‘ਪਾਰਟੀ ਨੂੰ ਨੁਕਸਾਨ ਪਹੁੰਚਾਉਣ ਵਾਲਾ ਰਾਸ਼ਟਰਪਤੀ ਨਹੀਂ ਬਣ ਸਕਦਾ’

‘ਪਾਰਟੀ ਨੂੰ ਨੁਕਸਾਨ ਪਹੁੰਚਾਉਣ ਵਾਲਾ ਰਾਸ਼ਟਰਪਤੀ ਨਹੀਂ ਬਣ ਸਕਦਾ’

ਡੋਨਾਲਡ ਟਰੰਪ ਖ਼ਿਲਾਫ਼ ਦੋ ਔਰਤਾਂ ਦਾ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੂਰੀ ਰਿਪਬਲਿਕਨ ਪਾਰਟੀ ਵਿਚ ਭੂਚਾਲ ਆ ਗਿਆ ਹੈ। ਦਾਨਦਾਤਾਵਾਂ ਨੇ ਸਾਫ਼ ਕਿਹਾ ਕਿ ਪਾਰਟੀ ਨੂੰ ਟਰੰਪ ਨਾਲੋਂ ਰਿਸ਼ਤਾ ਤੋੜ ਲੈਣਾ ਚਾਹੀਦਾ ਹੈ। ਉਨ੍ਹਾਂ ਨੇ ਪੂਰੀ ਪਾਰਟੀ ਨੂੰ ਨੁਕਸਾਨ ਪਹੁੰਚਾਇਆ ਹੈ, ਅਜਿਹਾ ਗ਼ੈਰਜ਼ਿੰਮੇਦਾਰ ਵਿਅਕਤੀ ਅਮਰੀਕੀ ਰਾਸ਼ਟਰਪਤੀ ਨਹੀਂ ਬਣ ਸਕਦਾ। ਪਾਰਟੀ ਨੂੰ ਡਰ ਹੈ ਕਿ ਟਰੰਪ ਕਾਰਨ ਸੂਬਿਆਂ ਦੇ ਨਤੀਜਿਆਂ ਵਿਚ ਮਾੜੇ ਸਿੱਟੇ ਨਿਕਲ ਸਕਦੇ ਹਨ, ਕਿਉਂਕਿ ਟਰੰਪ ਕਾਰਨ ਹੋਰਨਾਂ ਪਾਰਟੀ ਨੇਤਾਵਾਂ ਦੀ ਅਗਵਾਈ ਸਮਰੱਥਾ ‘ਤੇ ਸਵਾਲ ਉਠਣ ਲੱਗੇ ਹਨ।

ਜੋਨਾਇਨ ਮਾਰਟਿਨ, ਅਲਗਜ਼ੈਂਡਰ ਬਰਨਸ, ਮੈਗੀ ਹੇਬਰਮੈਨ :

ਰਿਪਬਲਿਕਨ ਪਾਰਟੀ ਨੇ ਹੁਣ ਤਕ ਅਮਰੀਕਾ ਨੂੰ ਕਈ ਚੋਟੀ ਦੇ ਰਾਸ਼ਟਰਪਤੀ ਦਿੱਤੇ ਹਨ ਅਤੇ ਇਸ ਦਾ ਹੁਣ ਤਕ ਦਾ ਇਤਿਹਾਸ ਰਿਹਾ ਹੈ ਕਿ ਇਸ ਪਾਰਟੀ ਨੇ ਅਮਰੀਕਾ ਨੂੰ ਕਈ ਵੱਡੇ ਮੋਰਚਿਆਂ ‘ਤੇ ਸਹਿਯੋਗ ਕੀਤਾ ਹੈ। ਸਿਰਫ਼ ਅਤੇ ਇਕੋ ਇਕ ਇਸ ਵਾਰ ਹੀ ਪਾਰਟੀ ਨੇਤਾਵਾਂ ਨੂੰ ਹਰ ਥਾਂ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਾਰਟੀ ਦੇ ਚੋਟੀ ਦੇ ਨੇਤਾਵਾਂ ਨੇ ਇਹ ਗੱਲ ਹੁਣ ਤਕ ਦਬਾ ਕੇ ਰੱਖੀ ਸੀ, ਪਰ ਹੁਣ ਵੱਡੇ ਤੇ ਉਦਾਰ ਦਾਨਦਾਤਾਵਾਂ ਨੇ 168 ਮੈਂਬਰਾਂ ਵਾਲੀ ਨੈਸ਼ਨਲ ਕਮੇਟੀ ਨੂੰ ਕਿਹਾ ਕਿ ਉਹ ਡੋਨਾਲਡ ਟਰੰਪ ਨੂੰ ਖਾਰਜ ਕਰਨ, ਔਰਤਾਂ ਪ੍ਰਤੀ ਉਨ੍ਹਾਂ ਦੀ ਨਫ਼ਰਤੀ ਸੋਚ ਵਾਲੇ ਵੀਡੀਓ ਸਾਹਮਣੇ ਆਉਣ ਨਾਲ ਪਾਰਟੀ ਦੀ ਦਿਖ ਨੂੰ ਨੁਕਸਾਨ ਪਹੁੰਚ ਰਿਹਾ ਹੈ।
ਇਹ ਉਹੀ ਦਾਨਦਾਤਾ ਹਨ ਜੋ ਰਾਸ਼ਟਰਪਤੀ ਚੋਣਾਂ ਲਈ ਸਭ ਤੋਂ ਜ਼ਿਆਦਾ ਪੈਸਾ ਦਿੰਦੇ ਹਨ ਅਤੇ ਵੈਸੇ ਵੀ ਡੈਮੋਕਰੈਟਿਕ ਪਾਰਟੀ ਨਾਲੋਂ ਜ਼ਿਆਦਾ ਫੰਡ ਜੇਕਰ ਹੁੰਦਾ ਹੈ, ਤਾਂ ਉਹ ਰਿਪਬਲਿਕਨ ਨੂੰ ਹੀ ਮਿਲਦਾ ਹੈ। ਪਿਛਲੇ ਕੁਝ ਵਰ੍ਹਿਆਂ ਵਿਚ ਇਨ੍ਹਾਂ ਦਾਨਦਾਤਾਵਾਂ ਨੇ ਅਰਬਾਂ ਰੁਪਏ ਪਾਰਟੀ ਨੂੰ ਦਾਨ ਕੀਤੇ ਹਨ। ਉਨ੍ਹਾਂ ਨੇ ਟਰੰਪ ਨੂੰ ਖਾਰਜ ਕਰਨ ਦਾ ਆਧਾਰ ਟਰੰਪ ਦੀ ਗ਼ਲਤ ਸੋਚ ਵਾਲੇ ਲਗਾਤਾਰ ਹੁੰਦੇ ਖ਼ੁਲਾਸਿਆਂ ਨੂੰ ਬਣਾਇਆ ਹੈ। ਇਹੀ ਨਹੀਂ, ਦਾਨਦਾਤਾਵਾਂ ਨੇ ਇਹ ਵੀ ਕਿਹਾ ਕਿ ਜੋ ਵਿਅਕਤੀ ਪਾਰਟੀ ਨੂੰ ਸਭ ਤੋਂ ਵੱਧ ਨੁਕਸਾਨ ਪਹੁੰਚਾ ਸਕਦਾ ਹੈ, ਉਹ ਰਾਸ਼ਟਰਪਤੀ ਅਹੁਦੇ ਲਈ ਉਚਿਤ ਨਹੀਂ ਹੋ ਸਕਦਾ। ਟਰੰਪ ਪੂਰੀ ਪਾਰਟੀ ਲਈ ਖ਼ਤਰਾ ਬਣ ਚੁੱਕੇ ਹਨ।
ਇਥੇ ਵਿਸ਼ਲੇਸ਼ਕਾਂ ਨੇ ਮੰਨਿਆ ਕਿ ਟਰੰਪ ਕਾਰਨ ਪੂਰੀ ਪਾਰਟੀ ਦੀ ਇਹੀ ਦਿਖ ਬਣੀ ਹੈ। ਜੇਕਰ ਅਜਿਹਾ ਰਿਹਾ ਤਾਂ ਰਿਪਬਲਿਕਨ ਨੂੰ ਸੂਬਿਆਂ ਵਿਚ ਬੁਰੇ ਸਿੱਟਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਜਿਹੇ ਵਿਚ ਪਾਰਟੀ ਦੇ ਸਾਹਮਣੇ ਨਵਾਂ ਸੰਕਟ ਇਹ ਆ ਗਿਆ ਹੈ ਕਿ ਉਹ ਟਰੰਪ ਨੂੰ ਇਸ ਵਕਤ ਨਾ ਤਾਂ ਬਾਹਰ ਕਰ ਸਕਦੇ ਹਨ ਤੇ ਨਾ ਉਨ੍ਹਾਂ ਤੋਂ ਉਮੀਦਵਾਰੀ ਵਾਪਸ ਲੈ ਸਕਦੇ ਹਨ। ਹਾਲਾਂਕਿ ਇਸ ਬਾਰੇ ਹੁਣ ਤਕ ਟਰੰਪ ਨੇ ਕੁਝ ਨਹੀਂ ਕਿਹਾ। ਮਿਸੌਰੀ ਸੂਬੇ ਵਿਚ ਇਕ ਕਾਰੋਬਾਰੀ ਐਗਜ਼ੀਕਿਊਟਿਵ ਡੈਵਿਡ ਹੰਪਰੇਜ ਦਾ ਕਹਿਣਾ ਹੈ-ਤੁਸੀਂ ਸਵੇਰੇ ਨੀਂਦ ਤੋਂ ਜਾਗਣ ਮਗਰੋਂ ਸ਼ੀਸ਼ੇ ਵਿਚ ਖ਼ੁਦ ਨੂੰ ਦੇਖਦੇ ਹੋ ਕਿ ਤੁਸੀਂ ਆਪਣੇ ਬੱਚਿਆਂ ਖਾਤਰ ਟਰੰਪ ਦਾ ਸਮਰਥਨ ਨਹੀਂ ਕਰ ਸਕਦੇ। ਖ਼ਾਸ ਤੌਰ ‘ਤੇ ਜੇਕਰ ਤੁਸੀਂ ਬੇਟੀ ਦੇ ਪਿਤਾ ਹੋ ਤਾਂ। ਇਹ ਜਾਣਨਾ ਜ਼ਰੂਰੀ ਹੈ ਕਿ ਮਿਸ. ਹੰਪਰੇਜ ਨੇ ਸਾਲ 2012 ਦੇ ਚੋਣ ਪ੍ਰਚਾਰ ਮਗਰੋਂ ਹੁਣ ਤਕ 17 ਕਰੋੜ ਰੁਪਏ ਦਾ ਦਾਨ ਰਿਪਬਲਿਕਨ ਪਾਰਟੀ ਨੂੰ ਦਿੱਤਾ ਹੈ। ਉਹ ਪਿਛਲੇ ਕੁਝ ਮਹੀਨਿਆਂ ਤੋਂ ਲਗਾਤਾਰ ਟਰੰਪ ਦਾ ਵਿਰੋਧ ਕਰ ਰਹੇ ਹਨ ਪਰ ਔਰਤਾਂ ਵਾਲਾ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਉਨ੍ਹਾਂ ਦਾ ਵਿਰੋਧ ਹੋਰ ਤੇਜ਼ ਹੋ ਗਿਆ ਹੈ।
ਨਿਊਯਾਰਕ ਸਥਿਤ ਇਨਵੈਸਟਰ ਬਰੂਸ ਕੋਵਨਰ ਪਤਨੀ ਨਾਲ ਕਾਰੋਬਾਰ ਕਰਦੇ ਹਨ। ਉਨ੍ਹਾਂ ਦੋਹਾਂ ਨੇ ਮਿਲ ਕੇ ਇਸ ਪਾਰਟੀ ਨੂੰ 18 ਕਰੋੜ ਰੁਪਏ ਦਾ ਦਾਨ ਦਿੱਤਾ ਹੈ। ਉਹ ਕਹਿੰਦੇ ਹਨ- ਸਭ ਗ਼ਲਤ ਹੋ ਗਿਆ। ਉਨ੍ਹਾਂ ਨੇ ਟਰੰਪ ਨੂੰ ਗ਼ਲਤ ਨੇਤਾ ਕਰਾਰ ਦਿੰਦਿਆਂ ਕਿਹਾ ਕਿ ਅਮਰੀਕਾ ਦਾ ਰਾਸ਼ਟਰਪਤੀ ਅਜਿਹਾ ਗੈਰ ਜ਼ਿੰਮੇਦਾਰ ਵਿਅਕਤੀ ਨਹੀਂ ਹੋ ਸਕਦਾ। ਮਿ. ਕੋਵਨਰ ਨੇ ਈ-ਮੇਲ ਵਿਚ ਜਾਣਕਾਰੀ ਦਿੰਦਿਆਂ ਲਿਖਿਆ ਹੈ ਕਿ ਅਜਿਹੇ ਕਈ ਹੋਰ ਲੋਕ ਹਨ, ਜੋ ਮੰਨਦੇ ਹਨ ਕਿ ਟਰੰਪ ਸਹੀ ਵਿਅਕਤੀ ਨਹੀਂ ਹੈ। ਉਨ੍ਹਾਂ ਕਾਰਨ ਨਿਸਚਤ ਤੌਰ ‘ਤੇ ਪਾਰਟੀ ਨੂੰ ਨੁਕਸਾਨ ਪਹੁੰਚਿਆ ਹੈ। ਮਿਸ. ਕੋਵਨਰ ਨੇ ਰਿਪਬਲਿਕਨ ਪਾਰਟੀ ਦੀ ਕੌਮੀ ਕਮੇਟੀ ਨੂੰ ਕਿਹਾ ਕਿ ਉਹ ਅਜਿਹਾ ਉਮੀਦਵਾਰ ਲੱਭਣ, ਜਿਸ ਦੀ ਦਿਖ ਚੰਗੀ ਹੋਵੇ ਅਤੇ ਉਹ ‘ਫਰੀ ਮਾਰਕੀਟ ਐਂਡ ਲਿਮਟਿਡ ਗਵਰਨਮੈਂਟ’ ਵਰਗੀਆਂ ਕੋਰ ਵੈਲੀਊਜ਼ ਜਾਣਦਾ ਹੋਵੇ। ਉਨ੍ਹਾਂ ਨੇ ਅੱਗੇ ਕਿਹਾ, ਸਾਨੂੰ ਉਮੀਦ ਹੈ ਕਿ ਕਮੇਟੀ ਇਸ ਪੱਤਰ ‘ਤੇ ਗੌਰ ਕਰੇਗੀ ਤੇ ਆਪਣੇ ਸਿਧਾਂਤਾਂ ਦੇ ਉਲਟ ਨਹੀਂ ਜਾਵੇਗੀ।
ਰਿਪਬਲਿਕਨ ਪਾਰਟੀ ਵਿਚ ਸਿਖ਼ਰਲੇ ਪੱਧਰ ਤਕ ਟਰੰਪ ਦੀ ਉਮੀਦਵਾਰੀ ਨੂੰ ਲੈ ਕੇ ਉਠੇ ਨਿਰਾਸ਼ਾ ਦੇ ਵਾਤਾਵਰਣ ਦੇ ਚਲਦਿਆਂ ਪਾਰਟੀ ਮੁਖੀ ਰੈਨਸ ਪ੍ਰੀਬਸ ਦੀ ਲੀਡਰਸ਼ਿਪ ‘ਤੇ ਸਵਾਲ ਉਠਣੇ ਸ਼ੁਰੂ ਹੋ ਗਏ ਹਨ। ਉਹ ਟਰੰਪ ਪ੍ਰਤੀ ਨਰਮ ਸਮਝੇ ਜਾਂਦੇ ਹਨ ਜਦਕਿ ਪਾਰਟੀ ਦੇ ਦਰਜਨਾਂ ਚੋਟੀ ਦੇ ਆਗੂ ਟਰੰਪ ਦੀ ਉਮੀਦਵਾਰੀ ਨੂੰ ਪਹਿਲਾਂ ਹੀ ਨਾਪਸੰਦ ਕਰ ਚੁੱਕੇ ਹਨ। ਕਈ ਆਗੂ ਮੰਨਦੇ ਹਨ ਕਿ ਪਾਰਟੀ ਨੂੰ ਟਰੰਪ ਤੋਂ ਦੂਰੀ ਬਣਾ ਲੈਣੀ ਚਾਹੀਦੀ ਹੈ। ਪਾਰਟੀ ਨੂੰ ਸਾਲ 2012 ਤੋਂ ਹੁਣ ਤਕ 20 ਕਰੋੜ ਰੁਪਏ ਦਾਨ ਕਰ ਚੁੱਕੇ ਕੈਲੀਫੋਰਨੀਆ ਦੇ ਵਿਲੀਅਮ ਓਬਰਨਡੋਰਫ ਨੇ ਕਿਹਾ ਕਿ ਨੈਸ਼ਨਲ ਕਮੇਟੀ ਨੂੰ ਬਹੁਤ ਪਹਿਲਾਂ ਹੀ ਟਰੰਪ ਨੂੰ ਖਾਰਜ ਕਰ ਦੇਣਾ ਸੀ। ਉਨ੍ਹਾਂ ਦੀ ਥਾਂ ਅਜਿਹਾ ਉਮੀਦਵਾਰ ਲਿਆਉਣਾ ਚਾਹੀਦਾ ਸੀ ਜਿਸ ਵਿਚ ਅਗਵਾਈ ਦੀ ਸਮਰਥਾ ਹੋਵੇ ਤੇ ਜੋ ਨੈਸ਼ਨਲ ਕਮੇਟੀ ਨੂੰ ਮਜ਼ਬੂਤ ਕਰੇ। ਕੰਜ਼ਰਵੇਟਿਵ ਟਾਕ ਸ਼ੋ ਦੇ ਹੋਸਟ ਚਾਰਲੀ ਸਾਇਕਸ ਨੇ ਕਿਹਾ ਕਿ ਟਰੰਪ ਤਾਂ ਹਾਊਸ ਸਪੀਕਰ ਪਾਲ ਰੇਯਾਨ ਤਕ ਦਾ ਸਨਮਾਨ ਨਹੀਂ ਕਰਦੇ।
ਟਰੰਪ ਦੀ ਉਮੀਦਵਾਰੀ ਦਾ ਪੂਰਾ ਮਸਲਾ ਰਿਪਬਲਿਕਨ ਪਾਰਟੀ ਮੁਖੀ ਪ੍ਰੀਬਸ ‘ਤੇ ਟਿੱਕਿਆ ਹੈ। ਸਿਰਫ਼ ਉਹ ਹੀ ਨਹੀਂ, ਕਈ ਸੂਬਿਆਂ ਦੇ ਪਾਰਟੀ ਮੁਖੀ (ਔਰਤਾਂ ਸਮੇਤ) ਅਤੇ ਨੈਸ਼ਨਲ ਕਮੇਟੀ ਮੈਂਬਰਾਂ ਨੇ ਟਰੰਪ ਦਾ ਸਮਰਥਨ ਕਰਨ ਲਈ ਪ੍ਰੀਬਸ ਦੀ ਸ਼ਲਾਘਾ ਕੀਤੀ ਹੈ। ਜਨਵਰੀ ਵਿਚ ਉਨ੍ਹਾਂ ਨੂੰ ਦੂਸਰਾ ਕਾਰਜਕਾਲ ਮਿਲ ਸਕਦਾ ਹੈ। ਪਾਰਟੀ ਦਾ ਵ੍ਹਾਈਟ ਹਾਊਸ ‘ਤੇ ਕੰਟਰੋਲ ਤਾਂ ਨਹੀਂ ਹੁੰਦਾ ਹੈ, ਪਰ ਮੁਖੀ ਦੀ ਚੋਣ ਮੈਂਬਰਾਂ ਦੀ ਵੋਟਿੰਗ ਨਾਲ ਹੁੰਦੀ ਹੈ। ਪ੍ਰੀਬਸ ਨੂੰ ਟਰੰਪ ਦੇ ਮੁੱਖ ਆਲੋਚਕ ਮੈਟ ਬੋਗਰਸ ਤੋਂ ਚੁਣੌਤੀ ਮਿਲ ਸਕਦੀ ਹੈ।
ਨਿਊ ਯਾਰਕ ਟਾਈਮਜ਼ ਤੋਂ ਧੰਨਵਾਦ ਸਹਿਤ

ਮੀਡੀਆ ਨਾਲ ਜੁੜੀਆਂ ਬੁਨਿਆਦੀ ਕਾਨੂੰਨੀ ਗੱਲਾਂ ਵੀ ਨਹੀਂ ਜਾਣਦੇ ਟਰੰਪ!
ਦ ਨਿਊ ਯਾਰਕ ਟਾਈਮਜ਼ ਐਡੀਟੋਰੀਅਲ ਬੋਰਡ :
ਅਮਰੀਕੀ ਰਾਸ਼ਟਰਪਤੀ ਲਈ ਅੱਜ ਵੋਟਾਂ ਹੋਣ ਤਾਂ 89 ਫ਼ੀਸਦੀ ਸੰਭਾਵਨਾ ਹਿਲੇਰੀ ਕਲਿੰਟਨ ਦੇ ਜਿੱਤਣ ਦੀ ਹੈ, ਜਦਕਿ ਬਾਕੀ ਅੰਕੜੇ ਟਰੰਪ ਲਈ ਹਨ। ਇਸ ਵਿਚ ਕੋਈ ਹੈਰਾਨੀ ਨਹੀਂ ਹੋਣੀ ਚਾਹੀਦੀ ਕਿ ਜੇਕਰ ਰਿਪਬਲਿਕਨ ਦੇ ਉਮੀਦਵਾਰ ਡੋਨਾਲਡ ਟਰੰਪ ਨੂੰ ਸੰਵਿਧਾਨਕ ਵਿਵਸਥਾ ਪਸੰਦ ਨਹੀਂ ਹੈ ਤੇ ਉਹ ਕਾਨੂੰਨ ਤੇ ਨਿਯਮਾਂ ਦਾ ਹਮੇਸ਼ਾ ਹੀ ਮਜ਼ਾਕ ਕਰਦੇ ਰਹੇ ਹਨ। ਦੇਸ਼ ਦੇ ਸਭ ਤੋਂ ਉਚੇ ਅਹੁਦੇ ਵਾਲੇ ਦਫ਼ਤਰ ਵਿਚ ਵੀ ਸੰਭਵ ਹੈ ਕਿ ਜਿੱਤਣ ਤੋਂ ਬਾਅਦ ਉਨ੍ਹਾਂ ਦਾ ਇਹੀ ਰੁਖ਼ ਕਾਇਮ ਰਹੇ।
ਟਰੰਪ ਦੇ ਵਕੀਲਾਂ ਨੇ ਦ ਨਿਊਯਾਰਕ ਟਾਈਮਜ਼ ਨੂੰ ਪੱਤਰ ਭੇਜ ਕੇ ਦੱਸਿਆ ਹੈ ਕਿ ਉਹ ਇਕ ਲੇਖ ਲਈ ਅਖ਼ਬਾਰ ‘ਤੇ ਕਾਨੂੰਨੀ ਕਾਰਵਾਈ ਕਰਨ ਵਾਲੇ ਹਨ। ਉਸ ਲੇਖ ਵਿਚ ਦੋ ਔਰਤਾਂ ਦੇ ਹਵਾਲੇ ਨਾਲ ਦੋਸ਼ ਸਨ ਕਿ ਕਿਵੇਂ ਟਰੰਪ ਨੇ ਉਨ੍ਹਾਂ ਨਾਲ ਬਿਨਾਂ ਸਹਿਮਤੀ ਦੇ ਗ਼ਲਤ ਵਿਹਾਰ  ਕੀਤਾ। ਇਥੇ ਔਰਤਾਂ ਦਾ ਸਬੰਧ ਉਨ੍ਹਾਂ ਦੀ ਮਾਣ ਅਤੇ ਇੱਜ਼ਤ ਨਾਲ ਜੁੜਿਆ ਹੋਇਆ ਹੈ। ਟਰੰਪ ਨੇ ਉਨ੍ਹਾਂ ਦੇ ਨਾਲ ਮਿਲਣ-ਜੁਲਣ ਦੌਰਾਨ ਹੀ ਉਹ ਵਿਹਾਰਕੀਤਾ, ਜੋ ਕਿਸੇ ਲਈ ਵੀ ਹੈਰਾਨ ਕਰਨ ਵਾਲਾ ਹੋ ਸਕਦਾ ਹੈ। ਇਹ ਤੱਥਾਂ ਅਤੇ ਕਾਨੂੰਨ ਅਨੁਸਾਰ ਵੀ ਪੂਰੀ ਤਰ੍ਹਾਂ ਸਹੀ ਨਹੀਂ ਹੈ ਕਿ ਉਨ੍ਹਾਂ ਨੂੰ ਅਜਿਹੀਆਂ ਗ਼ਰਤ ਫਹਿਮੀਆਂ ਹੋ ਜਾਂਦੀਆਂ ਹਨ।
ਪੱਤਰ ਵਿਚ ਸਾਫ਼ ਲਿਖਿਆ ਹੈ ਕਿ ਅਖ਼ਬਾਰ ਨੇ ਆਪਣੇ ਲੇਖ ਦੇ ਆਧਾਰ ‘ਤੇ ਉਨ੍ਹਾਂ ਨੂੰ ਝੂਠ ਦੇ ਸਹਾਰੇ ਬਦਨਾਮ ਕਰਨ ਤੋਂ ਇਲਾਵਾ ਲਾਪ੍ਰਵਾਹੀ ਪੂਰਨ ਕਾਰਜ ਕੀਤਾ ਹੈ। ਉਸ ਵਿਚ ਇਹ ਵੀ ਲਿਖਿਆ ਹੈ ਕਿ ਸਿਆਸੀ ਸਾਜ਼ਿਸ਼ ਤਹਿਤ ਟਰੰਪ ਨੂੰ ਹਰਾਉਣ ਲਈ ਅਜਿਹਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪੱਤਰ ਵਿਚ ਦੋਸ਼ ਲਾਏ ਗਏ ਹਨ ਕਿ ਅਖ਼ਬਾਰ ਨੇ ਬਿਨਾਂ ਸਚਾਈ ਜਾਣਿਆ, ਬਿਨਾਂ ਜਾਂਚ ਕੀਤਿਆਂ ਔਰਤਾਂ ਦੇ ਦਾਅਵਿਆਂ ਨੂੰ ਸੱਚ ਮੰਨ ਲਿਆ। ਟਰੰਪ ਖ਼ਿਲਾਫ਼ ਅਜਿਹੇ ਹੀ ਦਾਅਵੇ ਹੋਰਨਾਂ ਔਰਤਾਂ ਨੇ ਕੀਤੇ ਹਨ ਅਤੇ ਉਨ੍ਹਾਂ ਦੀ ਪੂਰੀ ਜਾਣਕਾਰੀ ਦ ਪਾਮ ਬੀਚ ਪੋਸਟ, ਦ ਪੀਪਲ ਮੈਗਜ਼ੀਨ, ਐਨ.ਬੀ.ਸੀ. ਨਿਊਜ਼ ਤੇ ਵਾਸ਼ਿੰਗਟਨ ਦੇ ਇਕ ਟੀ.ਵੀ. ਚੈਨਲ ਨੇ ਦਿਖਾਈ ਹੈ।
ਦ ਨਿਊ ਯਾਰਕ ਟਾਈਮਜ਼ ਦੇ ਮੀਤ ਪ੍ਰਧਾਨ ਅਤੇ ਸਹਾਇਕ ਜਨਰਲ ਕਾਉਂਸਲ ਡੈਵਿਡ ਮੈਕਰੀਵ ਨੇ ਟਰੰਪ ਨੂੰ ਉਨ੍ਹਾਂ ਦੇ ਪੱਤਰ ਦੀ ਧਮਕੀ ਦਾ ਜਵਾਬ ਦਿੰਦਿਆਂ ਕਿਹਾ ਕਿ ਕਾਨੂੰਨ ਦੀਆਂ ਬੁਨਿਆਦੀ ਗੱਲਾਂ ਅਤੇ ਮੀਡੀਆ ਦੀ ਆਜ਼ਾਦੀ ਲਈ ਕਾਨੂੰਨ ਵਿਚ ਕੀਤੇ ਗਏ ਬਦਲਾਵਾਂ ਦੀ ਜਾਣਕਾਰੀ ਭੇਜੀ ਹੈ। ਉਸ ਵਿਚ ਜ਼ਿਕਰ ਹੈ ਕਿ ਅਜਿਹਾ ਕੁਝ ਨਹੀਂ ਕੀਤਾ ਗਿਆ, ਜਿਸ ਨਾਲ ਟਰੰਪ ਦੀ ਦਿਖ ਨੂੰ ਨੁਕਸਾਨ ਪਹੁੰਚੇ। ਜਵਾਬ ਵਿਚ ਟਰੰਪ ਦੇ ਉਸ ਘਟੀਆ ਵਿਹਾਰ ਦਾ ਵੀ ਜ਼ਿਕਰ ਹੈ, ਜੋ ਉਨ੍ਹਾਂ ਨੇ ਔਰਤਾਂ ਦੀ ਬਿਨਾਂ ਮਨਜ਼ੂਰੀ ਦੇ ਉਨ੍ਹਾਂ ਨਾਲ ਕੀਤਾ ਸੀ। ਨਾਲ ਹੀ ਉਨ੍ਹਾਂ ਨੂੰ ਦੱਸਿਆ ਗਿਆ ਹੈ ਕਿ ਅਖ਼ਬਾਰ ਕੋਲ ਇਹ ਜਾਣਕਾਰੀਆਂ ਪ੍ਰਕਾਸ਼ਤ ਕਰਨ ਦੇ ਪੂਰੇ ਅਧਿਕਾਰ ਹਨ, ਕਿਉਂਕਿ ਟਰੰਪ ਜਨਤਕ ਹਸਤੀ ਹੈ ਤੇ ਜੋ ਮੁੱਦੇ ਹਨ, ਉਨ੍ਹਾਂ ਨਾਲ ਰਾਸ਼ਟਰ ਦੇ ਹਿਤ ਜੁੜੇ ਹਨ।
ਜਿਥੋਂ ਤਕ ਅਖ਼ਬਾਰ ਦੀ ਗੱਲ ਹੈ, ਤਾਂ ਇਹ ਉਨ੍ਹਾਂ ਧਮਕੀਆਂ ਅਤੇ ਖ਼ਤਰਿਆਂ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ, ਜੋ ਉਸ ਨੂੰ ਪਹਿਲਾਂ ਵੀ ਸਰਕਾਰੀ ਅਧਿਕਾਰੀਆਂ ਅਤੇ ਜਨਤਕ ਹਸਤੀਆਂ ਕੋਲੋਂ ਉਨ੍ਹਾਂ ਖ਼ਿਲਾਫ਼ ਖ਼ਬਰਾਂ ਦੇ ਬਦਲੇ ਵਿਚ ਮਿਲਦੀਆਂ ਰਹੀਆਂ ਹਨ। ਅਜਿਹੇ ਕਈ ਕਾਂਡ ਹਨ, ਜਿਨ੍ਹਾਂ ਦਾ ਜ਼ਿਕਰ ਜਨਤਕ ਤੌਰ ‘ਤੇ ਕੀਤਾ ਜਾ ਸਕਦਾ ਹੈ। ਪਰ ਟਰੰਪ ਦੇ ਨਜ਼ਰੀਏ ਤੋਂ ਦੇਖੀਏ ਤਾਂ ਉਨ੍ਹਾਂ ਲਈ ਕੋਈ ਸਿਧਾਂਤ ਮਾਈਨੇ ਨਹੀਂ ਰਖਦਾ। ਟਰੰਪ ਜੇਕਰ ਰਾਸ਼ਟਰਪਤੀ ਵੀ ਬਣ ਜਾਂਦੇ ਹਨ ਤਾਂ ਵੀ ਉਹ ਪ੍ਰੈੱਸ ਨਾਲ ਜੁੜੇ ਕਾਨੂੰਨ ਬਿੰਦੂਆਂ ਨੂੰ ਬਦਲ ਨਹੀਂ ਸਕਣਗੇ। ਸੰਭਵ ਹੈ ਕਿ ਉਨ੍ਹਾਂ ਦੀ ਇਸ ਵਾਰ ਦੀ ਧਮਕੀ ਵੀ ਪਹਿਲਾਂ ਵਾਂਗ ਖਾਲੀ ਜਾਏਗੀ। ਹਾਲੇ ਇਕ ਹੋਰ ਗੱਲ ‘ਤੇ ਧਿਆਨ ਦੇਣਾ ਹੈ ਕਿ ਉਨ੍ਹਾਂ ਦੀ ਉਮੀਦਵਾਰੀ ਦਾ ਕੀ ਫ਼ੈਸਲਾ ਹੁੰਦਾ ਹੈ।

ਮੈਂ ਭਾਰਤ ਤੇ ਅਮਰੀਕਾ ਵਿਚਲੀ ਦੋਸਤੀ ਹੋਰ ਗੂੜ੍ਹੀ ਕਰਾਂਗਾ : ਟਰੰਪ
ਐਡੀਸਨ (ਨਿਊ ਜਰਸੀ)/ਬਿਊਰੋ ਨਿਊਜ਼ :
ਭਾਰਤ ਨੂੰ ਇਕ ਅਹਿਮ ਰਣਨੀਤਕ ਸਹਿਯੋਗੀ ਕਰਾਰ ਦਿੰਦਿਆਂ ਰਾਸ਼ਟਰਪਤੀ ਅਹੁਦੇ ਦੇ ਰਿਪਬਲਿਕਨ ਉਮੀਦਵਾਰ ਡੋਨਲਡ ਟਰੰਪ ਨੇ ਵਾਅਦਾ ਕੀਤਾ ਹੈ ਕਿ ਜੇ ਉਹ ਸੱਤਾ ਵਿੱਚ ਆਏ ਤਾਂ ਭਾਰਤ ਤੇ ਅਮਰੀਕਾ ਪੱਕੇ ਦੋਸਤ ਬਣ ਜਾਣਗੇ ਅਤੇ ਉਨ੍ਹਾਂ ਦਾ ਆਪਸ ਵਿੱਚ ਰਲ ਕੇ ਸ਼ਾਨਦਾਰ ਭਵਿੱਖ ਹੋਵੇਗਾ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵੀ ਤਾਰੀਫ਼ ਕੀਤੀ। ਟਰੰਪ ਨੇ ਰਿਪਬਲਿਕਨ ਹਿੰਦੂ ਕੁਲੀਸ਼ਨ ਵੱਲੋਂ ਕਰਵਾਏ ਚੈਰਿਟੀ ਸਮਾਗਮ ਵਿੱਚ ਭਾਰਤੀ-ਅਮਰੀਕੀਆਂ ਨੂੰ ਕਿਹਾ ਕਿ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੈ ਤੇ ਅਮਰੀਕਾ ਦਾ ਸਹਿਯੋਗੀ ਹੈ। ਟਰੰਪ ਪ੍ਰਸ਼ਾਸਨ ਤਹਿਤ ਇਹ ਦੋਵੇਂ ਦੇਸ਼ ਹੋਰ ਨੇੜੇ ਆ ਜਾਣਗੇ ਤੇ ਉਹ ਪੱਕੇ ਮਿੱਤਰ ਬਣ ਜਾਣਗੇ। ਅਮਰੀਕਾ ਭਾਰਤ ਨਾਲ ਬਹੁਤ ਵਪਾਰ ਕਰੇਗਾ ਤੇ ਦੋਵਾਂ ਦਾ ਭਵਿੱਖ ਸ਼ਾਨਦਾਰ ਹੋਣ ਵਾਲਾ ਹੈ। ਟਰੰਪ ਨੇ ਆਰਥਿਕ ਸੁਧਾਰਾਂ ਤੇ ਨੌਕਰਸ਼ਾਹੀ ਵਿੱਚ ਸੁਧਾਰਾਂ ਨਾਲ ਭਾਰਤ ਨੂੰ ਤੇਜ਼ ਵਿਕਾਸ ਦੇ ਮਾਰਗ ਉਪਰ ਲਿਆਉਣ ਲਈ ਸ੍ਰੀ ਮੋਦੀ ਦੀ ਪ੍ਰਸ਼ੰਸਾ ਕੀਤੀ ਤੇ ਕਿਹਾ ਕਿ ਅਜਿਹਾ ਅਮਰੀਕਾ ਵਿੱਚ ਵੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੰਮ ਕਰਨ ਦੀ ਉਡੀਕ ਕਰ ਰਿਹਾ ਹਾਂ। ਉਨ੍ਹਾਂ ਨੇ ਅਰਥਵਿਵਸਥਾ ਤੇ ਨੌਕਰਸ਼ਾਹੀ ਨੂੰ ਸੁਧਾਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਉਹ ਇਕ ਸ਼ਾਨਦਾਰ ਵਿਅਕਤੀ ਹਨ। ਮੈਂ ਉਨ੍ਹਾਂ ਦੀ ਪ੍ਰਸ਼ੰਸਾ ਕਰਦਾ ਹਾਂ। ਇਹ ਪਹਿਲੀ ਵਾਰ ਹੈ ਜਦੋਂ ਟਰੰਪ ਨੇ ਇਸ ਚੋਣ ਮੁਹਿੰਮ ਦੌਰਾਨ ਭਾਰਤੀ-ਅਮਰੀਕੀਆਂ ਦੇ ਸਮਾਗਮ ਵਿੱਚ ਸ਼ਿਰਕਤ ਕੀਤੀ।
ਕਸ਼ਮੀਰੀ ਪੰਡਤਾਂ ਤੇ ਅਤਿਵਾਦ ਤੋਂ ਪੀੜਤ ਬੰਗਲਾਦੇਸ਼ੀ ਹਿੰਦੂਆਂ ਵੱਲੋਂ ਕਰਵਾਏ ਸਮਾਗਮ ਵਿੱਚ ਟਰੰਪ ਨੇ ਕਿਹਾ ਕਿ ਉਹ ਹਿੰਦੂਆਂ ਤੇ ਭਾਰਤ ਦੇ ਪ੍ਰਸ਼ੰਸਕ ਹਨ। ਜੇ ਉਹ ਚੁਣੇ ਗਏ ਤਾਂ ਭਾਰਤੀਆਂ ਤੇ ਹਿੰਦੂਆਂ ਨੂੰ ਸੱਚਾ    ਦੋਸਤ ਮਿਲ ਜਾਵੇਗਾ। ਉਨ੍ਹਾਂ ਨੂੰ ਭਾਰਤ ਉਪਰ ਭਰੋਸਾ ਹੈ। ਉਨ੍ਹਾਂ ਕਿਹਾ ਉਹ 19 ਮਹੀਨੇ ਪਹਿਲਾਂ ਭਾਰਤ ਗਏ ਸਨ ਤੇ ਵਾਰ ਵਾਰ ਉਥੇ ਜਾਣ ਦੇ ਇੱਛੁਕ ਹਨ।

ਹਿਲੇਰੀ ‘ਤੇ ਡਰੱਗ ਲੈਣ ਦਾ ਦੋਸ਼ ਲਾਇਆ :
ਵਾਸ਼ਿੰਗਟਨ: ਰਿਪਬਲਿਕਨ ਉਮੀਦਵਾਰ ਡੋਨਲਡ ਟਰੰਪ ਨੇ ਕਿਹਾ ਹੈ ਕਿ ਉਨ੍ਹਾਂ ਦੀ ਵਿਰੋਧੀ ਡੈਮੋਕਰੈਟਿਕ ਉਮੀਦਵਾਰ ਹਿਲੇਰੀ ਕਲਿੰਟਨ ਕਾਰਗੁਜ਼ਾਰੀ ਵਿੱਚ ਸੁਧਾਰ ਲਈ ਡਰੱਗ ਲੈਂਦੀ ਹੈ। ਉਨ੍ਹਾਂ ਅਗਲੇ ਹਫ਼ਤੇ ਹੋਣ ਵਾਲੀ ਆਖ਼ਰੀ ਬਹਿਸ ਤੋਂ ਪਹਿਲਾਂ ਕਲਿੰਟਨ ਨੂੰ ਡਰੱਗ ਟੈਸਟ ਕਰਵਾਉਣ ਦੀ ਚੁਣੌਤੀ ਦਿੱਤੀ ਹੈ। ਉਨ੍ਹਾਂ ਨੇ ਹਿਲੇਰੀ ਦੇ ਸਟੈਮਨੇ ਉਪਰ ਕਿੰਤੂ ਕਰਦਿਆਂ ਕਿਹਾ ਕਿ ਉਹ ਬੀਤੇ ਐਤਵਾਰ ਬਹਿਸ ਤੋਂ ਪਹਿਲਾਂ ਕਾਫ਼ੀ ਜੋਸ਼ ਵਿੱਚ ਸੀ ਪਰ ਬਹਿਸ ਦੇ ਅਖੀਰ ਤੱਕ ਉਹ ਨਿਢਾਲ ਨਜ਼ਰ ਆ ਰਹੀ ਸੀ। ਆਪਣੇ ਇਸ ਦਾਅਵੇ ਲਈ ਉਨ੍ਹਾਂ ਕੋਈ ਸਬੂਤ ਪੇਸ਼ ਨਹੀਂ ਕੀਤਾ।