ਜਥੇਦਾਰ ਬਡੂੰਗਰ ਨੇ ਪਲਟੇ ਮੱਕੜ ਦੇ ਫ਼ੈਸਲੇ

ਜਥੇਦਾਰ ਬਡੂੰਗਰ ਨੇ ਪਲਟੇ ਮੱਕੜ ਦੇ ਫ਼ੈਸਲੇ

ਬਾਦਲਾਂ ਨੂੰ ਸਿਰੋਪਾਉ ਦੇਣ ਤੋਂ ਇਨਕਾਰੀ ਅਰਦਾਸੀਆ ਬਹਾਲ, ਦਰਬਾਰ ਸਾਹਿਬ ‘ਚ ਟੋਪੀ ਪਹਿਣਨ ‘ਤੇ ਹੁਣ ਰੋਕ ਨਹੀਂ
ਅੰਮ੍ਰਿਤਸਰ/ਬਿਊਰੋ ਨਿਊਜ਼ :
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਮੱਕੜ ਦੇ ਦੌਰ ਵਿਚ ਲਏ ਗਏ ਫ਼ੈਸਲਿਆਂ ‘ਤੇ ਮੌਜੂਦਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕੈਂਚੀ ਮਾਰਨੀ ਸ਼ੁਰੂ ਕਰ ਦਿੱਤੀ ਹੈ। ਬਡੂੰਗਰ ਨੇ ਬਾਦਲ ਦਾ ਸਨਮਾਨ ਨਾ ਕਰਨ ‘ਤੇ ਬਰਖ਼ਾਸਤ ਕੀਤੇ ਗਏ ਅਰਦਾਸੀਏ ਭਾਈ ਬਲਬੀਰ ਸਿੰਘ ਨੂੰ ਬਹਾਲ ਕਰ ਦਿੱਤਾ ਹੈ।
ਮੱਕੜ ਦੇ ਸਮੇਂ ਵਿਚ ਦਰਬਾਰ ਸਾਹਿਬ ਵਿਚ ਟੋਪੀ ਪਾ ਕੇ ਆਉਣ ‘ਤੇ ਲੱਗੀ ਰੋਕ ਨੂੰ ਵੀ ਹਟਾ ਦਿੱਤਾ ਗਿਆ ਹੈ। ਹਾਲਾਂਕਿ, ਇਨ੍ਹਾਂ ਫ਼ੈਸਲਿਆਂ ਬਾਰੇ ਪ੍ਰੋ. ਬਡੂੰਗਰ ਕਿਸੇ ਵੀ ਤਰ੍ਹਾਂ ਦੀ ਟਿੱਪਣੀ ਕਰਨ ਤੋਂ ਬਚ ਰਹੇ ਹਨ, ਪਰ ਇਨ੍ਹਾਂ ਮਾਮਲਿਆਂ ਨੂੰ ਅਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਮੁਆਫ਼ੀ ਤੇ ਸੂਬੇ ਭਰ ਵਿਚ ਸ਼੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਦੇ ਚਲਦਿਆਂ ਭਾਈ ਬਲਬੀਰ ਸਿੰਘ ਨੇ ਜਨਵਰੀ ਵਿਚ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਜੂਨ ਵਿਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਦਰਬਾਰ ਸਾਹਿਬ ਆਉਣ ‘ਤੇ ਸਿਰੋਪਾ ਭੇਟ ਨਹੀਂ ਕੀਤਾ ਗਿਆ ਸੀ। ਸ਼੍ਰੋਮਣੀ ਕਮੇਟੀ ਨੇ ਪਹਿਲਾਂ ਭਾਈ ਬਲਬੀਰ ਸਿੰਘ ਦਾ ਤਬਾਦਲਾ ਮਾਛੀਵਾੜਾ ਗੁਰਦੁਆਰੇ ਵਿੱਚ ਕਰ ਦਿੱਤਾ ਸੀ ਪਰ ਉਹ ਡਿਊਟੀ ‘ਤੇ ਹਾਜ਼ਰ ਨਹੀਂ ਹੋਏ। ਇਸ ਦੇ ਸਿੱਟੇ ਵਜੋਂ ਕਮੇਟੀ ਨੇ ਉਨ੍ਹਾਂ ਦੀ ਤਨਖਾਹ ਰੋਕ ਦਿੱਤੀ। ਇਸ ਤੋਂ ਬਾਅਦ ਉਨ੍ਹਾਂ ਨੂੰ ਬਰਖ਼ਾਸਤ ਕਰ ਦਿੱਤਾ ਗਿਆ ਸੀ। ਆਰਥਿਕ ਤੰਗੀ ਕਾਰਨ ਕਿਸੇ ਰਾਹੀਂ ਉਨ੍ਹਾਂ ਪ੍ਰਧਾਨ ਕੋਲ ਪਹੁੰਚ ਕੀਤੀ ਅਤੇ ਹੁਣ ਉਨ੍ਹਾਂ ਦੀਆਂ ਸੇਵਾਵਾਂ ਬਹਾਲ ਕਰ ਦਿੱਤੀਆਂ ਗਈਆਂ।
ਮੱਕੜ ਨੇ ਦਰਬਾਰ ਸਾਹਿਬ ਕੰਪਲੈਕਸ ਵਿਚ ਟੋਪੀ ਪਾ ਕੇ ਆਉਣ ‘ਤੇ ਪਾਬੰਦੀ ਲਾਈ ਹੋਈ ਸੀ। ਪਰ ਬਡੂੰਗਰ ਨੇ ਦਰਬਾਰ ਸਾਹਿਬ ਵਿਚ ਟੋਪੀ ਪਾ ਕੇ ਆਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਪਿਛਲੇ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਅਬਦੁਲ ਗਨੀ ਟੋਪੀ ਪਾ ਕੇ ਦਰਬਾਰ ਸਾਹਿਬ ਆਏ ਸਨ। ਇਸ ਮਾਮਲੇ ਨੂੰ ਲੈ ਕੇ ਪੰਥਕ ਹਲਕਿਆਂ ਵਿਚ ਕਾਫ਼ੀ ਵਿਵਾਦ ਭਖਿਆ ਸੀ। ਪ੍ਰੋ. ਬਡੂੰਗਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਟੋਪੀ ਪਾ ਕੇ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਬਾਰੇ ਵਿਵਾਦ ਬੇਲੋੜਾ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ ਆਪਣੇ ਧਰਮ ਵਿੱਚ ਰਹਿ ਕੇ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰ ਸਕਦਾ ਹੈ। ਪ੍ਰੋ. ਬਡੂੰਗਰ ਨੇ ਦੱਸਿਆ ਕਿ ਪਟਨਾ ਸਾਹਿਬ ਵਿੱਚ ਮਨਾਏ ਜਾ ਰਹੇ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਵਿੱਚ ਸ਼੍ਰੋਮਣੀ ਕਮੇਟੀ ਵੱਧ ਚੜ੍ਹ ਕੇ ਹਿੱਸਾ ਲਵੇਗੀ। ਉਨ੍ਹਾਂ ਦੱਸਿਆ ਕਿ 2019 ਵਿੱਚ ਗੁਰੂ ਨਾਨਕ ਦੇਵ ਜੀ ਦਾ ਆ ਰਿਹਾ 550 ਸਾਲਾ ਪ੍ਰਕਾਸ਼ ਪੁਰਬ ਵਾਤਾਵਰਨ ਦੀ ਸ਼ੁੱਧਤਾ ਨੂੰ ਸਮਰਪਿਤ ਹੋਵੇਗਾ।

ਇਸੇ ਦੌਰਾਨ ਪ੍ਰੋ. ਬਡੂੰਗਰ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਨੇ ਫੈਸਲਾ ਲਿਆ ਹੈ ਕਿ ਲੰਗਰ ਵਿੱਚ ਹੁਣ ਪੁਰਾਤਨ ਰਵਾਇਤ ਅਨੁਸਾਰ ਤਾਂਬੇ ਦੇ ਦੇਗਚੇ ਤੇ ਹੋਰ ਭਾਂਡੇ ਵਰਤੇ ਜਾਣਗੇ। ਉਨ੍ਹਾਂ ਕਿਹਾ ਕਿ ਐਲੂਮੀਨੀਅਮ ਦੇ ਪਤੀਲੇ ਤੇ ਹੋਰ ਭਾਂਡੇ ਸਿਹਤ ਲਈ ਠੀਕ ਨਹੀਂ, ਇਸ ਲਈ ਤਾਂਬੇ ਦੇ ਭਾਂਡਿਆਂ ਦੀ ਵਰਤੋਂ ਦਾ ਫੈਸਲਾ ਕੀਤਾ ਹੈ।

ਚੋਣਾਂ ਦੇ ਮੱਦੇਨਜ਼ਰ ਲਏ ਫ਼ੈਸਲੇ
ਜਥੇਦਾਰ ਮੱਕੜ ਤੇ ਸੁਖਬੀਰ ਸਿੰਘ ਬਾਦਲ ਵਿਚਾਲੇ ਕੁੜੱਤਣ ਰਹੀ ਹੈ। ਮੱਕੜ ਨੇ ਕਈ ਅਜਿਹੇ ਫ਼ੈਸਲੇ ਲਏ, ਜਿਸ ਕਾਰਨ ਕਮੇਟੀ ਦੇ ਨਾਲ ਨਾਲ ਅਕਾਲੀ ਦਲ ‘ਤੇ ਵੀ ਸਵਾਲ ਖੜ੍ਹੇ ਹੁੰਦੇ ਰਹੇ ਹਨ। ਇਨ੍ਹਾਂ ਦੋਹਾਂ ਦੀ ਦਿਖ ਸੁਧਾਰਨ ਅਤੇ ਪੰਥਕ ਹਲਕਿਆਂ ਵਿਚ ਆਪਣੀ ਸਥਿਤੀ ਮਜ਼ਬੂਤ ਕਰਨ ਲਈ ਹੀ ਪਾਰਟੀ ਨੇ ਸਾਫ਼-ਸੁਥਰੀ ਦਿਖ ਵਾਲੇ ਪ੍ਰੋਫੈਸਰ ਬਡੂੰਗਰ ਨੂੰ ਪ੍ਰਧਾਨ ਚੁਣਿਆ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਦੋਵੇਂ ਫ਼ੈਸਲੇ ਅਗਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਲਏ  ਗਏ ਹਨ। ਆਉਣ ਵਾਲੇ ਦਿਨਾਂ ਵਿਚ ਬਰਖ਼ਾਸਤ ਹੋਰ ਵੀ ਕਈ ਲੋਕਾਂ ਦੀ ਬਹਾਲੀ ਸੰਭਵ ਹੈ।