ਪਾਵਨ ਸਰੂਪਾਂ ਦਾ ਮਸਲਾ: ਮੂਲ ਸਵਾਲ, ਵਿਰੋਧ, ਟਕਰਾਅ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਦਾ ਅਮਲ

ਪਾਵਨ ਸਰੂਪਾਂ ਦਾ ਮਸਲਾ: ਮੂਲ ਸਵਾਲ, ਵਿਰੋਧ, ਟਕਰਾਅ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਦਾ ਅਮਲ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦੇ ਮਸਲੇ ਚ ਸ਼੍ਰੋਮਣੀ ਕਮੇਟੀ ਵੱਲੋਂ ਲਗਾਤਾਰ ਢਿੱਲ ਦਿਖਾਈ ਜਾ ਰਹੀ ਹੈ। ਹੁਣ ਤਕ ਦੀ ਸਾਰੀ ਕਾਰਵਾਈ ਨਾਲ ਸ਼੍ਰੋਮਣੀ ਕਮੇਟੀ ਸਿੱਖ ਸੰਗਤ ਨੂੰ ਭਰੋਸੇ ਵਿਚ ਲੈਣ ਵਿਚ ਸਫਲ ਨਹੀਂ ਹੋਈ। ਪਿਛਲੇ ਦਿਨੀਂ ਸ਼੍ਰੋਮਣੀ ਕਮੇਟੀ ਦਫਤਰ ਦੇ ਨਜ਼ਦੀਕ ਧਰਨੇ ਤੇ ਬੈਠੀ ਸਿੱਖ ਸੰਗਤ ਅਤੇ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਦਰਮਿਆਨ ਝੜਪ ਹੋਈ ਜਿਸ ਵਿੱਚ ਕਾਫੀ ਸਿੰਘਾਂ ਅਤੇ ਬੀਬੀਆਂ ਦੇ ਸੱਟਾਂ ਲੱਗੀਆਂ। ਇਸ ਸਾਰੇ ਮਸਲੇ ਵਿਚ ਕਾਫੀ ਸਾਰੇ ਪੱਖ ਹਨ ਜੋ ਵਿਚਾਰ ਦੀ ਮੰਗ ਕਰਦੇ ਹਨ। ਇਹ ਲਿਖਤ ਓਹਨਾ ਪੱਖਾਂ ਉੱਤੇ ਝਾਤ ਪਾਉਣ ਦਾ ਇਕ ਯਤਨ ਮਾਤਰ ਹੀ ਹੈ।  

ਮੂਲ ਸਵਾਲ ਓਥੇ ਦਾ ਓਥੇ ਹੀ ਖੜਾ ਹੈ:

ਇਸ ਸਾਰੇ ਮਸਲੇ ਵਿਚ ਸਿੱਖ ਸੰਗਤ ਵੱਲੋਂ ਵਾਰ ਵਾਰ ਸਵਾਲ ਕਰਨ ਦੇ ਬਾਵਜ਼ੂਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹਾਲੀ ਤੱਕ ਸੰਗਤ ਨੂੰ ਇਹ ਨਹੀਂ ਦੱਸਿਆ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਕਿੱਥੇ ਹਨ। ਸ਼੍ਰੋਮਣੀ ਕਮੇਟੀ ਲਗਾਤਾਰ ਇਸ ਸਵਾਲ ਤੋਂ ਦੌੜਦੀ ਨਜ਼ਰ ਆ ਰਹੀ ਹੈ। ਸ਼੍ਰੋਮਣੀ ਕਮੇਟੀ ਵੱਲੋਂ ਇਸ ਸਵਾਲ ਦੇ ਜਵਾਬ ਵਿਚ ਹੁਣ ਤਕ ਸਿਰਫ ਇਹੀ ਕਿਹਾ ਗਿਆ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਸੰਗਤਾਂ ਨੂੰ ਦਿੱਤੇ ਗਏ ਹਨ, ਪਰ ਉਹ ਸੰਗਤ ਕੌਣ ਹੈ, ਇਸ ਬਾਰੇ ਕੋਈ ਵੀ ਜਵਾਬ ਨਹੀਂ ਦਿੱਤਾ ਜਾ ਰਿਹਾ।     

ਦਰਬਾਰ ਸਾਹਿਬ ਕੰਪਲੈਕਸ ਅੰਦਰ ਧਰਨੇ

ਪਿਛਲੇ ਕਾਫੀ ਦਿਨਾਂ ਤੋਂ ਦਰਬਾਰ ਸਾਹਿਬ ਕੰਪਲੈਕਸ ਅੰਦਰ ਕੁਝ ਸਿੱਖ ਸੰਗਤਾਂ ਧਰਨੇ ਤੇ ਬੈਠੀਆਂ ਹਨ ਜੋ ਇਸ ਮਸਲੇ ਸਬੰਧੀ ਸ਼੍ਰੋਮਣੀ ਕਮੇਟੀ ਤੋਂ ਲਗਾਤਾਰ ਸਵਾਲ ਕਰ ਰਹੀਆਂ ਹਨ। ਜਦੋਂ ਸਿੱਖ ਸੰਗਤਾਂ ਨੇ ਦਰਬਾਰ ਸਾਹਿਬ ਕੰਪਲੈਕਸ ਅੰਦਰ ਧਰਨਾ ਸ਼ੁਰੂ ਕੀਤਾ ਸੀ, ਅਸੀਂ ਉਦੋਂ ਵੀ ਇਸ ਸਬੰਧੀ ਲਿਖਿਆ ਸੀ ਕਿ “ਸਾਡਾ ਦਰਬਾਰ ਸਾਹਿਬ ਕੰਪਲੈਕਸ ਅੰਦਰ ਧਰਨਾ ਲਾਉਣਾ ਸਾਡੇ ਕੇਂਦਰੀ ਅਸਥਾਨ ਦੇ ਅਦਬ ਅਤੇ ਸਾਡੀ ਰਵਾਇਤ ਅਨੁਸਾਰ ਸਹੀ ਨਹੀਂ ਹੈ। ਇੱਥੇ ਦੁਨਿਆਵੀ ਤਖਤਾਂ ਦੇ ਜੁਰਮ ਅਤੇ ਜਰਵਾਣਿਆਂ ਖਿਲਾਫ ਮੋਰਚਾ ਤਾਂ ਲਾਇਆ ਜਾ ਸਕਦੈ ਪਰ ਸਾਡੇ ਆਪਣੇ ਪ੍ਰਬੰਧ ਖਿਲਾਫ ਇਹ ਕਦਮ ਸਹੀ ਨਹੀਂ ਹੈ, ਸ਼੍ਰੋਮਣੀ ਕਮੇਟੀ ਦੇ ਹੋਰਨਾਂ ਪ੍ਰਬੰਧਾਂ (ਸਕੂਲ, ਕਾਲਜਾਂ ਆਦਿ) ਵਿੱਚ ਵੀ ਬੇਅੰਤ ਕਮੀਆਂ ਹੋ ਸਕਦੀਆਂ ਨੇ, ਇਸ ਤਰ੍ਹਾਂ ਦੇ ਰੁਝਾਨ ਨਾਲ ਤਾਂ ਅਸੀਂ ਹਰ ਕਿਸੇ ਲਈ ਇੱਥੇ ਧਰਨੇ ਲਾਉਣ ਦਾ ਰਾਹ ਖੋਲ ਦਵਾਂਗੇ। ਹੌਲੀ ਹੌਲੀ ਮਟਕਾ ਚੌਂਕ ਵਰਗਾ ਮਹੌਲ ਬਣ ਜਾਣੈ, ਸਰਕਾਰਾਂ ਨੇ ਇਹ ਤਮਾਸ਼ਾ ਵੇਖਦੇ ਰਹਿਣਾ ਹੈ। ਸਾਨੂੰ ਦਰਬਾਰ ਸਾਹਿਬ ਕੰਪਲੈਕਸ ਨੂੰ ਧਰਨੇ/ਮੁਜਾਹਰਿਆਂ ਦਾ ਅਖਾੜਾ ਨਹੀਂ ਬਣਨ ਦੇਣਾ ਚਾਹੀਦਾ।”

ਇਹ ਗੱਲ ਉਦੋਂ ਸਹੀ ਹੋਈ ਜਦੋਂ ਪਿਛਲੇ ਦਿਨੀ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਅਤੇ ਸਿੱਖ ਸੰਗਤ ਦੀ ਝੜਪ ਵੇਲੇ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਵੱਲੋਂ ਪੱਤਰਕਾਰ ਵੀਰਾਂ ਨਾਲ ਵੀ ਧੱਕਾ ਮੁੱਕੀ ਕੀਤੀ ਗਈ ਜਿਸ ਤੋਂ ਬਾਅਦ ਕੁਝ ਪੱਤਰਕਾਰ ਵੀਰ ਸ਼੍ਰੋਮਣੀ ਕਮੇਟੀ ਦੇ ਦਫਤਰ ਬਾਹਰ ਧਰਨੇ ਤੇ ਬੈਠ ਗਏ। ਇਸ ਪੱਖ ਨੂੰ ਗਹਿਰਾਈ ਨਾਲ ਸਮਝਦੇ ਹੋਏ ਸਾਨੂੰ ਇਸ ਰੀਤ ਨੂੰ ਸਥਾਪਿਤ ਕਰਨ ਦੀ ਥਾਂ ਵਿਰੋਧ ਕਰਨ ਦੇ ਹੋਰ ਸੰਭਾਵੀ ਤਰੀਕੇ ਤਲਾਸ਼ਣੇ ਚਾਹੀਦੇ ਹਨ।    

ਦਰਬਾਰ ਸਾਹਿਬ ਕੰਪਲੈਕਸ ਅੰਦਰ ਸਿੱਖਾਂ ਵੱਲੋਂ ਇਕ ਦੂਸਰੇ ਦੀਆਂ ਪੱਗਾਂ ਲਾਹੁਣੀਆਂ: 

ਪਿਛਲੇ ਦਿਨੀ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਅਤੇ ਸਿੱਖ ਸੰਗਤਾਂ ਦਰਮਿਆਨ ਹੋਈ ਝੜਪ ਵਿਚ ਕਾਫੀ ਸਿੰਘਾਂ ਅਤੇ ਕੁਝ ਬੀਬੀਆਂ ਦੇ ਸੱਟਾਂ ਵੱਜੀਆਂ, ਇਹ ਘਟਨਾ ਪੂਰੇ ਪੰਥ ਲਈ ਬਹੁਤ ਸ਼ਰਮਨਾਕ ਹੈ। ਭਾਵੇਂ ਗਲਤੀ ਕਿਸੇ ਇਕ ਧਿਰ ਦੀ ਸੀ ਭਾਵੇਂ ਦੋਵਾਂ ਦੀ ਪਰ ਕਿਸੇ ਨੇ ਵੀ ਇਸ ਗੱਲ ਦੀ ਜਿੰਮੇਵਾਰੀ ਨੂੰ ਨਹੀਂ ਸਮਝਿਆ ਕਿ ਸਾਡੇ ਕੇਂਦਰੀ ਅਸਥਾਨ ਉੱਤੇ ਇਸ ਤਰ੍ਹਾਂ ਦਾ ਅਮਲ ਸਾਨੂੰ ਬਣ ਰਹੇ ਇਤਿਹਾਸ ਵਿੱਚ ਕਿੱਥੇ ਰੱਖ ਕੇ ਵੇਖੇਗਾ। ਧਰਮ ਯੁੱਧ ਮੋਰਚੇ ਵਕਤ ਸੰਤ ਜਰਨੈਲ ਸਿੰਘ ਵੱਲੋਂ ਸਰਕਾਰ ਦੀ ਨੀਅਤ ਨੂੰ ਸਮਝਦਿਆਂ ਪੂਰੀ ਸਪਸ਼ਟਤਾ ਨਾਲ ਕਹਿਣਾ ਅਤੇ ਬੜਾ ਕੁਝ ਝੱਲ ਕੇ ਪਹਿਰਾ ਵੀ ਦੇਣਾ ਕਿ ਸਰਕਾਰ ਚਾਹੁੰਦੀ ਹੈ ਕਿ ਇਥੇ ਸਿੱਖ ਸਿੱਖ ਦੀ ਪੱਗ ਲਾਹੇ ਪਰ ਮੈਂ ਆਪਣੇ ਜਿਓਂਦੇ ਜੀਅ ਇਹ ਹੋਣ ਨਹੀਂ ਦੇਣਾ, ਸਾਡੇ ਲਈ ਬਹੁਤ ਵੱਡੀ ਮਿਸਾਲ ਹੈ। ਟਾਸਕ ਫੋਰਸ ਵੱਲੋਂ ਹਰ ਸਮਾਗਮ ਉੱਤੇ ਖਾਸਕਰ ਤੀਜੇ ਘੱਲੂਘਾਰੇ ਸਬੰਧੀ ਸਮਾਗਮ ਵਕਤ ਤਕਰੀਬਨ ਹਰ ਸਾਲ ਇਸ ਗੱਲ ਨੂੰ ਅੱਖੋਂ ਪਰੋਖੇ ਕਰ ਕੇ ਸਿੱਖ ਸੰਗਤਾਂ ਨਾਲ ਧੱਕਾ ਮੁੱਕੀ ਅਤੇ ਕੁੱਟ ਕੁਟਾਪਾ ਕਰਨ ਦੀਆਂ ਖਬਰਾਂ ਪੂਰੇ ਸੰਸਾਰ ਵਿੱਚ ਘੁੰਮਦੀਆਂ ਹਨ ਜਿਸ ਉੱਤੇ ਗੌਰ ਕੀਤੇ ਬਿਨਾ ਲਗਾਤਾਰ ਇਹ ਅਮਲ ਜਾਰੀ ਹੈ। ਸ਼੍ਰੋਮਣੀ ਕਮੇਟੀ ਤੋਂ ਬਿਨਾ ਸਾਡੀ ਸਭ ਦੀ ਵੀ ਇਹੀ ਜਿੰਮੇਵਾਰੀ ਬਣਦੀ ਕਿ ਅਸੀਂ ਕਿਸੇ ਵੀ ਹਾਲ ਆਪਸੀ ਟਕਰਾਅ ਨੂੰ ਹੋਣ ਤੋਂ ਰੋਕਣ ਲਈ ਯਤਨਸ਼ੀਲ ਰਹੀਏ।    

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਦਾ ਅਮਲ: 

ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਇਸ ਮਸਲੇ ਸਬੰਧੀ ਲਗਾਤਾਰ ਢੀਠਤਾਈ ਦਿਖਾਈ ਜਾ ਰਹੀ ਹੈ। ਓਹਨਾ ਦੇ ਬਿਆਨਾਂ ਵਿਚੋਂ ਓਹਨਾ ਦੀ ਇਸ ਮਸਲੇ ਸਬੰਧੀ ਪਹੁੰਚ ਸਾਫ ਝਲਕਦੀ ਹੈ। ਧਾਰਮਿਕ ਸੰਸਥਾ ਦੇ ਜਿੰਮੇਵਾਰ ਅਹੁਦੇ ਤੇ ਹੁੰਦੇ ਹੋਏ ਉਹ ਸੰਗਤਾਂ ਦੇ ਸਵਾਲਾਂ ਨੂੰ ਲਗਾਤਾਰ ਸਿਆਸੀ ਤਰੀਕੇ ਹੀ ਲੈ ਰਹੇ ਹਨ। ਜੇਕਰ ਸਿਰਫ ਸ਼੍ਰੋਮਣੀ ਕਮੇਟੀ ਦਫਤਰ ਦੇ ਬਾਹਰ ਧਰਨੇ ਤੇ ਬੈਠੀ ਸੰਗਤ ਸਬੰਧੀ ਅਮਲ ਚ ਹੀ ਝਾਤ ਮਾਰਨੀ ਹੋਵੇ ਤਾਂ ਸ਼ੁਰੂ ਵਿੱਚ ਸ਼੍ਰੋਮਣੀ ਕਮੇਟੀ ਪ੍ਰਧਾਨ ਸੰਗਤ ਦੇ ਸਵਾਲਾਂ ਦਾ ਜਵਾਬ ਦੇਣ ਦੀ ਥਾਂ ਬਿਆਨ ਦਿੰਦੇ ਹਨ ਕਿ ਸਤਿਕਾਰ ਕਮੇਟੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਅਤੇ ਰੁਮਾਲਿਆਂ ਆਦਿ ਦਾ ਹਿਸਾਬ ਦੇਵੇ। ਹੁਣ ਵੀ ਧਰਨਾ ਦੇਣ ਵਾਲਿਆਂ ਨੂੰ ਲਗਾਤਾਰ ਸ਼ਰਾਬੀ, ਕਾਂਗਰਸੀ ਆਦਿ ਕਹਿ ਕੇ ਸੰਬੋਧਨ ਹੋ ਰਹੇ ਹਨ ਅਤੇ ਇਸ ਤਰ੍ਹਾਂ ਦੇ ਇਲਜ਼ਾਮ ਲਗਾ ਰਹੇ ਹਨ। ਓਹਨਾ ਦੇ ਇਲਜ਼ਾਮ ਸਹੀ ਹਨ ਜਾ ਗਲਤ ਇਹ ਵੱਖਰਾ ਵਿਸ਼ਾ ਹੈ ਪਰ ਸ਼੍ਰੋਮਣੀ ਕਮੇਟੀ ਪ੍ਰਧਾਨ ਹੋਣ ਦੇ ਨਾਤੇ ਸੰਗਤ ਦੇ ਸਵਾਲਾਂ ਤੋਂ ਭੱਜ ਕੇ ਇਸ ਤਰ੍ਹਾਂ ਦੀ ਪਹੁੰਚ ਅਪਣਾਉਣੀ ਸ਼ੋਭਾ ਨਹੀਂ ਦਿੰਦੀ। ਹਾਲ ਹੀ ਵਿੱਚ ਦਰਬਾਰ ਸਾਹਿਬ ਕੰਪਲੈਕਸ ਅੰਦਰ ਧਰਨੇ ਨਹੀਂ ਲੱਗਣ ਦੇਣ ਦਾ ਬਿਆਨ ਆਇਆ ਹੈ, ਭਾਵੇਂ ਸ਼ਬਦੀ ਰੂਪ ਵਿੱਚ ਇਹ ਬਿਆਨ ਠੀਕ ਹੈ ਅਤੇ ਇਸ ਨਾਲ ਵੱਡੇ ਹਿੱਸੇ ਦੀ ਸਹਿਮਤੀ ਹੈ ਪਰ ਇਹ ਬਿਆਨ ਕਿਸ ਭਾਵਨਾ ਵਿਚੋਂ ਆਇਆ ਹੈ, ਇਸ ਗੱਲ ਦਾ ਵੀ ਓਹਨਾ ਨੂੰ ਖਿਆਲ ਰੱਖਣਾ ਚਾਹੀਦਾ ਹੈ। ਓਹਨਾ ਨੂੰ ਇਸ ਅਹੁਦੇ ਤੇ ਹੁੰਦਿਆਂ ਇਸ ਗੱਲ ਦਾ ਜਰੂਰ ਇਲਮ ਹੋਣਾ ਚਾਹੀਦਾ ਹੈ ਕਿ ਇਹ ਹਿਸਾਬ ਸਿਰਫ ਇਥੇ ਹੀ ਨਹੀਂ, ਇਹ ਦਰਗਾਹ ਵਿਚ ਵੀ ਹੋਣੇ ਨੇ।