ਖ਼ਾਲਸਾ ਪੰਥ ਸੰਤਾਲੀ ਬਾਅਦ ਮਹਾਂ ਦੁਖਾਂਤਾਂ ਵਿਚੋਂ ਗੁਜ਼ਰਿਆ

ਖ਼ਾਲਸਾ ਪੰਥ ਸੰਤਾਲੀ ਬਾਅਦ ਮਹਾਂ ਦੁਖਾਂਤਾਂ ਵਿਚੋਂ ਗੁਜ਼ਰਿਆ

ਪੰਜਾਬੀ ਸੂਬੇ ਦੀ ਮੰਗ ਦਾ ਵਿਰੋਧ ਕਰਕੇ ਕੇਂਦਰ ਨੇ ਪੰਜਾਬ ਵਿਰੋਧੀ ਭੂਮਿਕਾ ਨਿਭਾਈ 
ਫਿਰਕੂ ਸਿਆਸਤ ਕਾਰਣ ਵੱਡੇ ਘੱਲੂਘਾਰੇ ਚੌਰਾਸੀ ਦਾ ਸੰਤਾਪ ਹੰਢਾਉਣਾ ਪਿਆ   
ਹੁਣ ਕਿਸਾਨੀ ਦੀ ਲੁਟ ਦੇ ਨਾਮ ਪੰਜਾਬ ਸਿਰ ਕੇਂਦਰੀ ਸੰਕਟ ਮੰਡਰਾਇਆ

ਬਘੇਲ ਸਿੰਘ                                                                       
ਇਕ ਨਵੰਬਰ ਦੇ ਦਿਨ ਨੂੰ ਪੰਜਾਬੀ ਸੂਬੇ ਦੀ ਹੋਂਦ ਵਜੋਂ ਯਾਦ ਕੀਤਾ ਜਾਂਦਾ ਹੈ, ਇਹ ਉਹ ਦਿਨ ਹੈ , ਜਦੋਂ ਦੂਸਰੀ ਵਾਰ ਪੰਜਾਬ ਨੂੰ ਕੱਟਿਆ ਵਢਿਆ ਗਿਆ।ਪਹਿਲੀ ਵਾਰ ਦੇਸ਼ ਦੀ ਅਜ਼ਾਦੀ ਸਮੇਂ ਪੰਜਾਬ ਨਾਲ ਵੱਡੀ ਜ਼ਿਆਦਤੀ ਹੋਈ , ਜਦੋਂ ਇਹਦੇ ਸੀਨੇ ਨੂੰ ਚੀਰ ਕੇ ਐਸੀ ਖੂਨੀ ਲਕੀਰ ਖਿੱਚੀ ਗਈ, ਜਿਹੜੀ ਰਹਿੰਦੀ ਦੁਨੀਆਂ ਤੱਕ ਪੰਜਾਬੀਆਂ ਨੂੰ ਕੌਮੀ ਆਗੂਆਂ ਦੀ ਨਾਲਾਇਕੀ  ਲਈ ਪਛਤਾਵੇ ਦੇ ਦਰਦ ਦਿੰਦੀ ਰਹੇਗੀ । ਦੂਸਰੀ ਵਾਰ ਪੰਜਾਬ ਨੂੰ ਇਹ ਡੂੰਘਾ ਦਰਦ ਇੱਕ ਨਵੰਬਰ 1966 ਨੂੰ ਦਿੱਤਾ ਗਿਆ, ਜਦੋਂ ਅਕਾਲੀਆਂ ਦੀ ਪੰਜਾਬੀ ਸੂਬੇ ਦੀ ਮੰਗ ਮੰਨਣ ਦਾ ਨਾਟਕ ਕਰਕੇ ਕੇਂਦਰ  ਨੇ ਪੰਜਾਬ ਦੀ ਅਜਿਹੀ ਅਧੂਰੀ ਤੇ ਇੱਕ ਤਰਫੀ ਵੰਡ ਕਰ ਦਿੱਤੀ। ਪੰਜਾਬ ਦੇ ਵਿੱਚੋਂ ਦੋ ਹੋਰ ਨਵੇਂ ਸੂਬੇ ਹਰਿਆਣੇ ਅਤੇ ਹਿਮਾਚਲ ਪ੍ਰਦੇਸ਼ ਦਾ ਜਨਮ ਹੋਇਆ। ਇਹ ਸੂਬਿਆਂ ਨੂੰ ਸਿਰਫ ਤੇ ਸਿਰਫ ਪੰਜਾਬ ਨੂੰ ਸਬਕ ਸਿਖਾਉਣ ਲਈ ਹੀ ਹੋਂਦ ਵਿੱਚ ਲਿਆਦਾ ਗਿਆ। ਹਿਮਾਚਲ  ਦੀ ਹੋਂਦ ਪੰਜਾਬ ਦੇ ਪਾਣੀ ਦੇ ਸਰੋਤ ਤੋ ਪੰਜਾਬ ਦੇ ਹੱਕ ਕਮਜ਼ੋਰ ਕਰਨ ਤੇ ਪਾਣੀ ਤੋਂ ਤਿਆਰ ਹੁੰਦੀ ਮੁਫਤ ਬਿਜਲੀ ਦੇ ਡੈਮ ਖੋਹਣ ਲਈ ਵਰਤਿਆ ਗਿਆ। ਪੰਜਾਬ ਦੀ ਤਾਕਤ ਕਮਜ਼ੋਰ ਕਰਨ ਲਈ ਕਿਸਾਨੀ ਨਾਲ ਵਿਤਕਰਾ ਕੀਤਾ, ਪੰਜਾਬ ਦੇ ਹਿੱਸੇ ਆਏ ਕੁਦਰਤੀ ਸਰੋਤਾਂ ਨੂੰ ਖੋਹਣ ਲਈ ਪੰਜਾਬ ਦੇ  ਪਹਾੜੀ ਇਲਾਕੇ ਨੂੰ ਅਲੱਗ ਕਰਕੇ ਹਿਮਾਚਲ ਪ੍ਰਦੇਸ਼ ਬਣਾ ਦਿੱਤਾ ਗਿਆ ਤੇ ਏਸੇ ਤਰ੍ਹਾਂ ਹੀ ਕਾਲਕਾ, ਅੰਬਾਲਾ, ਜਮੁਨਾ ਨਗਰ, ਜਗਾਧਰੀ, ਸਿਰਸਾ,  ਡੱਬਵਾਲੀ ਦੇ ਪੰਜਾਬੀ ਬੋਲਦੇ ਵੱਡੇ ਹਿੱਸੇ ਨੂੰ ਮਿਲਾ ਕੇ ਹਰਿਆਣਾ ਬਣਾਇਆ ਗਿਆ । ਇਸ ਤੋਂ ਇਲਾਵਾ ਰਾਜਸਥਾਨ ਨਾਲ ਲੱਗਦਾ ਪੰਜਾਬ ਦਾ ਵੱਡਾ ਹਿੱਸਾ ਸ੍ਰੀ ਗੰਗਾ ਨਗਰ ਤੱਕ ਰਾਜਸਥਾਨ ਵਿੱਚ ਮਿਲਾ ਦਿੱਤਾ। ਇਸ ਕਾਣੀ ਵੰਡ ਤੋ ਬਾਅਦ ਬਚਿਆ ਇਲਾਕਾ ਪੰਜਾਬੀ ਸੂਬਾ ਬਣ ਗਿਆ। ਏਥੇ ਹੀ ਬੱਸ ਨਹੀ ਹੋਈ ਪੰਜਾਬ ਦੇ ਪਾਣੀ ਖੋਹੇ ਗਏ , ਡੈਮ ਖੋਹੇ ਗਏ , ਇਸ ਦੇ ਬਦਲੇ ਵਿੱਚ ਪੰਜਾਬ ਨੂੰ ਦਿੱਤੇ ਗਏ ਕੋਲੇ ਨਾਲ ਚੱਲਣ ਵਾਲੇ ਥਰਮਲ , ਜਿਹੜੇ ਬਿਜਲੀ ਘੱਟ ਅਤੇ ਬਿਮਾਰੀਆਂ  ਜ਼ਿਆਦਾ ਦੇ ਰਹੇ ਹਨ। ਇਹ ਅੰਗਹੀਣ ਕੀਤੇ ਗਏ ਪੰਜਾਬ ਅਤੇ ਪੰਜਾਬ ਦੀ ਕਿਸਾਨੀ ਦੀ ਆਤਮ ਨਿਰਭਰਤਾ ਨੂੰ ਖਤਮ ਕਰਨ ਦੀ ਬਹੁਤ ਗਹਿਰੀ ਸਾਜਿਸ਼ ਸੀ ।

ਇੱਕ ਨਵੰਬਰ ਜਿੱਥੇ ਪੰਜਾਬੀ ਸੂਬੇ ਦੀ ਹੋਂਦ ਦੇ ਦਿਨ ਵਜੋਂ ਯਾਦ ਕੀਤਾ ਜਾਂਦਾ ਹੈ , ਓਥੇ ਇੱਕ ਨਵੰਬਰ, 84 ਦੇ  ਉਹਨਾਂ ਰਿਸਦੇ ਜ਼ਖਮਾਂ ਨੂੰ ਵੀ ਮੁੜ ਤਾਜ਼ਾ ਕਰ ਜਾਂਦਾ ਹੈ । ਸਿੱਖ ਇਤਿਹਾਸ ਇਸ ਗੱਲ ਦੀ ਗਵਾਹੀ ਵੀ ਭਰਦਾ ਹੈ ਕਿ ਬੇਸ਼ੱਕ ਸਮੇਂ ਸਮੇਂ ਦੀਆਂ ਜ਼ਾਲਮ ਹਕੂਮਤਾਂ  ਨੇ ਸਿੱਖਾਂ ਦਾ ਖੁਰਾ ਖੋਜ ਮਿਟਾਉਣ ਦਾ ਯਤਨ ਵੀ ਕੀਤਾ ਜਾਂ ਖੁਰਾਖੋਜ ਮਿਟਾਉਣ ਵਾਲਿਆਂ ਦਾ ਸਾਥ ਦੇ ਕੇ ਕਈਆਂ ਨੇ ਆਪਣੇ ਆਪ ਨੂੰ ਹਕੂਮਤਾਂ ਦੇ ਵਫਾਦਾਰ ਵਜੋਂ ਵੀ ਪੇਸ਼ ਕੀਤਾ, ਪਰ ਸਿੱਖਾਂ ਨੇ ਕਦੇ ਵੀ ਨਾਂ ਹਕੂਮਤਾਂ ਦੇ ਅਤੇ ਨਾ ਹੀ ਉਹਨਾਂ ਦਾ ਸਾਥ ਦੇਣ ਵਾਲਿਆਂ ਦੇ ਮਜਹਬ ਨੂੰ ਕਦੇ ਨਿਸ਼ਾਨਾ ਬਨਾਉਣ ਦੀ ਮਾੜੀ ਪਹੁੰਚ ਅਪਨਾਈ। ਸਿੱਖਾਂ ਨੇ ਹਮੇਸਾਂ ਜਬਰ ਜੁਲਮ ਦੇ ਖਿਲਾਫ ਆਪਣੀ ਲੜਾਈ ਜਾਰੀ ਰੱਖੀ ਹੈ , ਉਹ ਭਾਵੇਂ ਕਸ਼ਮੀਰੀ ਪੰਡਤਾਂ ਦੇ ਤਿਲਕ ਜੰਝੂ ਦੀ ਰਾਖੀ ਲਈ ਸਿੱਖਾਂ ਦੇ ਨੌਵੇਂ ਗੁਰੂ ਸਹ ਗੁਰੂ ਤੇਗ ਬਹਾਦਰ ਸਾਹਿਬ ਦੀ ਆਪਣੇ ਸਿੱਖਾਂ ਦੇ ਨਾਲ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਦਿੱਤੀ ਸ਼ਹਾਦਤ ਦੇ ਰੂਪ ਵਿੱਚ ਹੋਵੇ, ਭਾਵੇਂ ਅਠਾਰਵੀਂ ਸਦੀ ਦੇ ਅਫਗਾਨੀ ਧਾੜਵੀਆਂ ਵੱਲੋਂ ਹਿੰਦੁਸਤਾਨ ਦੀ ਲੁਟ ਮਾਰ ਕਰਨ ਤੋਂ ਬਾਅਦ ਇੱਥੋਂ ਦੀਆਂ ਹਿੰਦੂ ਬਹੂ ਬੇਟੀਆਂ ਨੂੰ ਜਬਰੀ ਚੁੱਕ ਕੇ ਗਜਨੀ ਦੇ  ਬਜ਼ਾਰਾਂ ਵਿੱਚ ਟਕੇ ਟਕੇ ਨੂੰ ਨਿਲਾਮ ਕੀਤੀਆਂ ਜਾਂਦੀਆਂ ਉਹਨਾਂ ਮਜ਼ਲੂਮ ਬੱਚੀਆਂ ਦੀ ਇਜ਼ਤ ਦੀ ਰਾਖੀ ਲਈ ਗੁਰੂ ਦੇ ਖਾਲਸੇ ਵੱਲੋਂ ਧਾੜਵੀਆਂ ਉੱਤੇ ਰਾਤ ਦੇ ਬਾਰਾਂ ਬਾਰਾਂ ਵਜੇ ਕੀਤੇ ਜਾਂਦੇ ਹਮਲਿਆਂ ਦੇ ਰੂਪ ਵਿੱਚ ਹੋਵੇ, ਸਿੱਖਾਂ ਨੇ ਕਦੇ ਵੀ ਆਪਣੇ ਗੁਰੂ ਦੇ ਆਸ਼ੇ ਤੋਂ ਪਰ੍ਹੇ ਜਾ ਕੇ ਨਸਲੀ ਵਿਤਕਰੇਬਾਜ਼ੀ ਨਹੀਂ ਕੀਤੀ। ਜਦੋਂ ਟਕੇ ਟਕੇ ਨੂੰ ਨਿਲਾਮ ਹੋਣ ਵਾਲੀਆਂ ਬੀਬੀਆਂ ਧਾੜਵੀਆਂ ਤੋਂ ਛੁਡਵਾ ਕੇ ਵਾਪਸ ਲਿਆਂਦੀਆਂ ਜਾਂਦੀਆਂ ਸਨ , ਤਾਂ ਕਦੇ ਵੀ ਕਿਸੇ ਸਿੱਖ ਸੂਰਮੇ ਦਾ ਮਨ ਉਹਨਾਂ ਲਾਚਾਰ ਬਹੂ ਬੇਟੀਆਂ ਦੀ ਇਜ਼ਤ ਨਾਲ ਖਿਲਵਾੜ ਕਰਨ ਲਈ ਨਹੀਂ ਭਟਕਿਆ ਬਲਕਿ ਉਹਨਾਂ ਨੂੰ ਬਾਇਜ਼ਤ ਘਰੋ ਘਰੀਂ ਪਹੁੰਚਾਉਣ ਨੂੰ ਆਪਣਾ ਫਰਜ਼ ਤੇ ਧਰਮ ਸਮਝਣ ਵਾਲੇ ਸਿੱਖ ਯੋਧੇ ਆਪਣੇ ਗੁਰੂ ਦੀਆਂ ਖੁਸ਼ੀਆਂ ਪਰਾਪਤ ਕਰਕੇ ਜ਼ੁਲਮ ਦਾ ਟਾਕਰਾ ਕਰਦੇ ਰਹੇ ਹਨ। ਗੁਰੂ ਗਰੰਥ ਸਾਹਿਬ ਦੇ ਮਹਾਨ ਫਲਸਫੇ ਦੇ ਧਾਰਨੀ ਖਾਲਸੇ ਨੇ ਅਜਿਹਾ ਵਿਸ਼ਾਲ ਖਾਲਸਾ ਰਾਜ ਵੀ ਸਥਾਪਤ ਕੀਤਾ, ਜਿਹੜਾ ਜਾਤੀ, ਮਜਹਬੀ ਅਤੇ ਨਸਲੀ ਵਿਤਕਰੇ ਤੋਂ ਹਟ ਕੇ ਹਰ ਵਰਗ ਦੀ ਜਾਨ ਮਾਲ ਦੀ ਰਾਖੀ ਦਾ ਅਲੰਬਰਦਾਰ ਹੋ ਨਿਬੜਿਆ। ਖਾਲਸੇ ਦੇ ਪੰਜਾਹ ਸਾਲਾਂ ਦੇ ਇਸ ਹਲੇਮੀ ਸਿੱਖ ਰਾਜ ਵਿੱਚ ਕਦੇ ਵੀ ਅਜਿਹੀ ਇੱਕ ਵੀ ਘਟਨਾ ਨਹੀ ਵਾਪਰੀ , ਜਿਹੜੀ ਪਿਛਲੇ ਸਮਿਆਂ ਵਿੱਚ ਖਾਲਸਾ ਪੰਥ  ਉਪਰ ਹੋਏ ਭਿਆਨਕ ਜ਼ੁਲਮਾਂ ਦਾ ਬਦਲਾ ਲੈਣ ਲਈ ਕਿਸੇ ਵਿਸ਼ੇਸ਼ ਫਿਰਕੇ ਨੂੰ ਨਿਸ਼ਾਨਾ ਬਣਾਉਣ ਦਾ ਸਬੂਤ ਪੇਸ਼ ਕਰਦੀ ਹੋਵੇ। ਪਰੰਤੂ ਸ਼ੇਰ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਤੋਂ ਪ੍ਰਧਾਨ ਮੰਤਰੀ ਤੱਕ ਦੇ ਰੁਤਬੇ ਪਾਉਣ ਵਾਲੇ ਡੋਗਰੇ ਹੀ ਸਿੱਖ ਰਾਜ ਦੇ ਪਤਨ ਦਾ ਕਾਰਨ ਜ਼ਰੂਰ ਬਣੇ। ਕਹਿਣ ਤੋਂ ਭਾਵ ਹੈ ਕਿ ਸਿੱਖਾਂ ਨੇ  ਕਦੇ ਬਦਲੇ ਦੀ ਰਾਜਨੀਤੀ ਅਪਣਾਈ ਤੇ ਨਾ ਹੀ ਕਦੇ ਕਿਸੇ ਨਾਲ ਧੋਖਾ ਕਰਨ ਵਾਲੀ ਕੋਈ ਗੱਲ ਸਾਹਮਣੇ  ਨਹੀਂ ਆਈ । ਜਦੋਂ ਕਿ ਸਿੱਖਾਂ ਨਾਲ ਮੁੱਢ ਤੋਂ ਹੀ ਦਿੱਲੀ ਦਰਬਾਰ  ਨੇ ਦਿਲ ਵਿੱਚ ਖਾਰ ਹੀ ਨਹੀ ਰੱਖੀ , ਬਲਕਿ ਸਿੱਖੀ ਨੂੰ ਖਤਮ ਕਰਨ ਦਾ ਕਦੇ ਕੋਈ ਵੀ ਮੌਕਾ ਹੱਥੋਂ ਖੁੰਝਣ ਨਹੀ ਦਿੱਤਾ। ਉਹ ਭਾਵੇਂ ਔਰੰਗਜ਼ੇਬ ਦੀਆਂ ਫੌਜਾਂ ਨਾਲ ਰਲਕੇ ਗੁਰੂ ਗੋਬਿੰਦ ਸਿੰਘ ਤੋਂ ਧੋਖੇ ਨਾਲ ਸ੍ਰੀ ਅਨੰਦਪੁਰ ਦਾ ਕਿਲਾ ਖਾਲੀ ਕਰਵਾਉਣ ਲਈ ਪਹਾੜੀ ਰਾਜਿਆਂ ਦੀਆਂ ਸਾਜਿਸ਼ਾਂ ਹੋਣ , ਭਾਵੇਂ ਗੁਰੂ ਘਰ ਦੇ ਰਸੋਈਏ ਗੰਗੂ ਵੱਲੋਂ ਮਾਤਾ ਗੁਜਰੀ ਅਤੇ ਛੋਟੇ ਸਹਿਬਜਾਦਿਆਂ ਨੂੰ ਲਾਲਚ ਵਸ ਗਿਰਫਤਾਰ ਕਰਵਾਉਣ ਦੀ ਨਾ ਬਖਸ਼ਣਯੋਗ ਗੁਸਤਾਖੀ ਹੋਵੇ, ਭਾਵੇਂ ਸਰਹੰਦ ਦੇ ਸੂਬੇਦਾਰ ਨੂੰ ਸੁੱਚਾ ਨੰਦ ਵੱਲੋਂ ਛੋਟੇ ਸਾਹਿਬਜਾਦਿਆਂ ਨੂੰ ਨੀਹਾਂ ਵਿੱਚ ਚਿਨਾਉਣ ਦੀ ਦਿੱਤੀ ਘਿਨਾਉਣੀ ਸਲਾਹ ਹੋਵੇ , ਇਹ ਸਭ ਸਿੱਖਾਂ ਨੂੰ ਖਤਮ ਕਰਨ ਦੀਆਂ ਮੁਢਲੀਆਂ ਸਾਜਿਸ਼ਾਂ ਹਨ , ਜਿੰਨਾਂ ਨੂੰ ਅਣਗੌਲਿਆ ਕਰਕੇ ਵਰਤਮਾਨ ਇਤਿਹਾਸ ਨਹੀਂ ਦੇਖਿਆ ਜਾ ਸਕਦਾ । ਇਸੇ ਤਰ੍ਹਾਂ ਅੰਗਰੇਜ਼ਾਂ ਤੋ ਮੁਲਕ ਨੂੰ ਅਜ਼ਾਦ ਕਰਵਾਉਣ ਲਈ ਪਾਏ ਗਏ ਨੱਬੇ ਫੀਸਦੀ ਯੋਗਦਾਨ ਦੇ ਬਾਵਜੂਦ ਵੀ ਇਥੋਂ ਦੇ ਫਿਰਕੂ ਸੋਚ ਦੇ ਧਾਰਨੀ ਹਾਕਮਾਂ ਨੂੰ ਸਿੱਖ ਹਮੇਸਾਂ ਕੰਡੇ ਵਾਂਗ ਰੜਕਦੇ ਰਹੇ ਹਨ। ਹਿੰਦ ਪਾਕਿ ਵੰਡ ਸਮੇਂ ਸਨ 1947 ਵਿੱਚ ਵਾਪਰਿਆ ਨਾ ਭੁੱਲਣਯੋਗ ਹਾਦਸਾ ਵੀ  ਦੂਰਅੰਦੇਸ਼ੀ ਬਹੁਤ ਗਹਿਰੀ , ਸਾਜਿਸ਼ ਨੂੰ ਸਮੇਂ ਸਿਰ ਸਮਝਿਆ ਨਹੀਂ ਸੀ ਜਾ ਸਕਿਆ। ਇਹ ਸਿੱਖ ਅਤੇ ਮੁਸਲਮਾਨ ਵਿੱਚ ਦੂਰੀ ਬਣਾਈ ਰੱਖਣ ਲਈ ਖਿੱਚੀ ਗਈ ਇੱਕ ਅਜਿਹੀ ਖੂਨੀ ਲਕੀਰ ਸੀ , ਜਿਹੜੀ ਦਿੱਲੀ ਦੇ ਤਖਤ ਨੂੰ ਭਵਿੱਖ ਵਿੱਚ ਪੰਜਾਬ ਤੋਂ ਹੋਣ ਵਾਲੇ ਖਤਰਿਆਂ ਤੋਂ ਰਾਹਤ ਪਰਦਾਨ ਕਰਨ ਦੇ ਮਨਸੂਬੇ ਨਾਲ ਤਿਆਰ ਕੀਤੀ ਗਈ।

ਜੂਨ 1984 ਦੇ ਘੱਲੂਘਾਰੇ ਤੋਂ ਬਾਅਦ ਧੁਰ ਅੰਦਰ ਤੱਕ ਝੰਜੋੜੇ ਜਾਣ ਵਾਲੇ  ਰੋਸ ਵਿੱਚ ਆਏ ਦੇਸ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਸੁਰਖਿਆ ਵਿੱਚ ਤਾਇਨਾਤ ਸਿੱਖ ਮੁਲਾਜਮ ਭਾਈ ਬੇਅੰਤ ਸਿੰਘ ਅਤੇ ਭਾਈ ਸਤਵੰਤ ਸਿੰਘ ਵੱਲੋਂ ਪ੍ਰਧਾਨ ਮੰਤਰੀ ਨੂੰ ਸਿੱਖਾਂ ਦੇ  ਅਕਾਲ ਤਖਤ ਸਹਿਬ ਤੇ ਹਮਲਾ ਕਰਨ ਅਤੇ ਲੱਖਾਂ ਬੇਗੁਨਾਹਾਂ ਨੂੰ ਮਾਰਨ ਦੇ ਗੁਨਾਹ ਵਿੱਚ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਮੌਤ ਤੋਂ ਤੁਰੰਤ ਬਾਅਦ ਜਿਸ ਤਰ੍ਹਾਂ ਯੋਜਨਾਬੱਧ ਢੰਗ ਨਾਲ ਦਿੱਲੀ ਸਮੇਤ ਪੂਰੇ ਮੁਲਕ ਵਿੱਚ ਸਿੱਖਾਂ ਤੇ ਹਮਲੇ ਹੋਣੇ ਸ਼ੁਰੂ ਹੋ ਗਏ ਉਹ ਵੀ ਦੇਸ ਦੇ ਕੱਟੜਵਾਦੀ ਲੋਕਾਂ ਦੀ ਸਿੱਖ ਵਿਰੋਧੀ ਫਿਰਕੂ ਜਹਿਨੀਅਤ ਨੂੰ ਸਪਸ਼ਟ ਕਰਦਾ ਹੈ। ਉਸ ਸਮੇਂ ਦੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਇਹ ਕਹਿ ਕੇ ਕਿ "ਜਬ ਪੇੜ ਗਿਰਤਾ ਹੈ ਧਰਤੀ ਤੋਂ ਹਿਲਤੀ ਹੀ ਹੈ" ਦਿੱਲੀ ਸਮੇਤ ਦੇਸ ਦੇ ਵੱਖ ਵੱਖ ਸ਼ਹਿਰਾਂ ਵਿੱਚ ਦਿਨ ਦਿਹਾੜੇ ਹੋ ਰਹੇ ਸਿੱਖਾਂ ਦੇ ਕਤਲੇਆਮ ਨੂੰ ਜਾਇਜ਼ ਠਹਿਰਾਅ ਦਿੱਤਾ। ਰਾਜੀਵ ਗਾਂਧੀ ਦੇ ਕਹੇ ਇਹ ਲਫਜ ਸਿੱਖਾਂ ਦੀ ਨਸਲਕੁਸ਼ੀ ਦੀ ਸੋਚੀ ਸਮਝੀ ਸਾਜਿਸ਼ ਦਾ ਭਾਂਡਾ ਭੰਨਦੇ ਹਨ।  1978 ਦੇ ਨਿਰੰਕਾਰੀ ਕਾਂਡ ਵਿੱਚ ਕੀਤੇ ਗਏ ਸ਼ਰੇਆਮ ਸਿੱਖ ਕਤਲੇਆਮ ਤੋਂ  ਲੈ ਕੇ ਅਕਤੂਬਰ 2015 ਤੱਕ ਸ੍ਰੀ ਗੁਰੂ ਗਰੰਥ ਸਹਿਬ ਦੀ ਹੋਈ ਘੋਰ ਬੇਅਦਬੀ ਦੇ ਰੋਸ ਵਜੋਂ ਧਰਨਾ ਦੇ ਰਹੇ ਸ਼ਾਂਤਮਈ ਸਿੱਖਾਂ ਦੇ ਕਤਲੇਆਮ ਤੱਕ ਬਾਦਸਤੂਰ ਜਾਰੀ ਹੈ।ਇਥੇ ਸਭ ਤੋਂ ਵੱਧ ਪਰੇਸ਼ਾਨ ਕਰਨ ਵਾਲੀ ਗੱਲ ਇਹ ਵੀ ਹੈ ਕਿ ਸਿੱਖਾਂ ਦੇ ਆਗੂ ਵਜੋਂ ਸਿੱਖ ਵੋਟ ਨਾਲ ਪੰਜਾਬ ਦੇ ਪੰਜਵੀਂ ਵਾਰ ਮੁੱਖ ਮੰਤਰੀ ਬਣੇ ਸ੍ਰ ਪ੍ਰਕਾਸ਼ ਸਿੰਘ ਬਾਦਲ ਦੀ ਭੂਮਿਕਾ ਵੱਡੇ ਪੰਥ ਦੁਸ਼ਮਣ ਵਾਲੀ ਰਹੀ ਹੈ, ਜਿਸ ਦੀ ਸਰਕਾਰ ਦਾ ਪੰਜ ਪੜਾਵਾਂ ਦਾ ਕਾਰਜਕਾਲ ਸਿੱਖ ਕਤਲੇਆਮ ਨਾਲ  ਸ਼ੁਰੂ ਹੋਕੇ ਸਿੱਖ ਕਤਲੇਆਮ ਨਾਲ ਹੀ ਖਤਮ ਹੋਣ ਹੋਇਆ ਹੈ , ਉਥੇ ਸਿੱਖ ਦੁਸ਼ਮਣ ਤਾਕਤਾਂ ਵੱਲੋਂ ਕੀਤੇ ਕਤਲੇਆਮ ਵਿੱਚ ਵੀ ਸਿੱਖ ਕੌਮ ਦੀ ਨੁਮਾਇੰਦਾ ਪਾਰਟੀ ਸਰੋਮਣੀ ਅਕਾਲੀ ਦਲ ਦੀ  ਲੀਡਰਸ਼ਿਪ ਵੀ ਕਿਤੇ ਨਾ ਕਿਤੇ ਜ਼ਿੰਮੇਵਾਰ ਰਹੀ ਹੈ, ਜਿਸ ਦਾ ਖਮਿਆਜ਼ਾ ਕੌਮ ਨੂੰ ਕੇਂਦਰ ਦੀ ਬੇਇਨਸਾਫ਼ੀ ਨਾਲ ਝੱਲਣਾ ਪੈ ਰਿਹਾ ਹੈ। ਸਾਢੇ ਤਿੰਨ ਦਹਾਕਿਆਂ ਤੋ ਵੱਧ ਬੀਤ ਜਾਣ ਦੇ ਬਾਵਜੂਦ ਵੀ ਨਵੰਬਰ 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਨਾ ਦੇ ਕੇ ਰਾਜ ਸਤਾ ਦੀਆਂ ਕੁਰਸੀਆਂ ਨਾਲ ਨਿਵਾਜ਼ਣਾ ਜਿੱਥੇ ਸਿੱਖ ਕੌਮ ਨੂੰ ਜਾਣਬੁੱਝ ਕੇ ਚਿੜਾਉਣ ਵਾਲੀ ਗੱਲ ਹੈ, ਉਥੇ ਪੰਜਾਬ ਵਿੱਚ ਵੀ ਬੜੀ ਸੋਚੀ ਸਮਝੀ ਸਾਜਿਸ਼ ਤਹਿਤ ਆਏ ਦਿਨ ਸਿੱਖ ਭਾਵਨਾਵਾਂ ਨੂੰ ਸੱਟ ਮਾਰਨ ਲਈ ਕਦੇ  ਡੇਰੇਦਾਰਾਂ ਨਾਲ ਬਿਖੇੜਾ ਖੜਾ ਕਰਵਾ ਕੇ ਅਤੇ ਕਦੇ  ਗੁਰੂ  ਗਰੰਥ ਸਾਹਿਬ ਦੀ ਬੇਅਦਬੀ ਕਰਵਾਈ ਤੇ ਅਗਨ ਭੇਟ ਕਰਵਾਉਣ ਦੇ ਦੋਸ਼ੀ ਬਣੇ।

ਅੱਜ ਜਦੋਂ ਪੰਜਾਬ ਕਿਸਾਨੀ ਦੇ ਖੋਹੇ ਹੱਕ ਹਕੂਕਾਂ ਨੂੰ ਵਾਪਸ ਲੈਣ ਦੀ ਫੈਸਲਕੁਨ ਲੜਾਈ ਲੜ ਰਿਹਾ ਹੈ ਉਸ ਮੌਕੇ ਇੱਕ ਨਵੰਬਰ 1966 ਦੇ ਦਿਨ ਨੂੰ  ਯਾਦ ਕਰਦੇ ਹੋਏ 1984 ਦੇ ਉਹਨਾਂ ਅਭਾਗੇ ਸਿੱਖਾਂ ਦੀ ਭਿਆਨਕ ਮੌਤ ਦੇ 36ਵੇਂ  ਸਾਲ ਵਿੱਚ ਪਹੁੰਚ ਕੇ ਵੀ ਇਨਸਾਫ ਲੈਣ ਤੋਂ ਅਸਮਰਥ ਹਾਂ ਤਾਂ ਸਾਨੂੰ ਸਵੈ ਪੜਚੋਲ ਕਰਨੀ ਵੀ ਜ਼ਰੂਰੀ ਜਾਂਦੀ ਹੈ ਕਿ ਆਖਰ ਕਦੋਂ ਤੱਕ ਸਿੱਖਾਂ ਦਾ ਹੋ ਰਿਹਾ ਦਿਨ ਦੀਵੀ ਕਤਲੇਆਮ  ਜਾਰੀ ਰਹੇਗਾ ਤੇ ਪੰਥ ਨਾਲ ਧਰੋਹ ਕਮਾ ਕੇ ਸਿਆਸੀ ਰੋਟੀਆਂ ਸੇਕਣ ਵਿੱਚ ਕਾਮਯਾਬ ਹੁੰਦੇ ਰਹਿਣਗੇ। ਕਦੋਂ ਤੱਕ ਪੰਜਾਬ ਦੀ ਕਿਸਾਨੀ ਅਪਣੇ ਹੱਕ ਲਈ ਰੇਲਾਂ ਦੀਆਂ ਪਟੜੀਆਂ ਤੇ ਬੈਠ ਕੇ ਦਿੱਲੀ ਦੇ ਹੱਥਾਂ ਵੱਲ ਦੇਖਦੀ ਰਹੇਗੀ ? ਕਦੋ ਪੰਜਾਬ ਦੇ ਰਾਜਨੀਤਕ ਕੁਰਸੀ ਦੀ ਲਾਲਸਾ ਖਾਤਰ ਪੰਜਾਬ ਦੇ ਹਿਤਾਂ ਦੀ ਬਲੀ ਦਿੰਦੇ ਰਹਿਣਗੇ ਤੇ ਲੋਕ ਵਾਰ ਵਾਰ ਧੋਖਾ ਖਾ ਕੇ ਅਪਣੀ ਕਿਸਮਤ ਨੂੰ ਕੋਸਦੇ ਰਹਿਣਗੇ? ਇਹਨਾਂ ਜਿਆਦਤੀਆਂ ਨੂੰ ਠੱਲ ਪਾਉਂਣ ਲਈ ਅਤੇ ਪੰਜਾਬ ਦੇ ਖੋਹੇ ਹੱਕਾਂ ਨੂੰ ਪਰਾਪਤ ਕਰਨ ਲਈ ਸਿਆਸੀ ਲੋਕਾਂ ਤੋਂ ਟੇਕ ਛੱਡ ਕੇ ਸਮੁੱਚੀ ਪੰਜਾਬੀ ਕੌਮ ਨੂੰ  ਗੁਰੂ ਗਰੰਥ ਸਾਹਿਬ ਦੀ ਅਗਵਾਈ ਵਿੱਚ ਇੱਕਜੁੱਟ ਹੋਣਾ ਪਵੇਗਾ।