ਇੰਡੀਆ-ਟੂਡੇ ਐਕਸਿਸ ਓਪੀਨੀਅਨ ਪੋਲ- ਪੰਜਾਬ ‘ਚ ਤ੍ਰਿਸ਼ੰਕੂ ਵਿਧਾਨ ਸਭਾ ਦੇ ਆਸਾਰ

ਇੰਡੀਆ-ਟੂਡੇ ਐਕਸਿਸ ਓਪੀਨੀਅਨ ਪੋਲ- ਪੰਜਾਬ ‘ਚ ਤ੍ਰਿਸ਼ੰਕੂ ਵਿਧਾਨ ਸਭਾ ਦੇ ਆਸਾਰ

ਕਾਂਗਰਸ ਬਣ ਸਕਦੀ ਹੈ ਸਭ ਤੋਂ ਵੱਡੀ ਪਾਰਟੀ
ਜਲੰਧਰ/ਬਿਊਰੋ ਨਿਊਜ਼ :
ਪੰਜਾਬ ਵਿਚ ਜੇਕਰ ਅੱਜ ਚੋਣਾਂ ਕਰਵਾਈਆਂ ਜਾਣ ਤਾਂ ਕਿਸੇ ਵੀ ਪਾਰਟੀ ਨੂੰ ਬਹੁਮਤ ਮਿਲਦਾ ਨਜ਼ਰ ਨਹੀਂ ਆ ਰਿਹਾ। ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਕਾਂਗਰਸ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੇਗੀ। ਦੂਜੇ ਨੰਬਰ ‘ਤੇ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਹੋ ਸਕਦੀ ਹੈ। ਇਸੇ ਤਰ੍ਹਾਂ ਸੱਤਾਧਿਰ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਤੀਸਰੇ ਨੰਬਰ ‘ਤੇ ਰਹੇਗਾ। ਪੰਜਾਬ ਵਿਧਾਨ ਸਭਾ ਦੀਆਂ 2017 ਵਿਚ ਹੋਣ ਵਾਲੀਆਂ ਚੋਣਾਂ ਸਬੰਧੀ ਇਕ ਟੀ. ਵੀ. ਚੈਨਲ ਵਲੋਂ ਪੇਸ਼ ਕੀਤੇ ਗਏ ਚੋਣ ਸਰਵੇਖਣ ਨੇ ਸੂਬੇ ਦਾ ਸਿਆਸੀ ਪਾਰਾ ਇਕਦਮ ਸੱਤਵੇਂ ਅਸਮਾਨ ‘ਤੇ ਪਹੁੰਚਾ ਦਿੱਤਾ ਹੈ। ਹਾਲਾਂਕਿ ਇਸ ਚੋਣ ਸਰਵੇਖਣ ਵਿਚ ਕਿੰਨੀ ਕੁ ਸਚਾਈ ਹੈ, ਇਹ ਇਕ ਵੱਖਰਾ ਵਿਸ਼ਾ ਹੈ ਪਰ ਜਿਸ ਤਰ੍ਹਾਂ ਇਸ ਸਰਵੇਖਣ ਨੂੰ ਲੈ ਕੇ ਸਿਆਸੀ ਪਾਰਟੀਆਂ ਵਿਚ ਘਮਸਾਣ ਮਚ ਗਿਆ ਹੈ, ਉਸ ਨਾਲ ਸੂਬੇ ਦੀ ਸਿਆਸਤ ਦਾ ਗਰਮਾਉਣਾ ਲਾਜ਼ਮੀ ਹੈ। ਇਸ ਚੋਣ ਸਰਵੇਖਣ ਨੂੰ ਲੈ ਕੇ ਜਿੱਥੇ ਕਾਂਗਰਸੀ ਆਗੂ ਤੇ ਵਰਕਰ ਬਾਗੋ-ਬਾਗ ਹਨ, ਉੱਥੇ ਇਹ ਸਰਵੇਖਣ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਲਈ ਨਿਰਾਸ਼ਾ ਵਾਲਾ ਹੈ ਤੇ ਆਮ ਆਦਮੀ ਪਾਰਟੀ ਦੇ ਆਗੂ ਵੀ ਇਸ ਸਰਵੇਖਣ ਤੋਂ ਸੰਤੁਸ਼ਟ ਨਹੀਂ ਹਨ। ਸ਼੍ਰੋਮਣੀ ਅਕਾਲੀ ਦਲ ਨੇ ਇਸ ਸਰਵੇਖਣ ‘ਤੇ ਸਵਾਲ ਉਠਾਉਂਦੇ ਹੋਏ ਇਸ ਨੂੰ ਪੂਰਨ ਤੌਰ ‘ਤੇ ਪੱਖਪਾਤੀ ਦੱਸਦਿਆਂ ਕਿਹਾ ਹੈ ਕਿ ਉਕਤ ਚੈਨਲ ਵਲੋਂ ਪੰਜਾਬ ਸਬੰਧੀ ਪਹਿਲਾਂ ਵੀ ਸਰਵੇਖਣ ਹੁੰਦੇ ਰਹੇ ਹਨ, ਜੋ ਕਿ ਪੂਰੀ ਤਰ੍ਹਾਂ ਗਲਤ ਸਾਬਤ ਹੋਏ ਸਨ।
ਇਸ ਦੌਰਾਨ ਨਿਊਜ਼ ਚੈਨਲ ਵਲੋਂ ਪੇਸ਼ ਕੀਤੇ ਗਏ ਸਰਵੇਖਣ ਵਿਚ ਦਾਅਵਾ ਕੀਤਾ ਗਿਆ ਹੈ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਨੂੰ 33 ਫੀਸਦੀ ਵੋਟ ਮਿਲਣਗੇ, ਜਿਸ ਨਾਲ ਉਹ 49 ਤੋਂ 55 ਸੀਟਾਂ ਜਿੱਤਣ ਵਿਚ ਕਾਮਯਾਬ ਰਹੇਗੀ। ਜਦਕਿ ਆਮ ਆਦਮੀ ਪਾਰਟੀ 30 ਫੀਸਦੀ ਵੋਟਾਂ ਨਾਲ 42 ਤੋਂ 46 ਸੀਟਾਂ ‘ਤੇ ਜਿੱਤ ਹਾਸਲ ਕਰ ਸਕੇਗੀ। ਸਰਵੇਖਣ ਵਿਚ ਅਕਾਲੀ-ਭਾਜਪਾ ਗਠਜੋੜ ਦੀ ਹਾਲਤ ਕਾਫੀ ਪਤਲੀ ਪੇਸ਼ ਕੀਤੀ ਗਈ ਹੈ ਤੇ ਉਸ ਨੂੰ ਕੇਵਲ 22 ਫੀਸਦੀ ਵੋਟ ਮਿਲਣ ਦੀ ਸੰਭਾਵਨਾ ਪ੍ਰਗਟਾਉਂਦੇ ਹੋਏ ਕੇਵਲ 17 ਤੋਂ 21 ਸੀਟਾਂ ਮਿਲਣ ਦਾ ਅਨੁਮਾਨ ਲਗਾਇਆ ਗਿਆ ਹੈ।
ਨਰੇਸ਼ ਗੁਜਰਾਲ ਨੇ ਕਿਹਾ-ਪਿਛਲੇ ਸਰਵੇਖਣ ਵੀ ਗ਼ਲਤ ਸਿੱਧ ਹੋਏ ਸਨ :
ਉਧਰ ਇਸ ਚੋਣ ਸਰਵੇਖਣ ‘ਤੇ ਟਿੱਪਣੀ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਸੰਸਦ ਮੈਂਬਰ ਸ੍ਰੀ ਨਰੇਸ਼ ਗੁਜਰਾਲ ਨੇ ਉਕਤ ਟੀ.ਵੀ. ਚੈਨਲ ਵਲੋਂ ਪੇਸ਼ ਕੀਤੇ ਗਏ ਸਰਵੇਖਣ ਨੂੰ ਪੂਰਨ ਤੌਰ ‘ਤੇ ਪੱਖਪਾਤੀ ਦੱਸਦੇ ਹੋਏ ਕਿਹਾ ਕਿ ਇਸ ਤੋਂ ਪਹਿਲਾਂ ਵੀ ਉਕਤ ਟੀ.ਵੀ. ਚੈਨਲ ਵਲੋਂ ਜੋ ਸਰਵੇਖਣ ਪੇਸ਼ ਕੀਤੇ ਗਏ ਸਨ, ਉਹ ਸਾਰੇ ਝੂਠੇ ਸਾਬਤ ਹੋਏ ਸਨ। ਇਸ ਚੈਨਲ ਵਲੋਂ 2002 ਵਿਚ ਚੋਣਾਂ ਵਾਲੇ ਦਿਨ ਇਹ ਕਿਹਾ ਗਿਆ ਸੀ ਕਿ ਸ. ਪ੍ਰਕਾਸ਼ ਸਿੰਘ ਬਾਦਲ ਨੇ ਹਾਰ ਮੰਨ ਲਈ ਹੈ ਅਤੇ ਅਕਾਲੀ ਦਲ ਦਾ ਪੰਜਾਬ ਵਿਚੋਂ ਸਫਾਇਆ ਹੋਣ ਜਾ ਰਿਹਾ ਹੈ, ਜਿਸ ਦਾ ਅਕਾਲੀ ਦਲ ਦੇ ਵਰਕਰਾਂ ‘ਤੇ ਨਾਂਹ ਪੱਖੀ ਅਸਰ ਪਿਆ ਸੀ, ਇਸ ਦੇ ਬਾਵਜੂਦ ਅਕਾਲੀ ਦਲ ਨੇ 2002 ਵਿਚ 44 ਸੀਟਾਂ ‘ਤੇ ਜਿੱਤ ਹਾਸਲ ਕੀਤੀ ਸੀ। ਇਸ ਸਰਵੇਖਣ ਬਾਰੇ ਉਕਤ ਚੈਨਲ ਨੂੰ ਚੋਣ ਕਮਿਸ਼ਨ ਤੋਂ ਮੁਆਫੀ ਤੱਕ ਮੰਗਣੀ ਪਈ ਸੀ।