ਪੰਜਾਬੀ ਗਾਇਕ ਰਣਜੀਤ ਬਾਵਾ ਨੇ ਯੂਕੇ 'ਚ ਮਹਾਰਾਜਾ ਦਲੀਪ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ

ਪੰਜਾਬੀ ਗਾਇਕ ਰਣਜੀਤ ਬਾਵਾ ਨੇ ਯੂਕੇ 'ਚ ਮਹਾਰਾਜਾ ਦਲੀਪ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ

ਅੰਮ੍ਰਿਤਸਰ ਟਾਈਮਜ਼ ਬਿਊਰੋ 
ਲੰਡਨ:
ਵਿਸ਼ਵ ਪ੍ਰਸਿੱਧ ਪੰਜਾਬੀ ਗਾਇਕ ਅਤੇ ਅਦਾਕਾਰ ਰਣਜੀਤ ਬਾਵਾ ਨੇ ਪੰਜਾਬ ਦੇ ਆਖਰੀ ਮਹਾਰਾਜਾ ਦਲੀਪ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਐਲਵੇਡਨ ਚਰਚ ਦਾ ਦੌਰਾ ਕੀਤਾ।
ਰਣਜੀਤ ਬਾਵਾ ਥੇਟਫੋਰਡ ਨੇੜੇ ਲੰਡਨ ਰੋਡ ਸਥਿਤ ਸੇਂਟ ਐਂਡਰਿਊਜ਼ ਅਤੇ ਸੇਂਟ ਪੈਟਰਿਕ ਚਰਚ ਜਾ ਕੇ ਉੱਥੇ ਕਬਰਿਸਤਾਨ ਵਿੱਚ ਦਫ਼ਨ ਮਹਾਰਾਜਾ ਦਲੀਪ ਸਿੰਘ ਨੂੰ ਨਿੱਘੀ ਸ਼ਰਧਾਂਜਲੀ ਭੇਟ ਕੀਤੀ, ਤੇ ਇਤਿਹਾਸ ਵਿੱਚ ਦਫ਼ਨ ਪੰਜਾਬ ਦੇ ਖ਼ਾਲਸਾ ਰਾਜ ਦੀ ਸੂਰਬੀਰਤਾ ਨੂੰ ਯਾਦ ਕੀਤਾ।

ਬੀਤੇ ਐਤਵਾਰ ਨੂੰ ਯੂਕੇ ਪੁੱਜੇ ਰਣਜੀਤ ਬਾਵਾ ਨੂੰ ਸਿੱਖ ਇਤਿਹਾਸਕਾਰ ਪੀਟਰ ਬੈਂਸ ਨੇ ਚਰਚ ਦਾ ਦੌਰਾ ਕਰਵਾਇਆ।ਪਤਰਕਾਰਾਂ ਵਲੋਂ ਇਹ ਪੁੱਛੇ ਜਾਣ 'ਤੇ ਕਿ ਉਨ੍ਹਾਂ ਨੂੰ ਯੂਕੇ ਆ ਕੇ ਸਿੱਖ ਸਾਮਰਾਜ ਦੇ ਅਖ਼ੀਰਲੇ ਮਹਾਰਾਜਾ ਦਲੀਪ ਸਿੰਘ ਜੀ ਨੂੰ ਸ਼ਰਧਾਂਜਲੀ ਭੇਟ ਕਰ ਕੇ ਕਿਹੋ ਜਿਹਾ ਮਹਿਸੂਸ ਹੋਇਆ, ਤਾਂ ਰਣਜੀਤ ਨੇ ਕਿਹਾ: "ਇਹ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ, ਅਸੀਂ ਏਲਵੇਡਨ ਵਿਚ ਪਹਿਲਾਂ ਕਦੇ ਵੀ ਨਹੀਂ ਆਏ, ਜਦ ਕਿ ਯੂਕੇ ਚਾਰ ਜਾਂ ਪੰਜ ਵਾਰ ਆਏ ਹਾਂ ਪਰ ਇੱਥੇ ਨਹੀਂ ਆਏ। ਇੱਥੇ ਆ ਕੇ ਅਸੀਂ ਆਪਣੇ ਖ਼ਾਲਸਾ ਰਾਜ ਦੇ ਇਤਿਹਾਸ ਨਾਲ ਜੁੜ ਗਏ ਮਹਿਸੂਸ ਕਰਦੇ ਹਾਂ। 

ਰਣਜੀਤ ਬਾਵਾ ਚਰਚ ਦੇ ਅੰਦਰ ਵੀ ਗਿਆ ਅਤੇ ਉਸਨੇ 1 ਜਨਵਰੀ, 1866 ਨੂੰ ਮਹਾਰਾਜਾ ਦੁਆਰਾ ਚਰਚ ਨੂੰ ਦਿੱਤੀ ਗਈ ਇੱਕ ਬਾਈਬਲ ਅਤੇ ਇੱਕ ਆਮ ਪ੍ਰਾਰਥਨਾ ਕਿਤਾਬ ਦੇ ਨਾਲ-ਨਾਲ 1863 ਵਿੱਚ ਮਹਾਰਾਜਾ ਦਲੀਪ ਸਿੰਘ ਨੇ ਸਾਈਟ ਨੂੰ ਦਿੱਤੀ ਚੈਲੀ ਨੂੰ ਦੇਖਿਆ ਅਤੇ ਛੂਹਿਆ।


ਰਣਜੀਤ ਬਾਵਾ ਨੇ ਪੀਟਰ ਬੈਂਸ ਦਾ ਵਿਸ਼ੇਸ਼ ਤੌਰ ਉੱਤੇ ਧੰਨਵਾਦ ਕੀਤਾ ਜਿਨ੍ਹਾਂ ਨੇ ਗੋਰਿਆਂ ਦੀ ਧਰਤੀ ਉੱਤੇ ਪੰਜਾਬੀ ਇਤਿਹਾਸ, ਵਿਰਸੇ ਅਤੇ ਸੱਭਿਆਚਾਰ ਨੂੰ ਸੰਭਾਲ ਕੇ ਰੱਖਿਆ ਹੈ। ਪੀਟਰ ਬੈਂਸ ਇੱਕ ਸਿੱਖ ਇਤਿਹਾਸਕਾਰ, ਲੇਖਕ, ਕਲਾ ਸੰਗ੍ਰਹਿਕਾਰ ਅਤੇ ਮਹਾਰਾਜਾ ਦਲੀਪ ਸਿੰਘ ਆਰਕਾਈਵਿਸਟ ਹੈ। ਉਸਦੇ ਦਾਦਾ ਜੀ 1930 ਵਿੱਚ ਯੂਕੇ ਚਲੇ ਗਏ ਸਨ।
ਐਂਗਲੋ ਪੰਜਾਬ ਹੈਰੀਟੇਜ ਫਾਊਂਡੇਸ਼ਨ ਦੁਆਰਾ ਆਯੋਜਿਤ ਕੀਤਾ ਗਿਆ ਇਹ ਦੌਰਾ, ਜਿਸ ਵਿੱਚ ਪ੍ਰਾਚੀਨ ਹਾਊਸ ਮਿਊਜ਼ੀਅਮ ਦੇਖਣ ਲਈ ਥੈਟਫੋਰਡ ਦਾ ਦੌਰਾ ਵੀ ਸ਼ਾਮਲ ਸੀ। ਦੱਸਣਯੋਗ ਹੈ ਕਿ ਮਹਾਰਾਜਾ ਦਲੀਪ ਸਿੰਘ, ਜਿਸ ਦੀ ਮੌਤ 22 ਅਕਤੂਬਰ, 1893 ਨੂੰ ਹੋ ਗਈ ਸੀ, ਪੰਜਾਬ ਦੇ ਆਖਰੀ ਸਿੱਖ ਸ਼ਾਸਕ ਸਨ ਅਤੇ 1840 ਦੇ ਦਹਾਕੇ ਵਿਚ ਅੰਗਰੇਜ਼ਾਂ ਦੁਆਰਾ ਰਾਜ ਖੋਹ ਲੈਣ ਤੋਂ ਬਾਅਦ, ਉਹ ਇੰਗਲੈਂਡ ਆ ਗਏ । ਇਸ ਚਰਚ ਦੇ ਕਬਰਿਸਤਾਨ ਵਿੱਚ ਮਹਾਰਾਜਾ, ਉਨ੍ਹਾਂ ਦੀ ਪਤਨੀ ਮਹਾਰਾਣੀ ਬਾਂਬਾ ਦਲੀਪ ਸਿੰਘ ਅਤੇ ਉਨ੍ਹਾਂ ਦਾ ਸਭ ਤੋਂ ਛੋਟਾ ਪੁੱਤਰ ਅਲਬਰਟ ਐਡਵਰਡ ਅਲੈਗਜ਼ੈਂਡਰ ਦਲੀਪ ਸਿੰਘ ਨੂੰ ਦਫ਼ਨ ਕੀਤਾ ਗਿਆ ਹੈ।