆਹ ਕਰਵਾਉਣ ਦੀ ਠਾਣ ਲਈ। ਹਾਲਾਂਕਿ ਨਾਵਲਕਾਰ (ਅਸਲ ਵਿਚ ਦਰਸਾਇਆ ਇਹ ਜਾ ਰਿਹਾ ਕਿ ਬੰਦਾ ਸਿੰਘ ਬਹਾਦੁਰ) ਮੰਨ ਕੇ ਚੱਲਦਾ ਹੈ ਕਿ ਜੇ ਮੈਂ ਸਿੰਘਾਂ ਨਾਲ ਇਸ ਮਾਮਲੇ ਬਾਰੇ ਸਲਾਹ ਕਰਦਾ ਤਾਂ ਰਤਨਾ ਨਾਲ ਵਿਆਹ ਕਰਨ ਦੀ ਉਨ੍ਹਾਂ ਨੇ ਹਾਮੀ ਨਹੀਂ ਭਰਨ ਸੀ। ਪੂਰੀ ਸੋਚ ਵਿਚਾਰ ਕਰਨ ਤੋਂ ਬਾਅਦ ਮੈਂ ਇਕ ਦੋ ਕਰੀਬੀ ਸਿੰਘਾਂ ਨੂੰ ਪੁੱਛਿਆ ਨਹੀਂ, ਬਲਕਿ ਦੱਸਿਆ ਸੀ, “ਖ਼ਾਲਸਾ ਜੀ! ਆਪਾਂ ਨੂੰ ਆਪਣੀ ਤਾਕਤ ਵਧਾਉਣ ਦੀ ਲੋੜ ਹੈ, ਸਦੀਆਂ ਤੋਂ ਰਾਜੇ ਰਾਣੀਆਂ ਆਪਣੀ ਫ਼ੌਜ਼ੀ ਤਾਕਤ ਵਧਾਉਣ ਲਈ ਦੂਜੀਆਂ ਰਿਆਸਤਾਂ ਦੇ ਰਾਜਿਆਂ ਨਾਲ ਰਿਸ਼ਤੇਦਾਰੀਆਂ ਪਾਉਂਦੇ ਆਏ ਹਨ। ਮੈਂ ਵੀ ਚੰਬੇ ਦੀ ਰਾਜਕੁਮਾਰੀ ਨਾਲ ਸ਼ਾਦੀ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਨਾਲ ਆਪਾਂ ਨੂੰ ਜੰਗੀ ਮਸ਼ਕਾਂ ਵਿਚ ਬਹੁਤ ਮਦਦ ਮਿਲੇਗੀ। ਇਹ ਸਾਕ ਆਪਣੇ ਖ਼ਾਲਸਾ ਪੰਥ ਲਈ ਬਹੁਤ ਲਾਹੇਵੰਦ ਰਹੇਗਾ।”
“ਖ਼ਾਲਸਾ ਪੰਥ ਲਈ ਕਿ ਥੋਡੇ ਲਈ?” ਲਹਿਣਾ ਸਿੰਘ ਨੇ ਮੈਨੂੰ ਮਸ਼ਖਰੀ ਕਰੀ ਸੀ, ਮੈਂ ਗੱਲ ਹਾਸੇ ਵਿਚ ਟਾਲ਼ ਗਿਆ।
ਨਾਵਲਕਾਰ ਮੁਤਾਬਿਕ ਜਦੋਂ ਕੁਝ ਸਿੰਘਾਂ ਨੇ ਬੰਦਾ ਸਿੰਘ ਬਹਾਦੁਰ ਦੇ ਦੂਜੇ ਵਿਆਹ (ਬੰਦਾ ਸਿੰਘ ਬਹਾਦੁਰ ਦੇ ਦੋ ਵਿਆਹਾਂ ਦੀ ਗੱਲ ਜ਼ਿਆਦਾਤਰ ਲੇਖਕਾਂ ਨੇ ਅਸਵੀਕਾਰ ਕੀਤੀ ਹੋਈ ਹੈ, ਪਰ ਨਾਵਲਕਾਰ ਦੋ ਵਿਆਹ ਮੰਨ ਕੇ ਹੀ ਤੁਰਦਾ ਹੈ) ਦੀ ਗੱਲ ਨੂੰ ਅਸਵੀਕਾਰ ਕਰਨ ਦੀ ਗੱਲ ਆਖੀ ਤਾਂ ਬੰਦਾ ਸਿੰਘ ਬਹਾਦੁਰ ਨੇ ਕਿਹਾ, “ਛੇਵੇਂ ਗੁਰੂ ਹਰਗੋਬਿੰਦ ਜੀ ਦੇ ਵੀ ਤਾਂ ਚਾਰ ਵਿਆਹ ਸਨ। ਗੁਰੂ ਗੋਬਿੰਦ ਸਿੰਘ ਜੀ ਨੇ ਵੀ ਤਿੰਨ ਸ਼ਾਦੀਆਂ ਕੀਤੀਆਂ। ਜੇ ਮੈਂ ਦੋ ਕਰਵਾ ਲਏ ਤਾਂ ਫਿਰ ਕਿਹੜਾ ਦਿੱਲੀ ਵਾਲਾ ਕਿਲ੍ਹਾ ਢਹਿ ਗਿਐ?” … “ਮੇਰੀ ਨਿੱਜੀ ਜ਼ਿੰਦਗੀ ਵਿਚ ਝਾਕ ਕੇ ਮੇਰੇ ਕੰਮਾਂ ਵਿਚ ਦਖ਼ਲ-ਅੰਦਾਜ਼ੀ ਨਾ ਦਿਓ।” ਇਹ ਆਖ ਕੇ ਬੰਦਾ ਸਿੰਘ ਬਹਾਦੁਰ ਆਖਦਾ ਹੈ ਕਿ ਮੈਂ ਵਾਪਸ ਆ ਗਿਆ।
ਇੱਥੇ ਇਕ ਹੋਰ ਬੇਹੁਦਗੀ ਲੇਖਕ ਇਹ ਕਰਦਾ ਹੈ ਕਿ ਉਹ ਚੰਬੇ ਦੇ ਰਾਜਾ ਉਦੈ ਸਿੰਘ ਪਾਸ ਬੰਦਾ ਸਿੰਘ ਬਹਾਦੁਰ ਨੂੰ ਇਹ ਆਖਦੇ ਹੋਏ ਦਿਖਾਉਂਦਾ ਹੈ ਕਿ:
“ਉਦੈ ਸਿੰਘ ਜੀ ਵੈਸੇ ਤਾਂ ਸਿੱਖ ਧਰਮ ਗ੍ਰਹਿਣ ਕੀਤੇ ਨੂੰ ਮੈਨੂੰ ਕੋਈ ਬਹੁਤਾ ਵਕਤ ਨਹੀਂ ਹੋਇਆ। ਇਸ ਲਈ ਮੈਂ ਜ਼ਿਆਦਾ ਨਹੀਂ ਜਾਣਦਾ, ਪਰ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਸਾਜ ਕੇ ਹੁਕਮ ਕੀਤਾ ਸੀ ਕਿ ਹਰ ਅੰਮ੍ਰਿਤਧਾਰੀ ਸਿੱਖ ਮਰਦ ਆਪਣੇ ਨਾਮ ਨਾਲ ਸਿੰਘ ਲਾਵੇ ਤੇ ਔਰਤ ਕੌਰ। ਤੁਸੀਂ ਸਿੱਖ ਨਹੀਂ, ਫਿਰ ਤੁਹਾਡੇ ਨਾਮ ਨਾਲ ਸਿੰਘ ਕਿਉਂ ਲੱਗਦਾ ਹੈ?”
ਪਾਠਕ ਧਿਆਨ ਦੇਣ ਇਹ ਵਾਰਤਾਲਾਪ ਨਾਵਲਕਾਰ ਫ਼ਰਵਰੀ ਸੰਨ 1811 ਵਿਚ ਉਸ ਵਕਤ ਹੁੰਦਾ ਹੋਇਆ ਦਿਖਾ ਰਿਹਾ ਹੈ, ਜਦੋਂ ਬੰਦਾ ਸਿੰਘ ਬਹਾਦੁਰ ਨੂੰ ਸਿੰਘ ਸਜੇ ਤਿੰਨ ਸਾਲ ਦੇ ਕਰੀਬ ਸਮਾਂ ਹੋ ਚੁੱਕਾ ਸੀ ਤੇ ਉਹ ਸਰਹਿੰਦ, ਸਢੋਰਾ, ਸਮਾਣਾ ਜਿਹੀਆਂ ਇਤਿਹਾਸਕ ਜਿੱਤਾਂ ਨਾਲ ਖ਼ਾਲਸਾ ਰਾਜ ਦੀ ਕਾਇਮੀ ਕਰ ਚੁੱਕਾ ਸੀ, ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਸਭ ਦੇ ਬਾਵਜੂਦ ਉਹ ਅਜੇ ਵੀ ਇਹ ਦਾਅਵਾ ਕਰਦਾ ਦਿਖਾਇਆ ਜਾ ਰਿਹਾ ਹੈ ਕਿ ਉਸ ਨੂੰ ਸਿੱਖ ਧਰਮ ਦੀ ਕੋਈ ਜ਼ਿਆਦਾ ਜਾਣਕਾਰੀ ਹੀ ਨਹੀਂ ਹੈ। ਹੈ ਨਾ ਕਮਾਲ? ਇਸ ਹਿਸਾਬ ਨਾਲ ਨਾਵਲਕਾਰ ਇਹ ਦਰਸਾ ਰਿਹਾ ਹੈ ਕਿ ਬੰਦਾ ਸਿੰਘ ਬਹਾਦੁਰ ਅੰਦਰੂਨੀ ਤੌਰ ’ਤੇ ਇਕ ਅਣਜਾਣ ਸਿੱਖ ਹੀ ਸੀ, ਜਿਸ ਨੂੰ ਨਾਂ ਤਾਂ ਸਿੱਖ ਇਤਿਹਾਸ ਦੀ ਕੋਈ ਬਹੁਤੀ ਸੋਝੀ ਸੀ ਤੇ ਨਾ ਹੀ ਸਿੱਖ ਸਿਧਾਂਤਾਂ ਦੀ ਕੋਈ ਅਹਿਮ ਤੇ ਪੁਖ਼ਤਾ ਜਾਣਕਾਰੀ ਹੀ ਹਾਸਲ ਸੀ। ਆਪਣੇ ਇਸ ਚਰਚਾ ਅਧੀਨ ਨਾਵਲ ਅੰਦਰ ਨਾਵਲਕਾਰ ਅਜਿਹੀਆਂ ਬੇਥਾਂਵੀਆਂ ਗੱਲਾਂ ਨੂੰ ਬੜੀ ਬੇਸ਼ਰਮਗੀ ਨਾਲ ਥਾਂ-ਪੁਰ-ਥਾਂ ਦਰਜ਼ ਕਰਦਾ ਆ ਰਿਹਾ ਹੈ।
ਇਸ ਨਾਵਲ ਦੀ ਇਕ ਹੋਰ ਵੱਡੀ ਕਮੀ ਇਹ ਵੀ ਹੈ ਕਿ ਇਸ ਅੰਦਰ ਬੰਦਾ ਸਿੰਘ ਬਹਾਦੁਰ ਨੂੰ ਇਕ ਇਤਿਹਾਸਕ ਪਾਤਰ ਦੀ ਬਜਾਏ ਇਤਿਹਾਸਕਾਰ ਬਣਾਉਣ ਦਾ ‘ਵਿਸ਼ੇਸ਼’ ਯਤਨ ਕੀਤਾ ਗਿਆ ਹੈ। ਜਿਸ ਸੰਬੰਧੀ ਨਾਵਲਕਾਰ ਬੰਦਾ ਸਿੰਘ ਬਹਾਦੁਰ ਦੇ ਜੀਵਨ ਦੀ ਹਰ ਇਕ ਨਿੱਕੀ ਤੋਂ ਨਿੱਕੀ ਘਟਨਾ, ਤਾਰੀਖ, ਸਮਾਂ, ਅੰਕੜੇ, ਭੂਗੋਲ, ਇਤਿਹਾਸ ਆਦਿ ਦੀ ਜਾਣਕਾਰੀ ਰੱਖਣ ਵਾਲਾ ਪਾਤਰ ਬਣ ਕੇ ਉੱਭਰਦਾ ਹੈ, ਪਰ ਸਮਝ ਵਿਚ ਨਹੀਂ ਆਉਂਦਾ ਕਿ ਜਿਸ ਬੰਦਾ ਸਿੰਘ ਬਹਾਦੁਰ ਨੂੰ ਲੇਖਕ ਜ਼ੁਬਾਨੀ ਹੀ ਬਾਬਰ ਤੋਂ ਲੈ ਕੇ ਫ਼ਰਖੁਸ਼ੀਅਰ ਤੱਕ ਦੇ ਹਰ ਇਕ ਬਾਦਸ਼ਾਹ ਦੀ ਸੈਨਿਕ ਨਫ਼ਰੀ, ਸਮਰੱਥਾ, ਕਰ ਤੇ ਸੀਮਾ ਆਦਿ ਦਾ ਜਾਣਕਾਰ ਦਰਸਾਉਂਦਾ ਹੈ, ਉਹ ਸਿੱਖ ਧਰਮ ਦੀ ਜਾਣਕਾਰੀ ਨੂੰ ਮਾਤਰ ‘ਕੰਮ-ਚਲਾਊ’ ਹੀ ਦੱਸ ਰਿਹਾ ਹੈ। ਉਦਾਹਰਨ ਵਜੋਂ ਸਾਲ 1690 ਵਿਚ ਔਰੰਗਜ਼ੇਬ ਦੀ ਸਲਾਨਾ ਕਰ ਆਮਦਨ 2,879, 469, 894, ਉਸ ਦੇ ਵੀਹ ਸੂਬਿਆਂ ਦੀ ਆਮਦਨ 12,071, 876, 840 ਰੁਪਏ ਦੇ ਨਾਲ-ਨਾਲ ਬਹਾਦੁਰ ਸ਼ਾਹ ਨੂੰ ਦਿੱਤੇ ਸੂਬਿਆਂ ਦੀ ਆਮਦਨ 5, 175, 956, 440 ਤੇ ਆਜ਼ਮ ਨੂੰ ਦਿੱਤੇ 6 ਸੂਬਿਆਂ ਦੀ ਆਮਦਨ 4,704, 255, 400 ਤੋਂ ਇਲਾਵਾ ਕਾਮ ਬਖਸ ਨੂੰ ਦਿੱਤੇ 2 ਸੂਬਿਆਂ ਦੀ ਆਮਦਨ 2, 191, 665, 000 ਦਾਮ ਜ਼ੁਬਾਨੀ ਹੀ ਯਾਦ ਰੱਖਣ ਵਾਲੇ ਬੰਦਾ ਸਿੰਘ ਬਹਾਦੁਰ ਨੂੰ 1708 ਵਿਚ ਮਿਲੇ ਹੋਏ ਗੁਰੂ ਗੋਬਿੰਦ ਸਿੰਘ ਜੀ ਅਤੇ ਉਨ੍ਹਾਂ ਦੇ ਧਰਮ ਬਾਰੇ ਕੋਈ ਬਹੁਤੀ ਜਾਣਕਾਰੀ ਨਹੀਂ ਹੈ। ਅਜਿਹਾ ਕਿਵੇਂ ਹੋ ਸਕਦਾ ਹੈ? ਇਹ ਤਾਂ ਨਾਵਲਕਾਰ ਹੀ ਦੱਸ ਸਕਦਾ ਹੈ, ਅਸੀਂ ਮਾਤਰ ਇਹ ਕਹਿ ਸਕਦੇ ਹਾਂ ਨਾਵਲਕਾਰ ਦੁਆਰਾ ਪੇਸ਼ ਕੀਤੀ ਗਈ ਬੰਦਾ ਸਿੰਘ ਬਹਾਦੁਰ ਦੀ ਤਸਵੀਰ ਅੰਦਰ ਉਸ ਦਾ ਕੋਝਾਪਣ ਬਾਖ਼ੂਬੀ ਉੱਘੜ ਕੇ ਸਾਹਮਣੇ ਆਉਂਦਾ ਹੈ। ਹਾਲਾਂਕਿ ਇਸ ਕੋਝੇਪਣ ਨੂੰ ਢਕਣ ਲਈ ਉਹ ਨਿਰਾਧਾਰ ਗੱਲਾਂ ਦੇ ਨਾਲ-ਨਾਲ, ਗ਼ੈਰ-ਲੋੜੀਂਦੀਆਂ ਜਾਣਕਾਰੀਆਂ ਦਰਜ ਕਰਦਾ ਹੋਇਆ, ਨਾਵਲ ਦੇ ਦਰਜ਼ਨਾਂ ਸਫ਼ੇ ਉਂਝ ਹੀ ਭਰਦਾ ਹੋਇਆ, ਆਪਣੇ ਇੰਟਰਨੈੱਟ ਤੇ ਕਿਤਾਬਾਂ ਵਿਚੋਂ ਦੇਖੇ ਗਏ ਜਾਣਕਾਰੀ ਸਰੋਤ ਨੂੰ ਬੰਦਾ ਸਿੰਘ ਬਹਾਦੁਰ ਦੇ ਸਿਰ ਮੜ੍ਹਦਾ ਹੈ, ਪਰ ਫਿਰ ਵੀ ਉਹ ਆਪਣੀ ਇਸ ਰਚਨਾ ਦੇ ਪ੍ਰਮੁੱਖ ਪਾਤਰ ਨਾਲ ਕਿਧਰੇ ਵੀ ਨਿਆਂ ਨਹੀਂ ਕਰ ਪਾਉਂਦਾ। ਉਸ ਨੂੰ ਨਾ ਸਿੱਖ ਧਰਮ ਦੀ ਸੋਝੀ ਹੈ ਤੇ ਨਾ ਹੀ ਉਹ ਬੰਦਾ ਸਿੰਘ ਬਹਾਦੁਰ ਦੀ ਸ਼ਖ਼ਸ਼ੀਅਤ ਨੂੰ ਆਪਣੀ ਲੇਖਣੀ ਅੰਦਰ ਸਜੀਵ ਕਰ ਪਾਇਆ ਹੈ। ਇਸ ਦੇ ਕਾਰਨ ਹੀ ਉਸ ਦੀ ਇਸ ਰਚਨਾ ਵਿਚੋਂ ਕਿਧਰੇ ਵੀ ਸਾਨੂੰ ਬੰਦਾ ਸਿੰਘ ਬਹਾਦੁਰ ਦੇ ਇਤਿਹਾਸਕ ਮਹੱਤਤਾ ਭਰੇ ਸਰੂਪ ਦੀ ਨਿਸ਼ਾਨਦੇਹੀ ਹਾਸਲ ਨਹੀਂ ਹੁੰਦੀ, ਬਲਕਿ ਇਸ ਸਭ ਦੇ ਉਲਟ ਉਸ ਨੇ ਬੰਦਾ ਸਿੰਘ ਬਹਾਦੁਰ ਨੂੰ ਇਤਿਹਾਸ ਦਾ ਇਕ ਅਜਿਹਾ ਸਤਹੀ ਜਿਹਾ ਸੈਨਿਕ ਬਣਾ ਕੇ ਪੇਸ਼ ਕੀਤਾ ਹੈ, ਜਿਹੜਾ ਕਿ ਮਜ਼ਬੂਰੀ ਵੱਸ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਵਾਰ-ਵਾਰ ਤਰਲੇ-ਮਿੰਨਤਾਂ ਕਰਨ ਤੋਂ ਬਾਅਦ ਉਨ੍ਹਾਂ ਨੂੰ ‘ਇਨਸਾਫ਼’ ਦਿਵਾਉਣ ਹਿਤ ਪੰਜਾਬ ਵੱਲ ਆਉਂਦਾ ਹੈ। ਬਲਰਾਜ ਸਿੰਘ ਸਿੱਧੂ (U.K.) ਦੀ ਸਭ ਤੋਂ ਵੀ ਕੰਮਜੋਰੀ ਇਹ ਰਹੀ ਹੈ ਕਿ ਉਸ ਨੇ ਬੰਦਾ ਸਿੰਘ ਬਹਾਦੁਰ ਸੰਬੰਧੀ ਲਿਖਣ ਲੱਗਿਆਂ ਉਨ੍ਹਾਂ ਲਿਖ਼ਤਾਂ ਨੂੰ ਵਿਸ਼ੇਸ਼ ਤਰਜੀਹ ਦਿੱਤੀ ਹੈ, ਜਿਨ੍ਹਾਂ ਨੂੰ ਉਹ ਖ਼ੁਦ ਵੀ ਸਹੀ ਸਵੀਕਾਰ ਨਹੀਂ ਕਰਦਾ। ਉਦਾਹਰਨ ਵਜੋਂ ਨਾਵਲ ਦੇ ਸਹਾਇਕ ਸਰੋਤਾਂ ਵਜੋਂ ਉਹ ਲਿਖਦਾ ਹੈ ਕਿ ਮੈਨੂੰ ਸਮਕਾਲੀ ਫਾਰਸੀ ਸਰੋਤ ਸਭ ਤੋਂ ਵੱਧ ਪਾਏਦਾਰ ਤੇ ਸੱਚੇ ਲੱਗੇ। ਇਸ ਲਈ ਮੈਂ ਆਪਣੇ ਨਾਵਲ ਵਿਚ ਵਧੇਰੇ ਵਰਤੋਂ ਮਿਰਜ਼ਾ ਮੁਹੰਮਦ ਹਾਰਿਸੀ ਦੇ ਇਬਰਤਨਾਮਾ ਦੀ ਵੀ ਕੀਤੀ ਹੈ, ਜਿਹੜਾ ਕਿ ਖ਼ੁਦ ਨਾਵਲਕਾਰ ਮੁਤਾਬਿਕ ‘ਮੁਗ਼ਲਾਂ ਦੇ ਪਾਲਤੂ ਲਿਖਾਰੀ’ ਦੀ ਰਚਨਾ ਹੈ। ਉਸ ਦੀ ਇਸ ਚੋਣ ਨੂੰ ਵੇਖਦੇ ਹੋਏ ਆਖਿਆ ਜਾ ਸਕਦਾ ਹੈ ਕਿ ਲੇਖਕ ਨੇ ਇਸ ਨਾਵਲ ਨੂੰ ਲਿਖਣ ਲੱਗੇ ਬੰਦਾ ਸਿੰਘ ਬਹਾਦੁਰ ਦਾ ਬੇਹੱਦ ਘਟੀਆ ਚਿੱਤਰਨ ਕਰਨ ਵਾਲੀਆਂ ਸਮੁੱਚੀਆਂ ਲਿਖ਼ਤਾਂ ਨੂੰ ਆਪਣਾ ਆਧਾਰ ਬਣਾ ਕੇ ਇਕ ਅਜਿਹੀ ਲਿਖ਼ਤ ਦੀ ਪ੍ਰਕਾਸ਼ਨਾ ਕਰਵਾਈ ਹੈ, ਜਿਸ ਅੰਦਰ ਬੰਦਾ ਸਿੰਘ ਬਹਾਦੁਰ ਬਾਰੇ ਹੁਣ ਤੱਕ ਲਿਖੀਆਂ ਗਈਆਂ ਸਮੂੁਹ ਲਿਖ਼ਤਾਂ ਅੰਦਰ ਕੁੜ-ਪ੍ਰਚਾਰ ਠਾਠਾਂ ਮਾਰਦਾ ਹੋਇਆ ਦਿਖਾਈ ਦਿੰਦਾ ਹੈ। ਅਜਿਹੇ ਮੌਕੇ ਕਿਸੇ ਵੀ ਸੁਯੋਗ ਪਾਠਕ ਲਈ ਇਹ ਸਮਝਣਾ ਕਦੀ ਵੀ ਮੁਸ਼ਕਲ ਨਹੀਂ ਹੋਵੇਗਾ ਕਿ ਇਸ ਨਾਵਲ ਅੰਦਰ ਉਹ ਆਪਣੇ ਪਾਤਰ ਨਾਲ ਕਿੰਨਾ 'ਕੁ ਇਨਸਾਫ਼ ਕਰ ਪਾਇਆ ਹੋਵੇਗਾ।
ਪਰਮਿੰਦਰ ਸਿੰਘ ਸ਼ੌਂਕੀ
ਸੰਪਰਕ: 094643-46677
Comments (0)