ਕਸ਼ਮੀਰੀ ਖਾੜਕੂਆਂ ਦੇ ਡਰੋਂ ਭਾਜਪਾ ਨੇ ਆਪਣੇ ਕਾਰਕੁੰਨ ਹੋਟਲਾਂ 'ਚ ਲਕੋਏ

ਕਸ਼ਮੀਰੀ ਖਾੜਕੂਆਂ ਦੇ ਡਰੋਂ ਭਾਜਪਾ ਨੇ ਆਪਣੇ ਕਾਰਕੁੰਨ ਹੋਟਲਾਂ 'ਚ ਲਕੋਏ

ਅੰਮ੍ਰਿਤਸਰ ਟਾਈਮਜ਼ ਬਿਊਰੋ

ਕਸ਼ਮੀਰ ਵਿਚ ਪਿਛਲੇ ਕੁੱਝ ਦਿਨਾਂ ਦੌਰਾਨ ਕਸ਼ਮੀਰੀ ਖਾੜਕੂਆਂ ਵੱਲੋਂ ਭਾਜਪਾ ਨਾਲ ਸਬੰਧਿਤ ਕਈ ਸਿਆਸੀ ਆਗੂਆਂ ਨੂੰ ਕਤਲ ਕਰ ਦਿੱਤਾ ਗਿਆ ਹੈ। ਇਸ ਨਾਲ ਭਾਜਪਾ ਲਈ ਕੰਮ ਕਰਦੇ ਕਾਰਕੁੰਨ ਅਤੇ ਆਗੂ ਸਹਿਮੇ ਹੋਏ ਹਨ। ਭਾਜਪਾ ਨੇ ਆਪਣੇ ਕਾਰਕੁੰਨਾਂ ਨੂੰ ਸੁਰੱਖਿਆ ਦੇਣ ਲਈ ਇਹਨਾਂ ਦੇ ਰਹਿਣ ਦਾ ਬੰਦੋਬਸਤ ਹੁਣ ਹੋਟਲਾਂ ਵਿਚ ਕੀਤਾ ਹੈ ਜਿੱਥੇ ਸਖਤ ਸੁਰੱਖਿਆ ਪਹਿਰਾ ਲਾਇਆ ਗਿਆ ਹੈ।

ਪ੍ਰਾਪਤ ਜਾਣਕਾਰੀ ਮੁਤਾਬਕ ਭਾਜਪਾ ਨੇ ਕਸ਼ਮੀਰ ਵਿਚ ਉਸ ਲਈ ਕੰਮ ਕਰਦੇ ਕਾਰਕੁੰਨਾਂ ਨੂੰ ਪਹਿਲਗਾਮ ਦੇ ਹੋਟਲਾਂ ਵਿਚ ਰੱਖਿਆ ਹੈ। 

ਪਿਛਲੇ ਇਕ ਮਹੀਨੇ ਦੌਰਾਨ ਭਾਜਪਾ ਦੇ ਪੰਜ ਆਗੂਆਂ ਦਾ ਕਤਲ ਹੋ ਚੁੱਕਿਆ ਹੈ। ਬੀਤੇ ਕੱਲ੍ਹ ਬੁਡਗਾਮ ਜ਼ਿਲ੍ਹੇ ਦੇ ਭਾਜਪਾ ਪ੍ਰਧਾਨ ਅਬਦੁਲ ਹਮੀਦ ਨਜਰ ਦੀ ਵੀ ਮੌਤ ਹੋ ਗਈ, ਉਸ 'ਤੇ ਇਕ ਦਿਨ ਪਹਿਲਾਂ ਹਮਲਾ ਹੋਇਆ ਸੀ।

ਕਸ਼ਮੀਰ ਵਿਚ ਭਾਜਪਾ ਦੇ ਜਥੇਬੰਦਕ ਸਕੱਤਰ ਅਸ਼ੋਕ ਕੌਲ ਨੇ ਕਿਹਾ ਕਿ ਸੁਰੱਖਿਆ ਕਾਰਨਾਂ ਕਰਕੇ 70 ਤੋਂ ਵੱਧ ਕਾਰਕੁੰਨਾਂ ਨੂੰ ਹੋਟਲਾਂ ਵਿਚ ਤਬਦੀਲ ਕੀਤਾ ਗਿਆ ਹੈ।

ਗੌਰਤਲਬ ਹੈ ਕਿ ਕਸ਼ਮੀਰ ਵਿਚ ਭਾਜਪਾ ਆਪਣੇ ਪੈਰ ਜ਼ਮਾਉਣ ਲਈ ਸਿਰ ਤੋੜ ਯਤਨ ਕਰ ਰਹੀ ਹੈ। ਪਰ ਕਸ਼ਮੀਰ ਖੇਤਰ ਵਿਚ ਉਸਨੂੰ ਅਜੇ ਤਕ ਕੋਈ ਸਿਆਸੀ ਕਾਮਯਾਬੀ ਹਾਸਲ ਨਹੀਂ ਹੋਈ ਹੈ। 

ਭਾਜਪਾ ਦੇ ਪਾਰਟੀ ਪ੍ਰਧਾਨ ਜੇਪੀ ਨੱਡਾ ਨੇ ਇਹਨਾਂ ਕਤਲਾਂ ਬਾਰੇ ਜਾਣੂ ਕਰਾਉਂਦਿਆਂ ਭਾਰਤ ਦੇ ਗ੍ਰਹਿ ਮੰਤਰਾਲੇ ਤੋਂ ਕਾਰਗਰ ਕਦਮ ਚੁੱਕਣ ਦੀ ਮੰਗ ਕੀਤੀ ਹੈ।