2022 ਦੇ ਪੰਜਾਬ ਅਖਾੜੇ ਲਈ ਦਿੱਲੀ ਦੇ ਭਲਵਾਨ

2022 ਦੇ ਪੰਜਾਬ ਅਖਾੜੇ ਲਈ ਦਿੱਲੀ ਦੇ ਭਲਵਾਨ

ਸੁਖਵਿੰਦਰ ਸਿੰਘ
ਪੰਜਾਬ ਵਿਚ 2022 ਦੀਆਂ ਵਿਧਾਨ ਸਭਾ ਚੋਣਾਂ ਦਾ ਅਖਾੜਾ ਮਘਣ ਨੂੰ ਲਗਭਗ ਸਾਲ ਦਾ ਸਮਾਂ ਰਹਿ ਗਿਆ ਹੈ। ਬੀਤੇ ਦਿਨੀਂ ਆਮ ਆਦਮੀ ਪਾਰਟੀ ਨੇ ਆਪਣੇ ਪੰਜਾਬ ਦੇ ਸਮੁੱਚੇ ਜਥੇਬੰਦਕ ਢਾਂਚੇ ਨੂੰ ਭੰਗ ਕਰਦਿਆਂ ਚੋਣਾਂ ਦੀ ਤਿਆਰੀ ਨੂੰ ਮੁੱਖ ਰੱਖ ਕੇ ਨਵੀਂਆਂ ਅਹੁਦੇਦਾਰੀਆਂ ਵੰਡਣ ਲਈ ਰਾਹ ਪੱਧਰਾ ਕੀਤਾ ਹੈ। ਸੱਤਾਧਾਰੀ ਕਾਂਗਰਸ ਪਾਰਟੀ ਵੀ 2017 ਦੀਆਂ ਚੋਣਾਂ ਮੌਕੇ ਜਿਹਨਾਂ ਵਾਦਿਆਂ ਨੂੰ ਕਰ ਕੇ ਸੱਤਾ 'ਤੇ ਕਾਬਜ਼ ਹੋਈ ਸੀ, ਉਹਨਾਂ ਵਿਚੋਂ ਕੁੱਝ ਨੂੰ ਸਿਰੇ ਚੜ੍ਹਾਉਣ ਲਈ ਕਦਮ ਚੁੱਕਣ ਲੱਗੀ ਹੈ। ਬਾਦਲ ਦਲ ਦੇ ਵੱਡੇ ਬਾਦਲ ਕੋਰੋਨਾਵਾਇਰਸ ਨੂੰ ਦੇਖਦਿਆਂ ਉਮਰ ਦੇ ਲਿਹਾਜ਼ ਨਾਲ ਗੁਪਤਵਾਸ ਵਿਚ ਹੀ ਹਨ ਤੇ ਸੁਖਬੀਰ ਬਾਦਲ ਪਾਰਟੀ ਨੂੰ ਮੁੜ ਲੀਹ 'ਤੇ ਤੋਰਨ ਦੀ ਕੋਸ਼ਿਸ਼ ਕਰ ਰਹੇ ਹਨ। ਭਾਜਪਾ ਅਕਾਲੀ ਦਲ ਵਿਚ ਲੱਗੀ ਸੰਨ੍ਹ ਦੇ ਵੱਧ ਰਹੇ ਪਾੜ੍ਹ ਵਿਚੋਂ ਵੱਧ ਸੀਟਾਂ ਹਾਸਲ ਕਰਨ 'ਤੇ ਅੱਖ ਲਾਈ ਬੈਠੀ ਹੈ। ਅਕਾਲੀ ਦਲ ਵਿਚੋਂ ਨਿਕਲੇ ਢੀਂਡਸਾ ਦੀਆਂ ਸਰਗਰਮੀਆਂ ਨੂੰ ਅਣਦਿਸਦੀਆਂ ਤਾਕਤਾਂ ਦੀ ਸ਼ਹਿ ਪ੍ਰਤੀਤ ਹੋ ਰਹੀ ਹੈ। ਨਵਜੋਤ ਕੌਰ ਸਿੱਧੂ ਨੇ ਵੀ ਜੀਵਨ ਸਾਥੀ ਸਿੱਧੂ ਸਮੇਤ ਮੁੜ ਘਰ-ਵਾਪਸੀ (ਆਰ.ਐਸ.ਐਸ) ਦੇ ਸੰਕੇਤ ਦਿੱਤੇ ਹਨ। ਇਹਨਾਂ ੳੇੁਪਰੋਕਤ ਸਾਰੀਆਂ ਧਿਰਾਂ ਵਿਚ ਇਕ ਹੀ ਸਾਂਝ ਹੈ ਕਿ ਇਹ ਪੰਜਾਬ ਦੇ ਚੋਣ ਅਖਾੜੇ ਵਿਚ ਪੰਜਾਬ ਦੀਆਂ ਨਹੀਂ ਦਿੱਲੀ ਦੀਆਂ ਧਿਰਾਂ ਹਨ। 

ਕਾਂਗਰਸ 
ਕਾਂਗਰਸ ਦੀ ਸਰਕਾਰ ਨੂੰ ਕੈਪਟਨ ਅਮਰਿੰਦਰ ਸਿੰਘ ਰਾਜੇ ਦੀ ਰਾਜਸ਼ਾਹੀ ਵਾਂਗ ਹੀ ਚਲਾ ਰਹੇ ਹਨ ਜਿੱਥੇ ਪਾਰਟੀ ਨੂੰ ਚੋਣਾਂ ਜਿਤਾਉਣ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਬਾਕੀ ਆਗੂਆਂ ਦੀ ਕੋਈ ਬਹੁਤੀ ਬੁੱਕਤ ਨਹੀਂ। ਕੈਪਟਨ ਦੀ ਅਗਵਾਈ ਤੋਂ ਇਹ ਸਮੱਸਿਆ ਪਾਰਟੀ ਵਿਚ ਹਮੇਸ਼ਾ ਰਹੀ ਹੈ ਤੇ ਇਸ ਵਾਰ ਦੀ ਸਰਕਾਰ ਵਿਚ ਵੀ ਇਸ ਗੱਲ ਨੂੰ ਪ੍ਰਮਾਣ ਦਿੰਦੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ। ਵਿਧਾਇਕ ਤਾਂ ਫੇਰ ਵੀ ਸਰਕਾਰ ਵਿਚ ਡੰਗ ਟਪਾ ਰਹੇ ਹਨ ਪਰ ਕੈਪਟਨ ਦੀ ਅਗਵਾਈ ਤੋਂ ਅੱਕੇ ਦੋ ਕਾਂਗਰਸੀ ਰਾਜ ਸਭਾ ਮੈਂਬਰਾਂ ਨੇ ਤਾਂ ਕੈਪਟਨ ਖਿਲਾਫ ਸਿੱਧੀ ਬਗਾਵਤ ਹੀ ਕਰ ਦਿੱਤੀ ਹੈ। ਜਿੱਥੋਂ ਤਕ ਕੈਪਟਨ ਅਮਰਿੰਦਰ ਸਿੰਘ ਵੱਲੋਂ ਮੁੱਖ ਮੰਤਰੀ ਬਣਨ ਲਈ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦਿਆਂ ਦੀ ਗੱਲ ਹੈ ਤਾਂ ਉਹ 2022 ਆਉਂਦਿਆਂ 50 ਫੀਸਦੀ ਵੀ ਪੂਰੇ ਹੁੰਦੇ ਨਹੀਂ ਦਿਖਦੇ। ਸ਼ਾਇਦ ਸਰਕਾਰ ਵੀ 50 ਫੀਸਦੀ ਪੂਰੇ ਕਰਨ ਦਾ ਟੀਚਾ ਮਿੱਥ ਕੇ ਹੀ ਚੱਲ ਰਹੀ ਹੈ। ਇਸ ਧਿਰ ਬਾਰੇ ਕਿਸੇ ਨੂੰ ਕੋਈ ਦੋ-ਰਾਵਾਂ ਨਹੀਂ ਕਿ ਇਸਦੀਆਂ ਡੋਰਾਂ ਸਿੱਧੀਆਂ ਦਿੱਲੀ ਤੋਂ ਹੀ ਖਿੱਚੀਆਂ ਜਾਂਦੀਆਂ ਹਨ।

ਆਮ ਆਦਮੀ ਪਾਰਟੀ
ਆਰ.ਐਸ.ਐਸ ਦੀ ਮਦਦ ਪ੍ਰਾਪਤ ਅੰਨਾ ਹਜ਼ਾਰੇ ਦੀ ਮੁਹਿੰਮ ਵਿਚੋਂ ਨਿੱਕਲੀ ਆਮ ਆਦਮੀ ਪਾਰਟੀ ਨੂੰ ਦਿੱਲੀ ਤੋਂ ਬਾਅਦ ਜੇ ਕਿਤੇ ਢੋਈ ਮਿਲੀ ਤਾਂ ਉਹ ਪੰਜਾਬ ਹੀ ਸੀ। ਬਾਕੀ ਭਾਰਤ ਵਿਚ ਇਸਦਾ ਬਿਸਤਰਾ ਪੂਰੀ ਤਰ੍ਹਾਂ ਗੋਲ ਹੋਇਆ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਇਹਨਾਂ ਦੋ ਸੂਬਿਆਂ ਵਿਚ ਆਪ ਦੀ ਚੜ੍ਹਤ ਭਾਜਪਾ ਦੇ ਸਿਆਸੀ ਅਜੈਂਡੇ ਨੂੰ ਪੂਰੀ ਤਰ੍ਹਾਂ ਫਿੱਟ ਬੈਠਦੀ ਹੈ। ਪੰਜਾਬ ਵਿਚ ਆਮ ਆਦਮੀ ਪਾਰਟੀ ਤੋਂ ਲੋਕਾਂ ਨੇ ਵੱਡੀ ਆਸ ਲਾਈ ਅਤੇ ਵਿਰੋਧੀ ਧਿਰ ਦਾ ਥਾਂ ਦਵਾਇਆ। ਪਰ ਪਾਰਟੀ ਵਿਰੋਧੀ ਧਿਰ ਵਜੋਂ ਪੰਜਾਬ ਦੇ ਭਲੇ ਲਈ ਸਾਰਥਕ ਰੋਲ ਨਿਭਾਉਣ 'ਚ ਨਾਕਾਮ ਰਹੀ। ਆਮ ਆਦਮੀ ਪਾਰਟੀ ਕੋਲ ਪੰਜਾਬ ਦੇ ਭਲੇ ਲਈ ਕੋਈ ਅਜੇਂਡਾ ਨਹੀਂ, ਉਹ ਸਿਰਫ ਕਾਂਗਰਸ ਅਤੇ ਅਕਾਲੀ ਦਲ ਬਾਦਲ ਖਿਲਾਫ ਲੋਕਾਂ ਦੇ ਗੁੱਸੇ ਨੂੰ ਵਰਤ ਕੇ ਪੰਜਾਬ ਵਿਚ ਰਾਜਨੀਤੀ ਕਰਨੀ ਚਾਹੁੰਦੀ ਹੈ। ਪੰਜਾਬ ਦੀਆਂ ਰਾਜਨੀਤਕ ਮੰਗਾਂ 'ਤੇ ਆਮ ਆਦਮੀ ਪਾਰਟੀ ਦੀ ਚੁੱਪ ਦਾ ਕਾਰਨ ਵੀ ਇਹੋ ਹੈ ਕਿ ਉਸ ਦੀਆਂ ਡੋਰਾਂ ਵੀ ਦਿੱਲੀ ਤੋਂ ਹੀ ਖਿੱਚੀਆਂ ਜਾਂਦੀਆਂ ਹਨ। 

ਸ਼੍ਰੋਮਣੀ ਅਕਾਲੀ ਦਲ (ਬਾਦਲ)
ਪਿਛਲੀ ਸਰਕਾਰ ਦੌਰਾਨ 2015 ਵਿਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਦੇ ਸਮੇਂ ਬਾਦਲ ਪਰਿਵਾਰ ਦੀ ਬਤੌਰ ਸਰਕਾਰ ਕਾਰਗੁਜ਼ਾਰੀ ਨੇ ਸ਼੍ਰਮਣੀ ਅਕਾਲੀ ਦਲ (ਬਾਦਲ) ਤੋਂ ਪੰਥ ਦਾ ਭਰੋਸਾ ਅਜਿਹਾ ਚੁੱਕਿਆ ਜੋ ਹੁਣ ਕਦੇ ਬਹਾਲ ਨਹੀਂ ਹੋ ਸਕਦਾ। ਸਿੱਖਾਂ ਲਈ ਗੁਰੂ ਗ੍ਰੰਥ ਸਾਹਿਬ ਤੋਂ ਸਰਬਉੱਚ ਕੁੱਝ ਨਹੀਂ ਤੇ ਬਾਦਲ ਪਰਿਵਾਰ ਕਈ ਸਾਲਾਂ ਦੇ ਸਰਕਾਰੀ ਸੁੱਖ ਵਿਚ ਇਸ ਗੱਲ ਨੂੰ ਵੀ ਵਿਸਾਰ ਗਿਆ। ਇਸ ਤੋਂ ਬਾਅਦ ਡੇਰਾ ਸਿਰਸਾ ਮੁਖੀ ਸਬੰਧੀ ਲਏ ਫੈਂਸਲੇ ਅਤੇ 10 ਸਾਲਾਂ ਦੀ ਸੱਤਾ ਦੌਰਾਨ ਸਿੱਖ ਹਿੱਤਾਂ ਨੂੰ ਪੂਰੀ ਤਰ੍ਹਾਂ ਤਿਲਾਂਜਲੀ ਦੇਣ ਦਾ ਕਾਰਨ ਹੀ ਬਣਿਆ ਕਿ ਬਾਦਲ ਦਲ ਵਿਰੋਧੀ ਧਿਰ ਦਾ ਹੱਕ ਵੀ ਹਾਸਲ ਨਹੀਂ ਕਰ ਸਕਿਆ। ਪਾਰਟੀ ਵਿਚ ਬਾਦਲ ਪਰਿਵਾਰ ਦੀ ਬਣੀ ਏਕਾਅਧਿਕਾਰ ਚੌਧਰ ਤੋਂ ਤੰਗ ਕਈ ਉੱਚ ਆਗੂਆਂ ਨੇ ਪਾਰਟੀ ਦੇ ਇਸ ਨਿੱਘਰੇ ਸਮੇਂ ਨੂੰ ਸਹੀ ਮੌਕਾ ਸਮਝਦਿਆਂ ਬਾਦਲਾਂ ਦੀ ਬੇੜੀ ਵਿਚੋਂ ਛਾਲ ਮਾਰ ਦਿੱਤੀ। ਪਰ ਬਾਦਲਾਂ ਦੀ ਬੇੜੀ ਵਿਚੋਂ ਨਿੱਕਲੇ ਸਾਰੇ ਇਹ ਮਲਾਹ ਉਹਨਾਂ ਸਾਰੇ ਦੋਸ਼ਾਂ ਵਿਚ ਬਾਦਲਾਂ ਦੇ ਬਰਾਬਰ ਭਾਈਵਾਲ ਹਨ ਜਿਹਨਾਂ ਕਰਕੇ ਬਾਦਲਾਂ ਤੋਂ ਪੰਥ ਦਾ ਭਰੋਸਾ ਪੂਰੀ ਤਰ੍ਹਾਂ ਉੱਠ ਗਿਆ ਹੈ। ਬਾਦਲ ਪਰਿਵਾਰ ਬਚੇ ਆਗੂਆਂ ਨਾਲ ਪਾਰਟੀ ਨੂੰ ਮੁੜ ਲੀਹ 'ਤੇ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਇਹ ਲੀਹ 'ਤੇ ਚੜ੍ਹਨੀ ਹੈ ਜਾ ਨਹੀਂ, ਇਸਦਾ ਫੈਂਸਲਾ ਦਿੱਲੀ ਹੱਥ ਹੈ ਕਿਉਂਕਿ ਬਾਦਲ ਪਰਿਵਾਰ ਪਾਰਟੀ ਦੀਆਂ ਡੋਰਾਂ ਪੰਥ ਹੱਥੋਂ ਖੋਹ ਕੇ ਕਈ ਸਾਲਾਂ ਦਾ ਦਿੱਲੀ ਹੱਥ ਫੜ੍ਹਾ ਚੁੱਕਿਆ ਹੈ।

ਭਾਜਪਾ
ਭਾਜਪਾ ਲਈ ਪੰਜਾਬ ਜਿੱਤਣਾ ਇਕ ਵੱਡੀ ਚੁਣੌਤੀ ਬਣਿਆ ਹੋਇਆ ਹੈ ਅਤੇ ਆਰ.ਐਸ.ਐਸ ਨੇ ਪੰਜਾਬ ਵਿਚ ਸਿਆਸੀ ਝੰਡਾ ਗੱਡਣ ਲਈ ਟਿੱਲ ਦਾ ਜ਼ੋਰ ਵੀ ਲਾ ਦਿੱਤਾ ਹੈ। ਭਾਜਪਾ ਲਈ ਪੰਜਾਬ ਵਿਚ ਸਭ ਤੋਂ ਵੱਡੀ ਮੁਸੀਬਤ ਇਹ ਹੈ ਕਿ ਉਸਦੇ ਆਮ ਤੌਰ 'ਤੇ ਵੋਟ ਬੈਂਕ ਹਿੰਦੂ ਵਰਗ ਨੂੰ ਪੰਜਾਬ ਵਿਚ ਉਸ ਦੀ ਜਿੱਤ ਦਾ ਯਕੀਨ ਨਹੀਂ। ਇਸ ਬੇਭਰੋਸਗੀ ਕਾਰਨ ਪੰਜਾਬ ਦੀ ਹਿੰਦੂ ਵੋਟ ਦਾ ਵੱਡਾ ਹਿੱਸਾ ਭਾਜਪਾ ਦੀ ਬਜਾਏ ਕਾਂਗਰਸ ਨੂੰ ਤਰਜੀਹ ਦਿੰਦਾ ਹੈ। ਭਾਜਪਾ ਇਸ ਭਰੋਸੇ ਨੂੰ ਬਹਾਲ ਕਰਨ ਲਈ ਵੱਧ ਸੀਟਾਂ 'ਤੇ ਚੋਣਾਂ ਲੜਨ ਦਾ ਅਜੈਂਡਾ ਲੈ ਕੇ ਚੱਲ ਰਹੀ ਹੈ ਤੇ ਪੰਜਾਬ ਭਾਜਪਾ ਆਪਣੇ ਭਾਈਵਾਲ ਬਾਦਲ ਦਲ ਤੋਂ ਅੱਧੀਆਂ ਸੀਟਾਂ ਮੰਗ ਵੀ ਚੁੱਕੀ ਹੈ। ਪਰ ਭਾਜਪਾ ਦੇ ਨੀਤੀ ਘਾੜੇ ਬਾਦਲ ਦਲ ਨਾਲੋਂ ਨਹੁੰ-ਮਾਸ ਦਾ ਰਿਸ਼ਤਾ ਟੁੱਟਣ ਦੀ ਸੂਰਤ ਵਿਚ ਪਲੈਨ ਦੋ ਲਈ ਵੀ ਜ਼ਮੀਨ ਤਿਆਰ ਕਰ ਰਹੇ ਹਨ ਜਿਸ ਵਿਚ ਨਵਜੋਤ ਸਿੱਧੂ ਅਤੇ ਸੁਖਦੇਵ ਸਿੰਘ ਢੀਂਡਸਾ ਅਹਿਮ ਹਿੱਸੇਦਾਰ ਬਣਕੇ ਉੱਭਰ ਸਕਦੇ ਹਨ। ਦਿੱਲੀ ਤੋਂ ਬੈਠ ਕੇ ਪੰਜਾਬ ਨੂੰ ਚਲਾਉਣ ਦੀਆਂ ਵਿਉਂਤਾਂ ਬਣਾ ਰਹੀ ਭਾਜਪਾ ਦੀਆਂ ਡੋਰਾਂ ਨਾਗਪੁਰ ਤੋਂ ਹਿੱਲਦੀਆਂ ਹਨ।